ਬੈਂਕਾਂ ’ਚ ਲਾਵਾਰਿਸ ਪਏ 48,262 ਕਰੋੜ ਰੁਪਏ, RBI ਚਲਾਏਗਾ ਦਾਅਵੇਦਾਰਾਂ ਨੂੰ ਲੱਭਣ ਲਈ ਮੁਹਿੰਮ
Thursday, Jul 28, 2022 - 11:39 AM (IST)
ਨਵੀਂ ਦਿੱਲੀ–ਭਾਰਤੀ ਬੈਂਕਾਂ ਕੋਲ ਬਿਨਾਂ ਦਾਅਵੇ ਵਾਲੀ ਰਾਸ਼ੀ ਲਗਾਤਾਰ ਵਧਦੀ ਜਾ ਰਹੀ ਹੈ। ਰਿਜ਼ਰਵ ਬੈਂਕ ਆਫ ਇੰਡੀਆ (ਆਰ. ਬੀ. ਆਈ.) ਦੀ ਸਾਲਾਨਾ ਰਿਪੋਰਟ ਮੁਤਾਬਕ ਵਿੱਤੀ ਸਾਲ 2021-22 ’ਚ ਬੈਂਕਾਂ ’ਚ ਲਾਵਾਰਿਸ ਰਾਸ਼ੀ ਵਧ ਕੇ 48,262 ਕਰੋੜ ਰੁਪਏ ਹੋ ਗਈ ਹੈ। ਇਸ ਤੋਂ ਪਿਛਲੇ ਵਿੱਤੀ ਸਾਲ ’ਚ ਇਹ ਰਾਸ਼ੀ 39,264 ਕਰੋੜ ਰੁਪਏ ਸੀ। ਹੁਣ ਆਰ. ਬੀ. ਆਈ. ਨੇ ਇਸ ਅਨਕਲੇਮਡ ਰਾਸ਼ੀ ਦੇ ਦਾਅਵੇਦਾਰਾਂ ਨੂੰ ਲੱਭਣ ਲਈ ਮੁਹਿੰਮ ਚਲਾਉਣ ਦਾ ਫੈਸਲਾ ਲਿਆ ਹੈ। ਰਿਜ਼ਰਵ ਬੈਂਕ ਉਨ੍ਹਾਂ 8 ਸੂਬਿਆਂ ’ਚ ਆਪਣਾ ਧਿਆਨ ਕੇਂਦਰਿਤ ਕਰੇਗੀ, ਜਿੱਥੇ ਸਭ ਤੋਂ ਵੱਧ ਰਕਮ ਜਮ੍ਹਾ ਹੈ।
ਆਰ. ਬੀ. ਆਈ. ਮੁਤਾਬਕ ਜੇ ਕੋਈ ਖਪਤਕਾਰ ਆਪਣੇ ਖਾਤੇ ’ਚੋਂ 10 ਸਾਲ ਤੱਕ ਕੋਈ ਲੈਣ-ਦੇਣ ਨਹੀਂ ਕਰਦਾ ਹੈ ਤਾਂ ਉਸ ਖਾਤੇ ’ਚ ਜਮ੍ਹਾ ਰਕਮ ਅਨਕਲੇਮਡ ਹੋ ਜਾਂਦੀ ਹੈ। ਜਿਸ ਖਾਤੇ ’ਚੋਂ ਲੈਣ-ਦੇਣ ਨਹੀਂ ਕੀਤਾ ਜਾ ਰਿਹਾ ਹੈ, ਉਹ ਬੰਦ ਹੋ ਜਾਂਦਾ ਹੈ। ਅਨਕਲੇਮਡ ਰਾਸ਼ੀ ਬੱਚਤ ਖਾਤਾ, ਚਾਲੂ ਖਾਤਾ, ਫਿਕਸਡ ਡਿਪਾਜ਼ਿਟ ਅਤੇ ਰੇਕਰਿੰਗ ਡਿਪਾਜ਼ਿਟ ਖਾਤੇ ’ਚ ਹੋ ਸਕਦੀ ਹੈ। ਅਨਕਲੇਮਡ ਰਾਸ਼ੀ ਨੂੰ ਰਿਜ਼ਰਵ ਬੈਂਕ ਦੇ ਡਿਪਾਜ਼ਿਟਰ ਐਜੂਕੇਸ਼ਨ ਐਂਡ ਅਵੇਅਰਨੈੱਸ ਫੰਡ (ਡੈਫ) ਵਿਚ ਪਾ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ-BSNL ਨੂੰ ਮੁੜ ਸੁਰਜੀਤ ਕਰਨ ਲਈ ਕੈਬਨਿਟ ਨੇ ਮਨਜ਼ੂਰ ਕੀਤਾ 1.64 ਲੱਖ ਕਰੋੜ ਦਾ ਪੈਕੇਜ
8 ਸੂਬਿਆਂ ’ਚ ਵਧੇਰੇ ਰਕਮ
ਇਕ ਰਿਪੋਰਟ ਮੁਤਾਬਕ ਰਿਜ਼ਰਵ ਬੈਂਕ ਦੇ ਇਕ ਅਧਿਕਾਰੀ ਨੇ ਦੱਸਿਆ ਿਕ ਇਸ ’ਚੋਂ ਜ਼ਿਆਦਾਤਰ ਰਾਸ਼ੀ ਤਾਮਿਲਨਾਡੂ, ਪੰਜਾਬ, ਗੁਜਰਾਤ, ਮਹਾਰਾਸ਼ਟਰ, ਬੰਗਾਲ, ਕਰਨਾਟਕ, ਬਿਹਾਰ ਅਤੇ ਤੇਲੰਗਾਨਾ/ਆਂਧਰਾ ਪ੍ਰਦੇਸ਼ ਦੇ ਬੈਂਕਾਂ ’ਚ ਜਮ੍ਹਾ ਹੈ। ਰਿਜ਼ਰਵ ਬੈਂਕ ਨੇ ਕਿਹਾ ਕਿ ਬੈਂਕਾਂ ਵਲੋਂ ਕਈ ਜਾਗਰੂਕਤਾ ਮੁਹਿੰਮ ਚਲਾਉਣ ਦੇ ਬਾਵਜੂਦ ਸਮੇਂ ਦੇ ਨਾਲ ਬਿਨਾਂ ਦਾਅਵੇ ਵਾਲੀ ਰਾਸ਼ੀ ਲਗਾਤਾਰ ਵਧਦੀ ਜਾ ਰਹੀ ਹੈ।
ਕਿਉਂ ਵਧ ਰਹੀ ਹੈ ਅਨਕਲੇਮਡ ਰਾਸ਼ੀ?
ਅਨਕਲੇਮਡ ਰਾਸ਼ੀ ਇਸ ਲਈ ਵਧ ਰਹੀ ਹੈ ਕਿਉਂਕਿ ਬਹੁਤ ਸਾਰੇ ਖਾਤੇ ਲੰਮੇ ਸਮੇਂ ਤੋਂ ਬੰਦ ਪਏ ਹਨ। ਹਰ ਸਾਲ ਅਜਿਹੇ ਖਾਤਿਆਂ ’ਚੋਂ ਪੈਸਾ ਡੈੱਫ ’ਚ ਜਾਂਦਾ ਹੈ। ਕਿਸੇ ਬੈਂਕ ਅਕਾਊਂਟ ਦੇ ਇਨਐਕਟਿਵ ਹੋਣ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਅਕਾਊਂਟ ਹੋਲਡਰ ਦੀ ਮੌਤ ਹੋਣਾ, ਪਰਿਵਾਰ ਵਾਲਿਆਂ ਨੂੰ ਮ੍ਰਿਤਕ ਦੇ ਅਕਾਊਂਟ ਬਾਰੇ ਜਾਣਕਾਰੀ ਨਾ ਹੋਣਾ, ਗਲਤ ਪਤਾ ਜਾਂ ਫਿਰ ਖਾਤੇ ’ਚ ਨਾਮਿਨੀ ਦਰਜ ਨਾ ਹੋਣਾ।
ਇਹ ਵੀ ਪੜ੍ਹੋ-BCL ਟੈੱਕ ਦੀ ਰੌਸ਼ਨੀ ਨਾਡਰ ਭਾਰਤ ਦੀ ਸਭ ਤੋਂ ਅਮੀਰ ਔਰਤ
ਬੈਂਕ ਵੈੱਬਸਾਈਟ ’ਤੇ ਮਿਲਦੀ ਹੈ ਜਾਣਕਾਰੀ
ਜੇ ਕੋਈ ਅਨਕਲੇਮਡ ਅਕਾਊਂਟ ਦੀ ਰਾਸ਼ੀ ਡਿਪਾਜ਼ਿਟਰ ਐਜੂਕੇਸ਼ਨ ਐਂਡ ਅਵੇਅਰਨੈੱਸ ਅਕਾਊਂਟ ’ਚ ਚਲੀ ਗਈ ਹੈ ਤਾਂ ਇਸ ਨੂੰ ਵਾਪਸ ਪਾਉਣ ਲਈ ਬੈਂਕ ਨਾਲ ਹੀ ਸੰਪਰਕ ਕਰਨਾ ਹੋਵੇਗਾ। ਅਨਕਲੇਮਡ ਡਿਪਾਜ਼ਿਟਸ ਬਾਰੇ ਜਾਣਕਾਰੀ ਆਮ ਤੌਰ ’ਤੇ ਬੈਂਕ ਵੈੱਬਸਾਈਟਸ ’ਤੇ ਹੀ ਮਿਲ ਜਾਂਦੀ ਹੈ। ਅਕਾਊਂਟ ਹੋਲਡਰ ਦੇ ਪੈਨ ਕਾਰਡ, ਜਨਮ ਮਿਤੀ, ਨਾਂ ਅਤੇ ਪਤੇ ਤੋਂ ਇਹ ਜਾਣਕਾਰੀ ਲਈ ਜਾ ਸਕਦੀ ਹੈ ਕਿ ਕੀ ਅਕਾਊਂਟ ਹੋਲਡਰ ਦੇ ਖਾਤੇ ’ਚ ਅਨਕਲੇਮਡ ਰਾਸ਼ੀ ਪਈ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਦੇ ਦਿਓ।