ਗੂਗਲ ''ਤੇ ਇਸ ਹਫਤੇ ਲੱਗ ਸਕਦੈ 20 ਹਜ਼ਾਰ ਕਰੋੜ ਦਾ ਜੁਰਮਾਨਾ

07/16/2018 2:33:55 PM

ਨਵੀਂ ਦਿੱਲੀ—  ਯੂਰਪੀ ਸੰਘ ਗੂਗਲ 'ਤੇ ਇਸ ਹਫਤੇ ਘੱਟੋ-ਘੱਟ 20 ਹਜ਼ਾਰ ਕਰੋੜ ਰੁਪਏ ਦਾ ਜੁਰਮਾਨਾ ਲਗਾ ਸਕਦਾ ਹੈ। ਗੂਗਲ ਕੰਪਨੀ 'ਤੇ ਦੋਸ਼ ਹੈ ਕਿ ਉਹ ਫੋਨ ਬਣਾਉਣ ਵਾਲੀਆਂ ਕੰਪਨੀਆਂ ਨੂੰ ਆਪਣਾ ਐਂਡ੍ਰਾਇਡ ਸਾਫਟਵੇਅਰ ਤਾਂ ਮੁਫਤ ਦਿੰਦੀ ਹੈ ਪਰ ਇਸ ਦੇ ਬਦਲੇ ਆਪਣੇ ਵੈੱਬ ਬ੍ਰਾਊਜ਼ਰ ਅਤੇ ਸਰਚ ਇੰਜਣ ਇੰਸਟਾਲ ਕਰਨ ਲਈ ਮਜਬੂਰ ਕਰਦੀ ਹੈ। ਦੁਨੀਆ 'ਚ ਵਿਕਣ ਵਾਲੇ 80 ਫੀਸਦੀ ਸਮਾਰਟ ਫੋਨ ਐਂਡ੍ਰਾਇਡ ਆਧਾਰਿਤ ਹਨ। ਐਂਡ੍ਰਾਇਡ ਆਧਾਰਿਤ ਜਿਹੜੇ ਫੋਨ ਨਿਰਮਾਤਾ ਗੂਗਲ ਪਲੇਅ ਸਟੋਰ ਇੰਸਟਾਲ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਮਜਬੂਰਨ ਗੂਗਲ ਦੇ ਦੂਜੇ ਐਪਸ ਵੀ ਇੰਸਟਾਲ ਕਰਨੇ ਪੈਂਦੇ ਹਨ। ਇਨ੍ਹਾਂ 'ਚ ਸਰਚ, ਵੈੱਬ ਬ੍ਰਾਊਜ਼ਰ, ਈ-ਮੇਲ ਅਤੇ ਗੂਗਲ ਮੈਪ ਸ਼ਾਮਲ ਹਨ। ਯੂਰਪੀ ਕੰਪਨੀਆਂ ਨੇ ਸ਼ਿਕਾਇਤ ਕੀਤੀ ਹੈ ਕਿ ਗੂਗਲ ਦੇ ਦਬਾਅ 'ਚ ਫੋਨ ਨਿਰਮਾਤਾ ਦੂਜੀਆਂ ਕੰਪਨੀਆਂ ਦੇ ਸਰਚ ਇੰਜਣ ਅਤੇ ਬ੍ਰਾਊਜ਼ਰ ਇੰਸਟਾਲ ਨਹੀਂ ਕਰਦੇ ਹਨ। ਯੂਰਪੀ ਕਮਿਸ਼ਨ ਨੂੰ ਗੂਗਲ ਦੇ ਸਾਲਾਨਾ ਕਾਰੋਬਾਰ ਦੇ 10 ਫੀਸਦੀ ਤਕ ਜੁਰਮਾਨਾ ਲਾਉਣ ਦਾ ਅਧਿਕਾਰ ਹੈ।

ਪਿਛਲੇ ਸਾਲ ਉਸ ਦਾ ਕਾਰੋਬਾਰ 110 ਅਰਬ ਡਾਲਰ ਸੀ, ਯਾਨੀ ਗੂਗਲ 'ਤੇ 11 ਅਰਬ ਡਾਲਰ (75,000 ਕਰੋੜ ਰੁਪਏ) ਤਕ ਦਾ ਜੁਰਮਾਨਾ ਲੱਗ ਸਕਦਾ ਹੈ। ਹਾਲਾਂਕਿ ਮਾਹਰਾਂ ਦਾ ਕਹਿਣਾ ਹੈ ਕਿ ਇੰਨਾ ਜੁਰਮਾਨਾ ਸ਼ਾਇਦ ਹੀ ਲੱਗੇ ਪਰ ਇਹ ਪਿਛਲੇ ਸਾਲ ਦੇ 2.8 ਅਰਬ ਡਾਲਰ (19,000 ਕਰੋੜ ਰੁਪਏ) ਤੋਂ ਜ਼ਿਆਦਾ ਹੋਵੇਗਾ। ਉਦੋਂ ਦੋਸ਼ ਸੀ ਕਿ ਸਰਚ ਦੇ ਨਤੀਜਿਆਂ 'ਚ ਗੂਗਲ ਕੰਪਨੀ ਆਪਣੇ ਵਿਗਿਆਪਨਾਂ ਨੂੰ ਤਰਜੀਹ ਦਿੰਦੀ ਹੈ। ਯੂਰਪੀ ਸੰਘ ਗੂਗਲ ਨੂੰ ਫੋਨ ਨਿਰਮਾਤਾਵਾਂ ਨਾਲ ਸਮਝੌਤਾ ਖਤਮ ਕਰਨ ਲਈ ਵੀ ਕਹਿ ਸਕਦਾ ਹੈ। ਇਸ ਨਾਲ ਬਾਜ਼ਾਰ 'ਚ ਗੂਗਲ ਐਪਸ ਦੇ ਬਿਨਾਂ ਐਂਡ੍ਰਾਇਡ ਫੋਨ ਆ ਸਕਦੇ ਹਨ ਅਤੇ ਮਾਈਕਰੋਸਾਫਟ, ਫਾਇਰ ਫਾਕਸ ਵਰਗੇ ਸਰਚ ਇੰਜਣ ਨੂੰ ਬਾਜ਼ਾਰ ਹਿੱਸੇਦਾਰੀ ਵਧਾਉਣ ਦਾ ਮੌਕਾ ਮਿਲ ਸਕਦਾ ਹੈ।
ਫਿਲਹਾਲ ਯੂਰਪ ਦੇ ਸਮਾਰਟ ਫੋਨ ਬਾਜ਼ਾਰ 'ਚ 74 ਫੀਸਦੀ ਹਿੱਸੇਦਾਰੀ ਐਂਡ੍ਰਾਇਡ ਫੋਨਾਂ ਦੀ ਹੈ, ਜਦੋਂ ਕਿ ਮੋਬਾਇਲ ਫੋਨ 'ਤੇ ਸਰਚ ਇੰਜਣ 'ਚ ਗੂਗਲ ਦੀ ਬਾਜ਼ਾਰ ਹਿੱਸੇਦਾਰੀ 97 ਫੀਸਦੀ ਹੈ। ਇਸੇ ਤਰ੍ਹਾਂ ਕ੍ਰੋਮ ਵੈੱਬ ਬ੍ਰਾਊਜ਼ਰ ਦੀ ਬਾਜ਼ਾਰ ਹਿੱਸੇਦਾਰੀ 64 ਫੀਸਦੀ ਹੈ।


Related News