9339 ਕਰਜ਼ਦਾਰਾਂ ਨੇ ਦਬਾ ਰੱਖੇ ਹਨ ਬੈਂਕਾਂ ਦੇ 1,11,738 ਕਰੋੜ ਜ਼ਿਆਦਾ

02/22/2018 4:33:16 AM

ਨਵੀਂ ਦਿੱਲੀ-ਨੀਰਵ-ਮੇਹੁਲ ਦੇ 11400 ਕਰੋੜ ਤੋਂ ਜ਼ਿਆਦਾ ਦੇ ਘਪਲੇ ਦੀ ਹਰ ਪਾਸੇ ਚਰਚਾ ਹੈ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਭਾਰਤੀ ਬੈਂਕਾਂ ਦੇ 1,11,738 ਕਰੋੜ ਰੁਪਏ ਤੋਂ ਜ਼ਿਆਦਾ ਦੇ ਕਰਜ਼ੇ 9339 ਅਜਿਹੇ ਕਰਜ਼ਦਾਰਾਂ ਨੇ ਦਬਾ ਕੇ ਰੱਖੇ ਹਨ, ਜਿਨ੍ਹਾਂ ਨੂੰ ਵਿਲਫੁੱਲ ਡਿਫਾਲਟਰ ਕਹਿੰਦੇ ਹਨ, ਮਤਲਬ ਜਾਣਬੁੱਝ ਕੇ ਕਰਜ਼ ਨਾ ਚੁਕਾਉਣ ਵਾਲੇ ਲੋਕ। ਅਜਿਹੇ ਲੋਕ ਜੋ ਕਰਜ਼ਾ ਚੁਕਾਉਣ ਦੀ ਸਮਰੱਥਾ ਰੱਖਦੇ ਹਨ ਪਰ ਚੁਕਾਉਣ ਤੋਂ ਇਨਕਾਰ ਕਰ ਰਹੇ ਹਨ ਜਾਂ ਬਚ ਰਹੇ ਹਨ। ਇਨ੍ਹਾਂ 'ਚ ਸਭ ਤੋਂ ਜ਼ਿਆਦਾ ਪੈਸਾ ਸਰਕਾਰੀ ਬੈਂਕਾਂ ਦਾ ਫਸਿਆ ਹੋਇਆ ਹੈ।
ਕ੍ਰੈਡਿਟ ਇਨਫਾਰਮੇਸ਼ਨ ਬਿਊਰੋ ਆਫ ਇੰਡੀਆ ਲਿਮਟਿਡ (ਸਿਬਿਲ) ਕੋਲ ਮੁਹੱਈਆ ਅੰਕੜਿਆਂ ਅਨੁਸਾਰ ਸਤੰਬਰ 2017 ਤਕ ਸਰਕਾਰੀ ਬੈਂਕਾਂ ਦੇ 7564 ਕਰਜ਼ਦਾਰਾਂ ਨੇ 93357 ਕਰੋੜ ਰੁਪਏ ਦਬਾ ਲਏ ਹਨ। ਸੂਤਰਾਂ ਅਨੁਸਾਰ ਸਾਲ 2013 ਦੇ 25410 ਕਰੋੜ ਰੁਪਏ ਦੇ ਵਿਲਫੁੱਲ ਡਿਫਾਲਟ ਮੁਕਾਬਲੇ 5 ਸਾਲ 'ਚ ਇਸ 'ਚ 340 ਫੀਸਦੀ ਦਾ ਵਾਧਾ ਹੋਇਆ ਹੈ। ਹਾਲਾਂਕਿ ਰਿਜ਼ਰਵ ਬੈਂਕ ਨੇ ਅਜੇ ਡਿਫਾਲਟਰਾਂ ਦੀ ਪੂਰੀ ਲਿਸਟ ਜਾਰੀ ਨਹੀਂ ਕੀਤੀ ਹੈ। ਸਾਲ 2017 'ਚ ਰਿਜ਼ਰਵ ਬੈਂਕ ਨੇ ਸੁਪਰੀਮ ਕੋਰਟ ਨੂੰ ਦੱਸਿਆ ਸੀ ਕਿ ਜਨਤਕ ਬੈਂਕਾਂ ਦੇ 500 ਕਰੋੜ ਰੁਪਏ ਤੋਂ ਜ਼ਿਆਦਾ ਦਾ ਲੋਨ ਡਿਫਾਲਟ ਕਰਨ ਵਾਲੇ ਕਰਜ਼ਦਾਰਾਂ ਦੀ ਸੂਚੀ ਜਨਤਕ ਕਰਨ ਦੇ ਪੱਖ 'ਚ ਉਹ ਨਹੀਂ ਹੈ।
ਨੀਰਵ ਮੋਦੀ ਦੀ ਜਾਲਸਾਜ਼ੀ ਦਾ ਸ਼ਿਕਾਰ ਪੰਜਾਬ ਨੈਸ਼ਨਲ ਬੈਂਕ ਵੀ ਇਸ ਮਾਮਲੇ 'ਚ ਪਹਿਲਾਂ ਤੋਂ ਕਾਫੀ ਪੀੜਤ ਹੈ। ਸਿਬਿਲ ਦੇ ਅੰਕੜਿਆਂ ਅਨੁਸਾਰ ਦਸੰਬਰ 2017 ਤਕ 1018 ਕਰਜ਼ਦਾਰਾਂ ਨੇ ਬੈਂਕਾਂ ਦੇ 12574 ਕਰੋੜ ਰੁਪਏ ਦਬਾ ਰੱਖੇ ਹਨ। ਪੀ. ਐੱਨ. ਬੀ. ਦੇ ਵੱਡੇ ਡਿਫਾਲਟਰਾਂ 'ਚ ਵਿਨਸਮ ਡਾਇਮੰਡ (899 ਕਰੋੜ), ਨਾਫੇਡ (224 ਕਰੋੜ) ਤੇ ਐਪਲ ਇੰਡਸਟਰੀਜ਼ (248 ਕਰੋੜ) ਸ਼ਾਮਲ ਹਨ।
ਸਭ ਤੋਂ ਜ਼ਿਆਦਾ ਡਿਫਾਲਟਰ ਐੱਸ. ਬੀ. ਆਈ. 'ਚ
ਸਭ ਤੋਂ ਜ਼ਿਆਦਾ 27716 ਕਰੋੜ ਰੁਪਏ ਦੀ ਰਕਮ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੀ ਫਸੀ ਹੋਈ ਹੈ। ਬੈਂਕ ਦੇ 1665 ਡਿਫਾਲਟਰਾਂ ਨੇ ਇਹ ਕਰਜ਼ਾ ਦਬਾ ਰੱਖਿਆ ਹੈ। ਐੱਸ. ਬੀ. ਆਈ. ਦਾ ਕਰਜ਼ਾ ਨਾ ਵਾਪਸ ਕਰਨ ਵਾਲੇ ਡਿਫਾਲਟਰਾਂ 'ਚ ਸਭ ਤੋਂ ਵੱਡਾ ਡਿਫਾਲਟਰ ਕਿੰਗਫਿਸ਼ਰ ਏਅਰਲਾਈਨਜ਼ (1286 ਕਰੋੜ ਰੁਪਏ) ਹੈ। ਆਈ. ਡੀ. ਬੀ. ਆਈ. ਬੈਂਕ ਦੇ 83 ਵਿਲਫੁੱਲ ਡਿਫਾਲਟਰਾਂ ਨੇ 3659 ਕਰੋੜ ਰੁਪਏ ਦਬਾ ਰੱਖੇ ਹਨ। ਬੈਂਕ ਆਫ ਇੰਡੀਆ ਦੇ 314 ਡਿਫਾਲਟਰਾਂ ਨੇ 6104 ਕਰੋੜ ਰੁਪਏ ਦਬਾ ਰੱਖੇ ਹਨ। ਬੈਂਕਾਂ ਨੇ ਜਿਨ੍ਹਾਂ ਡਿਫਾਲਟਰਾਂ ਖਿਲਾਫ ਵਸੂਲੀ ਦਾ ਮੁਕੱਦਮਾ ਦਰਜ ਕਰ ਰੱਖਿਆ ਹੈ, ਸਿਰਫ ਉਨ੍ਹਾਂ ਦੇ ਨਾਂ ਹੀ ਸਿਬਿਲ ਜਨਤਕ ਕਰ ਸਕਦਾ ਹੈ।
10 ਸਾਲ 'ਚ 3.6 ਲੱਖ ਕਰੋੜ ਰੁਪਏ ਦਾ ਲੋਨ ਵੱਟੇ-ਖਾਤੇ 'ਚ
ਜ਼ਿਕਰਯੋਗ ਹੈ ਕਿ ਪਿਛਲੇ ਸਾਲ 'ਚ ਬੈਂਕਾਂ ਨੇ 3.6 ਲੱਖ ਕਰੋੜ ਰੁਪਏ ਦਾ ਲੋਨ ਰਾਈਟ ਆਫ ਕੀਤਾ ਹੈ, ਮਤਲਬ ਉਨ੍ਹਾਂ ਨੂੰ ਵੱਟੇ-ਖਾਤੇ 'ਚ ਪਾ ਦਿੱਤਾ ਹੈ। ਰੇਟਿੰਗ ਏਜੰਸੀ ਕ੍ਰਿਸਿਲ ਮੁਕਾਬਕ ਬੈਂਕਾਂ ਦਾ ਕੁੱਲ ਐੱਨ. ਪੀ. ਏ. ਮਤਲਬ ਨਾਨ-ਪ੍ਰਫਾਰਮਿੰਗ ਏਸੈੱਟ ਇਸ ਵਿੱਤ ਸਾਲ ਦੇ ਅਖੀਰ ਤਕ 9.5 ਲੱਖ ਕਰੋੜ ਰੁਪਏੇ ਤਕ ਪਹੁੰਚ ਸਕਦਾ ਹੈ।


Related News