ਹਵਾਬਾਜ਼ੀ ਰੈਗੂਲੇਟਰ DGCA ਦੀਆਂ ਚਿੰਤਾਵਾਂ ਦਾ ਹੱਲ ਕਰਨਾ ਸਾਡੀ ਤਰਜੀਹ : Spicejet
Friday, Jul 29, 2022 - 04:03 PM (IST)
ਨਵੀਂ ਦਿੱਲੀ (ਭਾਸ਼ਾ) – ਹਵਾਬਾਜ਼ੀ ਕੰਪਨੀ ਸਪਾਈਸਜੈੱਟ ਨੇ ਕਿਹਾ ਕਿ ਉਹ ਡਾਇਰੈਕਟੋਰੇਟ ਜਨਰਲ ਆਫ ਸਿਵਿਲ ਏਵੀਏਸ਼ਨ ਵਲੋਂ ਬਿਆਨ ਕੀਤੀਆਂ ਗਈਆਂ ਚਿੰਤਾਵਾਂ ਦਾ ਹੱਲ ਕਰੇਗੀ। ਕੰਪਨੀ ਨੇ ਆਪ੍ਰੇਟਿੰਗ ਵਧਣ ਦਾ ਵੀ ਭਰੋਸਾ ਪ੍ਰਗਟਾਇਆ। ਸਪਾਈਸਜੈੱਟ ਦੇ ਜਹਾਜ਼ਾਂ ’ਚ ਤਕਨੀਕੀ ਖਾਮੀ ਦੀਆਂ ਕਈ ਘਟਨਾਵਾਂ ਦੇ ਮੱਦੇਨਜ਼ਰ ਹਵਾਬਾਜ਼ੀ ਰੈਗੂਲੇਟਰ ਡਾਇਰੈਕਟੋਰੇਟ ਜਨਰਲ ਆਫ ਸਿਵਿਲ ਏਵੀਏਸ਼ਨ (ਡੀ. ਜੀ. ਸੀ. ਏ.) ਨੇ ਬੁੱਧਵਾਰ ਨੂੰ ਏਅਰਲਾਈਨ ਨੂੰ ਅੱਠ ਹਫਤਿਆਂ ਤੱਕ ਗਰਮੀਆਂ ਲਈ ਪ੍ਰਵਾਨਿਤ ਉਡਾਨਾਂ ’ਚੋਂ ਵੱਧ ਤੋਂ ਵੱਧ 50 ਫੀਸਦੀ ਦੇ ਸੰਚਾਲਨ ਦਾ ਹੁਕਮ ਦਿੱਤਾ ਸੀ।
ਕੰਪਨੀ ਨੇ ਕਿਹਾ ਕਿ ਵੀਰਵਾਰ ਨੂੰ ਉਸ ਦੇ ਸਾਰੇ ਜਹਾਜ਼ਾਂ ਨੇ ਸਮੇਂ ਸਿਰ ਉਡਾਣ ਭਰੀ। ਸਪਾਈਸਜੈੱਟ ਨੇ ਕਿਹਾ ਕਿ ਡੀ. ਜੀ. ਸੀ. ਏ. ਦੇ ਹੁਕਮ ਕਾਰਨ ਕੋਈ ਉਡਾਣ ਰੱਦ ਨਹੀਂ ਕੀਤੀ ਗਈ ਹੈ। ਉਸ ਨੇ ਕਿਹਾ ਕਿ ਰੈਗੂਲੇਟਰ ਦੇ ਬੁੱਧਵਾਰ ਦੇ ਹੁਕਮ ਦਾ ਏਅਰਲਾਈਨ ਦੇ ਨਿਰਧਾਰਤ ਪ੍ਰੋਗਰਾਮ ’ਤੇ ਕੋਈ ਪ੍ਰਭਾਵ ਨਹੀਂ ਪਿਆ ਹੈ। ਕੰਪਨੀ ਨੇ ਇਕ ਬਿਆਨ ’ਚ ਕਿਹਾ ਕਿ ਅਸੀਂ ਆਪਣੇ ਮੁਸਾਫਰਾਂ ਅਤੇ ਯਾਤਰਾ ਸਾਂਝੇਦਾਰਾਂ ਨੂੰ ਮੁੜ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਆਗਾਮੀ ਦਿਨਾਂ ਅਤੇ ਹਫਤਿਆਂ ’ਚ ਸਾਡੇ ਜਹਾਜ਼ ਨਿਰਧਾਰਤ ਪ੍ਰੋਗਰਾਮ ਮੁਤਾਬਕ ਉਡਾਣ ਭਰਨਗੇ। ਇਸ ’ਚ ਕਿਹਾ ਗਿਆ ਹੈ ਕਿ ਸਪਾਈਸਜੈੱਟ ਨੂੰ ਆਪਣੀ ਆਪ੍ਰੇਟਿੰਗ ਵਧਣ ਦਾ ਭਰੋਸਾ ਹੈ ਅਤੇ ਰੈਗੂਲੇਟਰ ਦੀ ਕਿਸੇ ਵੀ ਚਿੰਤਾ ਦਾ ਹੱਲ ਕਰਨਾ ਸਾਡੀ ਤਰਜੀਹ ਹੈ।