ਭਾਰਤ 'ਚ 5-ਜੀ ਲਈ 2-3 ਮਹੀਨਿਆਂ 'ਚ ਸ਼ੁਰੂ ਹੋ ਸਕਦੇ ਹਨ ਟ੍ਰਾਇਲ

Tuesday, Feb 09, 2021 - 01:26 PM (IST)

ਭਾਰਤ 'ਚ 5-ਜੀ ਲਈ 2-3 ਮਹੀਨਿਆਂ 'ਚ ਸ਼ੁਰੂ ਹੋ ਸਕਦੇ ਹਨ ਟ੍ਰਾਇਲ

ਨਵੀਂ ਦਿੱਲੀ- ਭਾਰਤ ਵਿਚ 5-ਜੀ ਤਕਨਾਲੋਜੀ ਲਈ ਟ੍ਰਾਇਲ ਦੋ-ਤਿੰਨ ਮਹੀਨਿਆਂ ਵਿਚ ਸ਼ੁਰੂ ਹੋਣ ਦੀ ਸੰਭਾਵਨਾ ਹੈ। ਦੂਰਸੰਚਾਰ ਵਿਭਾਗ (ਡੀ. ਓ. ਟੀ.) ਨੇ ਆਈ. ਟੀ. 'ਤੇ ਸੰਸਦੀ ਕਮੇਟੀ ਨੂੰ ਇਹ ਜਾਣਕਾਰੀ ਦਿੱਤੀ ਹੈ। ਡੀ. ਓ. ਟੀ. ਨੂੰ 5-ਜੀ ਟ੍ਰਾਇਲ ਲਈ ਹੁਣ ਤੱਕ 16 ਅਰਜ਼ੀਆਂ ਵੀ ਪ੍ਰਾਪਤ ਹੋ ਚੁੱਕੀਆਂ ਹਨ, ਜਿਸ ਵਿਚ ਸਵਦੇਸ਼ੀ ਅਤੇ ਬਾਹਰੀ ਤਕਨਾਲੋਜੀ ਸ਼ਾਮਲ ਹੈ। ਹਾਲਾਂਕਿ, ਹੁਣ ਤੱਕ ਟ੍ਰਾਇਲ ਦੀ ਵੱਡੇ ਪੱਧਰ 'ਤੇ ਸ਼ੁਰੂਆਤ ਨਹੀਂ ਹੋਈ ਹੈ।

ਸੰਸਦੀ ਕਮੇਟੀ ਨੇ ਰਿਪੋਰਟ ਵਿਚ ਇਹ ਸਵਾਲ ਵੀ ਕੀਤਾ ਹੈ ਕਿ 5-ਜੀ ਟ੍ਰਾਇਲ ਲਈ ਸਪੈਕਟ੍ਰਮ ਨੂੰ ਹੁਣ ਤੱਕ ਵੀ ਇਜਾਜ਼ਤ ਕਿਉਂ ਨਹੀਂ ਦਿੱਤੀ ਗਈ ਹੈ, ਜਦੋਂ ਕਿ ਦੂਰਸੰਚਾਰ ਵਿਭਾਗ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਦੇਸ਼ ਵਿਚ ਟ੍ਰਾਇਲ ਕਰਨ ਵਿਚ ਕੋਈ ਵੱਡੀ ਪ੍ਰੇਸ਼ਾਨੀ ਨਹੀਂ ਹੈ।

ਕਮੇਟੀ ਨੇ ਕਿਹਾ ਹੈ ਕਿ ਟ੍ਰਾਇਲ ਵਿਚ ਕੋਈ ਵੀ ਹੋਰ ਦੇਰੀ 5-ਜੀ ਲਈ ਈਕੋਸਿਸਟਮ ਦੇ ਨਿਰਮਾਣ 'ਤੇ ਮਾੜਾ ਅਸਰ ਪਾਵੇਗੀ ਅਤੇ ਬਦਲੇ ਵਿਚ 5-ਜੀ ਸੇਵਾਵਾਂ ਦੀ ਸ਼ੁਰੂਆਤ ਵਿਚ ਹੋਰ ਦੇਰੀ ਹੋਵੇਗੀ। ਕਮੇਟੀ ਨੇ ਕਿਹਾ ਕਿ 5-ਜੀ ਟ੍ਰਾਇਲ 5-ਜੀ ਈਕੋਸਿਸਟਮ ਦੇ ਨਿਰਮਾਣ ਲਈ ਜ਼ਰੂਰੀ ਹਨ। ਇਸ ਲਈ ਡੀ. ਓ. ਟੀ. ਨੂੰ ਪ੍ਰਯੋਗਾਤਮਕ ਸਪੈਕਟ੍ਰਮ ਦੇ ਮੁੱਦਿਆਂ ਅਤੇ 5-ਜੀ ਟ੍ਰਾਇਲਾਂ ਦੀ ਸ਼ੁਰੂਆਤ ਨੂੰ ਵਧੇਰੇ ਗੰਭੀਰਤਾ ਨਾਲ ਲੈਣ ਦੀ ਜ਼ਰੂਰਤ ਹੈ। ਗੌਰਤਲਬ ਹੈ ਕਿ ਪਹਿਲਾਂ ਕੰਪਨੀਆਂ ਲਈ ਟ੍ਰਾਇਲ ਜ਼ਰੂਰੀ ਹੋਣਗੇ, ਉਸ ਪਿੱਛੋਂ ਹੀ 5-ਜੀ ਸੇਵਾਵਾਂ ਸ਼ੁਰੂ ਹੋ ਸਕਣਗੀਆਂ। ਹੁਣ ਤੱਕ ਸਰਕਾਰ ਨੇ ਸਿਰਫ਼ ਸੀਮਤ ਖੇਤਰਾਂ ਵਿਚ ਸੀਮਤ ਸਮੇਂ ਲਈ 5-ਜੀ ਟ੍ਰਾਇਲ ਦੀ ਮਨਜ਼ੂਰੀ ਦਿੱਤੀ ਹੈ।


author

Sanjeev

Content Editor

Related News