ਸ਼ੇਅਰ ਬਾਜ਼ਾਰਾਂ ਲਈ ਕਾਫ਼ੀ ਉਤਾਰ-ਚੜ੍ਹਾਅ ਵਾਲਾ ਰਿਹਾ 2024, ਪਰ ਲਗਾਤਾਰ ਨੌਵੇਂ ਸਾਲ ਦਿੱਤਾ ‘ਰਿਟਰਨ’

Monday, Dec 30, 2024 - 10:39 AM (IST)

ਸ਼ੇਅਰ ਬਾਜ਼ਾਰਾਂ ਲਈ ਕਾਫ਼ੀ ਉਤਾਰ-ਚੜ੍ਹਾਅ ਵਾਲਾ ਰਿਹਾ 2024, ਪਰ ਲਗਾਤਾਰ ਨੌਵੇਂ ਸਾਲ ਦਿੱਤਾ ‘ਰਿਟਰਨ’

ਨਵੀਂ ਦਿੱਲੀ (ਭਾਸ਼ਾ) - ‘ਦਲਾਲ ਸਟਰੀਟ’ ਲਈ 2024 ਦਾ ਸਾਲ ਕਾਫ਼ੀ ਉਤਾਰ-ਚੜ੍ਹਾਅ ਵਾਲਾ ਰਿਹਾ ਹੈ। ਸਾਲ ਦੌਰਾਨ ਜਿੱਥੇ ਭਾਰਤੀ ਸ਼ੇਅਰ ਬਾਜ਼ਾਰਾਂ ਨੇ ਕਈ ਵਾਰ ਰਿਕਾਰਡ ਬਣਾਇਆ, ਉੱਥੇ ਹੀ, ਦੂਜੇ ਪਾਸੇ ਉਸ ਨੂੰ ਵਿਚ-ਵਿਚ ਵੱਡੇ ਨੁਕਸਾਨ ਦਾ ਵੀ ਸਾਹਮਣਾ ਕਰਨਾ ਪਿਆ। ਹਾਲਾਂਕਿ, ਇਸ ਦੇ ਬਾਵਜੂਦ ਘਰੇਲੂ ਫੰਡਾਂ ਦੇ ਪ੍ਰਵਾਹ ਅਤੇ ਮਜ਼ਬੂਤ ਵਿਸ਼ਾਲ ਪਰਿਦ੍ਰਿਸ਼ ਦੀ ਵਜ੍ਹਾ ਨਾਲ ਸਥਾਨਕ ਸ਼ੇਅਰਾਂ ਨੇ ਸਾਲ ਦੌਰਾਨ ਨਿਵੇਸ਼ਕਾਂ ਨੂੰ ਸਕਾਰਾਤਮਕ ਰਿਟਰਨ (ਪ੍ਰਤੀਫਲ) ਦਿੱਤਾ ਹੈ।

ਮੋਤੀਲਾਲ ਓਸਵਾਲ ਵੈਲਥ ਮੈਂਨੇਜਮੈਂਟ ਨੇ ਇਕ ਬਿਆਨ ’ਚ ਕਿਹਾ ਹੈ ਕਿ ਸਾਲ ਦੀ ਪਹਿਲੀ ਛਿਮਾਹੀ ’ਚ ਕੰਪਨੀਆਂ ਦੇ ਮਜ਼ਬੂਤ ਵਿੱਤੀ ਨਤੀਜਿਆਂ, ਘਰੇਲੂ ਫੰਡਾਂ ਦੇ ਪ੍ਰਵਾਹ ’ਚ ਉਛਾਲ ਅਤੇ ਮਜ਼ਬੂਤ ਵਿਸ਼ਾਲ ਪਰਿਦ੍ਰਿਸ਼ ਦੀ ਵਜ੍ਹਾ ਨਾਲ ਨਿਫਟੀ ਸਤੰਬਰ, 2024 ’ਚ 26,277.35 ਅੰਕ ਦੇ ਕੁੱਲ-ਵਕਤੀ ਉੱਚੇ ਪੱਧਰ ’ਤੇ ਪੁੱਜ ਗਿਆ ਸੀ।

ਬਿਆਨ ’ਚ ਕਿਹਾ ਗਿਆ, ‘‘ਬੀਤੇ ਦੋ ਮਹੀਨਿਆਂ ’ਚ ਬਾਜ਼ਾਰ ਆਪਣੇ ਕੁੱਲ-ਵਕਤੀ ਉੱਚੇ ਪੱਧਰ ਤੋਂ ਹੇਠਾਂ ਆ ਗਿਆ ਹੈ। ਇਹ 2020 ’ਚ ਕੋਵਿਡ-19 ਮਹਾਮਾਰੀ ਤੋਂ ਬਾਅਦ ਤੀਜੀ ਵੱਡੀ ਗਿਰਾਵਟ ਸੀ। ਇਸ ਦੀ ਮੁੱਖ ਵਜ੍ਹਾ ਘਰੇਲੂ ਅਤੇ ਗਲੋਬਲ ਕਾਰਕਾਂ ਦੀ ਵਜ੍ਹਾ ਨਾਲ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ. ਆਈ. ਆਈ.) ਦੀ ਜ਼ਬਰਦਸਤ ਬਿਕਵਾਲੀ ਹੈ। ਇਸ ਸਾਲ 27 ਦਸੰਬਰ ਤੱਕ ਬੀ. ਐੱਸ. ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 6,458.81 ਅੰਕ ਜਾਂ 8.94 ਫ਼ੀਸਦੀ ਚੜ੍ਹਿਆ ਹੈ।

ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ ਦੇ ਨਿਫਟੀ ’ਚ 2,082 ਅੰਕ ਜਾਂ 9.58 ਫ਼ੀਸਦੀ ਦਾ ਉਛਾਲ ਆਇਆ ਹੈ। ਇਹ ਸਾਲ ਕਾਫ਼ੀ ਘਟਨਾਚੱਕਰਾਂ ਦਾ ਰਿਹਾ। ਉਸੇ ਦਿਨ ਨਿਫਟੀ ਨੇ ਵੀ ਆਪਣੇ 26,277.35 ਅੰਕ ਦੇ ਕੁੱਲ-ਵਕਤੀ ਉੱਚੇ ਪੱਧਰ ਨੂੰ ਛੂਹਿਆ ਸੀ। 2024 ਲਗਾਤਾਰ ਨੌਵਾਂ ਸਾਲ ਰਿਹਾ ਹੈ ਜਦੋਂ ਸਥਾਨਕ ਸ਼ੇਅਰ ਬਾਜ਼ਾਰਾਂ ਨੇ ਨਿਵੇਸ਼ਕਾਂ ਨੂੰ ਸਕਾਰਾਤਮਕ ਰਿਟਰਨ ਦਿੱਤਾ ਹੈ।

ਇਸ ਖ਼ਰਾਬ ਪ੍ਰਦਰਸ਼ਨ ਦੀ ਵਜ੍ਹਾ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ. ਆਈ. ਆਈ.) ਦੀ ਜ਼ਬਰਦਸਤ ਬਿਕਵਾਲੀ ਹੈ। ਸਤੰਬਰ ਦੇ ਆਪਣੇ ਕੁੱਲ-ਵਕਤੀ ਉੱਚੇ ਪੱਧਰ ਤੋਂ ਸੈਂਸੈਕਸ 8.46 ਫ਼ੀਸਦੀ ਹੇਠਾਂ ਆ ਚੁੱਕਿਆ ਹੈ। ਉੱਥੇ ਹੀ, ਨਿਫਟੀ ਰਿਕਾਰਡ ਪੱਧਰ ਤੋਂ 9.37 ਫ਼ੀਸਦੀ ਟੁੱਟ ਚੁੱਕਿਆ ਹੈ। ਇਕੱਲੇ ਅਕਤੂਬਰ ’ਚ ਸੈਂਸੈਕਸ 4,910.72 ਅੰਕ ਜਾਂ 5.82 ਫ਼ੀਸਦੀ ਹੇਠਾਂ ਆਇਆ ਸੀ। ਇਸ ਮਹੀਨੇ ਨਿਫਟੀ ’ਚ 1,605.5 ਅੰਕ ਜਾਂ 6.22 ਫ਼ੀਸਦੀ ਦੀ ਗਿਰਾਵਟ ਆਈ ਸੀ।

ਦਸੰਬਰ ’ਚ ਹੁਣ ਤੱਕ ਸੈਂਸੈਕਸ 1,103.72 ਅੰਕ ਜਾਂ 1.38 ਫ਼ੀਸਦੀ ਹੇਠਾਂ ਆਇਆ ਹੈ। ਅਕਤੂਬਰ ’ਚ ਐੱਫ. ਆਈ. ਆਈ. ਨੇ ਭਾਰਤੀ ਬਾਜ਼ਾਰਾਂ ’ਚੋਂ 94,017 ਕਰੋਡ਼ ਰੁਪਏ ਦੀ ਨਿਕਾਸੀ ਕੀਤੀ ਸੀ। ਬੀਤੇ ਸਾਲ ਯਾਨੀ 2023 ’ਚ ਸੈਂਸੈਕਸ 11,399.52 ਅੰਕ ਜਾਂ 18.73 ਫ਼ੀਸਦੀ ਚੜ੍ਹਿਆ ਸੀ। ਉੱਥੇ ਹੀ, ਨਿਫਟੀ 3,626.1 ਅੰਕ ਜਾਂ 20 ਫ਼ੀਸਦੀ ਦੇ ਲਾਭ ’ਚ ਰਿਹਾ ਸੀ।

ਸੈਂਸੈਕਸ ਦੀਆਂ ਸਿਖਰਲੀਆਂ 10 ਕੰਪਨੀਆਂ ’ਚੋਂ 6 ਦਾ ਬਾਜ਼ਾਰ ਪੂੰਜੀਕਰਨ 86,847.88 ਕਰੋੜ ਰੁਪਏ ਵਧਿਆ

ਸੈਂਸੈਕਸ ਦੀਆਂ ਸਿਖਰਲੀਆਂ 10 ਸਭ ਤੋਂ ਮੁੱਲਵਾਨ ਕੰਪਨੀਆਂ ’ਚੋਂ 6 ਦੇ ਬਾਜ਼ਾਰ ਮੁਲਾਂਕਣ (ਮਾਰਕੀਟ ਕੈਪ) ’ਚ ਪਿਛਲੇ ਹਫ਼ਤੇ 86,847.88 ਕਰੋੜ ਰੁਪਏ ਦਾ ਵਾਧਾ ਹੋਇਆ। ਇਸ ਦੌਰਾਨ ਸਭ ਤੋਂ ਜ਼ਿਆਦਾ ਲਾਭ ਐੱਚ. ਡੀ. ਐੱਫ. ਸੀ. ਬੈਂਕ ਅਤੇ ਰਿਲਾਇੰਸ ਇੰਡਸਟਰੀਜ਼ ਨੂੰ ਹੋਇਆ। ਬੀਤੇ ਹਫ਼ਤੇ ਬੀ. ਐੱਸ. ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 657.48 ਅੰਕ ਜਾਂ 0.84 ਫ਼ੀਸਦੀ ਚੜ੍ਹ ਗਿਆ।

ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ ਦੇ ਨਿਫਟੀ ’ਚ 225.9 ਅੰਕ ਜਾਂ 0.95 ਫ਼ੀਸਦੀ ਦਾ ਲਾਭ ਰਿਹਾ। ਸਮੀਖਿਆ ਅਧੀਨ ਹਫ਼ਤੇ ’ਚ ਜਿੱਥੇ ਰਿਲਾਇੰਸ ਇੰਡਸਟਰੀਜ਼, ਐੱਚ. ਡੀ. ਐੱਫ. ਸੀ. ਬੈਂਕ, ਆਈ. ਸੀ. ਆਈ. ਸੀ. ਆਈ. ਬੈਂਕ, ਭਾਰਤੀ ਏਅਰਟੈੱਲ, ਆਈ. ਟੀ. ਸੀ. ਅਤੇ ਹਿੰਦੁਸਤਾਨ ਯੂਨਿਲੀਵਰ ਦੇ ਬਾਜ਼ਾਰ ਮੁਲਾਂਕਣ ’ਚ ਵਾਧਾ ਹੋਇਆ, ਉੱਥੇ ਹੀ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ. ਸੀ. ਐੱਸ.), ਇਨਫੋਸਿਸ, ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਅਤੇ ਭਾਰਤੀ ਜੀਵਨ ਬੀਮਾ ਨਿਗਮ (ਐਐੱਲ. ਆਈ. ਸੀ.) ਦੀ ਬਾਜ਼ਾਰ ਹੈਸੀਅਤ ਘਟ ਗਈ। ਹਫ਼ਤੇ ਦੌਰਾਨ ਐੱਚ. ਡੀ. ਐੱਫ. ਸੀ. ਬੈਂਕ ਦਾ ਬਾਜ਼ਾਰ ਪੂੰਜੀਕਰਨ 20,235.95 ਕਰੋਡ਼ ਰੁਪਏ ਵਧ ਕੇ 13,74,945.30 ਕਰੋਡ਼ ਰੁਪਏ ’ਤੇ ਪਹੁੰਚ ਗਿਆ।

ਰਿਲਾਇੰਸ ਇੰਡਸਟਰੀਜ਼ ਦੇ ਮੁਲਾਂਕਣ ’ਚ 20,230.9 ਕਰੋਡ਼ ਰੁਪਏ ਦਾ ਵਾਧਾ ਹੋਇਆ ਅਤੇ ਇਹ 16,52,235.07 ਕਰੋਡ਼ ਰੁਪਏ ਰਿਹਾ। ਆਈ. ਟੀ. ਸੀ. ਦਾ ਮੁਲਾਂਕਣ 17,933.49 ਕਰੋਡ਼ ਰੁਪਏ ਵਧ ਕੇ 5,99,185.81 ਕਰੋਡ਼ ਰੁਪਏ ’ਤੇ ਅਤੇ ਆਈ. ਸੀ. ਆਈ. ਸੀ. ਆਈ. ਬੈਂਕ ਦਾ 15,254.01 ਕਰੋਡ਼ ਰੁਪਏ ਵਧ ਕੇ 9,22,703.05 ਕਰੋਡ਼ ਰੁਪਏ ’ਤੇ ਪਹੁੰਚ ਗਿਆ।

ਭਾਰਤੀ ਏਅਰਟੈੱਲ ਦੀ ਬਾਜ਼ਾਰ ਹੈਸੀਅਤ 11,948.24 ਕਰੋਡ਼ ਰੁਪਏ ਵਧ ਕੇ 9,10,735.22 ਕਰੋਡ਼ ਰੁਪਏ ਹੋ ਗਈ। ਹਿੰਦੁਸਤਾਨ ਯੂਨਿਲੀਵਰ ਦਾ ਬਾਜ਼ਾਰ ਪੂੰਜੀਕਰਨ 1,245.29 ਕਰੋਡ਼ ਰੁਪਏ ਦੇ ਉਛਾਲ ਨਾਲ 5,49,863.10 ਕਰੋਡ਼ ਰੁਪਏ ਰਿਹਾ। ਇਸ ਰੁਖ਼ ਦੇ ਉਲਟ ਐੱਸ. ਬੀ. ਆਈ. ਦਾ ਮੁਲਾਂਕਣ 11,557.39 ਕਰੋਡ਼ ਰੁਪਏ ਘਟ ਕੇ 7,13,567.99 ਕਰੋਡ਼ ਰੁਪਏ ਰਹਿ ਗਿਆ।

ਸਿਖਰਲੀਆਂ 10 ਕੰਪਨੀਆਂ ਦੀ ਸੂਚੀ ’ਚ ਰਿਲਾਇੰਸ ਇੰਡਸਟਰੀਜ਼ ਪਹਿਲੇ ਸਥਾਨ ’ਤੇ ਕਾਇਮ ਰਹੀ। ਉਸ ਤੋਂ ਬਾਅਦ ਕ੍ਰਮਵਾਰ ਟੀ. ਸੀ. ਐੱਸ. , ਐੱਚ. ਡੀ. ਐੱਫ. ਸੀ. ਬੈਂਕ, ਆਈ. ਸੀ. ਆਈ. ਸੀ. ਆਈ. ਬੈਂਕ, ਭਾਰਤੀ ਏਅਰਟੈੱਲ, ਇਨਫੋਸਿਸ, ਭਾਰਤੀ ਸਟੇਟ ਬੈਂਕ, ਆਈ. ਟੀ. ਸੀ., ਐੱਲ. ਆਈ. ਸੀ. ਅਤੇ ਹਿੰਦੁਸਤਾਨ ਯੂਨਿਲੀਵਰ ਦਾ ਸਥਾਨ ਰਿਹਾ।


author

Harinder Kaur

Content Editor

Related News