ਸੜਕੀ ਆਵਾਜਾਈ ਅਤੇ ਰਾਜਮਾਰਗ ਖੇਤਰ ’ਚ ਸਭ ਤੋਂ ਜ਼ਿਆਦਾ 428 ਪ੍ਰਾਜੈਕਟਾਂ ’ਚ ਦੇਰੀ

01/30/2023 1:05:51 PM

ਨਵੀਂ ਦਿੱਲੀ (ਭਾਸ਼ਾ) - ਸੜਕੀ ਆਵਾਜਾਈ ਅਤੇ ਰਾਜਮਾਰਗ ਖੇਤਰ ’ਚ ਸਭ ਤੋਂ ਵੱਧ 428 ਪ੍ਰਾਜੈਕਟ ਪੈਂਡਿੰਗ ਹਨ। ਇਸ ਤੋਂ ਬਾਅਦ ਰੇਲਵੇ ਦੇ 117 ਅਤੇ ਪੈਟਰੋਲੀਅਮ ਖੇਤਰ ’ਚ 88 ਪ੍ਰਾਜੈਕਟ ਦੇਰੀ ਨਾਲ ਚੱਲ ਰਹੇ ਹਨ। ਸਰਕਾਰ ਦੀ ਇਕ ਰਿਪੋਰਟ ਤੋਂ ਇਹ ਜਾਣਕਾਰੀ ਮਿਲੀ ਹੈ। ਬੁਨਿਆਦੀ ਢਾਂਚਾ ਖੇਤਰ ਦੇ ਪ੍ਰਾਜੈਕਟਾਂ ’ਤੇ ਦਸੰਬਰ 2022 ਦੀ ਰਿਪੋਰਟ ਅਨੁਸਾਰ, ਸੜਕ ਆਵਾਜਾਈ ਅਤੇ ਰਾਜਮਾਰਗ ਖੇਤਰ ਦੇ 724 ਪ੍ਰਾਜੈਕਟਾਂ ਵਿਚੋਂ 428 ਦੇਰੀ ਨਾਲ ਚੱਲ ਰਹੇ ਹਨ। ਰੇਲਵੇ ਦੇ 173 ਵਿਚੋਂ 117 ਪ੍ਰਾਜੈਕਟ ਤੈਅ ਸਮੇਂ ਤੋਂ ਪਿੱਛੇ ਚੱਲ ਰਹੇ ਹਨ। ਉਥੇ ਪੈਟਰੋਲੀਅਮ ਸੈਕਟਰ ਦੇ 158 ਵਿਚੋਂ 88 ਪ੍ਰਾਜੈਕਟ ਤੈਅ ਸਮੇਂ ਤੋਂ ਪਿੱਛੇ ਚੱਲ ਰਹੇ ਹਨ। ਬੁਨਿਆਦੀ ਢਾਂਚਾ ਅਤੇ ਪ੍ਰਾਜੈਕਟ ਨਿਗਰਾਨ ਡਵੀਜ਼ਨ (ਆਈ. ਪੀ. ਐੱਮ. ਡੀ.) 150 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕੇਂਦਰੀ ਸੈਕਟਰ ਦੇ ਪ੍ਰਾਜੈਕਟਾਂ ਦੀ ਨਿਗਰਾਨੀ ਕਰਦਾ ਹੈ। ਆਈ. ਪੀ. ਐੱਮ. ਡੀ. ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲਾ ਅਧੀਨ ਆਉਂਦਾ ਹੈ।

ਰਿਪੋਰਟ ਤੋਂ ਪਤਾ ਚਲਦਾ ਹੈ ਕਿ ਮੁਨੀਰਾਬਾਦ-ਮਹਿਬੂਬਨਗਰ ਰੇਲ ਪ੍ਰਾਜੈਕਟ ਸਭ ਤੋਂ ਦੇਰੀ ਵਾਲੇ ਪ੍ਰਾਜੈਕਟ ਹਨ। ਇਹ ਆਪਣੇ ਨਿਰਧਾਰਿਤ ਸਮੇਂ ਤੋਂ 276 ਮਹੀਨੇ ਪਿੱਛੇ ਹੈ। ਦੂਜਾ ਸਭ ਤੋਂ ਦੇਰੀ ਵਾਲਾ ਪ੍ਰਾਜੈਕਟ ਊਧਮਪੁਰ-ਸ਼੍ਰੀਨਗਰ-ਬਾਰਾਪੁਲਾ ਰੇਲ ਪ੍ਰਾਜੈਕਟ ਹੈ। ਇਸ ਵਿਚ 247 ਮਹੀਨਿਆਂ ਦੀ ਦੇਰੀ ਹੋਈ ਹੈ। ਇਸ ਤੋਂ ਇਲਾਵਾ, ਬੇਲਾਪੁਰ-ਸੀਵੁੱਡ ਸ਼ਹਿਰੀ ਇਲੈਕਟ੍ਰੀਫਿਕੇਸ਼ਨ ਡਬਲ ਲਾਈਨ ਪ੍ਰਾਜੈਕਟ ਆਪਣੇ ਨਿਰਧਾਰਿਤ ਸਮੇਂ ਤੋਂ 228 ਮਹੀਨੇ ਪਿੱਛੇ ਹੈ। ਦਸੰਬਰ 2022 ਦੀ ਰਿਪੋਰਟ ’ਚ 150 ਕਰੋੜ ਰੁਪਏ ਜਾਂ ਇਸ ਤੋਂ ਵੱਧ ਦੀ ਲਾਗਤ ਵਾਲੇ 1,438 ਕੇਂਦਰੀ ਸੈਕਟਰ ਦੇ ਪ੍ਰਾਜੈਕਟਾਂ ਦਾ ਵੇਰਵਾ ਹੈ। ਰਿਪੋਰਟ ਅਨੁਸਾਰ, 835 ਪ੍ਰਾਜੈਕਟ ਆਪਣੇ ਅਸਲ ਸਮੇਂ ਤੋਂ ਪਿੱਛੇ ਹਨ। ਉਥੇ 174 ਅਜਿਹੇ ਪ੍ਰਾਜੈਕਟ ਅਜਿਹੇ ਹਨ, ਜਿਨ੍ਹਾਂ ’ਚ ਪਿਛਲੇ ਮਹੀਨੇ ਦੇ ਮੁਕਾਬਲੇ ’ਚ ਦੇਰੀ ਦੀ ਮਿਆਦ ਹੋਰ ਵਧੀ ਹੈ। ਇਨ੍ਹਾਂ 174 ਪ੍ਰਾਜੈਕਟਾਂ ਵਿਚੋਂ 47 ਮੈਗਾ ਪ੍ਰਾਜੈਕਟ ਭਾਵ 1,000 ਕਰੋੜ ਰੁਪਏ ਤੋਂ ਵੱਧ ਦੇ ਪ੍ਰਾਜੈਕਟ ਹਨ। ਸੜਕੀ ਆਵਾਜਾਈ ਅਤੇ ਰਾਜਮਾਰਗ ਖੇਤਰ ਬਾਰੇ ਰਿਪੋਰਟ ’ਚ ਕਿਹਾ ਗਿਆ ਹੈ ਕਿ 724 ਪ੍ਰਾਜੈਕਟਾਂ ਦੇ ਲਾਗੂਕਰਨ ਦੀ ਮੂਲ ਲਾਗਤ 3,82,180.34 ਕਰੋੜ ਰੁਪਏ ਸੀ, ਜਿਸ ਦੇ ਹੁਣ ਵਧ ਕੇ 4,02,958.36 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ। ਇਸ ਤਰ੍ਹਾਂ ਇਨ੍ਹਾਂ ਪ੍ਰਾਜੈਕਟਾਂ ਦੀ ਲਾਗਤ 5.4 ਫੀਸਦੀ ਵਧਣ ਦਾ ਅਨੁਮਾਨ ਹੈ।

ਦਸੰਬਰ 2022 ਤੱਕ ਇਨ੍ਹਾਂ ਪ੍ਰਾਜੈਕਟਾਂ ’ਤੇ 2,35,925.26 ਕਰੋੜ ਰੁਪਏ ਖਰਚ ਹੋਏ ਹਨ, ਜੋ ਕਿ ਅਸਲ ਲਾਗਤ ਦਾ 58.5 ਫੀਸਦੀ ਹੈ। ਇਸੇ ਤਰ੍ਹਾਂ ਰੇਲਵੇ ਸੈਕਟਰ ’ਚ 173 ਪ੍ਰਾਜੈਕਟਾਂ ਦੇ ਲਾਗੂਕਰਨ ਦੀ ਮੂਲ ਲਾਗਤ 3,72,761.45 ਕਰੋੜ ਰੁਪਏ ਸੀ, ਜਿਸ ਤੋਂ ਬਾਅਦ ’ਚ ਸੋਧ ਕੇ 6,25,491.15 ਕਰੋੜ ਰੁਪਏ ਕਰ ਦਿੱਤਾ ਗਿਆ। ਇਸ ਤਰ੍ਹਾਂ ਇਨ੍ਹਾਂ ਦੀ ਲਾਗਤ 67.8 ਫੀਸਦੀ ਵਾਧਾ ਹੋਇਆ ਹੈ। ਇਨ੍ਹਾਂ ਪ੍ਰਾਜੈਕਟਾਂ ’ਤੇ ਦਸੰਬਰ, 2022 ਤੱਕ 3,65,079.88 ਕਰੋੜ ਰੁਪਏ ਜਾਂ ਪ੍ਰਾਜੈਕਟਾਂ ਦੀ ਅਨੁਮਾਨਿਤ ਲਾਗਤ ਦਾ 58.4 ਫੀਸਦੀ ਖਰਚ ਕੀਤਾ ਜਾ ਚੁੱਕਾ ਹੈ। ਪੈਟਰੋਲੀਅਮ ਖੇਤਰ ’ਚ 158 ਪ੍ਰਾਜੈਕਟਾਂ ਦੇ ਲਾਗੂਕਰਨ ਦੀ ਮੂਲ ਲਾਗਤ 3,82,097.19 ਕਰੋੜ ਰੁਪਏ ਸੀ ਪਰ ਬਾਅਦ ’ਚ ਇਸ ਨੂੰ ਵਧਾ ਕੇ 4,02,446.01 ਕਰੋੜ ਰੁਪਏ ਕਰ ਦਿੱਤਾ ਗਿਆ। ਇਨ੍ਹਾਂ ਪ੍ਰਾਜੈਕਟਾਂ ਦੀ ਲਾਗਤ 5.3 ਫੀਸਦੀ ਵਧੀ ਹੈ। ਦਸੰਬਰ 2022 ਤੱਕ ਇਨ੍ਹਾਂ ਪ੍ਰਾਜੈਕਟਾਂ ’ਤੇ 1,54,240.87 ਕਰੋੜ ਰੁਪਏ ਜਾਂ ਉਨ੍ਹਾਂ ਦੀ ਅਨੁਮਾਨਿਤ ਲਾਗਤ ਦਾ 38.3 ਫੀਸਦੀ ਖਰਚ ਕੀਤਾ ਜਾ ਚੁੱਕਾ ਹੈ।


Harinder Kaur

Content Editor

Related News