24 ਖਾਤਿਆਂ ''ਤੇ ਡਿੱਗ ਸਕਦੀ ਹੈ ਗਾਜ
Wednesday, Jan 03, 2018 - 12:59 AM (IST)
ਨਵੀਂ ਦਿੱਲੀ— ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵੱਲੋਂ 28 ਵੱਡੇ ਨਾਨ-ਪ੍ਰਫਾਰਮਿੰਗ ਏਸੈੱਟਸ (ਐੱਨ. ਪੀ. ਏ.) ਖਾਤਿਆਂ ਯਾਨੀ ਬੈਡ ਲੋਨ ਦਾ ਨਿਪਟਾਰਾ ਕਰਨ ਲਈ ਬੈਂਕਾਂ ਨੂੰ ਦਿੱਤੀ 31 ਦਸੰਬਰ ਤੱਕ ਦੀ ਮਿਆਦ ਖਤਮ ਹੋ ਚੁੱਕੀ ਹੈ। ਹੁਣ ਬੈਂਕ ਇਨ੍ਹਾਂ 28 ਬੈਡ ਲੋਨ ਖਾਤਿਆਂ 'ਚੋਂ 24 ਨੂੰ ਕਾਰਵਾਈ ਲਈ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਦੇ ਕੋਲ ਭੇਜਣ ਦੀ ਤਿਆਰੀ 'ਚ ਹਨ। ਬੈਂਕ ਇਨ੍ਹਾਂ ਖਿਲਾਫ ਹੁਣ ਦੀਵਾਲਾ ਪ੍ਰਕਿਰਿਆ ਸ਼ੁਰੂ ਕਰਨ ਦੀ ਤਿਆਰੀ ਕਰ ਰਹੇ ਹਨ।
ਆਰ. ਬੀ. ਆਈ. ਨੇ ਪਿਛਲੇ ਸਾਲ ਅਗਸਤ 'ਚ ਬੈਂਕਾਂ ਨੂੰ 28 ਵੱਡੇ ਐੱਨ. ਪੀ. ਏ. ਵਾਲੇ ਖਾਤਿਆਂ ਨਾਲ ਨਜਿੱਠਣ ਲਈ ਬੈਂਕਾਂ ਨੂੰ ਕਿਹਾ ਸੀ। ਕੇਂਦਰੀ ਬੈਂਕ ਨੇ ਇਸ ਦੇ ਲਈ 31 ਦਸੰਬਰ ਤੱਕ ਦਾ ਸਮਾਂ ਦਿੱਤਾ ਸੀ। ਦੱਸਣਯੋਗ ਹੈ ਕਿ 4 ਲੱਖ ਕਰੋੜ ਰੁਪਏ ਦੇ ਐੱਨ. ਪੀ. ਏ. 'ਚੋਂ 40 ਫ਼ੀਸਦੀ ਇਨ੍ਹਾਂ ਖਾਤਿਆਂ 'ਤੇ ਬਕਾਇਆ ਹੈ।
ਇਕ ਸੀਨੀਅਰ ਬੈਂਕਰ ਨੇ ਦੱਸਿਆ ਕਿ ਐਨਰਕ ਐਲੂਮੀਨੀਅਮ, ਜਾਇਸਵਾਲ ਨੀਕੋ ਇੰਡਸਟਰੀਜ਼, ਸੋਮਾ ਇੰਟਰਪ੍ਰਾਈਜ਼ਿਜ਼ ਅਤੇ ਜੈਪ੍ਰਕਾਸ਼ ਐਸੋਸੀਏਟਸ ਨੂੰ ਫਿਲਹਾਲ ਇਨ੍ਹਾਂ 'ਚ ਸ਼ਾਮਲ ਨਹੀਂ ਕੀਤਾ ਗਿਆ ਹੈ। ਇਨ੍ਹਾਂ ਨੂੰ ਛੱਡ ਕੇ ਹੋਰ ਸਾਰੇ ਖਾਤਿਆਂ ਨੂੰ ਨਿਪਟਾਰੇ ਲਈ ਐੱਨ. ਸੀ. ਐੱਲ. ਟੀ. ਦੇ ਕੋਲ ਭੇਜਿਆ ਜਾਵੇਗਾ।
ਐੱਸ. ਬੀ. ਆਈ. ਦੇ 12 ਡਿਫਾਲਟਰਜ਼
ਬੈਡ ਲੋਨ ਖਾਤਿਆਂ ਦੀ ਦੂਜੀ ਸੂਚੀ 'ਚ ਸ਼ਾਮਲ ਇਨ੍ਹਾਂ 28 ਡਿਫਾਲਟਰਾਂ 'ਚੋਂ 12 ਐੱਸ. ਬੀ. ਆਈ. ਦੇ ਹਨ। ਇਨ੍ਹਾਂ 'ਚ ਵੀਡੀਓਕਾਨ ਇੰਡਸਟਰੀਜ਼ ਵੀ ਸ਼ਾਮਲ ਹੈ। ਵੀਡੀਓਕਾਨ ਤੋਂ ਇਲਾਵਾ ਵੀਜ਼ਾ ਸਟੀਲ, ਮੋਨੇਟ ਪਾਵਰ, ਉੱਤਮ ਸਟੀਲ, ਐੱਸਾਰ ਪ੍ਰਾਜੈਕਟਸ, ਵੀਡੀਓਕਾਨ ਟੈਲੀਕਾਮ, ਜਾਇਸਵਾਲ ਨੇਕੋ ਅਤੇ ਜੈ ਬਾਲਾਜੀ ਨੂੰ ਅੱਜ ਤੋਂ ਐੱਨ. ਸੀ. ਐੱਲ. ਟੀ. 'ਚ ਰੈਫਰ ਕਰਨ ਦੀ ਸ਼ੁਰੂਆਤ ਹੋ ਸਕਦੀ ਹੈ।
ਆਰ. ਬੀ. ਆਈ. ਦੀ ਡੈੱਡਲਾਈਨ ਵਧਾਉਣ ਤੋਂ ਇਨਕਾਰ
ਦਰਅਸਲ ਆਰ. ਬੀ. ਆਈ. ਨੇ 31 ਦਸੰਬਰ ਦੀ ਡੈੱਡਲਾਈਨ ਨੂੰ ਅੱਗੇ ਵਧਾਉਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੀ ਵਜ੍ਹਾ ਨਾਲ ਬੈਂਕਾਂ ਕੋਲ ਇਨ੍ਹਾਂ ਦੇ ਖਿਲਾਫ ਦੀਵਾਲਾ ਪ੍ਰਕਿਰਿਆ ਸ਼ੁਰੂ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ।