APPLE, ਓਪੋ, ਵੀਵੋ ਵੱਲੋਂ ਕਸਟਮ ਡਿਊਟੀ 'ਤੇ ਕੈਪ ਦੀ ਮੰਗ, ਸਸਤੇ ਹੋਣਗੇ ਫੋਨ!

12/05/2019 11:53:21 AM

ਨਵੀਂ ਦਿੱਲੀ— ਓਪੋ, ਐਪਲ ਤੇ ਵੀਵੋ ਵਰਗੇ ਟਾਪ ਸਮਾਰਟ ਫੋਨ ਨਿਰਮਾਤਵਾਂ ਨੇ 20,000 ਰੁਪਏ ਤੋਂ ਮਹਿੰਗੇ ਫੋਨਾਂ 'ਤੇ ਬੇਸਿਕ ਕਸਟਮਸ ਡਿਊਟੀ (ਬੀ. ਸੀ. ਡੀ.) ਦੀ ਲਿਮਟ 4,000 ਰੁਪਏ ਤਕ ਰੱਖਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੀ. ਸੀ. ਡੀ. ਕਾਰਨ ਵੱਡੇ ਪੱਧਰ 'ਤੇ 'ਹਾਈ-ਐਂਡ' ਫੋਨਾਂ ਦੀ ਸਮੱਗਲਿੰਗ ਹੋ ਰਹੀ ਹੈ, ਜਿਸ ਕਾਰਨ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਹੋ ਰਿਹਾ ਹੈ।

ਸਮਾਰਟ ਫੋਨ ਨਿਰਮਾਤਵਾਂ ਦੀ ਮੰਗ ਮੰਨੀ ਜਾਂਦੀ ਹੈ ਤਾਂ ਪ੍ਰੀਮੀਅਮ ਫੋਨਾਂ ਦੀ ਕੀਮਤ 'ਚ ਵੱਡੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਉਦਾਹਰਣ ਦੇ ਤੌਰ 'ਤੇ 4 ਹਜ਼ਾਰ ਰੁਪਏ ਦੀ ਕੈਪ ਦੇ ਹਿਸਾਬ ਨਾਲ 40,000 ਰੁਪਏ ਵਾਲੇ ਸਮਾਰਟ ਫੋਨ 'ਤੇ ਪ੍ਰਭਾਵੀ ਡਿਊਟੀ 10 ਫੀਸਦੀ ਰਹਿ ਜਾਵੇਗੀ, ਜਦੋਂ ਕਿ ਮੌਜੂਦਾ ਸਮੇਂ ਹਰ ਸਮਾਰਟ ਫੋਨ 'ਤੇ 20 ਫੀਸਦੀ ਕਸਟਮ ਡਿਊਟੀ ਚਾਰਜ ਕੀਤੀ ਜਾਂਦੀ ਹੈ।

ਸਰਕਾਰ ਨੂੰ ਹੋ ਰਿਹੈ 2,500 ਕਰੋੜ ਦਾ ਨੁਕਸਾਨ
ਸਮਾਰਟ ਫੋਨ ਨਿਰਮਾਤਾਵਾਂ ਦੇ ਸੰਗਠਨ 'ਭਾਰਤੀ ਸੈਲੂਲਰ ਅਤੇ ਇਲੈਕਟ੍ਰਾਨਿਕਸ ਐਸੋਸੀਏਸ਼ਨ ਆਫ ਇੰਡੀਆ' (ਆਈ. ਸੀ. ਈ. ਏ.) ਨੇ ਇੰਡਸਟਰੀ ਪ੍ਰੋਮੋਸ਼ਨ ਤੇ ਸਥਾਨਕ ਵਪਾਰ ਮਾਮਲਿਆਂ ਦੇ ਵਿਭਾਗ (ਡੀ. ਪੀ. ਆਈ. ਆਈ. ਟੀ.) ਨੂੰ ਇਸ ਸੰਬੰਧ 'ਚ ਚਿੱਠੀ ਲਿਖੀ ਹੈ, ਜਿਸ 'ਚ ਉਨ੍ਹਾਂ ਨੇ ਕਿਹਾ ਹੈ ਕਿ ਸਮਾਰਟ ਫੋਨਾਂ 'ਤੇ ਮੌਜੂਦਾ 20 ਫੀਸਦੀ ਬੇਸਿਕ ਕਸਟਮਸ ਡਿਊਟੀ ਨਾਲ ਲੋਕਲ ਨਿਰਮਾਣ ਵਧਣ ਦੀ ਬਜਾਏ ਇਨ੍ਹਾਂ ਦੀ ਤਸਕਰੀ ਹੋਣ ਕਾਰਨ ਸਰਕਾਰ ਨੂੰ ਸਾਲਾਨਾ 2,500 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ।

ਸੰਗਠਨ ਜਿਸ 'ਚ ਓਪੋ, ਐਪਲ, ਵੀਵੋ, ਫੌਕਸਕਨ ਤੇ ਫਲੈਕਸਟ੍ਰੋਨਿਕਸ ਕੁਝ ਪ੍ਰਮੁੱਖ ਇਲੈਕਟ੍ਰਾਨਿਕਸ ਨਿਰਮਾਤਾ ਮੈਂਬਰ ਹਨ, ਨੇ ਸਰਕਾਰ ਕੋਲ ਮੰਗ ਕੀਤੀ ਹੈ ਕਿ ਬੀ. ਸੀ. ਡੀ. ਨੂੰ 20 ਫੀਸਦੀ 'ਤੇ ਭਾਵੇਂ ਰਹਿਣ ਦਿੱਤਾ ਜਾਵੇ ਪਰ 20 ਹਜ਼ਾਰ ਰੁਪਏ ਤੋਂ ਉੱਪਰ ਦੇ ਫੋਨਾਂ 'ਤੇ ਇਸ ਨੂੰ ਇਕਸਾਰ 4,000 ਰੁਪਏ ਪ੍ਰਤੀ ਸਮਾਰਟ ਫੋਨ ਕਰ ਦੇਣਾ ਚਾਹੀਦਾ ਹੈ, ਯਾਨੀ ਜਿਨ੍ਹਾਂ ਫੋਨਾਂ ਦੀ ਕੀਮਤ 20,000 ਰੁਪਏ ਤੋਂ ਵੱਧ ਹੈ ਉਨ੍ਹਾਂ 'ਤੇ ਉੱਕੀ-ਬੁੱਕੀ 4 ਹਜ਼ਾਰ ਰੁਪਏ ਡਿਊਟੀ ਲੱਗੇ ਨਾ ਕਿ 20 ਫੀਸਦੀ ਦੇ ਹਿਸਾਬ ਨਾਲ ਕਸਟਮਸ ਡਿਊਟੀ ਚਾਰਜ ਕੀਤੀ ਜਾਵੇ।


Related News