ਪੈਟਰੋਲ-ਡੀਜ਼ਲ ਕੀਮਤਾਂ 'ਤੇ ਮਿਲ ਸਕਦੀ ਹੈ ਰਾਹਤ, ਸ਼ਾਂਤ ਹੋਈ ਤੇਲ ਦੀ ਧਾਰ!

01/09/2020 11:34:30 AM

ਨਵੀਂ ਦਿੱਲੀ— ਪੈਟਰੋਲ, ਡੀਜ਼ਲ ਕੀਮਤਾਂ 'ਤੇ ਜਲਦ ਥੋੜ੍ਹੀ ਰਾਹਤ ਮਿਲਣ ਦੀ ਉਮੀਦ ਹੈ। ਈਰਾਨ-ਯੂ. ਐੱਸ. ਵਿਚਕਾਰ ਜੰਗੀ ਹਾਲਾਤ ਬਣਨ ਕਾਰਨ 70 ਡਾਲਰ ਪ੍ਰਤੀ ਬੈਰਲ ਤੋਂ ਉਪਰ ਪੁੱਜਾ ਕੱਚਾ ਤੇਲ ਹੁਣ ਇਸ ਤੋਂ ਥੱਲ੍ਹੇ ਕਾਰੋਬਾਰ ਕਰ ਰਿਹਾ ਹੈ। ਬ੍ਰੈਂਟ ਕੱਚਾ ਤੇਲ ਹੁਣ 65-66 ਡਾਲਰ ਪ੍ਰਤੀ ਬੈਰਲ 'ਤੇ ਹੈ, ਜੋ ਅਮਰੀਕੀ ਹਵਾਈ ਹਮਲੇ 'ਚ ਈਰਾਨੀ ਫੌਜ ਦੇ ਟਾਪ ਕਮਾਂਡਰ ਦੀ ਮੌਤ ਦੇ ਤੁਰੰਤ ਮਗਰੋਂ 4 ਫੀਸਦੀ ਉਛਲ ਕੇ 71.70 ਡਾਲਰ ਪ੍ਰਤੀ ਬੈਰਲ 'ਤੇ ਜਾ ਪੁੱਜਾ ਸੀ।

 

ਹਾਲਾਂਕਿ, ਤੇਲ ਦੀ ਧਾਰ 'ਚ ਸਥਿਰਤਾ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਯੂ. ਐੱਸ. ਤੇ ਈਰਾਨ ਵਿਚਕਾਰ ਅੱਗੇ ਹੋਰ ਕੋਈ ਜਵਾਬੀ ਹਮਲਾ ਨਾ ਹੋਵੇ। ਡੋਨਾਲਡ ਟਰੰਪ ਨੇ ਈਰਾਨ ਨੂੰ ਸ਼ਾਂਤੀ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਈਰਾਨ ਦੇ ਹਮਲੇ ਦਾ ਜਵਾਬ ਦੇਣ ਲਈ ਹੋਰ ਬਦਲ ਦੇਖੇ ਜਾ ਰਹੇ ਹਨ ਅਤੇ ਮਿਲਟਰੀ ਕਾਰਵਾਈ ਦੀ ਬਜਾਏ ਈਰਾਨ 'ਤੇ ਆਰਥਿਕ ਪਾਬੰਦੀ ਨੂੰ ਸਖਤ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਜੰਗ ਦੀ ਸਥਿਤੀ 'ਚ ਤੇਲ ਕੀਮਤਾਂ 'ਚ ਵੱਡਾ ਵਾਧਾ ਹੋਣ ਦਾ ਖਦਸ਼ਾ ਸੀ ਕਿਉਂਕਿ ਜਿਸ ਰਸਤਿਓਂ ਹੋਰ ਤੇਲ ਉਤਪਾਦਕ ਦੇਸ਼ ਸਪਲਾਈ ਕਰਦੇ ਹਨ ਉਹ ਰਸਤਾ ਵੀ ਈਰਾਨ ਨਾਲ ਲੱਗਦੇ ਸਮੁੰਦਰੀ ਖੇਤਰ 'ਚੋਂ ਲੰਘਦਾ ਹੈ।
ਯੂ. ਐੱਸ. ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਵਾਸ਼ਿੰਗਟਨ ਮਿਲਟਰੀ ਕਾਰਵਾਈ ਦੀ ਬਜਾਏ ਤਹਿਰਾਨ 'ਤੇ ਹੋਰ ਸਖਤ ਆਰਥਿਕ ਪਾਬੰਦੀਆਂ ਲਾਉਣ ਦਾ ਵਿਚਾਰ ਕਰ ਰਿਹਾ ਹੈ। ਟਰੰਪ ਦੀ ਇਸ ਟਿੱਪਣੀ ਮਗਰੋਂ ਜੰਗ ਦਾ ਖਦਸ਼ਾ ਟਲਦਾ ਦਿਖਾਈ ਦੇ ਰਿਹਾ ਹੈ। ਉੱਥੇ ਹੀ, ਯੂ. ਏ. ਈ. ਨੇ ਕਿਹਾ ਕਿ ਈਰਾਨ ਦੇ ਰਸਤਿਓਂ ਤੇਲ ਸਪਲਾਈ 'ਚ ਫਿਲਹਾਲ ਕੋਈ ਰੁਕਾਵਟ ਨਹੀਂ ਹੈ। ਬਾਜ਼ਾਰ ਮਾਹਰਾਂ ਮੁਤਾਬਕ, ਫਿਲਹਾਲ ਦੀ ਘੜੀ ਕੀਮਤਾਂ 'ਚ ਗਿਰਾਵਟ ਟਰੰਪ ਦੇ ਨਰਮ ਬਿਆਨ ਕਾਰਨ ਆਈ ਹੈ ਪਰ ਜੇਕਰ ਯੂ. ਐੱਸ. ਤੇ ਈਰਾਨ ਵਿਚਕਾਰ ਤਣਾਤਣੀ ਵਧਦੀ ਹੈ ਤਾਂ ਤੇਲ ਕੀਮਤਾਂ 'ਚ ਵਾਧਾ ਹੋ ਸਕਦਾ ਹੈ।


Related News