ਅਡਾਨੀ ਸਮੂਹ ਨੇ ਅਗਲੇ ਸਾਲ ਕਰਨਾ ਹੈ 2 ਅਰਬ ਡਾਲਰ ਦਾ ਬਾਂਡ ਭੁਗਤਾਨ

03/06/2023 2:55:58 PM

ਨਵੀਂ ਦਿੱਲੀ (ਭਾਸ਼ਾ) - ਬਾਜ਼ਾਰ ਪੂੰਜੀਕਰਨ ਵਿਚ ਭਾਰੀ ਉਤਰਾਅ-ਚੜ੍ਹਾਅ ਦਾ ਸਾਹਮਣਾ ਕਰ ਰਹੀ ਅਡਾਨੀ ਸਮੂਹ ਦੀਆਂ ਕੰਪਨੀਆਂ ਨੂੰ ਕਰੀਬ 2 ਅਰਬ ਡਾਲਰ ਮੁੱਲ ਦੇ ਵਿਦੇਸ਼ੀ ਕਰੰਸੀ ਬਾਂਡ ਦਾ ਮੁੜ ਭੁਗਤਾਨ ਸਾਲ 2024 ਵਿਚ ਕਰਨਾ ਹੋਵੇਗਾ। ਅਡਾਨੀ ਸਮੂਹ ਨੇ ਜੁਲਾਈ, 2015 ਤੋਂ ਲੈ ਕੇ 2022 ਤੱਕ 10 ਅਰਬ ਡਾਲਰ ਤੋਂ ਵੀ ਜ਼ਿਆਦਾ ਮੁੱਲ ਦੇ ਵਿਦੇਸ਼ੀ ਕਰੰਸੀ ਬਾਂਡ ਉਧਾਰ ਲਏ ਸਨ। ਇਨ੍ਹਾਂ ਵਿਚੋਂ 1.15 ਅਰਬ ਡਾਲਰ ਦੇ ਬਾਂਡ ਸਾਲ 2020 ਅਤੇ 2022 ਦੌਰਾਨ ਮਚਿਓਰ ਹੋ ਗਏ। ਹਾਲਾਂਕਿ ਸਾਲ 2023 ਵਿਚ ਸਮੂਹ ਦਾ ਕੋਈ ਵੀ ਵਿਦੇਸ਼ੀ ਕਰੰਸੀ ਬਾਂਡ ਮਚਿਓਰ ਨਹੀਂ ਹੋ ਰਿਹਾ ਹੈ ਪਰ ਅਗਲੇ ਸਾਲ ਉਸ ਦੇ 3 ਬਾਂਡ ਦੀ ਮਚਿਓਰਿਟੀ ਮਿਆਦ ਪੂਰੀ ਹੋ ਰਹੀ ਹੈ। ਇਨ੍ਹਾਂ ’ਚ 65 ਕਰੋਡ਼ ਡਾਲਰ ਦੇ ਬਾਂਡ ਅਡਾਨੀ ਪੋਰਟਸ ਐਂਡ ਐੱਸ. ਈ. ਜ਼ੈੱਡ ਨੇ ਜਾਰੀ ਕੀਤੇ ਹਨ, ਜਦੋਂਕਿ ਅਡਾਨੀ ਗਰੀਨ ਐਨਰਜੀ ਵੱਲੋਂ 75 ਕਰੋਡ਼ ਡਾਲਰ ਅਤੇ 50 ਕਰੋਡ਼ ਡਾਲਰ ਦੇ 2 ਬਾਂਡ ਸ਼ਾਮਲ ਹਨ।

ਅਡਾਨੀ ਸਮੂਹ ਦੇ ਅਧਿਕਾਰੀਆਂ ਨੇ ਨਿਵੇਸ਼ਕਾਂ ਨੂੰ ਇਹ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਇਨ੍ਹਾਂ ਬਾਂਡ ਮਚਿਓਰਿਟੀ ਦੇਣਦਾਰੀਆਂ ਨੂੰ ਪੂਰਾ ਕਰ ਲਿਆ ਜਾਵੇਗਾ। ਇਸ ਲਈ ਨਿੱਜੀ ਵੰਡ ਨੋਟਸ ਦੀ ਪੇਸ਼ਕਸ਼ ਕਰਨ ਤੋਂ ਇਲਾਵਾ ਕੰਪਨੀਆਂ ਦੇ ਸੰਚਾਲਨ ਤੋਂ ਪ੍ਰਾਪਤ ਨਕਦੀ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ। ਪਿਛਲੇ ਮਹੀਨੇ ਨਿਵੇਸ਼ਕਾਂ ਨੂੰ ਦਿੱਤੀ ਜਾਣਕਾਰੀ ਮੁਤਾਬਕ, ਅਡਾਨੀ ਸਮੂਹ ਉੱਤੇ ਕਰਜ਼ਿਆਂ ਦਾ ਕੁਲ ਬੋਝ ਸਾਲ 2019 ਵਿਚ 1.11 ਲੱਖ ਕਰੋਡ਼ ਰੁਪਏ ਸੀ ਪਰ ਹੁਣ ਇਹ 2.21 ਲੱਖ ਕਰੋਡ਼ ਰੁਪਏ ਹੋ ਚੁੱਕਾ ਹੈ। ਨਕਦੀ ਨੂੰ ਸ਼ਾਮਿਲ ਕਰਨ ਤੋਂ ਬਾਅਦ ਸਮੂਹ ਉੱਤੇ ਸ਼ੁੱਧ ਕਰਜ਼ਾ 1.89 ਲੱਖ ਕਰੋਡ਼ ਰੁਪਏ ਹੈ। ਪਿਛਲੀ 24 ਜਨਵਰੀ ਨੂੰ ਅਮਰੀਕੀ ਫਰਮ ਹਿੰਡਨਬਰਗ ਰਿਸਰਚ ਦੀ ਇਕ ਉਲਟ ਰਿਪੋਰਟ ਆਉਣ ਤੋਂ ਬਾਅਦ ਤੋਂ ਅਡਾਨੀ ਸਮੂਹ ਦੇ ਸ਼ੇਅਰਾਂ ’ਚ ਭਾਰੀ ਉਤਰਾਅ-ਚੜ੍ਹਾਅ ਵੇਖਿਆ ਗਿਆ ਹੈ। ਰਿਪੋਰਟ ਆਉਣ ਦੇ ਮਹੀਨੇ ਭਰ ’ਚ ਇਸ ਦੇ ਬਾਜ਼ਾਰ ਪੂੰਜੀਕਰਨ ’ਚ 135 ਅਰਬ ਡਾਲਰ ਤੱਕ ਦੀ ਗਿਰਾਵਟ ਆ ਗਈ ਸੀ ਪਰ ਬੀਤੇ ਹਫਤੇ ’ਚ ਕੁੱਝ ਸੁਧਾਰ ਵੇਖਿਆ ਗਿਆ ਹੈ।


Harinder Kaur

Content Editor

Related News