PNB ਫਰਾਡ : ਨੀਰਵ ਮੋਦੀ ਦੀ ਭੈਣ ਪੂਰਵੀ ਵਿਰੁੱਧ ਇੰਟਰਪੋਲ ਦਾ 'ਰੈੱਡ ਕਾਰਨਰ ਨੋਟਿਸ' ਜਾਰੀ
Monday, Sep 10, 2018 - 09:17 PM (IST)

ਨਵੀਂ ਦਿੱਲੀ—ਪੰਜਾਬ ਨੈਸ਼ਨਲ ਬੈਂਕ ਘੋਟਾਲੇ ਦੇ ਦੋਸ਼ੀ ਨੀਰਵ ਮੋਦੀ ਦੀ ਭੈਣ ਪੂਰਵੀ ਮੋਦੀ ਵਿਰੁੱਧ ਇੰਟਰਪੋਲ ਨੇ 'ਰੈੱਡ ਕਾਰਨਰ ਨੋਟਿਸ' ਜਾਰੀ ਕੀਤਾ ਹੈ। ਅਧਿਕਾਰੀਆਂ ਦੁਆਰਾ ਦਿੱਤੀ ਗਈ ਜਾਣਕਾਰੀ ਮੁਤਾਬਕ ਪੂਰਵੀ ਬੇਲਜੀਅਮ ਦੀ ਨਾਗਰਿਕ ਹੈ। ਇੰਟਰਪੋਲ ਨੇ ਪੀ.ਐੱਨ.ਬੀ. ਦੇ 2 ਅਰਬ ਡਾਲਰ ਦੇ ਕਥਿਤ ਮਨੀ ਲਾਂਡਰਿੰਗ ਮਾਮਲੇ 'ਚ ਪੂਰਵੀ ਵਿਰੁੱਧ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੂਰਵੀ ਵਿਰੁੱਧ ਰੈੱਡ ਕਾਰਨਰ ਨੋਟਿਸ ਜਾਰੀ
ਅੰਤਰਰਾਸ਼ਟਰੀ ਪੱਧਰ 'ਤੇ ਗ੍ਰਿਫਤਾਰੀ ਵਾਰੰਟ ਦੇ ਰੂਪ 'ਚ ਜਾਰੀ ਇਸ ਨੋਟਿਸ 'ਚ ਕਿਹਾ ਗਿਆ ਹੈ ਕਿ ਪੂਰਵੀ ਦੀਪਕ ਮੋਦੀ (44) ਮਨੀ ਲਾਂਡਰਿੰਗ ਦੇ ਦੋਸ਼ 'ਚ ਲੋੜੀਂਦੀ ਹੈ। ਅਧਿਕਾਰੀਆਂ ਮੁਤਾਬਕ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਬੇਨਤੀ 'ਤੇ ਪੂਰਵੀ ਵਿਰੁੱਧ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ।
Interpol has issued a red corner notice against Purvi Modi, the sister of PNB scam accused Nirav Modi pic.twitter.com/mqHeIWCIv2
— ANI (@ANI) September 10, 2018
ਪੂਰਵੀ ਤੋਂ ਪੁੱਛ-ਗਿੱਛ ਕਰਨਾ ਚਾਹੁੰਦੀ ਹੈ ਜਾਂਚ ਏਜੰਸੀ
ਇਹ ਜਾਂਚ ਏਜੰਸੀ ਪੀ.ਐੱਨ.ਬੀ. ਫਰਾਡ ਕੇਸ ਦੇ ਸਿਲਸਿਲੇ 'ਚ ਪੂਰਵੀ ਤੋਂ ਪੁੱਛ-ਗਿੱਛ ਕਰਨਾ ਚਾਹੁੰਦੀ ਹੈ। ਪੂਰਵੀ ਨੂੰ ਇਸ ਕੇਸ 'ਚ ਸਭ ਤੋਂ ਪਹਿਲੇ ਇਸ ਸਾਲ ਮਾਰਚ 'ਚ ਨਾਮਜਦ ਦੋਸ਼ੀ ਬਣਾਇਆ ਗਿਆ ਸੀ। ਉਸ 'ਤੇ ਮੁੰਬਈ 'ਚ ਪੰਜਾਬ ਨੈਸ਼ਨਲ ਬੈਂਕ ਦੀ ਬ੍ਰੇਡੀ ਹਾਊਸ ਬ੍ਰਾਂਚ 'ਚ ਮਨੀ ਲਾਂਡਰਿੰਗ ਦਾ ਦੋਸ਼ ਹੈ। ਇੰਟਰਪੋਲ ਦੇ ਨੋਟਿਸ ਮੁਤਾਬਕ ਪੂਰਵੀ ਅੰਗਰੇਜੀ, ਗੁਜਰਾਤੀ ਅਤੇ ਹਿੰਦੀ ਬੋਲਦੀ ਹੈ ਅਤੇ ਬੈਲਜੀਅਮ ਦੀ ਨਾਗਰਿਕ ਹੈ।
ਦੱਸਣਯੋਗ ਹੈ ਕਿ ਪੂਰਵੀ ਵਿਰੁੱਧ ਇਕ ਵਾਰ ਆਰ.ਸੀ.ਐੱਨ. ਜਾਰੀ ਹੋਣ ਤੋਂ ਬਾਅਦ ਇੰਟਰਪੋਲ ਆਪਣੇ 192 ਦੇਸ਼ਾਂ ਨੂੰ ਉਨ੍ਹਾਂ ਦੇ ਦੇਸ਼ 'ਚ ਲੋੜੀਂਦੇ ਵਿਅਕਤੀ ਦੇ ਨਜ਼ਰ ਆਉਣ 'ਤੇ ਗ੍ਰਿਫਤਾਰ ਕਰਨ ਜਾਂ ਹਿਰਾਸਤ 'ਚ ਲੈਣ ਨੂੰ ਕਹਿੰਦਾ ਹੈ ਤਾਂ ਕਿ ਹਵਾਲਗੀ ਜਾਂ ਵਾਪਸ ਭੇਜੇ ਜਾਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕੇ। ਮਨੀ ਲਾਂਡਰਿੰਗ ਦੇ ਦੋਸ਼ਾਂ 'ਤੇ ਨੀਰਵ ਮੋਦੀ ਦੇ ਅਮਰੀਕੀ ਕਾਰੋਬਾਰੀ ਨੂੰ ਦੇਖਣ ਵਾਲੇ ਇਕ ਚੋਟੀ ਦੇ ਕਾਰਜਕਾਰੀ ਅਧਿਕਾਰੀ ਮਿਹਿਰ ਆਰ ਭੰਸਾਲੀ ਵਿਰੁੱਧ ਇੰਟਰਪੋਲ ਦਾ ਇਸ ਤਰ੍ਹਾਂ ਦਾ ਨੋਟਿਸ ਜਾਰੀ ਕੀਤਾ ਗਿਆ ਸੀ। ਮਾਮਲੇ 'ਚ ਈ.ਡੀ. ਅਤੇ ਸੀ.ਬੀ.ਆਈ. ਦੁਆਰਾ ਸੰਯੁਕਤ ਜਾਂਚ ਤਹਿਤ ਕੁਝ ਸਮੇਂ ਪਹਿਲਾਂ ਨੀਰਵ ਮੋਦੀ ਵਿਰੁੱਧ ਇਸ ਤਰ੍ਹਾਂ ਦਾ ਨੋਟਿਸ ਜਾਰੀ ਕੀਤਾ ਗਿਆ ਸੀ।