ਚੀਨ ਨੂੰ ਝਟਕਾ, 24 ਫਰਮਾਂ ਭਾਰਤ ''ਚ ਪਲਾਂਟ ਲਾਉਣ ਲਈ ਪੱਬਾਂ ਭਾਰ
Monday, Aug 17, 2020 - 09:27 PM (IST)
ਨਵੀਂ ਦਿੱਲੀ— ਯੂ. ਐੱਸ. ਨਾਲ ਵਪਾਰ ਯੁੱਧ ਅਤੇ ਵਿਸ਼ਵ ਭਰ 'ਚ ਕੋਰੋਨਾ ਵਾਇਰਸ ਫੈਲਾਉਣ ਦਾ ਪੱਛਮੀ ਦੇਸ਼ਾਂ ਦਾ ਦੋਸ਼ ਝੱਲ ਰਹੇ ਚੀਨ ਨੂੰ ਤਕੜਾ ਝਟਕਾ ਲੱਗਾ ਹੈ।
ਸਮਾਰਟ ਫੋਨ ਬਣਾਉਣ ਵਾਲੀਆਂ 24 ਕੰਪਨੀਆਂ ਚੀਨ ਨੂੰ ਛੱਡ ਕੇ ਭਾਰਤ 'ਚ ਨਿਰਮਾਣ ਪਲਾਂਟ ਲਾਉਣ ਲਈ ਪੱਬਾਂ ਭਾਰ ਹਨ। ਸੈਮਸੰਗ ਇਲੈਟ੍ਰਾਨਿਕਸ ਤੋਂ ਲੈ ਕੇ ਐਪਲ ਤੱਕ ਲਈ ਕੰਪੋਨੈਂਟ ਬਣਾਉਣ ਵਾਲੀਆਂ ਕੰਪਨੀਆਂ ਨੇ ਭਾਰਤ 'ਚ ਨਿਵੇਸ਼ ਕਰਨ ਦੀ ਇੱਛਾ ਜਤਾਈ ਹੈ।
ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮੋਬਾਇਲ ਨਿਰਮਾਤਾ ਦੇਸ਼ ਹੈ। ਦੇਸ਼ 'ਚ ਹੁਣ ਤੱਕ 300 ਮੋਬਾਇਲ ਨਿਰਮਾਣ ਪਲਾਂਟ ਲੱਗ ਚੁੱਕੇ ਹਨ। ਸਰਕਾਰ ਨੇ ਮਾਰਚ 'ਚ ਹੀ ਇਲੈਕਟ੍ਰਾਨਿਕਸ ਨਿਰਮਾਣ ਖੇਤਰ 'ਚ ਕੁਝ ਪ੍ਰੋਤਸਾਹਨ ਦੇਣ ਦਾ ਐਲਾਨ ਕੀਤਾ ਸੀ। ਇਸ ਦੇ ਮੱਦੇਨਜ਼ਰ ਤਕਰੀਬਨ 24 ਕੰਪਨੀਆਂ ਨੇ ਭਾਰਤ 'ਚ ਮੋਬਾਇਲ ਫੋਨ ਦੀਆਂ ਫੈਕਟਰੀਆਂ ਸਥਾਪਿਤ ਕਰਨ ਦੀ ਇੱਛਾ ਜਤਾਈ ਹੈ। ਇਹ ਕੰਪਨੀਆਂ ਭਾਰਤ 'ਚ ਤਕਰੀਬਨ 11,200 ਕਰੋੜ ਰੁਪਏ ਦਾ ਨਿਵੇਸ਼ ਕਰ ਸਕਦੀਆਂ ਹਨ। ਸੈਮਸੰਗ ਤੋਂ ਇਲਾਵਾ ਫਾਕਸਕਾਨ, ਵਿਸਟ੍ਰੋਨ, ਪੈਗਾਟ੍ਰੋਨ ਵਰਗੀਆਂ ਮੋਬਾਇਲ ਨਿਰਮਾਣ ਕੰਪਨੀਆਂ ਨੇ ਭਾਰਤ 'ਚ ਫੈਕਟਰੀ ਲਾਉਣ ਦੀ ਇੱਛਾ ਜਤਾਈ ਹੈ।
ਵਿਅਤਨਾਮ ਨੂੰ ਸਭ ਤੋਂ ਵੱਧ ਫਾਇਦਾ
ਚੀਨ ਅਤੇ ਅਮਰੀਕਾ ਵਿਚਾਲੇ ਵਪਾਰਕ ਤਣਾਅ ਅਤੇ ਕੋਰੋਨਾ ਸੰਕਟ ਦਾ ਨਾ ਸਿਰਫ ਭਾਰਤ ਹੀ ਫਾਇਦਾ ਲੈ ਰਿਹਾ ਹੈ, ਸਗੋਂ ਵਿਅਤਨਾਮ ਨੂੰ ਇਸ ਦਾ ਸਭ ਤੋਂ ਜ਼ਿਆਦਾ ਲਾਭ ਮਿਲ ਰਿਹਾ ਹੈ। ਚੀਨ ਛੱਡਣ ਦੀ ਇੱਛਾ ਰੱਖਣ ਵਾਲੀਆਂ ਕੰਪਨੀਆਂ ਕੰਬੋਡੀਆ, ਮਿਆਂਮਾਰ, ਬੰਗਲਾਦੇਸ਼ ਅਤੇ ਥਾਈਲੈਂਡ ਵਰਗੇ ਦੇਸ਼ਾਂ 'ਚ ਵੱਡੇ ਪੱਧਰ 'ਤੇ ਨਿਵੇਸ਼ ਕਰ ਰਹੀਆਂ ਹਨ। ਇਹ ਖੁਲਾਸਾ ਸਟੈਂਡਰਡ ਚਾਰਟਰਡ ਵੱਲੋਂ ਕੀਤੇ ਇੱਕ ਸਰਵੇਖਣ 'ਚ ਕੀਤਾ ਗਿਆ ਹੈ। ਇਸ ਦੇ ਨਾਲ ਹੀ, ਭਾਰਤ ਸਰਕਾਰ ਫਾਰਮਾ, ਆਟੋਮੋਬਾਈਲ, ਟੈਕਸਟਾਈਲ ਅਤੇ ਫੂਡ ਪ੍ਰੋਸੈਸਿੰਗ ਸੈਕਟਰ ਦੀਆਂ ਕੰਪਨੀਆਂ ਨੂੰ ਦੇਸ਼ 'ਚ ਨਿਰਮਾਣ ਪਲਾਂਟ ਸਥਾਪਿਤ ਕਰਨ ਲਈ ਆਕਰਸ਼ਕ ਪ੍ਰਸਤਾਵ ਵੀ ਪੇਸ਼ ਕਰ ਸਕਦੀ ਹੈ। ਇਸ ਮਾਮਲੇ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਸਰਕਾਰ ਦਾ ਟੀਚਾ ਵੱਧ ਤੋਂ ਵੱਧ ਕੰਪਨੀਆਂ ਨੂੰ ਭਾਰਤ ਵੱਲ ਆਕਰਸ਼ਤ ਕਰਨਾ ਹੈ।