ਦੇਸ਼ ਦੇ ਅੱਠ ਪ੍ਰਮੁੱਖ ਸ਼ਹਿਰਾਂ ’ਚ ਘਰਾਂ ਦੀ ਵਿਕਰੀ ''ਚ ਹੋਇਆ 8 ਫ਼ੀਸਦੀ ਵਾਧਾ
Thursday, Jun 29, 2023 - 10:16 AM (IST)
ਨਵੀਂ ਦਿੱਲੀ (ਭਾਸ਼ਾ) - ਦੇਸ਼ ’ਚ ਅੱਠ ਪ੍ਰਮੁੱਖ ਸ਼ਹਿਰਾਂ ’ਚ ਅਪ੍ਰੈਲ-ਜੂਨ ਮਿਆਦ ’ਚ ਘਰਾਂ ਦੀ ਵਿਕਰੀ ਸਾਲਾਨਾ ਆਧਾਰ ’ਤੇ ਅੱਠ ਫ਼ੀਸਦੀ ਵਧ ਕੇ 80,250 ਇਕਾਈ ਹੋ ਗਈ। ਮੁੱਖ ਤੌਰ ’ਤੇ ਮੁੰਬਈ ਅਤੇ ਪੁਣੇ ’ਚ ਮੰਗ ਵਧਣ ਨਾਲ ਇਹ ਵਿਕਰੀ ਵਧੀ ਹੈ। ਰਿਹਾਇਸ਼ੀ ਬ੍ਰੋਕਰੇਜ ਫਰਮ ਪ੍ਰਾਪਟਾਈਗਰ ਨੇ ਬੁੱਧਵਾਰ ਨੂੰ ਚੋਟੀ ਦੇ ਅੱਠ ਸ਼ਹਿਰਾਂ ’ਚ ਰਿਹਾਇਸ਼ੀ ਇਕਾਈਆਂ ਦੀ ਅਪ੍ਰੈਲ-ਜੂਨ ਮਿਆਦ ਦੇ ਵਿਕਰੀ ਅੰਕੜੇ ਜਾਰੀ ਕਰਦੇ ਹੋਏ ਇਹ ਜਾਣਕਾਰੀ ਦਿੱਤੀ ਹੈ। ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ 74,320 ਰਿਹਾਇਸ਼ੀ ਇਕਾਈਆਂ ਦੀ ਵਿਕਰੀ ਹੋਈ ਸੀ।
ਇਹ ਵੀ ਪੜ੍ਹੋ : ਕਿਸਾਨਾਂ ਨੂੰ ਤੋਹਫ਼ਾ, ਕੇਂਦਰ ਸਰਕਾਰ ਨੇ ਗੰਨੇ ਦਾ ਸਮਰਥਨ ਮੁੱਲ ਵਧਾਉਣ ਦਾ ਕੀਤਾ ਫ਼ੈਸਲਾ
ਰਿਪੋਰਟ ਮੁਤਾਬਕ ਚਾਲੂ ਵਿੱਤੀ ਸਾਲ ਦੇ ਪਹਿਲੇ ਤਿੰਨ ਮਹੀਨਿਆਂ ’ਚ ਦੇਸ਼ ਦੇ ਤਿੰਨ ਸ਼ਹਿਰਾਂ ਮੁੰਬਈ, ਪੁਣੇ ਅਤੇ ਅਹਿਮਦਾਬਾਦ ’ਚ ਘਰਾਂ ਦੀ ਵਿਕਰੀ ਵਧੀ ਹੈ ਪਰ ਪੰਜ ਸ਼ਹਿਰਾਂ ਦਿੱਲੀ-ਐੱਨ. ਸੀ. ਆਰ., ਬੇਂਗਲੁਰੂ, ਹੈਦਰਾਬਾਦ, ਚੇਨਈ ਅਤੇ ਕੋਲਕਾਤਾ ’ਚ ਘਰਾਂ ਦੀ ਵਿਕਰੀ ਘਟੀ ਹੈ। ਆਰ. ਈ. ਏ. ਇੰਡੀਆ ਦੇ ਸਮੂਹ ਮੁੱਖ ਵਿੱਤੀ ਅਧਿਕਾਰੀ ਵਿਕਾਸ ਵਧਾਵਨ ਨੇ ਕਿਹਾ ਕਿ ਚੋਟੀ ਦੇ ਅੱਠ ਰਿਹਾਇਸ਼ੀ ਬਾਜ਼ਾਰਾਂ ਦੇ ਵਿਕਾਸ ਦਾ ਸਿਲਸਿਲਾ ਜਾਰੀ ਹੈ। ਪ੍ਰਮੁੱਖ ਉਧਾਰ ਦਰ ’ਚ ਵਾਧਾ ਨਾ ਕਰਨ ਦੇ ਰਿਜ਼ਰਵ ਬੈਂਕ ਦੇ ਫ਼ੈਸਲੇ ਨਾਲ ਰਿਹਾਇਸ਼ੀ ਜਾਇਦਾਦਾਂ ਨੂੰ ਖਰੀਦਣ ਲਈ ਮਜ਼ਬੂਤ ਹਾਂਪੱਖੀ ਭਾਵਨਾਵਾਂ ਨੂੰ ਬਣਾਈ ਰੱਖਣ ’ਚ ਮਦਦ ਮਿਲੀ।
ਇਹ ਵੀ ਪੜ੍ਹੋ : ਰਾਤ ਨੂੰ AC ਚਲਾਇਆ ਤਾਂ ਆਵੇਗਾ ਜ਼ਿਆਦਾ ਬਿੱਲ, ਸਰਕਾਰ ਵੱਲੋਂ ਨਵੇਂ ਟੈਰਿਫ਼ ਨੂੰ ਮਨਜ਼ੂਰੀ
ਪ੍ਰਾਪਟਾਈਗਰ ਤੋਂ ਇਲਾਵਾ ਹਾਊਸਿੰਗ ਡਾਟ ਕਾਮ ਅਤੇ ਮਕਾਨ ਡਾਟ ਕਾਮ ਦੀ ਵੀ ਮਲਕੀਅਤ ਆਰ. ਈ. ਏ. ਇੰਡੀਆ ਦੇ ਹੀ ਕੋਲ ਹੈ। ਰਿਪੋਰਟ ਮੁਤਾਬਕ ਅਪ੍ਰੈਲ-ਜੂਨ ਦਰਮਿਆਨ ਅਹਿਮਦਾਬਾਦ ’ਚ ਘਰਾਂ ਦੀ ਵਿਕਰੀ 17 ਫ਼ੀਸਦੀ ਵਧ ਕੇ 8,450 ਇਕਾਈ ਹੋ ਗਈ, ਜਦਕਿ ਇਕ ਸਾਲ ਪਹਿਲਾਂ 7,240 ਘਰ ਵਿਕੇ ਸਨ। ਬੇਂਗਲੁਰੂ ਵਿਚ ਵਿਕਰੀ 19 ਫ਼ੀਸਦੀ ਡਿਗ ਕੇ 8,350 ਇਕਾਈਆਂ ਤੋਂ 6,790 ਇਕਾਈਆਂ ’ਤੇ ਆ ਗਈ, ਜਦ ਕਿ ਚੇਨਈ ’ਚ ਪੰਜ ਫ਼ੀਸਦੀ ਘਟ ਕੇ 3,210 ਇਕਾਈਆਂ ਤੋਂ 3,050 ਇਕਾਈ ਰਹਿ ਗਈ। ਦਿੱਲੀ-ਐੱਨ. ਸੀ. ਆਰ. ਖੇਤਰ ’ਚ ਵੀ ਘਰਾਂ ਦੀ ਵਿਕਰੀ ਸਾਲ ਭਰ ਪਹਿਲਾਂ ਦੇ 4,510 ਇਕਾਈ ਤੋਂ 28 ਫ਼ੀਸਦੀ ਡਿਗ ਕੇ 3,230 ਇਕਾਈ ਰਹਿ ਗਈ। ਪੁਣੇ ’ਚ ਵੀ ਅਪ੍ਰੈਲ-ਜੂਨ ਦੌਰਾਨ ਵਿਕਰੀ 3 ਫ਼ੀਸਦੀ ਵਧ ਕੇ 18,850 ਇਕਾਈ ਹੋ ਗਈ, ਜਦ ਕਿ ਪਿਛਲੇ ਸਾਲ ਦੀ ਇਸੇ ਮਿਆਦ ’ਚ 13,720 ਘਰਾਂ ਦੀ ਵਿਕਰੀ ਹੋਈ ਸੀ।
ਇਹ ਵੀ ਪੜ੍ਹੋ : ਦੁਨੀਆ ਭਰ 'ਚ ਮਸ਼ਹੂਰ ਹੋਇਆ ਮੁਰਥਲ ਦਾ ਅਮਰੀਕ ਸੁਖਦੇਵ ਢਾਬਾ, ਟਾਪ 150 'ਚੋਂ ਮਿਲਿਆ 23ਵਾਂ ਸਥਾਨ