ਪੈਟਰੋਲੀਅਮ ਪਦਾਰਥਾਂ ’ਤੇ ਕੇਂਦਰੀ ਐਕਸਾਈਜ਼ ਡਿਊਟੀ ਦੀ ਵਸੂਲੀ ਕਾਰਨ ਸਰਕਾਰ ਦੇ ਮਾਲੀਏ ’ਚ 47 ਫੀਸਦੀ ਵਾਧਾ
Thursday, Sep 09, 2021 - 12:01 PM (IST)
ਇੰਦੌਰ (ਭਾਸ਼ਾ) – ਮੌਜੂਦਾ ਵਿੱਤੀ ਸਾਲ ਦੀ ਪਹਿਲੀ ਤਿਮਾਹੀ (ਅਪ੍ਰੈਲ-ਜੂਨ) ਦੌਰਾਨ ਦੇਸ਼ ’ਚ ਪੈਟਰੋਲੀਅਮ ਪਦਾਰਥਾਂ ’ਤੇ ਕੇਂਦਰੀ ਐਕਸਾਈਜ਼ ਡਿਊਟੀ ਦੀ ਵਸੂਲੀ ਕਾਰਨ ਸਰਕਾਰ ਦਾ ਮਾਲੀਆ ਕਰੀਬ 47 ਫੀਸਦੀ ਵਧ ਕੇ 97,938.91 ਕਰੋੜ ਰੁਪਏ ’ਤੇ ਪਹੁੰਚ ਗਿਆ। ਇਹ ਖੁਲਾਸਾ ਸੂਚਨਾ ਦੇ ਅਧਿਕਾਰ (ਆਰ. ਟੀ. ਆਈ.) ਕਾਨੂੰਨ ਤੋਂ ਅਜਿਹੇ ਸਮੇਂ ਹੋਇਆ ਜਦੋਂ ਦੇਸ਼ ’ਚ ਪੈਟਰੋਲ-ਡੀਜ਼ਲ ਦੇ ਮੁੱਲ ਉੱਚ ਪੱਧਰ ’ਤੇ ਹਨ। ਨੀਮਚ ਦੇ ਆਰ. ਟੀ. ਆਈ. ਵਰਕਰ ਚੰਦਰਸ਼ੇਖਰ ਗੌੜ ਨੇ ਬੁੱਧਵਾਰ ਨੂੰ ਦੱਸਿਆ ਕਿ ਜੀ. ਐੱਸ. ਟੀ. ਅਤੇ ਕੇਂਦਰੀ ਐਕਸਾਈਜ਼ ਡਿਊਟੀ ਵਿਭਾਗ ਨੇ ਪ੍ਰਣਾਲੀ ਅਤੇ ਅੰਕੜਾ ਪ੍ਰਬੰਧਨ ਵਿਭਾਗ ਨੇ ਉਨ੍ਹਾਂ ਨੂੰ ਪੈਟਰੋਲੀਅਮ ਪਦਾਰਥਾਂ ’ਤੇ ਕੇਂਦਰੀ ਐਕਸਾਈਜ਼ ਡਿਊਟੀ ਦੀ ਵਸੂਲੀ ਨੂੰ ਲੈ ਕੇ ਸੂਚਨਾ ਦੇ ਅਧਿਕਾਰ ਦੇ ਤਹਿਤ ਮਿਲੀ ਜਾਣਕਾਰੀ ਦਿੱਤੀ ਹੈ।
ਗੌੜ ਨੂੰ ਆਰ. ਟੀ. ਆਈ. ਦੇ ਤਹਿਤ ਪ੍ਰਾਪਤ ਵੇਰਵੇ ਮੁਤਾਬਕ ਦੇਸ਼ ’ਚ ਪਿਛਲੇ ਵਿੱਤੀ ਸਾਲ 2020-21 ਦੀ ਅਪ੍ਰੈਲ ਤੋਂ ਜੂਨ ਤਿਮਾਹੀ ’ਚ ਪੈਟਰੋਲੀਅਮ ਪਦਾਰਥਾਂ ਦੇ ਨਿਰਮਾਣ ’ਤੇ ਕੁੱਲ 66,703.94 ਕਰੋੜ ਰੁਪਏ ਦੀ ਕੇਂਦਰੀ ਐਕਸਾਈਜ਼ ਡਿਊਟੀ ਵਸੂਲੀ ਗਈ ਸੀ। ਅਰਥਸ਼ਾਸਤਰੀ ਜਯੰਤੀਲਾਲ ਭੰਡਾਰੀ ਨੇ ਹਾਲਾਂਕਿ ਕਿਹਾ ਕਿ ਪੈਟਰੋਲੀਅਮ ਪਦਾਰਥਾਂ ’ਤੇ ਕੇਂਦਰੀ ਐਕਸਾਈਜ਼ ਡਿਊਟੀ ਦੀ ਵਸੂਲੀ ਵਧਣ ਦਾ ਰੁਝਾਨ ਘਰੇਲੂ ਅਰਥਵਿਵਸਥਾ ’ਚ ਤੇਜ਼ ਸੁਧਾਰ ਦੀ ਵੰਨਗੀ ਪੇਸ਼ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਦੀ ਦੂਜੀ ਲਹਿਰ ਦਾ ਪ੍ਰਕੋਪ ਘਟਣ ਤੋਂ ਬਾਅਦ ਦੇਸ਼ ’ਚ ਆਵਾਜਾਈ ਸਰਗਰਮੀਆਂ ’ਚ ਵਾਧਾ ਹੋ ਰਿਹਾ ਹੈ, ਜਿਸ ਨਾਲ ਪੈਟਰੋਲ-ਡੀਜ਼ਲ ਦੀ ਮੰਗ ਵਧ ਰਹੀ ਹੈ।