ਬਾਜ਼ਾਰ 'ਚ ਜਲਦ ਦਿਖਾਈ ਦੇਵੇਗਾ 100 ਰੁਪਏ ਦਾ ਨਵਾਂ ਨੋਟ, ਜਾਣੋ ਖ਼ਾਸੀਅਤ

Sunday, May 30, 2021 - 08:25 PM (IST)

ਬਾਜ਼ਾਰ 'ਚ ਜਲਦ ਦਿਖਾਈ ਦੇਵੇਗਾ 100 ਰੁਪਏ ਦਾ ਨਵਾਂ ਨੋਟ, ਜਾਣੋ ਖ਼ਾਸੀਅਤ

ਨਵੀਂ ਦਿੱਲੀ - ਜਲਦੀ ਹੀ ਬਾਜ਼ਾਰ ਵਿਚ ਦਿਖਾਈ ਦੇਵੇਗਾ 100 ਰੁਪਏ ਦਾ ਇੱਕ ਨਵਾਂ ਨੋਟ। 100 ਰੁਪਏ ਦੇ ਇਸ ਨਵੇਂ ਨੋਟ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਨਾ ਤਾਂ ਫਟੇਗ, ਨਾ ਹੀ ਗਲੇਗਾ। ਦਰਅਸਲ ਭਾਰਤੀ ਰਿਜ਼ਰਵ ਬੈਂਕ 100 ਰੁਪਏ ਦਾ ਵਾਰਨਿਸ਼ ਨੋਟ ਜਾਰੀ ਕਰਨ ਦੀ ਤਿਆਰੀ ਵਿਚ ਹੈ। ਰਿਜ਼ਰਵ ਬੈਂਕ ਵਲੋਂ ਅਜਿਹੇ ਨੋਟ ਛਾਪਣ ਦਾ ਮਕਸਦ ਨੋਟਾਂ ਨੂੰ ਸੁਰੱਖਿਅਤ ਬਣਾਉਣਾ ਹੈ ਤਾਂ ਜੋ ਨੋਟਾਂ ਦੀ ਉਮਰ ਵਧਾਈ ਜਾ ਸਕੇ। ਰਿਜ਼ਰਵ ਬੈਂਕ ਅਜੇ ਅਜ਼ਮਾਇਸ਼(ਟ੍ਰਾਇਲ) ਦੇ ਅਧਾਰ 'ਤੇ ਅਜਿਹੇ 1 ਅਰਬ ਨੋਟ ਛਾਪਣ ਦੀ ਤਿਆਰੀ ਕਰ ਰਿਹਾ ਹੈ। ਟ੍ਰਾਇਲ ਦੀ ਸਫ਼ਲਤਾ ਤੋਂ ਬਾਅਦ ਵਾਰਨਿਸ਼ ਵਾਲੇ ਨੋਟ ਹੀ ਬਾਜ਼ਾਰ ਵਿਚ ਉਤਾਰੇ ਜਾਣਗੇ ਅਤੇ ਪੁਰਾਣੇ ਨੋਟਾਂ ਨੂੰ ਹੌਲੀ ਹੌਲੀ ਸਿਸਟਮ ਵਿਚੋਂ ਖ਼ਤਮ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਹ ਜਾਣਕਾਰੀ ਰਿਜ਼ਰਵ ਬੈਂਕ ਨੇ ਆਪਣੀ ਸਾਲਾਨਾ ਰਿਪੋਰਟ ਵਿਚ ਦਿੱਤੀ ਹੈ।

ਇਹ ਵੀ ਪੜ੍ਹੋ : HDFC ਬੈਂਕ ਨੂੰ ਝਟਕਾ, RBI ਨੇ ਲਗਾਇਆ 10 ਕਰੋੜ ਰੁਪਏ ਦਾ ਜੁਰਮਾਨਾ

ਇਸ ਨਵੇਂ ਨੋਟ ਬਾਰੇ ਹੋਰ ਜਾਣਕਾਰੀ

ਇਸ ਸਮੇਂ ਬਾਜ਼ਾਰ ਵਿਚ ਜਾਮਨੀ ਰੰਗ ਦੇ 100 ਰੁਪਏ ਦੇ ਨੋਟ ਪਹਿਲਾਂ ਹੀ ਮੌਜੂਦ ਹਨ। ਆਰ.ਬੀ.ਆਈ. ਹੁਣ ਵਾਰਨਿਸ਼ ਦੇ ਨਾਲ 100 ਰੁਪਏ ਦੇ ਨਵੇਂ ਨੋਟ ਜਾਰੀ ਕਰੇਗਾ। ਇਹ ਨੋਟ ਸਿਰਫ ਜਾਮਨੀ ਰੰਗ ਦਾ ਹੋਵੇਗਾ। 100 ਰੁਪਏ ਦੇ ਨਵੇਂ ਨੋਟ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੋਵੇਗੀ ਕਿ ਇਹ ਕਿਸੇ ਵੀ ਤਰੀਕੇ ਨਾਲ ਖਰਾਬ ਨਹੀਂ ਹੋਵੇਗਾ। ਵਾਰ-ਵਾਰ ਮੁੜਨ ਤੋਂ ਬਾਅਦ ਵੀ ਇਹ ਨੋਟ ਫਟੇਗਾ ਜਾਂ ਕਟੇਗਾ ਨਹੀਂ। ਇਸ ਨਵੇਂ ਨੋਟ 'ਤੇ ਪਾਣੀ ਦਾ ਵੀ ਕੋਈ ਅਸਰ ਨਹੀਂ ਹੋਏਗਾ ਕਿਉਂਕਿ ਇਨ੍ਹਾਂ ਨੋਟਾਂ 'ਤੇ ਵਾਰਨਿਸ਼ ਪੇਂਟ ਹੋਏਗਾ। ਇਹ ਵਾਰਨਿਸ਼ ਪੇਂਟ ਉਹੀ ਹੈ ਜੋ ਲੱਕੜ ਉੱਤੇ ਵਰਤਿਆ ਜਾਂਦਾ ਹੈ। ਮੌਜੂਦਾ ਨੋਟ ਜਲਦੀ ਖ਼ਰਾਬ ਹੋ ਜਾਂਦੇ ਹਨ ਅਤੇ ਪੁਰਾਣੇ ਵੀ ਲੱਗਣ ਲੱਗ ਜਾਂਦੇ ਹਨ। ਇਹ ਨੋਟ ਗਾਂਧੀ ਸੀਰੀਜ਼ ਦਾ ਹੀ ਨੋਟ ਹੋਵੇਗਾ। ਇਸ ਦਾ ਡਿਜ਼ਾਈਨ ਬਿਲਕੁਲ ਮੌਜੂਦਾ ਨਵੇਂ ਨੋਟ ਵਾਂਗ ਹੋਵੇਗਾ। ਨਵਾਂ ਵਰਜਨ ਵਾਲਾ ਨੋਟ ਮੌਜੂਦਾ ਨੋਟ ਨਾਲੋਂ ਦੁੱਗਣਾ ਟਿਕਾਊ ਹੋਵੇਗਾ।ਹੁਣ 100 ਰੁਪਏ ਦੇ ਨੋਟ ਦੀ ਔਸਤ ਉਮਰ ਢਾਈ ਤੋਂ ਸਾਢੇ ਤਿੰਨ ਸਾਲ ਹੈ। ਵਾਰਨਿਸ਼ ਵਾਲੇ ਨਵੇਂ ਨੋਟ ਦੀ ਉਮਰ ਲਗਭਗ 7 ਸਾਲ ਹੋਵੇਗੀ।

ਇਹ ਵੀ ਪੜ੍ਹੋ : 5 ਲੱਖ ਰੁਪਏ ਜਿੱਤਣ ਦਾ ਮੌਕਾ, 25 ਜੂਨ ਤੋਂ ਪਹਿਲਾਂ ਭਾਰਤ ਸਰਕਾਰ ਨੂੰ ਜਮਾਂ ਕਰਵਾਓ ਇਹ ਮਾਡਲ

ਸਰਕਾਰ ਨੇ ਪਹਿਲਾਂ ਹੀ ਦੇ ਦਿੱਤੀ ਹੈ ਪ੍ਰਵਾਨਗੀ

ਕੇਂਦਰ ਸਰਕਾਰ ਨੇ ਪਹਿਲਾਂ ਹੀ ਰਿਜ਼ਰਵ ਬੈਂਕ ਆਫ ਇੰਡੀਆ ਨੂੰ 100 ਰੁਪਏ ਦੇ ਇਕ ਅਰਬ ਵਰਨਿਸ਼ ਨੋਟ ਛਾਪਣ ਲਈ ਮਨਜ਼ੂਰੀ ਦੇ ਦਿੱਤੀ ਹੈ। ਪਿਛਲੇ ਸਾਲ ਵਿੱਤ ਰਾਜ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਰਾਜ ਸਭਾ ਵਿਚ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਸੀ ਕਿ ਸਰਕਾਰ ਨੇ ਇਕ ਅਰਬ ਕਿਸਮ ਦੇ ਨੋਟਾਂ ਨੂੰ ਪੇਸ਼ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਜਿਹੇ ਨੋਟ ਲੰਬੇ ਸਮੇਂ ਲਈ ਵਰਤੇ ਜਾ ਸਕਦੇ ਹਨ।

ਇਹ ਵੀ ਪੜ੍ਹੋ :  ਵਿਦੇਸ਼ਾਂ ਤੋਂ ਆਯਾਤ ਹੋਣ ਵਾਲੀ ਕੋਵਿਡ -19 ਸਮੱਗਰੀ 'ਤੋਂ ਆਈ-ਜੀਐੱਸਟੀ ਹਟਾਉਣ ਦਾ ਫ਼ੈਸਲਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News