ਏ. ਏ. ਆਈ. ਨੂੰ 25 ਸਾਲ ਦੇ ਇਤਿਹਾਸ ''ਚ ਪਹਿਲੀ ਵਾਰ ਹੋ ਸਕਦੈ ਨੁਕਸਾਨ

07/30/2020 1:24:07 AM

ਨਵੀਂ ਦਿੱਲੀ (ਯੂ. ਐੱਨ. ਆਈ.)–ਦੇਸ਼ ਭਰ 'ਚ 100 ਤੋਂ ਵੱਧ ਹਵਾਈ ਅੱਡਿਆਂ ਦਾ ਆਪ੍ਰੇਟਿੰਗ ਕਰਨ ਵਾਲੀ ਮਿਨੀਰਤਨ ਕੰਪਨੀ ਭਾਰਤੀ ਏਅਰਪੋਰਟ ਅਥਾਰਿਟੀ ਆਫ ਇੰਡੀਆ (ਏ. ਏ. ਆਈ) ਨੂੰ ਕੋਵਿਡ-19 ਕਾਰਣ 25 ਸਾਲ ਦੇ ਇਤਿਹਾਸ 'ਚ ਪਹਿਲੀ ਵਾਰ ਨੁਕਸਾਨ ਉਠਾਉਣਾ ਪੈ ਸਕਦਾ ਹੈ। ਏ. ਏ. ਆਈ. ਦੇ ਪ੍ਰਧਾਨ ਅਰਵਿੰਦਗ ਸਿੰਘ ਨੇ ਦੱਸਿਆ ਕਿ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਅਥਾਰਿਟੀ ਦੀ ਆਮਦਨ 'ਚ 80 ਫੀਸਦੀ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੌਰਾਨ ਲਗਭਗ 2 ਮਹੀਨੇ ਤੱਕ ਦੇਸ਼ 'ਚ ਰੈਗੁਲਰ ਯਾਤਰੀ ਜਹਾਜ਼ ਸੇਵਾ ਪੂਰੀ ਤਰ੍ਹਾਂ ਠੱਪ ਰਹੀ। ਘਰੇਲੂ ਯਾਤਰੀ ਜਹਾਜ਼ ਸੇਵਾ 25 ਮਈ ਤੋਂ ਮੁੜ ਸ਼ੁਰੂ ਕੀਤੀ ਗਈ ਹੈ ਪਰ ਹੁਣ ਵੀ ਆਪ੍ਰੇਟਿੰਗ ਕੋਵਿਡ-19 ਤੋਂ ਪਹਿਲਾਂ ਦੇ ਪੱਧਰ ਦੀ ਤੁਲਨਾ 'ਚ 30 ਫੀਸਦੀ 'ਤੇ ਵੀ ਨਹੀਂ ਪਹੁੰਚੀ ਹੈ, ਇਸ ਲਈ ਆਉਣ ਵਾਲੀਆਂ ਤਿਮਾਹੀਆਂ 'ਚ ਵੀ ਮਾਲੀਏ 'ਚ ਗਿਰਾਵਟ ਜਾਰੀ ਰਹਿ ਸਕਦੀ ਹੈ।

ਉਨ੍ਹਾਂ ਨੇ ਕਿਹਾ ਕਿ ਪਹਿਲੀ ਤਿਮਾਹੀ 'ਚ ਮਾਲੀਏ 'ਚ 80 ਫੀਸਦੀ ਘੱਟ ਰਿਹਾ ਹੈ ਅਤੇ ਚਾਲੂ ਵਿੱਤੀ ਸਾਲ 'ਚ ਨੁਕਸਾਨ ਦੇ ਖਦਸ਼ੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸਾਲ 1995 'ਚ ਏ. ਏ. ਆਈ. ਦੀ ਸਥਾਪਨਾ ਤੋਂ ਬਾਅਦ ਤੋਂ ਹੁਣ ਤੱਕ ਏ. ਏ. ਆਈ. ਹਮੇਸ਼ਾ ਮੁਨਾਫੇ 'ਚ ਰਹੀ ਹੈ। ਵਿੱਤੀ ਸਾਲ 2018-19 'ਚ ਉਸ ਦਾ ਕੁਲ ਮਾਲੀਆ 14,133 ਕਰੋੜ ਅਤੇ ਮੁਨਾਫਾ 2,271 ਕਰੋੜ ਰੁਪਏ ਰਿਹਾ ਸੀ। ਉਸ ਦੀ ਆਮਦਨ ਦਾ 25 ਫੀਸਦੀ ਤੋਂ ਵੱਧ ਹਵਾਈ ਅੱਡਾ ਨੇਵੀਗੇਸ਼ਨ ਸੇਵਾਵਾਂ (ਏ. ਐੱਨ. ਐੱਸ.) ਦੇ ਵਿਸ਼ੇ 'ਚ ਪ੍ਰਾਪਤ ਹੁੰਦਾ ਹੈ।

ਜਹਾਜ਼ ਨੂੰ ਉਡਾਨ ਭਰਨ ਦੌਰਾਨ ਨੇਵੀਗੇਸ਼ਨ ਲਈ ਦਿੱਤੀ ਜਾਣ ਵਾਲੀ ਇਸ ਸੇਵਾ ਤੋਂ ਪ੍ਰਾਪਤ ਆਮਦਨ ਉਡਾਨਾਂ ਬੰਦ ਰਹਿਣ ਨਾਲ ਪ੍ਰਭਾਵਿਤ ਹੋਈ। ਖਾਸ ਕਰ ਕੇ ਵਿਦੇਸ਼ੀ ਏਅਰਲਾਈਨ ਦੀ ਉਡਾਨ ਨੂੰ ਏ. ਐੱਨ. ਐੱਸ. ਸੇਵਾ ਦੇਣ ਨਾਲ ਕਾਫੀ ਆਮਦਨ ਹੁੰਦੀ ਹੈ। ਏ. ਏ. ਆਈ. ਦੀ ਆਮਦਨ 'ਚ 30 ਫੀਸਦੀ ਤੋਂ ਵੱਧ ਹਵਾਈ ਅੱਡਾ ਚਾਰਜਿਜ਼ ਦੇ ਰੂਪ 'ਚ ਮਿਲਦਾ ਹੈ। ਇਸ 'ਚ ਵੱਡਾ ਹਿੱਸਾ ਪ੍ਰਤੀ ਯਾਤਰੀ ਚਾਰਜਿਜ਼ ਅਤੇ ਪ੍ਰਤੀ ਉਡਾਨ ਚਾਰਜਿਜ਼ ਦੇ ਰੂਪ 'ਚ ਪ੍ਰਾਪਤ ਹੁੰਦਾ ਹੈ। ਯਾਤਰੀ ਜਹਾਜਾਂ ਦੀ ਆਵਾਜਾਈ ਬੰਦ ਰਹਿਣ ਨਾਲ ਇਨ੍ਹਾਂ ਚਾਰਜਿਜ਼ ਤੋਂ ਆਮਦਨ ਲਗਭਗ ਪੂਰੀ ਤਰ੍ਹਾਂ ਸਮਾਪਤ ਹੋ ਗਈ ਸੀ।


Karan Kumar

Content Editor

Related News