ਮਹਾਮਾਰੀ ਕਾਰਨ ਏ. ਏ. ਆਈ. ਦਾ ਰੈਵੇਨਿਊ ਜੂਨ ਤਿਮਾਹੀ 'ਚ ਡਿੱਗਾ : ਸਰਕਾਰ
Thursday, Aug 05, 2021 - 03:47 PM (IST)
ਨਵੀਂ ਦਿੱਲੀ- ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਲਾਗ ਕਾਰਨ ਛੋਟੇ-ਵੱਡੇ ਉਦਯੋਗ ਤਰ੍ਹਾਂ ਪ੍ਰਭਾਵਿਤ ਹੋਏ ਹਨ। ਇਸ ਨਾਲ ਲੋਕਾਂ ਦੀ ਕਮਾਈ 'ਤੇ ਵੀ ਅਸਰ ਪਿਆ ਹੈ। ਕੋਰੋਨਾ ਤੋਂ ਸੁਰੱਖਿਆ ਲਈ ਟੀਕਾਕਰਨ ਵੀ ਚੱਲ ਰਿਹਾ ਹੈ। ਹਾਲਾਂਕਿ, ਅਰਥਚਾਰੇ ਨੂੰ ਕੋਰੋਨਾ ਕਾਰਨ ਕਾਫ਼ੀ ਨੁਕਸਾਨ ਪੁੱਜਾ ਹੈ।
ਇਸ ਵਿਚਕਾਰ ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੇ ਕਾਰਨ ਏਅਰਪੋਰਟ ਅਥਾਰਟੀ ਆਫ਼ ਇੰਡੀਆ (ਏ. ਏ. ਆਈ.) ਦਾ ਮਾਲੀਆ ਇਸ ਸਾਲ ਅਪ੍ਰੈਲ-ਜੂਨ ਵਿਚ ਘੱਟ ਕੇ 889 ਕਰੋੜ ਰੁਪਏ ਰਹਿ ਗਿਆ, ਜੋ ਕਿ ਦੋ ਸਾਲ ਪਹਿਲਾਂ ਦੀ ਇਸੇ ਮਿਆਦ ਵਿਚ ਲਗਭਗ 3,000 ਕਰੋੜ ਰੁਪਏ ਸੀ।
ਇਹ ਜਾਣਕਾਰੀ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਵੀ. ਕੇ. ਸਿੰਘ ਨੇ ਇਕ ਲਿਖਤੀ ਜਵਾਬ ਵਿਚ ਦਿੱਤੀ। ਉਨ੍ਹਾਂ ਕਿਹਾ, “ਏਅਰਪੋਰਟ ਅਥਾਰਟੀ ਆਫ਼ ਇੰਡੀਆ (ਏ. ਏ. ਆਈ.) ਨੇ ਦੱਸਿਆ ਕਿ ਅਪ੍ਰੈਲ-ਜੂਨ, 2019 ਦੌਰਾਨ ਉਸ ਦਾ ਮਾਲੀਆ 2976.17 ਕਰੋੜ ਰੁਪਏ ਸੀ, ਜੋ ਅਪ੍ਰੈਲ-ਜੂਨ, 2021 ਦੌਰਾਨ ਘੱਟ ਕੇ 889 ਕਰੋੜ ਰੁਪਏ ਰਹਿ ਗਿਆ।” ਸਿੰਘ ਨੇ ਆਂਧਰਾ ਪ੍ਰਦੇਸ਼ ਦੇ ਵਿਸ਼ੇ 'ਤੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਅਪ੍ਰੈਲ-ਜੂਨ, 2019 ਦੌਰਾਨ ਸੂਬੇ ਦੇ ਹਵਾਈ ਅੱਡਿਆਂ ਤੋਂ ਮਾਲੀਆ 36.29 ਕਰੋੜ ਰੁਪਏ ਸੀ, ਜੋ ਅਪ੍ਰੈਲ-ਜੂਨ, 2021 ਵਿਚ ਘੱਟ ਕੇ 10.62 ਕਰੋੜ ਰੁਪਏ ਰਹਿ ਗਿਆ।