ਅਡਾਨੀ ਪਾਵਰ ਦਾ ਮਾਰਕਿਟ ਕੈਪ 1 ਲੱਖ ਕਰੋੜ ਤੋਂ ਪਾਰ, ਸਿਰਫ ਇਕ ਮਹੀਨੇ ''ਚ ਸ਼ੇਅਰ 109 ਫੀਸਦੀ ਚੜ੍ਹੇ
Monday, Apr 25, 2022 - 03:43 PM (IST)
ਮੁੰਬਈ - ਅਡਾਨੀ ਪਾਵਰ, ਅਡਾਨੀ ਗਰੁੱਪ ਦੀ ਛੇਵੀਂ ਅਜਿਹੀ ਕੰਪਨੀ ਬਣ ਗਈ ਹੈ ਜਿਸ ਦਾ ਮਾਰਕੀਟ ਕੈਪ 1 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ। ਇਸ ਖਬਰ ਦਰਮਿਆਨ ਇਹ ਸਟਾਕ ਅੱਜ ਦੇ ਕਾਰੋਬਾਰ ਵਿੱਚ 270.80 ਰੁਪਏ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ ਹੈ। ਅਡਾਨੀ ਪਾਵਰ ਦੇ ਸ਼ੇਅਰ ਪਿਛਲੇ ਇੱਕ ਮਹੀਨੇ ਵਿੱਚ 109% ਤੋਂ ਵੱਧ ਚੜ੍ਹ ਗਏ ਹਨ। 25 ਅਪ੍ਰੈਲ ਸੋਮਵਾਰ ਨੂੰ ਇਹ ਸ਼ੇਅਰ ਸ਼ੁੱਕਰਵਾਰ ਦੀ ਬੰਦ ਕੀਮਤ ਤੋਂ 5% ਵੱਧ ਹੈ। ਇਸ ਸਾਲ ਹੁਣ ਤੱਕ ਇਹ ਸਟਾਕ 165 ਫੀਸਦੀ ਤੋਂ ਵੱਧ ਭੱਜਿਆ ਹੈ, ਜਦਕਿ ਇਸ ਮਹੀਨੇ ਇਸ 'ਚ 46 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਡਾਨੀ ਗ੍ਰੀਨ ਐਨਰਜੀ, ਅਡਾਨੀ ਟਰਾਂਸਮਿਸ਼ਨ, ਅਡਾਨੀ ਟੋਟਲ ਗੈਸ, ਅਡਾਨੀ ਇੰਟਰਪ੍ਰਾਈਜਿਜ਼ ਅਤੇ ਅਡਾਨੀ ਪੋਰਟਸ ਐਂਡ ਸਪੈਸ਼ਲ ਇਕਨਾਮਿਕ ਜ਼ੋਨ) ਅਡਾਨੀ ਗਰੁੱਪ ਦੀਆਂ ਅਜਿਹੀਆਂ ਕੰਪਨੀਆਂ ਰਹੀਆਂ ਹਨ ਜਿਨ੍ਹਾਂ ਨੇ 1 ਲੱਖ ਕਰੋੜ ਰੁਪਏ ਦਾ ਮਾਰਕੀਟ ਕੈਪ ਹਾਸਲ ਕੀਤਾ ਹੈ। ਇਸ ਪਾਵਰ ਸਟਾਕ ਵਿੱਚ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ।
ਇਹ ਵੀ ਪੜ੍ਹੋ : ਭਾਰਤ ਇਕ ਵਾਰ ਫਿਰ ਸ਼੍ਰੀਲੰਕਾ ਦੀ ਮਦਦ ਲਈ ਆਇਆ ਅੱਗੇ, ਈਂਧਨ ਖਰੀਦਣ ਲਈ ਦਿੱਤੀ ਵਾਧੂ ਸਹਾਇਤਾ
ਮਾਰਕੀਟ ਮਾਹਿਰਾਂ ਨੂੰ ਉਮੀਦ ਹੈ ਕਿ ਬਿਜਲੀ ਕੰਪਨੀਆਂ ਵਿੱਤੀ ਸਾਲ 2021-22 ਦੀ ਚੌਥੀ ਤਿਮਾਹੀ ਵਿੱਚ ਵਧੀਆ ਪ੍ਰਦਰਸ਼ਨ ਕਰਨਗੀਆਂ। ਇਸ ਉਮੀਦ ਦੇ ਆਧਾਰ 'ਤੇ ਪੂਰੇ ਪਾਵਰ ਪੈਕ 'ਚ ਤੇਜ਼ੀ ਆ ਰਹੀ ਹੈ। ਇਸ ਤੋਂ ਇਲਾਵਾ ਬਜ਼ਾਰ ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਬਿਜਲੀ ਵੰਡ ਕੰਪਨੀਆਂ ਵੱਲੋਂ ਬਕਾਇਆ ਅਦਾ ਕੀਤੇ ਜਾਣ ਨਾਲ ਬਿਜਲੀ ਉਤਪਾਦਕ ਕੰਪਨੀਆਂ ਦੀ ਨਕਦੀ ਦੇ ਪ੍ਰਵਾਹ ਨੂੰ ਮਜ਼ਬੂਤ ਕਰਨ ਦੀ ਸੰਭਾਵਨਾ ਹੈ।
ਜ਼ਿਕਰਯੋਗ ਹੈ ਕਿ ਮਾਰਚ ਦੇ ਅੱਧ ਤੋਂ ਦੇਸ਼ ਭਰ 'ਚ ਤਾਪਮਾਨ ਵਧਣ ਕਾਰਨ ਬਿਜਲੀ ਦੀ ਮੰਗ 'ਚ ਅਚਾਨਕ ਵਾਧਾ ਹੋਇਆ ਹੈ। ਜਿਸ ਕਾਰਨ ਮੰਗ ਅਤੇ ਸਪਲਾਈ ਵਿਚਲਾ ਪਾੜਾ ਵਧਦਾ ਨਜ਼ਰ ਆ ਰਿਹਾ ਹੈ। ਅਡਾਨੀ ਪਾਵਰ ਨੂੰ ਹਾਲ ਹੀ ਵਿੱਚ ਰਾਜਸਥਾਨ ਦੀ ਸਰਕਾਰੀ ਪਾਵਰ ਡਿਸਟ੍ਰੀਬਿਊਸ਼ਨ ਕੰਪਨੀ ਤੋਂ ਵਿਆਜ ਸਮੇਤ 3000 ਕਰੋੜ ਰੁਪਏ ਦੇ ਬਕਾਏ ਮਿਲੇ ਹਨ। ਹਾਲਾਂਕਿ ਸੁਪਰੀਮ ਕੋਰਟ ਨੇ ਰਾਜਸਥਾਨ ਦੀ ਬਿਜਲੀ ਵੰਡ ਕੰਪਨੀ ਨੂੰ ਫਰਵਰੀ 'ਚ ਹੀ ਬਕਾਇਆ ਵਾਪਸ ਕਰਨ ਦੇ ਨਿਰਦੇਸ਼ ਦਿੱਤੇ ਸਨ ਅਤੇ ਉਦੋਂ ਤੋਂ ਇਹ ਸਟਾਕ ਵਧਣਾ ਸ਼ੁਰੂ ਹੋ ਗਿਆ ਸੀ ਪਰ ਬਕਾਇਆ ਵਾਪਸ ਮਿਲਣ ਤੋਂ ਬਾਅਦ ਇਹ ਸਟਾਕ ਹੋਰ ਵਧ ਗਿਆ।
ਬਾਜ਼ਾਰ ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਪਾਵਰ ਸੈਕਟਰ ਵਿੱਚ ਕਈ ਹੋਰ ਸੁਧਾਰ ਕੀਤੇ ਗਏ ਹਨ, ਜਿਸ ਕਾਰਨ ਪਾਵਰ ਪੈਕ ਵਿੱਚ ਵੀ ਉਛਾਲ ਹੈ। ਦੇਸ਼ ਵਿੱਚ ਸ਼ਹਿਰੀ ਆਬਾਦੀ ਵਧ ਰਹੀ ਹੈ। ਹਾਲ ਹੀ ਦੇ ਮਹੀਨਿਆਂ ਵਿੱਚ ਆਰਥਿਕ ਗਤੀਵਿਧੀਆਂ ਵਿੱਚ ਵੀ ਤੇਜ਼ੀ ਆਈ ਹੈ। ਇਸ ਤੋਂ ਇਲਾਵਾ, ਸਾਫ਼ ਅਤੇ ਭਰੋਸੇਮੰਦ ਬਿਜਲੀ ਸਪਲਾਈ ਦੀ ਵਧਦੀ ਮੰਗ ਪਾਵਰ ਸੈਕਟਰ ਲਈ ਵੱਡੇ ਮੌਕੇ ਪੈਦਾ ਕਰ ਰਹੀ ਹੈ। ਜਿਸ ਦਾ ਅਸਰ ਬਿਜਲੀ ਸਟਾਕ 'ਤੇ ਦੇਖਣ ਨੂੰ ਮਿਲ ਰਿਹਾ ਹੈ।
ਇਹ ਵੀ ਪੜ੍ਹੋ : ਜਾਂਚ ਦਰਮਿਆਨ ਸਾਹਮਣੇ ਆਏ ਹੈਰਾਨੀਜਨਕ ਤੱਥ, ਰਾਣਾ ਕਪੂਰ ਤੇ ਵਧਾਵਨ ਭਰਾਵਾਂ ਨੇ ਕੀਤਾ 5,050 ਕਰੋੜ ਦਾ ਗਬਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।