ਭਾਰਤ ’ਚ ਅਗਲੇ 18 ਮਹੀਨਿਆਂ ’ਚ 4 REIT ਦੇ ਸੂਚੀਬੱਧ ਹੋਣ ਦੀ ਸੰਭਾਵਨਾ : CBRE
Saturday, May 27, 2023 - 10:22 AM (IST)
ਸਿੰਗਾਪੁਰ (ਭਾਸ਼ਾ) – ਭਾਰਤ ’ਚ ਇਸ ਸਾਲ ਦੀ ਦੂਜੀ ਛਿਮਾਹੀ ਤੋਂ ਅਗਲੇ ਸਾਲ ਦੇ ਅਖੀਰ ਤੱਕ ਜਾਂ 225 ਦੀ ਸ਼ੁਰੂਆਤ ਤੱਕ ਘੱਟ ਤੋਂ ਘੱਟ ਚਾਰ ਰੀਅਲ ਅਸਟੇਟ ਨਿਵੇਸ਼ ਟਰੱਸਟ (ਆਰ. ਈ. ਆਈ. ਟੀ.) ਦੇ ਸੂਚੀਬੱਧ ਹੋਣ ਦੀ ਸੰਭਾਵਨਾ ਹੈ। ਸੀ. ਬੀ. ਆਰ. ਈ. ਇੰਡੀਆ ਦੇ ਮੁਖੀ ਅੰਸ਼ੁਮਨ ਮੈਗਜ਼ੀਨ ਵਲੋਂ ਇਹ ਗੱਲ ਕਹੀ ਗਈ ਹੈ। ਉਨ੍ਹਾਂ ਨੇ ਨਾਲ ਹੀ ਜੋੜਿਆ ਕਿ ਇਹ ਸ਼ੇਅਰ ਬਾਜ਼ਾਰਾਂ ਦੇ ਪ੍ਰਦਰਸ਼ਨ ’ਤੇ ਨਿਰਭਰ ਕਰੇਗਾ। ਆਰ. ਈ. ਆਈ. ਟੀ. ਵਿਸ਼ਵ ਪੱਧਰ ’ਤੇ ਇਕ ਲੋਕਪ੍ਰਿਯ ਨਿਵੇਸ਼ ਸਾਧਨ ਹੈ ਅਤੇ ਭਾਰਤ ’ਚ ਕੁੱਝ ਸਾਲ ਪਹਿਲਾਂ ਇਸ ਨੂੰ ਰੀਅਲ ਅਸਟੇਟ ਖੇਤਰ ’ਚ ਨਿਵੇਸ਼ ਆਕਰਸ਼ਿਤ ਕਰਨ ਲਈ ਪੇਸ਼ ਕੀਤਾ ਗਿਆ ਸੀ। ਇਹ ਵੱਡੀਆਂ ਰੀਅਲ ਅਸਟੇਟ ਜਾਇਦਾਦਾਂ ’ਚ ਪ੍ਰਚੂਨ ਨਿਵੇਸ਼ਕਾਂ ਦੀ ਭਾਈਵਾਲੀ ਨੂੰ ਸਮਰੱਥ ਬਣਾਉਂਦਾ ਹੈ।
ਮੈਗਜ਼ੀਨ ਨੇ ਕਿਹਾ ਕਿ ਆਰ. ਈ.ਆਈ. ਟੀ. ਵਪਾਰ ਨਿਸ਼ਚਿਤ ਤੌਰ ’ਤੇ ਵਧਣ ਵਾਲਾ ਹੈ ਅਤੇ ਅਸੀਂ ਇਸ ਸਾਲ ਦੇ ਅਖੀਰ ਤੱਕ ਇਕ ਤੋਂ ਦੋ ਆਰ. ਈ. ਆਈ. ਟੀ. ਦੀ ਉਮੀਦ ਕਰ ਰਹੇ ਹਾਂ ਅਤੇ ਪਾਈਪਲਾਈਨ ’ਚ ਵੀ ਕੁੱਝ ਹਨ। ਅਮਰੀਕਾ ਸਥਿਤ ਸੀ. ਬੀ. ਆਰ. ਈ. ਦੁਨੀਆ ਦੇ ਪ੍ਰਮੁੱਖ ਰੀਅਲ ਅਸਟੇਟ ਸਲਾਹਕਾਰਾਂ ’ਚੋਂ ਇਕ ਹੈ। ਉਨ੍ਹਾਂ ਨੇ ਕਿਹਾ ਕਿ ਚਾਰ ਆਰ. ਈ. ਆਈ. ਟੀ. ਇਸ ਸਾਲ ਦੀ ਦੂਜੀ ਛਿਮਾਹੀ ਤੋਂ 2024 ਦੇ ਅਖੀਰ ਜਾਂ 2025 ਦੀ ਸ਼ੁਰੂਆਤ ਤੱਕ ਸੂਚੀਬੱਧ ਹੋ ਸਕਦੇ ਹਨ। ਮੈਗਜ਼ੀਨ ਨੇ ਉਮੀਦ ਪ੍ਰਗਟਾਈ ਕਿ ਦੇਸ਼ ਤੇਜ਼ੀ ਨਾਲ ਵਾਧਾ ਕਰਦਾ ਰਹੇਗਾ। ਉਨ੍ਹਾਂ ਨੇ ਕਿਹਾ ਕਿ ਭਾਰਤ ’ਚ ਸੜਕ, ਹਵਾਈ ਅੱਡੇ, ਬੰਦਰਗਾਹ, ਰੇਲ, ਐੱਮ. ਆਰ. ਓ. ਅਤੇ ਲਾਜਿਸਟਿਕ ਵਰਗੇ ਪ੍ਰਮੁੱਖ ਬੁਨਿਆਦੀ ਢਾਂਚੇ ਦਾ ਵੱਡੇ ਪੈਮਾਨੇ ’ਤੇ ਵਿਕਾਸ ਹੋਣ ਜਾ ਰਿਹਾ ਹੈ।