ਇਜ਼ਰਾਈਲ-ਹਮਾਸ ਜੰਗ ਕਾਰਨ ਸਹਿਮੇ ਨਿਵੇਸ਼ਕ, ਭਾਰਤ ਨੂੰ ਹੋਇਆ 20,300 ਕਰੋੜ ਦਾ ਨੁਕਸਾਨ
Sunday, Oct 29, 2023 - 06:57 PM (IST)
ਨਵੀਂ ਦਿੱਲੀ (ਭਾਸ਼ਾ) - ਇਜ਼ਰਾਈਲ-ਹਮਾਸ ਵਿਚਾਲੇ ਜੰਗ ਲੰਮੇ ਸਮੇਂ ਤੋਂ ਜਾਰੀ ਹੈ। ਅਮਰੀਕੀ ਅਰਥਵਿਵਸਥਾ ’ਚ ਵੀ ਉਤਰਾਅ-ਚੜ੍ਹਾਅ ਜਾਰੀ ਹੈ। ਇਨ੍ਹਾਂ ਸਾਰੀਆਂ ਘਟਨਾਵਾਂ ਦਾ ਅਸਰ ਭਾਰਤ ’ਤੇ ਵੀ ਪੈਣਾ ਲਾਜ਼ਮੀ ਹੈ। ਇਨ੍ਹਾਂ ਘਟਨਾਵਾਂ ਕਾਰਨ ਨਿਵੇਸ਼ਕਾਂ ’ਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ, ਖਾਸ ਕਰ ਕੇ ਵਿਦੇਸ਼ੀ ਨਿਵੇਸ਼ਕਾਂ ਵਿਚ। ਦਰਅਸਲ ਇਨ੍ਹਾਂ ਘਟਨਾਵਾਂ ਕਾਰਨ ਵਿਦੇਸ਼ੀ ਨਿਵੇਸ਼ਕਾਂ ਨੇ ਭਾਰਤੀ ਸ਼ੇਅਰ ਬਾਜ਼ਾਰ ਤੋਂ 20,300 ਕਰੋੜ ਰੁਪਏ ਕੱਢਵਾ ਲਏ ਹਨ। ਇਨ੍ਹਾਂ ਘਟਨਾਵਾਂ ਕਾਰਨ ਅਕਤੂਬਰ ’ਚ ਭਾਰਤੀ ਬਾਜ਼ਾਰ ’ਚ ਵਿਕਰੀ ਦਾ ਦਬਦਬਾ ਹੈ।
ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, 20 ਕਰੋੜ ਦੀ ਮੰਗੀ ਫਿਰੌਤੀ
ਕ੍ਰੇਵਿੰਗ ਅਲਫਾ ਸਮਾਲ ਕੇਸ ਮੈਨੇਜਰ ਮਯੰਕ ਮਹਿਰਾ ਅਨੁਸਾਰ ਅੱਗੇ ਚੱਲ ਕੇ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਦੇ ਨਿਵੇਸ਼ ਦੇ ਪ੍ਰਵਾਹ ਫੈੱਡਰਲ ਰਿਜ਼ਰਵ ਦੀ ਮੀਟਿੰਗ ਦੇ ਨਤੀਜਿਆਂ ਅਤੇ ਵਿਸ਼ਵ ਆਰਥਿਕ ਘਟਨਾਕ੍ਰਮਾਂ ’ਤੇ ਨਿਰਭਰ ਕਰੇਗਾ। ਇਸ ਦੇ ਨਾਲ ਹੀ ਸ਼ਾਰਟ ਟਰਮ ’ਚ ਗਲੋਬਲ ਲੈਵਲ ’ਤੇ ਅਨਿਸ਼ਚਿਤਤਾ ਅਤੇ ਅਮਰੀਕਾ ’ਚ ਵਿਆਜ ਦਰਾਂ ’ਚ ਵਾਧੇ ਕਾਰਨ ਐੱਫ. ਪੀ. ਆਈ. ਸਾਵਧਾਨੀ ਭਰਿਆ ਰੁਖ ਅਪਣਾਉਣਗੇ। ਹਾਲਾਂਕਿ, ਭਾਰਤ ਦਾ ਮਜ਼ਬੂਤ ਆਰਥਿਕ ਵਾਧਾ ਸ਼ੇਅਰਾਂ ਅਤੇ ਬਾਂਡ ’ਚ ਵਿਦੇਸ਼ੀ ਨਿਵੇਸ਼ਕਾਂ ਦਾ ਆਕਰਸ਼ਣ ਬਣਾਈ ਰੱਖੇਗਾ।
ਇਹ ਵੀ ਪੜ੍ਹੋ : ਤਿਉਹਾਰੀ ਸੀਜ਼ਨ 'ਚ ਛੁੱਟੀਆਂ ਦੀ ਭਰਮਾਰ, ਨਵੰਬਰ ਮਹੀਨੇ ਦੇਸ਼ 'ਚ 15 ਦਿਨ ਬੰਦ ਰਹਿਣਗੇ ਬੈਂਕ
ਡਿਪਾਜ਼ਟਰੀ ਅੰਕੜਿਆਂ ਮੁਤਾਬਕ ਇਸ ਮਹੀਨੇ 27 ਅਕਤੂਬਰ ਤੱਕ ਐੱਫ. ਪੀ. ਆਈ. ਨੇ 20,356 ਕਰੋੜ ਰੁਪਏ ਦੇ ਸ਼ੇਅਰ ਵੇਚੇ ਹਨ। ਇਸ ਤੋਂ ਪਹਿਲਾਂ ਸਤੰਬਰ ਮਹੀਨੇ ’ਚ ਵੀ ਵਿਦੇਸ਼ੀ ਨਿਵੇਸ਼ਕਾਂ ਨੇ ਵਿਕਰੀ ਕੀਤੀ ਸੀ। ਸਤੰਬਰ ’ਚ ਉਨ੍ਹਾਂ ਨੇ ਭਾਰਤੀ ਸ਼ੇਅਰ ਬਾਜ਼ਾਰ ਤੋਂ 14,767 ਕਰੋੜ ਰੁਪਏ ਦੇ ਸ਼ੇਅਰ ਵੇਚੇ ਸਨ। ਵਿਦੇਸ਼ੀ ਨਿਵੇਸ਼ਕ ਮਾਰਚ ਤੋਂ ਅਗਸਤ ਤੱਕ ਇਸ ਤੋਂ ਪਿਛਲੇ 6 ਮਹੀਨਿਆਂ ਦੌਰਾਨ ਲਗਾਤਾਰ ਭਾਰਤੀ ਬਾਜ਼ਾਰ ’ਚ ਪੈਸਾ ਪਾ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਭਾਰਤੀ ਸ਼ੇਅਰ ਬਾਜ਼ਾਰਾਂ ’ਚ 1.74 ਲੱਖ ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ।
ਮਾਰਨਿੰਗਸਟਾਰ ਇੰਡੀਆ ਦੇ ਐਸੋਸੀਏਟ ਡਾਇਰੈਕਟਰ ਅਤੇ ਮੈਨੇਜਰ ਰਿਸਰਚ ਹਿਮਾਂਸ਼ੂ ਸ਼੍ਰੀਵਾਸਤਵ ਅਨੁਸਾਰ ਅਮਰੀਕਾ ’ਚ ਬਾਂਡ ਯੀਲਡ ’ਚ ਭਾਰੀ ਵਾਧਾ ਇਸ ਹਫਤੇ ਐੱਫ. ਪੀ. ਆਈ. ਦੀ ਨਿਕਾਸੀ ਦੀ ਮੁੱਖ ਵਜ੍ਹਾ ਰਿਹਾ ਹੈ। ਉਥੇ ਇਜ਼ਰਾਈਲ-ਹਮਾਸ ਵਿਚਕਾਰ ਚੱਲ ਰਹੀ ਜੰਗ ਅਤੇ ਉਸ ਤੋਂ ਬਾਅਦ ਕਤਰ ਦੀ ਘਟਨਾ ਨੇ ਵੀ ਅਸਰ ਪਾਇਆ। 16 ਸਾਲਾਂ ’ਚ ਪਹਿਲੀ ਵਾਰ 10 ਸਾਲ ਦੇ ਬਾਂਡਾਂ ’ਤੇ ਰਿਵਾਰਡ 5 ਫੀਸਦੀ ਦੇ ਮਨੋਵਿਗਿਆਨਕ ਪੱਧਰ ਨੂੰ ਪਾਰ ਕਰ ਗਿਆ ਹੈ। ਸ਼੍ਰੀਵਾਸਤਵ ਨੇ ਕਿਹਾ ਕਿ ਇਸ ਕਾਰਨ ਐੱਫ. ਪੀ. ਆਈ. ਭਾਰਤ ਵਰਗੇ ਉਭਰਦੇ ਬਾਜ਼ਾਰਾਂ ਤੋਂ ਆਪਣਾ ਧਿਆਨ ਹਟਾ ਕੇ ਜ਼ਿਆਦਾ ਸੁਰੱਖਿਅਤ ਬਦਲ ਅਮਰੀਕੀ ਸਕਿਓਰਿਟੀਜ਼ ’ਚ ਨਿਵੇਸ਼ ਕਰ ਰਹੇ ਹਨ। ਜਿਓਜੀਤ ਫਾਈਨਾਂਸ਼ੀਅਲ ਸਰਵਿਸਿਜ਼ ਦੇ ਮੁੱਖ ਨਿਵੇਸ਼ ਰਣਨੀਤੀਕਾਰ ਵੀ. ਕੇ. ਵਿਜੇ ਕੁਮਾਰ ਨੇ ਕਿਹਾ ਕਿ ਇਜ਼ਰਾਈਲ-ਹਮਾਸ ਸੰਘਰਸ਼ ਕਾਰਨ ਵੀ ਬਾਜ਼ਾਰ ’ਚ ਨਕਾਰਾਤਮਕ ਧਾਰਨਾ ਬਣੀ ਹੈ। ਇਸ ਦੇ ਨਾਲ ਹੀ ਇਸ ਸਾਲ ਹੁਣ ਤੱਕ ਸ਼ੇਅਰਾਂ ’ਚ ਐੱਫ. ਪੀ. ਆਈ. ਦਾ ਕੁੱਲ ਨਿਵੇਸ਼ ਇਕ ਲੱਖ ਕਰੋੜ ਰੁਪਏ ਰਿਹਾ ਹੈ। ਬਾਂਡ ਮਾਰਕੀਟ ’ਚ ਉਸ ਦਾ ਨਿਵੇਸ਼ 35,200 ਕਰੋੜ ਰੁਪਏ ਤੋਂ ਵੱਧ ਹੋ ਗਿਆ ਹੈ। ਮਾਹਿਰਾਂ ਅਨੁਸਾਰ ਵਿਦੇਸ਼ੀ ਨਿਵੇਸ਼ਕ ਮੁੱਖ ਤੌਰ ’ਤੇ ਵਿੱਤੀ ਅਤੇ ਸੂਚਨਾ ਟੈਕਨਾਲੋਜੀ ਸ਼ੇਅਰਾਂ ’ਚ ਵਿਕਰੀ ਕਰ ਰਹੇ ਹਨ।
ਇਹ ਵੀ ਪੜ੍ਹੋ : ਵਿਦੇਸ਼ਾਂ 'ਚ ਵਧੀ ਭਾਰਤੀ ਅੰਬ ਦੀ ਮੰਗ, 19 ਫ਼ੀਸਦੀ ਵਧਿਆ ਭਾਰਤ ਤੋਂ ਨਿਰਯਾਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8