ਕਾਰਪੋਰੇਟ ਕੰਪਨੀਆਂ ਨੂੰ ਕ੍ਰੈਡਿਟ ਰੇਟਿੰਗ ਦੇਵੇਗੀ ਸਰਕਾਰ
Sunday, Nov 24, 2019 - 02:48 PM (IST)

ਨਵੀਂ ਦਿੱਲੀ— ਕੇਂਦਰੀ ਵਿੱਤ ਮੰਤਰੀ ਨੇ ਕਿਹਾ ਹੈ ਕਿ ਸਰਕਾਰ ਕਾਰਪੋਰੇਟ ਕੰਪਨੀਆਂ ਨੂੰ ਕ੍ਰੈਡਿਟ ਰੇਟਿੰਗ ਦੇਣ 'ਤੇ ਵਿਚਾਰ ਕਰ ਰਹੀ ਹੈ। ਸਰਕਾਰ ਇਸ ਰੇਟਿੰਗ ਨੂੰ ਤਿਆਰ ਕਰਨ ਲਈ ਕਈ ਕ੍ਰੈਡਿਟ ਰੇਟਿੰਗ ਏਜੰਸੀਆਂ ਤੋਂ ਪੂਰੀ ਪ੍ਰਕਿਰਿਆ ਜਾਣ ਰਹੀ ਹੈ।
ਸ਼ਨੀਵਾਰ ਨੂੰ ਚੇਨਈ ਵਿਚ ਇਕ ਸਮਾਗਮ ਵਿਚ ਬੋਲਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਕਈ ਰੇਟਿੰਗ ਏਜੰਸੀਆਂ ਨਾਲ ਮੁਲਾਕਾਤ ਕੀਤੀ ਹੈ ਤੇ ਜਾਣਿਆ ਹੈ ਕਿ ਉਹ ਕੰਪਨੀ ਦੀ ਰੇਟਿੰਗ ਕਿਵੇਂ ਨਿਰਧਾਰਤ ਕਰਦੇ ਹਨ ਤੇ ਇਹ ਦੇਸ਼ ਦੀ ਆਰਥਿਕਤਾ ਨਾਲ ਕਿਵੇਂ ਮੇਲ ਖਾਂਦੀਆਂ ਹਨ। ਕਿਸੇ ਵੀ ਕੰਪਨੀ ਦਾ ਨਾਮ ਲਏ ਬਿਨਾਂ ਸੀਤਾਰਮਨ ਨੇ ਕਿਹਾ ਕਿ 'ਏਏਏ' ਰੇਟਿੰਗ ਦੇ ਬਾਵਜੂਦ ਕਾਰਪੋਰੇਟ ਠੱਪ ਪਏ ਹਨ ਤੇ ਇਸ ਨਾਲ ਲੋਕਾਂ ਵਿਚ ਹੈਰਾਨੀ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਬੈਂਕ ਵੱਲੋਂ ਜਿਸ ਤਰ੍ਹਾਂ ਕਾਰਪੋਰੇਟ ਕੰਪਨੀਆਂ ਦੀ ਸੰਪਤੀ ਦੀ ਗੁਣਵੱਤਾ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ ਤੇ ਜਿਸ ਤਰ੍ਹਾਂ ਕ੍ਰੈਡਿਟ ਰੇਟਿੰਗ ਦਿੱਤੀ ਜਾ ਰਹੀ ਹੈ ਉਨ੍ਹਾਂ 'ਤੇ ਵੀ ਮੰਥਨ ਹੋ ਰਿਹਾ ਹੈ। ਸੀਤਾਰਮਨ ਨੇ ਕਿਹਾ ਕਿ ਸਰਕਾਰ ਵਿੱਤੀ ਖੇਤਰ ਦੇ ਰੈਗੂਲੇਟਰਾਂ ਜਿਵੇਂ ਰਿਜ਼ਰਵ ਬੈਂਕ ਤੇ ਭਾਰਤੀ ਸਕਿਓਰਿਟੀ ਐਕਸਚੇਂਜ ਬੋਰਡ ਨੂੰ ਹੋਰ ਸ਼ਕਤੀਸ਼ਾਲੀ ਬਣਾਉਣ ਦੀ ਯੋਜਨਾ ਵੀ ਬਣਾ ਰਹੀ ਹੈ। ਕਾਰਪੋਰੇਟ ਟੈਕਸ ਵਿਚ ਕਟੌਤੀ ਦਾ ਹਵਾਲਾ ਦਿੰਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਵੱਖ-ਵੱਖ ਸੈਕਟਰਾਂ ਦੀਆਂ ਜ਼ਰੂਰਤਾਂ 'ਤੇ ਤੇਜ਼ੀ ਨਾਲ ਪ੍ਰਤੀਕਿਰਿਆ ਦੇ ਰਹੀ ਹੈ।