ਬਾਜ਼ਾਰ ’ਚ 8-10 ਫੀਸਦੀ ਦੀ ਹੋਰ ਗਿਰਾਵਟ ਨਾਲ ਨਹੀਂ ਆਵੇਗੀ ਕੋਈ ਆਫਤ, ਸਿਹਤ ’ਚ ਹੋਵੇਗਾ ਸੁਧਾਰ : ਧੀਰਜ ਅੱਗਰਵਾਲ
Tuesday, Feb 22, 2022 - 12:30 PM (IST)
ਨਵੀਂ ਦਿੱਲੀ (ਇੰਟ.) – ਐਂਬਿਟ ਕੈਪੀਟਲ ਦੇ ਕੋ-ਹੈੱਡ ਇੰਸਟੀਚਿਊਸ਼ਨਲ ਇਕਵਿਟੀਜ਼ ਧੀਰਜ ਅੱਗਰਵਾਲ ਦਾ ਕਹਿਣਾ ਹੈ ਕਿ ਘਰੇਲੂ ਬਾਜ਼ਾਰ ’ਚ ਮੌਜੂਦਾ ਪੱਧਰਾਂ ਨਾਲ 8-10 ਫੀਸਦੀ ਦੀ ਹੋਰ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਯੂ. ਐੱਸ. ’ਚ ਵਿਆਜ ਦਰਾਂ ’ਚ ਹਮਲਾਵਰ ਤੌਰ ’ਤੇ ਵਾਧਾ, ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ, ਵਧਦੀ ਮਹਿੰਗਾਈ ਅਤੇ ਪੂਰਬੀ ਯੂਰਪ ’ਚ ਜੀਓਪਾਲਿਟੀਕਲ ਤਨਾਅ ਕਾਰਨ ਅਕਤੂਬਰ 2021 ਦੇ ਹਾਈ ਤੋਂ ਹੁਣ ਤੱਕ ਘਰੇਲੂ ਸ਼ੇਅਰ ਬਾਜ਼ਾਰ ’ਚ 8 ਫੀਸਦੀ ਤੋਂ ਵੱਧ ਦੀ ਗਿਰਾਵਟ ਦੇਖਣ ਨੂੰ ਮਿਲ ਚੁੱਕੀ ਹੈ।
ਧੀਰਜ ਅੱਗਰਵਾਲ ਨੇ ਇਸ ਗੱਲਬਾਤ ’ਚ ਕਿਹਾ ਕਿ ਮੇਰੇ ਲਈ ਬਾਜ਼ਾਰ ’ਚ 8-10 ਫੀਸਦੀ ਗਿਰਾਵਟ ਕੋਈ ਆਫਤ ਵਰਗੀ ਸਥਿਤੀ ਨਹੀਂ ਹੈ। ਮੌਜੂਦਾ ਬਾਜ਼ਾਰ ਸਥਿਤੀਆਂ ਨੂੰ ਦੇਖਦੇ ਹੋਏ ਇਸ ਨੂੰ ਇਕ ਹੈਲਦੀ ਕਰੈਕਸ਼ਨ ਵਜੋਂ ਦੇਖਣਾ ਚਾਹੀਦਾ ਹੈ। ਉਨ੍ਹਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਨਿਵੇਸ਼ਕ ਅਗਲੇ ਮਹੀਨੇ ਆਉਣ ਵਾਲੇ ਐੱਲ. ਆਈ. ਸੀ. ਦੇ ਪਬਲਿਕ ਇਸ਼ੂ ’ਚ ਭਾਈਵਾਲੀ ਲਈ ਬਾਜ਼ਾਰ ’ਚੋਂ ਆਪਣੇ ਪੈਸੇ ਕੱਢ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਬਾਜ਼ਾਰ ’ਚ ਗਿਰਾਵਟ ਦਾ ਇਹ ਕੋਈ ਕਾਰਨ ਨਹੀਂ ਹੈ।
ਉਨ੍ਹਾਂ ਨੇ ਦੇਸ਼ ’ਚ ਪੂੰਜੀ ਖਰਚੇ ਨਾਲ ਜੁੜੇ ਅਤਿ-ਆਸਵੰਦ ਨੂੰ ਲੈ ਕੇ ਵੀ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਪੂਰੇ ਸਰਕਾਰੀ ਖਰਚੇ ਦਾ 60 ਫੀਸਦੀ ਹਿੱਸਾ ਸੂਬਾ ਸਰਕਾਰਾਂ ਵਲੋਂ ਆਉਂਦਾ ਹੈ, ਜਿਨ੍ਹਾਂ ਦੀ ਵਿੱਤੀ ਸਥਿਤੀ ਬਹੁਤੀ ਚੰਗੀ ਨਹੀਂ ਹੈ, ਇਸ ਗੱਲ ਨੂੰ ਧਿਆਨ ’ਚ ਰੱਖਣਾ ਚਾਹੀਦਾ ਹੈ।