ਵਾਹਨ PLI ਸਕੀਮ ਵਿੱਚ ਫੋਰਡ, ਟਾਟਾ, ਹੁੰਡਈ ਅਤੇ ਸੁਜ਼ੂਕੀ ਸਮੇਤ 20 ਕੰਪਨੀਆਂ ਦੀ ਹੋਈ ਚੋਣ
Saturday, Feb 12, 2022 - 11:04 AM (IST)
ਨਵੀਂ ਦਿੱਲੀ : ਫੋਰਡ, ਟਾਟਾ ਮੋਟਰਜ਼, ਸੁਜ਼ੂਕੀ, ਹੁੰਡਈ, ਕੀਆ ਅਤੇ ਮਹਿੰਦਰਾ ਐਂਡ ਮਹਿੰਦਰਾ ਸਮੇਤ 20 ਕੰਪਨੀਆਂ ਨੂੰ ਵਾਹਨ ਨਿਰਮਾਣ ਅਤੇ ਵਾਹਨ ਉਪਕਰਣ ਖੇਤਰ ਲਈ ਸ਼ੁਰੂ ਕੀਤੀ ਗਈ ਉਤਪਾਦਨ ਅਧਾਰਤ ਪ੍ਰੋਤਸਾਹਨ (ਪੀ.ਐਲ.ਆਈ.) ਸਕੀਮ ਤਹਿਤ ਪ੍ਰੋਤਸਾਹਨ ਮਿਲੇਗਾ। ਭਾਰੀ ਉਦਯੋਗ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਸ ਦੀ ਘੋਸ਼ਣਾ ਕਰਦੇ ਹੋਏ ਕਿਹਾ ਕਿ PLI ਯੋਜਨਾ ਦੇ ਤਹਿਤ 45,016 ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਸਾਹਮਣੇ ਆਏ ਹਨ ਅਤੇ ਇਸ ਯੋਜਨਾ ਨੂੰ ਵੱਡੀ ਸਫਲਤਾ ਮਿਲਦੀ ਦਿਖਾਈ ਦਿੱਤੀ ਹੈ।
ਇਸ ਦੇ ਨਾਲ, ਮੰਤਰਾਲੇ ਨੇ ਕਿਹਾ ਕਿ ਚੈਂਪੀਅਨ ਮੂਲ ਉਪਕਰਨ ਨਿਰਮਾਤਾਵਾਂ (OEMs) ਲਈ ਸ਼ੁਰੂ ਕੀਤੀ ਗਈ ਪ੍ਰੋਤਸਾਹਨ ਯੋਜਨਾ ਦੇ ਤਹਿਤ ਉਪਕਰਣ ਨਿਰਮਾਤਾਵਾਂ ਨੂੰ ਵੀ ਚੁਣਿਆ ਗਿਆ ਹੈ। ਇਸ ਸਕੀਮ ਤਹਿਤ ਚੁਣੇ ਗਏ ਵਾਹਨ ਨਿਰਮਾਤਾਵਾਂ ਵਿੱਚ ਅਸ਼ੋਕ ਲੇਲੈਂਡ, ਆਇਸ਼ਰ ਮੋਟਰਜ਼, ਫੋਰਡ ਇੰਡੀਆ, ਹੁੰਡਈ ਮੋਟਰ ਇੰਡੀਆ, ਕੀਆ ਇੰਡੀਆ, ਮਹਿੰਦਰਾ ਐਂਡ ਮਹਿੰਦਰਾ, ਪੀਸੀਏ ਆਟੋਮੋਬਾਈਲਜ਼ ਇੰਡੀਆ, ਪਿਨੈਕਲ ਮੋਬਿਲਿਟੀ ਸੋਲਿਊਸ਼ਨ, ਸੁਜ਼ੂਕੀ ਮੋਟਰ ਗੁਜਰਾਤ ਅਤੇ ਟਾਟਾ ਮੋਟਰਜ਼ ਸ਼ਾਮਲ ਹਨ।
ਦੂਜੇ ਪਾਸੇ, ਯੋਜਨਾ ਦੇ ਦਾਇਰੇ ਵਿੱਚ ਚੁਣੀਆਂ ਗਈਆਂ ਦੋਪਹੀਆ ਅਤੇ ਤਿੰਨ-ਪਹੀਆ ਵਾਹਨ ਕੰਪਨੀਆਂ ਵਿੱਚ ਬਜਾਜ ਆਟੋ, ਹੀਰੋ ਮੋਟੋਕਾਰਪ, ਪਿਆਜੀਓ ਵਾਹਨ ਅਤੇ ਟੀਵੀਐਸ ਮੋਟਰ ਸ਼ਾਮਲ ਹਨ। ਇਸ ਤੋਂ ਇਲਾਵਾ, ਵਾਹਨ ਉਪਕਰਣ ਨਿਰਮਾਤਾ ਸ਼੍ਰੇਣੀ ਵਿੱਚ ਐਕਸਿਸ ਕਲੀਨ ਮੋਬਿਲਿਟੀ, ਬੂਮਾ ਇਨੋਵੇਟਿਵ ਟ੍ਰਾਂਸਪੋਰਟ ਸੋਲਿਊਸ਼ਨ, ਇਲੇਸਟ, ਹੋਪ ਇਲੈਕਟ੍ਰਿਕ ਮੈਨੂਫੈਕਚਰਿੰਗ, ਓਲਾ ਇਲੈਕਟ੍ਰਿਕ ਟੈਕਨਾਲੋਜੀਜ਼ ਅਤੇ ਪਾਵਰਹਾਲ ਵਾਹਨ ਸ਼ਾਮਲ ਹਨ।
ਸਰਕਾਰ ਦੇਸ਼ ਵਿੱਚ ਨਿਰਮਾਣ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ PLI ਸਕੀਮ ਚਲਾ ਰਹੀ ਹੈ। ਇਸ ਦੇ ਤਹਿਤ ਕੰਪਨੀਆਂ ਨੂੰ ਨਵਾਂ ਨਿਵੇਸ਼ ਕਰਨ 'ਤੇ 18 ਫੀਸਦੀ ਤੱਕ ਦਾ ਪ੍ਰੋਤਸਾਹਨ ਦਿੱਤਾ ਜਾਂਦਾ ਹੈ। ਆਟੋ ਸੈਕਟਰ ਲਈ ਸ਼ੁਰੂ ਕੀਤੀ ਗਈ PLI ਸਕੀਮ ਤਹਿਤ ਕੁੱਲ 115 ਕੰਪਨੀਆਂ ਨੇ ਲਾਭ ਲੈਣ ਲਈ ਅਪਲਾਈ ਕੀਤਾ ਸੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।