ਨੋਟਬੰਦੀ ਵਾਲੇ ਸਾਲ 88 ਲੱਖ ਲੋਕਾਂ ਨੇ ਨਹੀਂ ਭਰੀ ਇਨਕਮ ਟੈਕਸ ਰਿਟਰਨ

Friday, Apr 05, 2019 - 12:15 AM (IST)

ਨੋਟਬੰਦੀ ਵਾਲੇ ਸਾਲ 88 ਲੱਖ ਲੋਕਾਂ ਨੇ ਨਹੀਂ ਭਰੀ ਇਨਕਮ ਟੈਕਸ ਰਿਟਰਨ

ਨਵੀਂ ਦਿੱਲੀ-ਨੋਟਬੰਦੀ ਵਾਲੇ ਵਿੱਤੀ ਸਾਲ 2016-17 'ਚ 88.04 ਲੱਖ ਟੈਕਸਪੇਅਰਸ ਨੇ ਇਨਕਮ ਟੈਕਸ ਰਿਟਰਨ ਦਾਖਲ ਨਹੀਂ ਕੀਤੀ ਸੀ। ਇਹ ਇਸ ਤੋਂ ਪਿਛਲੇ ਵਿੱਤੀ ਸਾਲ 2015-16 'ਚ 8.56 ਲੱਖ ਰਿਟਰਨ ਨਾ ਫਾਈਲ ਕਰਨ ਵਾਲੇ ਟੈਕਸਪੇਅਰਸ ਦੇ ਮੁਕਾਬਲੇ 10 ਗੁਣਾ ਜ਼ਿਆਦਾ ਹੈ। ਕਰ ਅਧਿਕਾਰੀਆਂ ਮੁਤਾਬਕ ਸਾਲ 2000-01 ਤੋਂ ਬਾਅਦ ਪਿਛਲੇ ਲਗਭਗ 2 ਦਹਾਕਿਆਂ 'ਚ ਇਹ ਸਭ ਤੋਂ ਜ਼ਿਆਦਾ ਡਿਫਾਲਟ ਹੈ। ਹਾਲਾਂਕਿ ਇਸ ਤੋਂ ਪਿਛਲੇ ਸਾਲਾਂ 'ਚ ਟੈਕਸ ਰਿਟਰਨ ਫਾਈਲ ਨਾ ਕਰਨ ਵਾਲਿਆਂ ਦੀ ਗਿਣਤੀ ਲਗਾਤਾਰ ਘਟੀ ਹੈ। ਇਕ ਅੰਗਰੇਜ਼ੀ ਦੀ ਅਖਬਾਰ ਅਨੁਸਾਰ ਵਿੱਤੀ ਸਾਲ 2013 'ਚ 37.54 ਲੱਖ ਡਿਫਾਲਟ ਦੇ ਮੁਕਾਬਲੇ ਵਿੱਤੀ ਸਾਲ 2014 'ਚ 27.02 ਲੱਖ, ਵਿੱਤੀ ਸਾਲ 2015 'ਚ 16.32 ਲੱਖ ਅਤੇ ਵਿੱਤੀ ਸਾਲ 2016 'ਚ 8.56 ਲੱਖ ਰਿਹਾ। ਇਨਕਮ ਟੈਕਸ ਵਿਭਾਗ ਦੇ ਕੁਝ ਅਧਿਕਾਰੀਆਂ ਨੇ ਮੰਨਿਆ ਕਿ ਨੋਟਬੰਦੀ ਤੋਂ ਬਾਅਦ ਆਰਥਿਕ ਗਤੀਵਿਧੀਆਂ 'ਚ ਕਮੀ ਦੀ ਵਜ੍ਹਾ ਨਾਲ ਲੋਕਾਂ ਦੀ ਨੌਕਰੀ ਚਲੇ ਜਾਣ ਅਤੇ ਕਮਾਈ 'ਚ ਗਿਰਾਵਟ ਦੀ ਵਜ੍ਹਾ ਨਾਲ ਸੰਭਵ ਹੈ ਇਨਕਮ ਟੈਕਸ ਰਿਟਰਨ 'ਚ ਕਮੀ ਆਈ ਹੈ। ਇਕ ਟੈਕਸ ਅਧਿਕਾਰੀ ਨੇ ਦੱਸਿਆ, ''ਰਿਟਰਨ ਦਾਖਲ ਕਰਨ ਵਾਲਿਆਂ ਦੀ ਕਮੀ ਤੋਂ ਪਤਾ ਲੱਗਦਾ ਹੈ ਕਿ ਅਨੁਪਾਲਨ ਤੇ ਇਸ ਨੂੰ ਲਾਗੂ ਕਰਨ 'ਚ ਕਿਤੇ ਉਕਾਈ ਹੈ। ਟੈਕਸ ਅਧਿਕਾਰੀ ਇਸ ਨੂੰ ਲਾਗੂ ਕਰਨ 'ਚ ਅਸਫਲ ਰਹੇ ਹਨ ਪਰ 2016-17 'ਚ ਰਿਟਰਨ ਫਾਈਲ ਨਾ ਕਰਨ ਵਾਲਿਆਂ ਦੀ ਵੱਡੀ ਗਿਣਤੀ ਨੂੰ ਅਨੁਪਾਲਨ ਦੇ ਵਿਹਾਰ 'ਚ ਕਿਸੇ ਵੱਡੇ ਬਦਲਾਅ ਦੀ ਵਜ੍ਹਾ ਨਹੀਂ ਮੰਨਿਆ ਜਾ ਸਕਦਾ, ਇਹ ਭਾਰੀ ਉਛਾਲ ਉਸ ਸਾਲ ਲੋਕਾਂ ਦੀ ਕਮਾਈ ਅਤੇ ਨੌਕਰੀਆਂ ਘਟਣ ਦੀ ਵਜ੍ਹਾ ਨਾਲ ਹੋ ਸਕਦਾ ਹੈ। ਟੈਕਸ ਅੰਕੜਿਆਂ ਮੁਤਾਬਕ ਸਾਲ 2016-17 'ਚ ਟੀ. ਡੀ. ਐੱਸ. ਕਟਾਉਣ ਵਾਲਿਆਂ ਦੀ ਗਿਣਤੀ 'ਚ ਵੀ 33 ਲੱਖ ਤੱਕ ਦੀ ਵੱਡੀ ਕਮੀ ਆਈ ਹੈ। ਇਸ ਤੋਂ ਵੀ ਪਤਾ ਲੱਗਦਾ ਹੈ ਕਿ ਪਿਛਲੇ ਸਾਲਾਂ 'ਚ ਅਜਿਹੇ ਟਰਾਂਜ਼ੈਕਸ਼ਨ ਕਰਨ ਵਾਲੇ ਲੋਕਾਂ ਨੇ ਨੋਟਬੰਦੀ ਵਾਲੇ ਸਾਲ 'ਚ ਕੰਮਕਾਜ ਨਹੀਂ ਕੀਤਾ। ਸੀ. ਬੀ. ਡੀ. ਟੀ. ਅਨੁਸਾਰ 175 ਕਰੋੜ ਤੋਂ ਜ਼ਿਆਦਾ ਅਜਿਹੇ ਲੋਕ ਹਨ, ਜਿਨ੍ਹਾਂ ਦਾ ਟੀ. ਡੀ. ਐੱਸ., ਟੀ. ਸੀ. ਐੱਸ ਤਾਂ ਕੱਟਦਾ ਹੈ ਪਰ ਉਹ ਇਨਕਮ ਟੈਕਸ ਰਿਟਰਨ ਫਾਈਲ ਨਹੀਂ ਕਰਦੇ। ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਸਾਲ 2016 'ਚ ਟੈਕਸ ਬੇਸ, ਟੈਕਸਪੇਅਰ, ਨਿਊ ਟੈਕਸਪੇਅਰ ਆਦਿ ਦੀ ਪਰਿਭਾਸ਼ਾ 'ਚ ਕੇਂਦਰੀ ਪ੍ਰਤੱਖ ਬੋਰਡ ਵਲੋਂ ਕੁਝ ਬਦਲਾਅ ਕੀਤੇ ਗਏ ਸਨ ਅਤੇ ਇਸ ਵਜ੍ਹਾ ਨਾਲ ਸਾਲ 2016-17 'ਚ ਟੈਕਸਪੇਅਰ ਬੇਸ 'ਚ 25 ਫੀਸਦੀ ਦਾ ਉਛਾਲ ਆਇਆ ਸੀ। ਇਸ ਤੋਂ ਪਿਛਲੇ ਤਿੰਨ ਸਾਲ 'ਚ ਵੀ ਟੈਕਸਪੇਅਰ ਬੇਸ 'ਚ ਸਾਲਾਨਾ ਕਰੀਬ 18 ਫੀਸਦੀ ਦਾ ਵਾਧਾ ਹੋਇਆ ਸੀ। ਅਪ੍ਰੈਲ 2016 'ਚ ਸੀ. ਬੀ. ਡੀ. ਟੀ. ਨੇ ਟੈਕਸਪੇਅਰ ਦੀ ਪਰਿਭਾਸ਼ਾ ਬਦਲਦਿਆਂ ਉਨ੍ਹਾਂ ਲੋਕਾਂ ਨੂੰ ਵੀ ਟੈਕਸਪੇਅਰ ਬੇਸ 'ਚ ਸ਼ਾਮਲ ਕਰ ਲਿਆ ਸੀ ਜੋ ਵਿੱਤੀ ਸਾਲ ਦੌਰਾਨ ਟੀ. ਡੀ. ਐੱਸ. ਜਾਂ ਟੀ. ਸੀ. ਐੱਸ. (ਟੈਕਸ ਕੁਲੈਕਟਿਡ ਐਟ ਸੋਰਸ) ਰਾਹੀਂ ਟੈਕਸ ਦਾ ਭੁਗਤਾਨ ਕਰ ਚੁੱਕੇ ਹਨ।


author

Karan Kumar

Content Editor

Related News