ਬਜਟ 'ਚ ਕਿਸਾਨਾਂ ਲਈ ਹੋ ਸਕਦੈ ਇਹ ਐਲਾਨ

Tuesday, Jan 23, 2018 - 10:27 AM (IST)

ਨਵੀਂ ਦਿੱਲੀ— ਕਿਸਾਨਾਂ ਨੂੰ ਸਹੂਲਤਾਂ ਉਪਲੱਬਧ ਕਰਾਉਣ ਲਈ ਅਗਾਮੀ ਆਮ ਬਜਟ 'ਚ ਖੇਤੀ ਕਰਜ਼ੇ ਦਾ ਟੀਚਾ 1 ਲੱਖ ਕਰੋੜ ਰੁਪਏ ਵਧਾ ਕੇ ਰਿਕਾਰਡ 11 ਲੱਖ ਕਰੋੜ ਰੁਪਏ ਕੀਤਾ ਜਾ ਸਕਦਾ ਹੈ। ਸਰਕਾਰੀ ਅੰਕੜਿਆਂ ਮੁਤਾਬਕ ਚਾਲੂ ਮਾਲੀ ਵਰ੍ਹੇ ਲਈ ਖੇਤੀ ਕਰਜ਼ੇ ਦਾ ਬਜਟ 10 ਲੱਖ ਕਰੋੜ ਰੁਪਏ ਹੈ। ਇਸ 'ਚੋਂ ਪਹਿਲੀ ਛਮਾਹੀ 'ਚ ਯਾਨੀ ਸਤੰਬਰ 2017 ਤਕ 6.25 ਲੱਖ ਕਰੋੜ ਰੁਪਏ ਦੇ ਕਰਜ਼ੇ ਜਾਰੀ ਕੀਤੇ ਜਾ ਚੁੱਕੇ ਹਨ। ਸੂਤਰਾਂ ਮੁਤਾਬਕ ਸਰਕਾਰ ਦਾ ਵਿਸ਼ੇਸ਼ ਜ਼ੋਰ ਖੇਤੀਬਾੜੀ 'ਤੇ ਹੈ। ਇਹ ਸੰਭਾਵਨਾ ਹੈ ਕਿ ਖੇਤੀ ਖੇਤਰ ਲਈ ਕਰਜ਼ੇ ਦਾ ਟੀਚਾ ਅਗਲੇ ਮਾਲੀ ਵਰ੍ਹੇ ਲਈ ਵਧਾ ਕੇ 11 ਲੱਖ ਕਰੋੜ ਰੁਪਏ ਕਰ ਦਿੱਤਾ ਜਾਵੇ। ਖੇਤੀ ਉਤਪਾਦਨ ਵਧਾਉਣ ਲਈ ਕਰਜ਼ਾ ਇਕ ਜ਼ਰੂਰੀ ਸਰੋਤ ਹੈ। ਸੰਸਥਾਗਤ ਕਰਜ਼ਾ ਕਿਸਾਨਾਂ ਨੂੰ ਗੈਰ-ਸੰਸਥਾਗਤ ਕਰਜ਼ ਸਰੋਤਾਂ ਦੇ ਚੁੰਗਲ ਤੋਂ ਬਚਾਉਣ 'ਚ ਮਦਦ ਕਰੇਗਾ, ਜਿੱਥੇ ਵਿਆਜ ਦਰ ਕਾਫੀ ਜ਼ਿਆਦਾ ਹੁੰਦੀ ਹੈ।

ਆਮ ਤੌਰ 'ਤੇ ਖੇਤੀ ਕਰਜ਼ੇ 'ਤੇ 9 ਫੀਸਦੀ ਵਿਆਜ ਲੱਗਦਾ ਹੈ ਪਰ ਖੇਤੀ ਉਤਪਾਦਨ ਨੂੰ ਵਾਧਾ ਦੇਣ ਦੇ ਮਕਸਦ ਨਾਲ ਸਰਕਾਰ ਛੋਟੀ ਮਿਆਦ ਦੇ ਖੇਤੀ ਕਰਜ਼ੇ 'ਤੇ ਵਿਆਜ 'ਚ ਛੋਟ ਦਿੰਦੀ ਹੈ। ਸਰਕਾਰ ਕਿਸਾਨਾਂ ਨੂੰ ਦੋ ਫੀਸਦੀ ਵਿਆਜ ਛੋਟ ਦਿੰਦੀ ਹੈ, ਤਾਂ ਕਿ ਕਿਸਾਨਾਂ ਨੂੰ ਛੋਟੀ ਮਿਆਦ ਲਈ ਤਿੰਨ ਲੱਖ ਰੁਪਏ ਤਕ ਦਾ ਕਰਜ਼ਾ ਸਾਲਾਨਾ 7 ਫੀਸਦੀ ਦੀ ਦਰ 'ਤੇ ਮਿਲੇ। ਇਸ ਦੇ ਨਾਲ ਹੀ ਸਮੇਂ ਤੋਂ ਪਹਿਲਾਂ ਕਰਜ਼ਾ ਵਾਪਸ ਕਰਨ ਵਾਲੇ ਕਿਸਾਨਾਂ ਨੂੰ ਵਿਆਜ 'ਚ ਤਿੰਨ ਫੀਸਦੀ ਵਾਧੂ ਛੋਟ ਦਿੱਤੀ ਜਾਂਦੀ ਹੈ, ਜਿਸ ਨਾਲ ਵਿਆਜ ਦਰ ਘਟ ਕੇ 4 ਫੀਸਦੀ ਰਹਿ ਜਾਂਦੀ ਹੈ।


Related News