ਸਰਕਾਰ ਦੀ ਵੱਡੀ ਪਹਿਲ, ਆਕਸੀਜਨ ਪਲਾਂਟਾਂ ਨੂੰ ਮਿਲ ਰਹੀ 24 ਘੰਟੇ ਬਿਜਲੀ
Wednesday, May 12, 2021 - 05:58 PM (IST)
ਨਵੀਂ ਦਿੱਲੀ- ਬਿਜਲੀ ਮੰਤਰਾਲਾ ਨੇ ਬੁੱਧਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਵਿਚਕਾਰ ਦੇਸ਼ ਵਿਚ ਆਕਸੀਜਨ ਉਤਪਾਦਨ ਪਲਾਂਟਾਂ ਨੂੰ 24 ਘੰਟੇ ਬਿਜਲੀ ਦੀ ਸਪਲਾਈ ਜਾਰੀ ਰਹੇਗੀ। ਇਸ ਲਈ ਠੋਸ ਕਦਮ ਚੁੱਕੇ ਗਏ ਹਨ। ਮੰਤਰਾਲਾ ਨੇ ਕਿਹਾ ਹੈ ਕਿ 73 ਵੱਡੇ ਆਕਸੀਜਨ ਪਲਾਂਟਾਂ ਨੂੰ ਕੀਤੀ ਜਾ ਰਹੀ ਬਿਜਲੀ ਸਪਲਾਈ 'ਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਵਿਚੋਂ 13 ਪਲਾਂਟ ਰਾਸ਼ਟਰੀ ਰਾਜਧਾਨੀ ਵਿਚ ਆਕਸੀਜਨ ਦੀ ਸਪਲਾਈ ਕਰ ਰਹੇ ਹਨ।
ਸਰਕਾਰ ਵੱਲੋਂ ਚੁੱਕੇ ਗਏ ਵੱਖ-ਵੱਖ ਕਦਮਾਂ ਤਹਿਤ ਕੇਂਦਰੀ ਬਿਜਲੀ ਸਕੱਤਰ ਤੇ ਸਬੰਧਤ ਸੂਬਿਆਂ ਦੇ ਬਿਜਲੀ ਸੱਕਤਰਾਂ, ਚੇਅਰਮੈਨ ਅਤੇ ਪ੍ਰਬੰਧਕ ਨਿਰਦੇਸ਼ਕ ਤੇ ਪਾਵਰ ਸਿਸਟਮ ਆਪ੍ਰੇਸ਼ਨ ਕਾਰਪੋਰੇਸ਼ਨ (ਪੋਸਕੋ) ਦੇ ਪੱਧਰ 'ਤੇ ਮਾਮਲਾ-ਦਰ-ਮਾਮਲਾ ਆਧਾਰ 'ਤੇ ਅਜਿਹੇ ਪਲਾਂਟਾਂ ਨੂੰ ਜਾਣ ਵਾਲੀ ਬਿਜਲੀ ਸਪਲਾਈ ਦੀ ਸਥਿਤੀ ਦੀ ਸਮੀਖਿਆ ਹਰ ਦਿਨ ਕੀਤੀ ਜਾ ਰਹੀ ਹੈ। ਇਸ ਨਾਲ ਆਕਸਜੀਨ ਦੀ ਘਾਟ ਨਹੀਂ ਹੋਵੇਗੀ।
ਮੰਤਰਾਲਾ ਨੇ ਇਕ ਬਿਆਨ ਵਿਚ ਕਿਹਾ ਕਿ ਰੋਜ਼ਾਨਾ ਸਮੀਖਿਆ ਵਿਚ ਆਕਸੀਜਨ ਪਲਾਂਟਾਂ ਨੂੰ 24 ਘੰਟੇ ਬਿਜਲੀ ਸਪਲਾਈ ਨਾਲ ਜੁੜੇ ਪਹਿਲੂਆਂ 'ਤੇ ਚਰਚਾ ਕੀਤੀ ਜਾ ਰਹੀ ਹੈ। ਜ਼ਰੂਰੀ ਹੋਣ 'ਤੇ ਸੂਬਾ ਬਿਜਲੀ ਵੰਡ ਕੰਪਨੀਆਂ ਜ਼ਰੀਏ ਪੋਸਕੋ ਅਤੇ ਕੇਂਦਰੀ ਬਿਜਲੀ ਅਥਾਰਟੀ ਦੇ ਸਹਿਯੋਗ ਨਾਲ ਕਦਮ ਚੁੱਕੇ ਜਾ ਰਹੇ ਹਨ। ਮੰਤਰਾਲਾ ਨੇ ਸਥਿਤੀ 'ਤੇ ਨਜ਼ਰ ਰੱਖਣ ਲਈ ਕੰਟਰੋਲ ਰੂਮ ਸਥਾਪਤ ਕੀਤਾ ਹੈ। ਇਸ ਤੋਂ ਇਲਾਵਾ ਮੰਤਰਾਲਾ ਸੂਬਿਆਂ ਨੂੰ ਸਲਾਹ-ਮਸ਼ਵਰੇ ਜਾਰੀ ਕੀਤੇ ਜਾ ਰਹੇ ਹਨ। ਇਸ ਵਿਚ ਢੁਕਵਾਂ ਬੈਕਅਪ ਰੱਖਣਾ ਅਤੇ ਆਕਸੀਜਨ ਪਲਾਂਟਾਂ ਨੂੰ ਬਿਜਲੀ ਸਪਲਾਈ ਕਰਨ ਵਾਲੇ ਫੀਡਰਾਂ ਨੂੰ ਵੱਖ ਕਰਨਾ ਸ਼ਾਮਲ ਹੈ। ਪੋਸਕੋ ਨੂੰ ਰਾਸ਼ਟਰੀ ਰਾਜਧਾਨੀ ਨੂੰ ਆਕਸੀਜਨ ਸਪਲਾਈ ਕਰਨ ਵਾਲੇ ਪਲਾਂਟਾਂ ਸਣੇ ਹਰ ਆਕਸੀਜਨ ਪਲਾਂਟ ਨੂੰ ਮਿਲਣ ਵਾਲੀ ਬਿਜਲੀ ਦਾ ਤਕਨੀਕੀ ਆਡਿਟ ਕਰਨ ਦੀ ਜਿੰਮੇਵਾਰੀ ਦਿੱਤੀ ਗਈ ਹੈ। ਤਕਨੀਕੀ ਆਡਿਟ ਦੇ ਆਧਾਰ 'ਤੇ ਹਿਮਾਚਲ ਪ੍ਰਦੇਸ਼, ਉਤਰਾਖੰਡ, ਕੇਰਲ, ਹਰਿਆਣਾ, ਝਾਰਖੰਡ ਅਤੇ ਉੱਤਰ ਪ੍ਰਦੇਸ਼ ਦੀਆਂ ਸਰਕਾਰਾਂ ਨੂੰ ਪੱਤਰ ਲਿਖ ਕੇ ਸੁਧਾਰਤਮਕ ਕਦਮ ਚੁੱਕਣ ਲਈ ਕਿਹਾ ਗਿਆ ਹੈ।