76 ਫੀਸਦੀ ਭਾਰਤੀ ਕੰਪਨੀਆਂ ''ਤੇ ਹੋਇਆ ਸਾਈਬਰ ਹਮਲਾ
Thursday, Mar 14, 2019 - 07:08 PM (IST)

ਨਵੀਂ ਦਿੱਲੀ-ਸਾਲ 2018 ਵਿਚ 76 ਫ਼ੀਸਦੀ ਭਾਰਤੀ ਕੰਪਨੀਆਂ ਸਾਈਬਰ ਹਮਲਿਆਂ ਦੀ ਲਪੇਟ ਵਿਚ ਹਨ, ਜੋ ਮੈਕਸੀਕੋ ਅਤੇ ਫ਼ਰਾਂਸ ਤੋਂ ਬਾਅਦ ਸਭ ਤੋਂ ਜ਼ਿਆਦਾ ਹੈ। ਨੈੱਟਵਰਕ ਅਤੇ ਐਂਡਪਵਾਇੰਟ ਸਕਿਓਰਿਟੀ ਖੇਤਰ ਦੀ ਬਹੁ-ਰਾਸ਼ਟਰੀ ਕੰਪਨੀ ਸੋਫੋਜ ਨੇ ਆਪਣੇ ਗਲੋਬਲ ਸਰਵੇ 'ਚ ਇਹ ਗੱਲ ਕਹੀ । '7 ਅਨਕੰਫਰਟੇਬਲ ਟਰੁਥਸ ਆਫ ਐਂਡਪਵਾਇੰਟ ਸਕਿਓਰਿਟੀ' ਨਾਂ ਨਾਲ ਜਾਰੀ ਸਰਵੇ ਵਿਚ ਪਾਇਆ ਗਿਆ ਕਿ ਭਾਰਤ ਵਿਚ ਸਾਰੇ ਸਾਈਬਰ ਹਮਲੇ ਸਰਵਰ (39 ਫ਼ੀਸਦੀ) ਅਤੇ ਨੈੱਟਵਰਕ (35 ਫ਼ੀਸਦੀ) ਦੇ ਮਾਧਿਅਮ ਨਾਲ ਕੀਤੇ ਗਏ। ਇਸੇ ਤਰ੍ਹਾਂ 8 ਫ਼ੀਸਦੀ ਹਮਲੇ ਐਂਡਪਵਾਇੰਟਸ ਦੇ ਜਰੀਏ ਕੀਤੇ ਗਏ ਹਨ। ਭਾਰਤ ਵਿਚ ਮੋਬਾਇਲ ਉੱਤੇ 18 ਫ਼ੀਸਦੀ ਤੋਂ ਜਿਆਦਾ ਸੰਭਾਵੀ ਖਤਰੇ ਪਾਏ ਗਏ ਜੋ ਕੌਮਾਂਤਰੀ ਅੰਕੜਿਆਂ ਦਾ ਲਗਭਗ ਦੁੱਗਣਾ ਹੈ।
ਇਸ ਸਰਵੇਖਣ ਵਿਚ ਕੁੱਲ 12 ਦੇਸ਼ਾਂ ਦੀ 3,100 ਤੋਂ ਜਿਆਦਾ ਆਈ. ਟੀ. ਕੰਪਨੀਆਂ ਅਤੇ ਕਾਰੋਬਾਰੀਆਂ ਨੇ ਹਿੱਸਾ ਲਿਆ। ਇਨ੍ਹਾਂ ਦੇਸ਼ਾਂ ਵਿਚ ਅਮਰੀਕਾ, ਕੈਨੇਡਾ, ਮੈਕਸਿਕੋ, ਕੋਲੰਬੋ, ਬ੍ਰਾਜ਼ੀਲ, ਬ੍ਰਿਟੇਨ, ਫ਼ਰਾਂਸ, ਜਰਮਨੀ, ਆਸਟਰੇਲਿਆ, ਜਾਪਾਨ, ਭਾਰਤ ਅਤੇ ਦੱਖਣ ਅਫਰੀਕਾ ਸ਼ਾਮਲ ਸਨ। ਸਰਵੇ ਵਿਚ ਕਿਹਾ ਗਿਆ ਕਿ ਆਈ. ਟੀ. ਸੁਰੱਖਿਆ ਦੁਨੀਆਭਰ ਵਿਚ ਇਕ ਵੱਡਾ ਮੁੱਦਾ ਬਣੀ ਹੋਈ ਹੈ।
ਸਰਵੇ ਵਿਚ ਦੱਸਿਆ ਗਿਆ ਕਿ ਪਿਛਲੇ ਸਾਲ ਇਕ ਜਾਂ ਜਿਆਦਾ ਸਾਈਬਰ ਹਮਲਿਆਂ ਦਾ ਸ਼ਿਕਾਰ ਹੋਏ ਆਈ. ਟੀ. ਪ੍ਰਬੰਧਕਾਂ ਵਿਚੋਂ 14 ਫ਼ੀਸਦੀ ਇਹ ਪਤਾ ਨਹੀਂ ਲਾ ਸਕੇ ਕਿ ਹਮਲਾਵਰ ਇਸ ਸਿਸਟਮ ਵਿਚ ਦਾਖਲ ਕਿਵੇਂ ਹੋਏ? ਇਸੇ ਤਰ੍ਹਾਂ 17 ਫ਼ੀਸਦੀ ਪ੍ਰਬੰਧਕ ਇਹ ਦੱਸਣ ਵਿਚ ਅਸਮਰਥ ਸਨ ਕਿ ਖਤਰੇ ਦਾ ਪਤਾ ਲੱਗਣ ਤੋਂ ਪਹਿਲਾਂ ਉਹ ਕਿੰਨੇ ਸਮੇਂ ਤੋਂ ਸਿਸਟਮ ਵਿਚ ਮੌਜੂਦ ਸੀ। ਸਰਵੇਖਣ ਮੁਤਾਬਕ ਇਕ ਜਾਂ ਜਿਆਦਾ ਸੁਰੱਖਿਆ ਖਾਮੀਆਂ ਦੀ ਜਾਂਚ ਕਰਨ ਵਾਲੀਆਂ ਭਾਰਤੀ ਕੰਪਨੀਆਂ ਅਜਿਹੀ ਜਾਂਚ ਉੱਤੇ ਇਕ ਸਾਲ ਵਿਚ ਔਸਤਨ 48 ਦਿਨ (ਇਕ ਮਹੀਨੇ ਵਿਚ 4 ਦਿਨ) ਖਰਚ ਕਰਦੀਆਂ ਹਨ।