AIR INDIA ਦਾ 'ਮਲਾਹ' ਬਣ ਸਕਦਾ ਹੈ ਅਡਾਨੀ ਗਰੁੱਪ, ਲਾ ਸਕਦੈ ਬੋਲੀ

02/25/2020 3:10:07 PM

ਨਵੀਂ ਦਿੱਲੀ— AIR INDIA ਨੂੰ ਖਰੀਦਣ ਦੀ ਦਿਲਚਸਪੀ 'ਚ ਹੁਣ ਇਕ ਦਿੱਗਜ ਅਰਬਪਤੀ ਦੀ ਕੰਪਨੀ ਦਾ ਨਾਮ ਵੀ ਚਰਚਾ 'ਚ ਹੈ। ਸੂਤਰਾਂ ਮੁਤਾਬਕ, ਗੌਤਮ ਅਡਾਨੀ ਦਾ ਊਰਜਾ ਤੇ ਇੰਫਰਾਸਟ੍ਰਕਚਰ ਸਮੂਹ ਏਅਰ ਇੰਡੀਆ ਨੂੰ ਖਰੀਦਣ ਲਈ ਬੋਲੀ ਲਾਉਣ 'ਤੇ ਵਿਚਾਰ ਕਰ ਰਿਹਾ ਹੈ ਅਤੇ ਯੋਜਨਾ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਬੋਲੀ ਦਸਤਾਵੇਜ਼ਾਂ ਨੂੰ ਚੰਗੀ ਤਰ੍ਹਾਂ ਪੜ੍ਹ ਰਿਹਾ ਹੈ। ਸੂਤਰਾਂ ਮੁਤਾਬਕ, ਇਸ ਮੁੱਦੇ 'ਤੇ ਅੰਦਰੂਨੀ ਵਿਚਾਰ-ਵਟਾਂਦਰਾ ਹੋ ਰਿਹਾ ਹੈ ਕਿ ਕੀ ਕੰਪਨੀ ਨੂੰ ਦਿਲਚਸਪੀ ਪੱਤਰ ਦਾਇਰ ਕਰਨਾ ਚਾਹੀਦਾ ਹੈ ਜਾਂ ਨਹੀਂ। ਗੱਲਬਾਤ ਸ਼ੁਰੂ ਦੇ ਦੌਰ 'ਚ ਹੈ।

 

ਜ਼ਿਕਰਯੋਗ ਹੈ ਕਿ ਨਿੱਜੀਕਰਨ ਦੇ ਰਸਤੇ 'ਤੇ ਅੱਗੇ ਵੱਧ ਰਹੀ ਏਅਰ ਇੰਡੀਆ ਦਾ 2018-19 'ਚ ਘਾਟਾ 8,556 ਕਰੋੜ ਰੁਪਏ ਰਿਹਾ ਹੈ, ਜਦੋਂ ਕਿ 31 ਮਾਰਚ 2019 ਤੱਕ ਦੇ ਡਾਟਾ ਮੁਤਾਬਕ ਇਸ 'ਤੇ ਕੁੱਲ ਮਿਲਾ ਕੇ ਲਗਭਗ 60,000 ਕਰੋੜ ਰੁਪਏ ਦਾ ਕਰਜ਼ਾ ਹੈ। ਇਸ 'ਚੋਂ ਖਰੀਦਦਾਰ ਨੂੰ 23,286 ਕਰੋੜ ਰੁਪਏ ਦੇ ਕਰਜ਼ੇ ਦਾ ਬੋਝ ਖੁਦ 'ਤੇ ਲੈਣਾ ਪਵੇਗਾ। ਏਅਰ ਇੰਡੀਆ ਨੂੰ ਖਰੀਦਣ ਲਈ ਬੋਲੀ ਲਾਉਣ ਦੀ ਆਖਰੀ ਤਰੀਕ 17 ਮਾਰਚ ਹੈ।
ਜੇਕਰ ਅਡਾਨੀ ਸਮੂਹ ਬੋਲੀ ਲਾਉਂਦਾ ਹੈ ਤਾਂ ਇਸ ਦਾ ਮੁਕਾਬਲਾ ਟਾਟਾ ਸਮੂਹ, ਹਿੰਦੂਜਾ, ਇੰਡੀਗੋ ਅਤੇ ਨਿਊਯਾਰਕ ਆਧਾਰਿਤ ਫੰਡ ਇੰਟਰਅਪਸ 'ਚ ਨਾਲ ਹੋਵੇਗਾ, ਜਿਨ੍ਹਾਂ ਵੱਲੋਂ ਬੋਲੀ ਦੀ ਆਖਰੀ ਤਾਰੀਕ ਦੇ ਨਜ਼ਦੀਕ ਦਿਲਚਸਪੀ ਦਾ ਪ੍ਰਗਟਾਵਾ (ਈ. ਓ. ਆਈ.) ਕੀਤਾ ਜਾ ਸਕਦਾ ਹੈ।
ਦਿੱਗਜ ਅਡਾਨੀ ਸਮੂਹ ਵੱਖ-ਵੱਖ ਉਦਯੋਗ ਸੈਕਟਰਾਂ 'ਚ ਸਰਗਰਮ ਹੈ। ਇਨ੍ਹਾਂ 'ਚ ਕੁਕਿੰਗ ਤੇਲ, ਫੂਡ ਤੋਂ ਲੈ ਕੇ ਖਣਨ ਅਤੇ ਖਣਿਜ ਵਰਗੇ ਉਦਯੋਗ ਸ਼ਾਮਲ ਹਨ। ਇਹ ਹਵਾਈ ਅੱਡੇ ਦੇ ਸੰਚਾਲਨ ਤੇ ਰੱਖ-ਰਖਾਵ ਦੇ ਕਾਰੋਬਾਰ 'ਚ ਵੀ ਸ਼ਾਮਲ ਹੈ। ਇਸ ਨੇ 2019 'ਚ 6 ਹਵਾਈ ਅੱਡਿਆਂ ਦੇ ਨਿੱਜੀਕਰਨ ਦੀ ਬੋਲੀ ਜਿੱਤੀ ਸੀ। ਇਨ੍ਹਾਂ 'ਚ ਅਹਿਮਦਾਬਾਦ, ਲਖਨਊ, ਜੈਪੁਰ, ਗੁਹਾਟੀ, ਤਿਰੂਵਨੰਤਪੁਰਮ ਅਤੇ ਮੇਂਗਲੁਰੂ ਦੇ ਹਵਾਈ ਅੱਡੇ ਸ਼ਾਮਲ ਹਨ। ਫਿਲਹਾਲ ਹੁਣ ਤੱਕ ਇਸ ਖਬਰ 'ਤੇ ਅਡਾਨੀ ਸਮੂਹ ਦੀ ਟਿੱਪਣੀ ਸਾਹਮਣੇ ਨਹੀਂ ਆਈ ਹੈ।


Related News