ਜਿਓ ਦੇ 4 ਸਾਲ ‘ਚ 40 ਗੁਣਾ ਘਟੀਆਂ ਡਾਟਾ ਦੀਆਂ ਕੀਮਤਾਂ, ਖਪਤ ‘ਚ ਦੇਸ਼ ‘ਚ ਪਹੁੰਚਿਆ ਪਹਿਲੇ ਨੰਬਰ ‘ਤੇ

Saturday, Sep 05, 2020 - 01:57 AM (IST)

ਨਵੀਂ ਦਿੱਲੀ (ਯੂ. ਐੱਨ. ਆਈ.)–ਦੇਸ਼ ਦੇ ਦੂਰਸੰਚਾਰ ਖੇਤਰ ‘ਚ ਚਾਰ ਸਾਲ ਪਹਿਲਾਂ ਜਦੋਂ ਰਿਲਾਇੰਸ ਜਿਓ ਨੇ ਕਦਮ ਰੱਖਿਆ ਤਾਂ ਕਿਸੇ ਨੂੰ ਉਮੀਦ ਨਹੀਂ ਸੀ ਕਿ ਇਹ ਕੰਪਨੀ ਕੁਝ ਹੀ ਸਾਲਾਂ ‘ਚ ਇਸ ਖੇਤਰ ‘ਚ ਡਾਟਾ ਬਦਲਾਅ ਅਤੇ ਕ੍ਰਾਂਤੀ ਦੀ ਜਨਮਦਾਤਾ ਬਣੇਗੀ ਅਤੇ ਇਸ ਦੇ ਆਉਣ ਨਾਲ ਡਾਟਾ ਦੀਆਂ ਕੀਮਤਾਂ 40 ਗੁਣਾ ਤੱਕ ਘੱਟ ਹੋ ਜਾਣਗੀਆਂ। 5 ਸਤੰਬਰ 2016 ‘ਚ ਦੂਰਸੰਚਾਰ ਖੇਤਰ ‘ਚ ਕਦਮ ਰੱਖਣ ਵਾਲੀ ਮੁਕੇਸ਼ ਅੰਬਾਨੀ ਦੀ ਰਿਲਾਇੰਸ ਜਿਓ ਨੇ ਚਾਰ ਸਾਲ ‘ਚ ਹੀ ਖੇਤਰ ਦੀ ਤਸਵੀਰ ਬਦਲ ਕੇ ਰੱਖ ਦਿੱਤੀ ਹੈ ਅਤੇ ਇਸ ਮਿਆਦ ‘ਚ ਡਾਟਾ ਦੀਆਂ ਕੀਮਤਾਂ ਜਿਥੇ ਕਰੀਬ 40 ਗੁਣਾ ਘੱਟ ਹੋਈਆਂ ਉਥੇ ਹੀ ਦੇਸ਼ ਮੋਬਾਈਲ ਡਾਟਾ ਦੀ ਖਪਤ ਦੇ ਮਾਮਲੇ ‘ਚ 155ਵੇਂ ਸਥਾਨ ਤੋਂ ਅੱਜ ਪਹਿਲੇ ਨੰਬਰ ‘ਤੇ ਪਹੁੰਚ ਗਿਆ।

ਜਿਓ ਨੇ 2016 ‘ਚ ਆਉਣ ਦੇ ਸਮੇਂ ਖਪਤਕਾਰ ਨੂੰ 1 ਜੀ. ਬੀ. ਡਾਟਾ ਲਈ 185 ਤੋਂ 200 ਰੁਪਏ ਤੱਕ ਖਰਚ ਕਰਨੇ ਪੈਂਦੇ ਸਨ। ਮੌਜੂਦਾ ਸਮੇਂ ‘ਚ ਰਿਲਾਇੰਸ ਜਿਓ ਦੇ ਲੋਕਪ੍ਰਿਯ ਪਲਾਨਸ ‘ਚ ਗਾਹਕ ਨੂੰ ਪ੍ਰਤੀ ਜੀ. ਬੀ. ਡਾਟਾ ਲਈ ਕਰੀਬ 5 ਰੁਪਏ ਹੀ ਖਰਚ ਕਰਨੇ ਪੈਂਦੇ ਹਨ। ਡਾਟਾ ਖਰਚ ਰਿਆਇਤੀ ਹੋਣ ਦਾ ਨਤੀਜਾ ਹੈ ਕਿ ਇਸ ਦੀ ਖਪਤ ‘ਚ ਆਸ ਤੋਂ ਵੱਧ ਉਛਾਲ ਆਇਆ। ਜਿਓ ਆਉਣ ਤੋਂ ਪਹਿਲਾਂ ਜਿਥੇ ਡਾਟਾ ਖਪਤ ਸਿਰਫ 0.24 ਜੀ. ਬੀ. ਪ੍ਰਤੀ ਗਾਹਕ ਪ੍ਰਤੀ ਮਹੀਨਾ ਸੀ, ਉਥੇ ਹੀ ਅੱਜ ਇਹ ਕਈ ਗੁਣਾ ਵਧ ਕੇ 10.4 ਜੀ. ਬੀ. ਹੋ ਗਈ ਹੈ।

ਵਰਕ ਫ੍ਰਾਮ ਹੋਮ ਲਈ ਸੰਜੀਵਨੀ ਸਾਬਤ ਹੋਇਆ ਜਿਓ
ਕੰਪਨੀ ਸੂਤਰਾਂ ਨੇ ਜਿਓ ਦੇ 4 ਸਾਲ ਪੂਰੇ ਹੋਣ ਮੌਕੇ ਕਿਹਾ ਕਿ ਕੋਰੋਨਾ ਕਾਲ ‘ਚ ਰਿਆਇਤੀ ਡਾਟਾ ਵਰਕ ਫ੍ਰਾਮ ਹੋਮ ਲਈ ‘ਸੰਜੀਵਨੀ‘ ਸਾਬਤ ਹੋਇਆ। ਲਾਕਡਾਊਨ ਕਾਰਣ ਜਦੋਂ ਵੱਡਾ ਹੋਵੇ ਜਾਂ ਬੱਚਾ ਘਰ ਤੋਂ ਨਿਕਲਣਾ ਲਗਭਗ ਬੰਦ ਸੀ, ਵਰਕ ਫ੍ਰਾਮ ਹੋਮ ਹੀ ਜ਼ਰੂਰੀ ਕੰਮਾਂ ਨੂੰ ਨਿਪਟਾਉਣ ਦਾ ਜ਼ਰੀਆ ਬਣਿਆ। ਵਰਕ ਫ੍ਰਾਮ ਹੋਮ ਹੋਵੇ ਜਾਂ ਬੱਚਿਆਂ ਦੀ ਆਨਲਾਈਨ ਕਲਾਸ, ਰੋਜ਼ਾਨਾ ਦਾ ਸਾਮਾਨ ਮੰਗਵਾਉਣਾ ਹੋਵੇ ਜਾਂ ਡਾਕਟਰ ਤੋਂ ਸਲਾਹ ਲਈ ਆਨਲਾਈਨ ਸਮਾਂ ਲੈਣਾ, ਸਾਰੇ ਕੰਮ ਤਾਂ ਹੀ ਸੰਭਵ ਹੋ ਸਕੇ ਜਦੋਂ ਡਾਟਾ ਦੀਆਂ ਕੀਮਤਾਂ ਸਾਡੀ ਜੇਬ ‘ਤੇ ਭਾਰੀਆਂ ਨਹੀਂ ਪਈਆਂ। ਇਹ ਜਿਓ ਦਾ ਹੀ ਪ੍ਰਭਾਵ ਹੈ ਕਿ ਡਾਟਾ ਦੀਆਂ ਕੀਮਤਾਂ ਅੱਜ ਗਾਹਕਾਂ ਦੀ ਪਹੁੰਚ ‘ਚ ਹਨ।


Karan Kumar

Content Editor

Related News