ਭਾਰਤ 'ਚ 5G ਸੇਵਾ ਨਾ ਹੋਣ ਦੇ ਬਾਵਜੂਦ ਵਿਕ ਸਕਦੇ ਨੇ 3.80 ਕਰੋੜ 5-ਜੀ ਫੋਨ

Thursday, Jan 21, 2021 - 07:02 PM (IST)

ਭਾਰਤ 'ਚ 5G ਸੇਵਾ ਨਾ ਹੋਣ ਦੇ ਬਾਵਜੂਦ ਵਿਕ ਸਕਦੇ ਨੇ 3.80 ਕਰੋੜ 5-ਜੀ ਫੋਨ

ਨਵੀਂ ਦਿੱਲੀ- ਭਾਰਤ ਵਿਚ 5-ਜੀ ਸਰਿਵਸ ਹੁਣ ਤੱਕ ਸ਼ੁਰੂ ਨਹੀਂ ਹੋ ਸਕੀ ਹੈ ਪਰ ਇਸ ਦੇ ਬਾਵਜੂਦ ਕੰਪਨੀਆਂ ਵੱਡੇ ਪੱਧਰ 'ਤੇ 5-ਜੀ ਫੋਨਾਂ ਦੀ ਖੇਪ ਭਾਰਤ ਪਹੁੰਚਾਉਣ ਵਿਚ ਜੁਟੀਆਂ ਹਨ। ਕਾਊਂਟਰ ਪੁਆਇੰਟ ਰਿਸਰਚ ਦੀ ਰਿਪੋਰਟ ਮੁਤਾਬਕ, 5-ਜੀ ਫੋਨਾਂ ਦੀ ਕੀਮਤ ਵਿਚ ਕਮੀ ਆਉਣ ਨਾਲ ਭਾਰਤ ਵਿਚ ਇਸ ਸਾਲ 3 ਕਰੋੜ 80 ਲੱਖ 5-ਜੀ ਸਮਾਰਟ ਫੋਨ ਵਿਕ ਸਕਦੇ ਹਨ, ਜੋ ਕੁੱਲ ਮਾਰਕੀਟ ਦਾ 21 ਫ਼ੀਸਦੀ ਹੋਵੇਗਾ।

ਰਿਪੋਰਟ ਮੁਤਾਬਕ, 5-ਜੀ ਫੋਨਾਂ ਦੀ ਸਪਲਾਈ ਵਧਾਉਣ ਵਿਚ ਦੋ ਬ੍ਰਾਂਡ ਦੀ ਅਹਿਮ ਭੂਮਿਕਾ ਹੈ, ਜਿਸ ਵਿਚ ਵਨਪਲੱਸ ( ਇਕਲੌਤਾ ਬ੍ਰਾਂਡ ਜਿਸ ਵਿਚ 100 ਫ਼ੀਸਦੀ 5-ਜੀ ਪੋਰਟਫੋਲੀਓ ਹੈ) ਅਤੇ ਐਪਲ (ਜਿਸ ਵਿਚ 5-ਜੀ ਕੁਨੈਕਟੀਵਿਟੀ ਨਾਲ ਆਈਫੋਨ 12 ਸੀਰੀਜ਼ ਲਾਂਚ ਕੀਤੀ ਸੀ) ਸ਼ਾਮਲ ਹਨ।

2020 ਦੀ ਪਹਿਲੀ ਤਿਮਾਹੀ ਵਿਚ ਭਾਰਤ ਵਿਚ ਪਹਿਲਾ 5-ਜੀ ਸਮਾਰਟਫੋਨ ਲਾਂਚ ਹੋਇਆ ਸੀ। ਤੀਜੀ ਤਿਮਾਹੀ ਤੱਕ ਭਾਰਤ ਵਿਚ 17 ਲੱਖ ਫੋਨ ਅਜਿਹੇ ਆਏ ਸਨ। 2020 ਦੇ ਅੰਤ ਤੱਕ ਇਹ ਅੰਕੜਾ 40 ਲੱਖ ਨੂੰ ਪਾਰ ਕਰ ਗਿਆ ਸੀ। 5-ਜੀ ਸਮਾਰਟ ਫੋਨ ਵੱਲ ਲੋਕਾਂ ਦੇ ਵਧਦੇ ਰੁਝਾਨ ਦੀ ਵਜ੍ਹਾ ਇਹ ਵੀ ਹੈ ਕਿ ਨਿਰਮਾਤਾ ਹੁਣ ਇਨ੍ਹਾਂ ਦੀ ਕੀਮਤ 20,000 ਰੁਪਏ ਤੋਂ ਵੀ ਘੱਟ ਰੱਖ ਰਹੇ ਹਨ। ਜਨਵਰੀ-ਨਵੰਬਰ 2020 ਵਿਚਕਾਰ ਭਾਰਤ ਵਿਚ ਭੇਜੇ ਗਏ ਸਾਰੇ ਸਮਾਰਟ ਫੋਨਾਂ ਵਿਚੋਂ ਲਗਭਗ 89 ਫ਼ੀਸਦੀ ਦੀ ਕੀਮਤ 20 ਹਜ਼ਾਰ ਰੁਪਏ ਤੋਂ ਘੱਟ ਸੀ।

ਸਤੰਬਰ 2021 ਤੱਕ ਹੋਰ ਸਸਤੇ ਮਿਲਣਗੇ 5-ਜੀ ਫੋਨ
ਉਮੀਦ ਕੀਤੀ ਜਾ ਰਹੀ ਹੈ ਕਿ ਐਂਟਰੀ-ਲੇਵਲ 5-ਜੀ ਸਮਾਰਟ ਫੋਨ ਦੀ ਕੀਮਤ 2021 ਦੀ ਤੀਜੀ ਤਿਮਾਹੀ ਤੱਕ 15 ਹਜ਼ਾਰ ਰੁਪਏ ਤੱਕ ਆ ਜਾਵੇਗੀ। ਇਸ ਦੀ ਵਜ੍ਹਾ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਚਿਪਸੈਟ ਨਿਰਮਾਤਾ ਕੁਆਲਕਾਮ ਅਤੇ ਮੀਡੀਆਟੈਕ ਨੇ ਸਸਤੇ 5-ਜੀ ਚਿਪਸੈਟ ਪੇਸ਼ ਕੀਤੇ ਹਨ। ਗੌਰਤਲਬ ਹੈ ਕਿ ਭਾਰਤ ਵਿਚ ਹੁਣ ਤੱਕ 5-ਜੀ ਤਕਨੀਕ ਦੀ ਟੈਸਟਿੰਗ ਲਈ ਸਪੈਕਟ੍ਰਮ ਨਹੀਂ ਉਪਲਬਧ ਹੋ ਸਕਿਆ ਹੈ। ਮਾਰਚ ਵਿਚ ਸਪੈਕਟ੍ਰਮ ਦੀ ਨਿਲਾਮੀ ਹੋਣੀ ਹੈ ਪਰ ਇਸ ਵਿਚ 5-ਜੀ ਸਪੈਕਟ੍ਰਮ ਸ਼ਾਮਲ ਨਹੀਂ ਹੈ।


author

Sanjeev

Content Editor

Related News