ਜੂਨ ’ਚ ਘਰੇਲੂ ਹਵਾਈ ਸਫਰ ਕਰਨ ਵਾਲਿਆਂ ਦੀ ਗਿਣਤੀ ’ਚ 12.5 ਫੀਸਦੀ ਦੀ ਗਿਰਾਵਟ
Saturday, Jul 23, 2022 - 05:20 PM (IST)

ਨਵੀਂ ਦਿੱਲੀ (ਭਾਸ਼ਾ) – ਦੇਸ਼ ’ਚ ਜੂਨ ਦੇ ਮਹੀਨੇ ’ਚ ਕਰੀਬ 10.05 ਕਰੋੜ ਘਰੇਲੂ ਮੁਸਾਫਰਾਂ ਨੇ ਹਵਾਈ ਸਫਰ ਕੀਤਾ ਜੋ ਇਕ ਮਹੀਨਾ ਪਹਿਲਾਂ ਦੀ ਤੁਲਨਾ ’ਚ ਕਰੀਬ 12.5 ਫੀਸਦੀ ਘੱਟ ਹੈ। ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀ. ਜੀ. ਸੀ. ਏ.) ਨੇ ਆਪਣੇ ਮਾਸਿਕ ਵੇਰਵੇ ’ਚ ਕਿਹਾ ਕਿ ਮਈ ’ਚ ਕਰੀਬ 1.2 ਕਰੋੜ ਘਰੇਲੂ ਯਾਤਰੀਆਂ ਨੇ ਹਵਾਈ ਸਫਰ ਕੀਤਾ ਸੀ। ਇਸ ਦੇ ਨਾਲ ਹੀ ਜਨਵਰੀ-ਜੂਨ 2022 ਦੌਰਾਨ ਕੁੱਲ 5.72 ਕਰੋੜ ਮੁਸਾਫਰਾਂ ਨੇ ਘਰੇਲੂ ਉਡਾਣਾਂ ਰਾਹੀਂ ਸਫਰ ਕੀਤਾ।
ਅੰਕੜਿਆਂ ਮੁਤਾਬਕ ਏਵੀਏਸ਼ਨ ਕੰਪਨੀ ਇੰਡੀਗੋ ਰਾਹੀਂ ਜੂਨ ’ਚ 59.83 ਲੱਖ ਘਰੇਲੂ ਮੁਸਾਫਰਾਂ ਨੇ ਹਵਾਈ ਸਫਰ ਕੀਤਾ ਜੋ ਘਰੇਲੂ ਏਵੀਏਸ਼ਨ ਬਾਜ਼ਾਰ ਦੀ ਕੁੱਲ ਹਿੱਸੇਦਾਰੀ ਦਾ 56.8 ਫੀਸਦੀ ਹੈ। ਸਪਾਈਸਜੈੱਟ ਰਾਹੀਂ ਪਿਛਲੇ ਮਹੀਨੇ 10.02 ਲੱਖ ਅਤੇ ਗੋਫਸਟ ਏਅਰਲਾਈਨ ਰਾਹੀਂ 9.99 ਲੱਖ ਘਰੇਲੂ ਮੁਸਾਫਰਾਂ ਨੇ ਹਵਾਈ ਸਫਰ ਕੀਤਾ। ਇਸ ਤੋਂ ਇਲਾਵਾ ਵਿਸਤਾਰਾ, ਏਅਰ ਇੰਡੀਆ, ਏਅਰ ਏਸ਼ੀਆ ਇੰਡੀਆ ਅਤੇ ਅਲਾਇੰਸ ਏਅਰ ਰਾਹੀਂ ਕ੍ਰਮਵਾਰ : 9.92 ਲੱਖ, 7.83 ਲੱਖ, 5.9 ਲੱਖ ਅਤੇ 1.2 ਲੱਖ ਮੁਸਾਫਰਾਂ ਨੇ ਹਵਾਈ ਸਫਰ ਕੀਤਾ। ਡੀ. ਜੀ. ਸੀ. ਏ. ਦੇ ਅੰਕੜਿਆਂ ਮੁਤਾਬਕ ਸਪਾਈਸਜੈੱਟ, ਇੰਡੀਗੋ, ਵਿਸਤਾਰਾ, ਗੋ ਫਸਟ, ਏਅਰ ਇੰਡੀਆ ਅਤੇ ਏਅਰ ਏਸ਼ੀਆ ਇੰਡੀਆ ਦੀਆਂ ਸੀਟਾਂ ਦੀ ਬੁਕਿੰਗ ਦਰ ਸਮਰੱਥਾ ਦੇ ਹਿਸਾਬ ਨਾਲ ਕ੍ਰਮਵਾਰ : 84.1 ਫੀਸਦੀ, 78.6 ਫੀਸਦੀ, 83.8 ਫੀਸਦੀ, 78.7 ਫੀਸਦੀ , 75.4 ਫੀਸਦੀ ਅਤੇ 75.8 ਫੀਸਦੀ ਰਹੀ।