1.27 ਲੱਖ ਸ਼ੈੱਲ ਕੰਪਨੀਆਂ ਬੰਦ ਹੋਈਆਂ
Saturday, Apr 25, 2026 - 11:23 PM (IST)
ਨੈਸ਼ਨਲ ਡੈਸਕ- ਪਿਛਲੇ 4 ਸਾਲਾਂ ’ਚ ਕੰਪਨੀਜ਼ ਐਕਟ, 2013 ਅਧੀਨ 1 ਲੱਖ 27 ਹਜ਼ਾਰ 346 ਸ਼ੈੱਲ ਕੰਪਨੀਆਂ ਬੰਦ ਕੀਤੀਆਂ ਗਈਆਂ। ਬੰਦ ਕਰਨ ਦੀ ਇਹ ਮੁਹਿੰਮ 2022-23 ’ਚ ਸ਼ੁਰੂ ਹੋਈ ਸੀ।
ਇਸ ਤੋਂ ਇਲਾਵਾ ਉਕਤ ਐਕਟ ਦੀ ਧਾਰਾ 248 (2) ਅਧੀਨ ਉਹ ਕੰਪਨੀਆਂ ਜੋ ਸਵੈ-ਇੱਛਾ ਨਾਲ ਆਪਣੀਆਂ ਸਾਰੀਆਂ ਦੇਣਦਾਰੀਆਂ ਦਾ ਨਿਪਟਾਰਾ ਕਰਨ ਤੋਂ ਬਾਅਦ ਰਜਿਸਟਰਾਰ ਆਫ਼ ਕੰਪਨੀਜ਼ ਤੋਂ ਆਪਣੇ ਨਾਂ ਨੂੰ ਹਟਾਉਣਾ ਚਾਹੁੰਦੀਆਂ ਹਨ, ਨਿਰਧਾਰਤ ਪ੍ਰਕਿਰਿਆਵਾਂ ਦੀ ਪਾਲਣਾ ਕਰਦੇ ਹੋਏ ਬੰਦ ਕਰ ਦਿੱਤੀਆਂ ਜਾਂਦੀਆਂ ਹਨ।
ਰਜਿਸਟਰਾਰ ਆਫ ਕੰਪਨੀਜ਼ ਜਿਸ ਕੋਲ ਕੰਪਨੀਆਂ ਦੇ ਨਾਂ ਹਟਾਉਣ ਦੀ ਸ਼ਕਤੀ ਹੈ, ਨੇ ਨਿਯਮਾਂ ਦਾ ਪਾਲਣ ਨਾ ਕਰਨ ਲਈ ਉਨ੍ਹਾਂ ਦੇ ਨਾਂ ਹਟਾ ਦਿੱਤੇ ਹਨ ਤੇ ਉਨ੍ਹਾਂ ਨੂੰ ਇਕ ਵੱਖਰੇ ਮੰਤਵ ਲਈ ਰਜਿਸਟਰ ਕੀਤਾ ਹੈ।
ਰਜਿਸਟਰਾਰ ਆਫ ਕੰਪਨੀਜ਼ ਨੇ ਫੀਲਡ ਮੁਲਾਂਕਣ ਕੀਤਾ ਤੇ ਕਿਹਾ ਕਿ ਇਹ ਕੰਪਨੀਆਂ ਇਜਾਜ਼ਤ ਮਿਲਣ ਤੋਂ ਬਾਅਦ ਉਨ੍ਹਾਂ ਦੇ ਨਿਰਧਾਰਤ ਪਤਿਆਂ ’ਤੇ ਨਹੀਂ ਮਿਲੀਆਂ। ਇਹ ਡਾਮੇਟ ਕੰਪਨੀਆਂ ਬਣ ਗਈਆਂ ਸਨ। ਕੋਈ ਕਾਰੋਬਾਰ ਜਾਂ ਸੰਚਾਲਨ ਨਹੀਂ ਕਰ ਰਹੀਆਂ। ਰਜਿਸਟਰੀ ਨੂੰ ਸਾਫ਼ ਕਰਨ ਲਈ ਸਮੇਂ-ਸਮੇਂ ’ਤੇ ਅਜਿਹੀਆਂ ਕੰਪਨੀਆਂ ਨੂੰ ਬੰਦ ਕਰਨ ਲਈ ਕਾਰਵਾਈ ਕੀਤੀ ਜਾਂਦੀ ਹੈ।
ਦਿਲਚਸਪ ਗੱਲ ਇਹ ਹੈ ਕਿ 2019, 2020 ਤੇ 2021 ਦਰਮਿਅਾਨ ਇਕ ਵੱਡੀ ਕਾਰਵਾਈ ਦੌਰਾਨ ਕੰਪਨੀਆਂ ਦੇ ਰਜਿਸਟਰਾਰ ਨੇ 1,00,000 ਤੋਂ ਵੱਧ ਕੰਪਨੀਆਂ ਨੂੰ ‘ਸ਼ੈੱਲ ਕੰਪਨੀਆਂ’ ਵਜੋਂ ਐਲਾਨਿਆ ਤੇ ਬੰਦ ਕਰ ਦਿੱਤਾ।
ਵੇਰਵੇ ਇਸ ਤਰ੍ਹਾਂ ਹਨ :
ਵਿੱਤੀ ਸਾਲ 2022-2023 - 82062
ਵਿੱਤੀ ਸਾਲ 2023-2024 - 16464
ਵਿੱਤੀ ਸਾਲ 2024-2025 - 15837
ਵਿੱਤੀ ਸਾਲ 2025-2026 - 12983 (ਦਸੰਬਰ 2025 ਤੱਕ)
ਕੰਪਨੀਆਂ ਦੀ ਕੁੱਲ ਗਿਣਤੀ - 127346
