‘ਅਗਨੀਪੱਥ’ ਨਾਲ ਪੈਦਾ ਨੌਜਵਾਨ ਦੇਸ਼ ਨੂੰ ਬਿਹਤਰ ਮੁਕਾਮ ’ਤੇ ਲਿਜਾਣ ’ਚ ਸਮਰੱਥ ਹੋਣਗੇ

06/15/2022 12:15:22 PM

ਮੇ. ਜਨ. ਅਸ਼ੋਕ ਕੁਮਾਰ (ਰਿਟਾ.)

ਨਵੀਂ ਦਿੱਲੀ- ਇਸ ’ਚ ਕੋਈ ਅਤਿਕਥਨੀ ਨਹੀਂ ਕਿ ਆਉਣ ਵਾਲਾ ਸਮਾਂ ਤਾਂ ਏਸ਼ੀਆ ਦਾ ਹੈ ਹੀ ਪਰ ਇਸ ਨੂੰ ਲਿਆਉਣ ’ਚ ਭਾਰਤ ਦੀ ਮਹੱਤਵਪੂਰਨ ਭੂਮਿਕਾ ਰਹੇਗੀ। ਭਾਰਤ ਦੀ ਹਾਂ-ਪੱਖੀ ਭੂਮਿਕਾ ਉਦੋਂ ਰਹੇਗੀ ਜਦੋਂ ਭਾਰਤ ਇਕ ਮਜ਼ਬੂਤ ਰਾਸ਼ਟਰ ਦੇ ਰੂਪ ’ਚ ਉਭਰੇਗਾ ਜਿਸ ਲਈ ਸਾਰੀਆਂ ਸਮਰੱਥਾਵਾਂ ਦਾ ਹੋਣਾ ਜ਼ਰੂਰੀ ਹੈ ਜਿਨ੍ਹਾਂ ’ਚ ਫੌਜੀ ਸਮਰੱਥਾ ਇਕ ਮਹੱਤਵਪੂਰਨ ਸਥਾਨ ਹੈ। ਭਾਰਤ ਨੇ ਸੀਮਤ ਤੌਰ ’ਤੇ ਹੀ ਸਹੀ, ਆਖਰੀ ਜੰਗ ਕਾਰਗਿਲ ’ਚ 1999 ’ਚ ਲੜੀ ਸੀ। ਕਾਰਗਿਲ ਰਿਵਿਊ ਕਮੇਟੀ ਦੇ ਬਹੁਤ ਸਾਰੇ ਸੁਝਾਵਾਂ ’ਚ ਇਕ ਮਹੱਤਵਪੂਰਨ ਸੁਝਾਅ ਇਹ ਵੀ ਸੀ ਕਿ ਫੌਜ ਨੂੰ ਜਵਾਨ ਬਣਾਇਆ ਜਾਵੇ। ਇਸ ਸੁਝਾਅ ’ਤੇ ਗੌਰ ਕਰ ਕੇ ਕੁਝ ਕਦਮ ਚੁੱਕੇ ਗਏ, ਜਿਸ ਨਾਲ ਕਮਾਨ ਅਧਿਕਾਰੀ ਦੀ ਉਮਰ ਕੁਝ ਘੱਟ ਹੋਈ ਪਰ ਸਖਤ ਲੋੜ ਦੇ ਬਾਵਜੂਦ ਫੌਜੀਆਂ ਦੇ ਸਬੰਧ ’ਚ ਇਹ ਕੀਤਾ ਜਾਣਾ ਬਾਕੀ ਸੀ।

ਰੱਖਿਆ ਬਜਟ ਵੱਧ ਤਾਂ ਰਿਹਾ ਹੈ ਪਰ ਅਸੀਮਤ ਨਹੀਂ ਹੈ। ਇਸ ਲਈ ਲੋੜ ਹੈ ਕਿ ਮੁਹੱਈਆ ਰੱਖਿਆ ਬਜਟ ਦੀ ਠੀਕ ਢੰਗ ਨਾਲ ਵਰਤੋਂ ਹੋਵੇ ਜਿਸ ਨਾਲ ਫੌਜ ਦੇ ਆਧੁਨਿਕੀਕਰਨ ’ਤੇ ਧਿਆਨ ਕੇਂਦਰਿਤ ਕੀਤਾ ਜਾ ਸਕੇ ਕਿਉਂਕਿ ਭਵਿੱਖ ਦੀ ਜੰਗ ਪੂਰੀ ਤਰ੍ਹਾਂ ਵੱਖਰੀ ਕਿਸਮ ਦੀ ਹੋਵੇਗੀ। ਇਸ ਲੋੜ ’ਤੇ ਪ੍ਰਤੀਕੂਲ ਪ੍ਰਭਾਵ ਪੈਂਦਾ ਹੈ ਕਿਉਂਕਿ ਬਜਟ ਦਾ ਇਕ ਵੱਡਾ ਹਿੱਸਾ ਤਨਖਾਹ ਅਤੇ ਪੈਨਸ਼ਨ ’ਤੇ ਖਰਚ ਹੁੰਦਾ ਹੈ। ਭਾਰਤ ਇਸ ਸਮੇਂ ‘ਯੂਥ ਬਲਜ਼’ ਦੇ ਦੌਰ ’ਚੋਂ ਲੰਘ ਰਿਹਾ ਹੈ। ਜੇਕਰ ਅਸੀਂ ਨੌਜਵਾਨ ਵਰਗ ਦੀ ਇਸ ਸਮਰੱਥਾ ਦੀ ਸਹੀ ਵਰਤੋਂ ਕੀਤੀ ਤਾਂ ਰਾਸ਼ਟਰ ਵਿਸ਼ਵ ਦੀ ਮੋਹਰਲੀ ਕਤਾਰ ’ਚ ਖੜਵਾ ਮਿਲੇਗਾ ਪਰ ਜੇਕਰ ਇਹ ਸਮਰੱਥਾ ਘਟਦੀ ਦਿਸ਼ਾ ’ਚ ਗਈ ਤਾਂ ਭਾਰਤ ਦੇ ਭਵਿੱਖ ਨੂੰ ਇਕ ਭਿਆਨਕ ਝਟਕਾ ਲੱਗੇਗਾ। ਆਜ਼ਾਦੀ ਦੇ ਸਮੇਂ ਜਦੋਂ ਨੈਸ਼ਨਲ ਕੈਡੇਟ ਕੋਰ (ਐੱਨ. ਸੀ. ਸੀ.) ਦੀ ਸਥਾਪਨਾ ਹੋਈ ਤਾਂ ਇਸ ਗੱਲ ’ਤੇ ਕਾਫੀ ਚਰਚਾ ਹੋਈ ਕਿ ਇਸਦੀ ਵਾਗਡੋਰ ਕਿਸ ਸੰਸਥਾ ਨੂੰ ਸੌਂਪੀ ਜਾਵੇ ਅਤੇ ਇਸ ਜ਼ਿੰਮੇਵਾਰੀ ਲਈ ਭਾਰਤੀ ਫੌਜ ਨੂੰ ਚੁਣਿਆ ਗਿਆ। ਭਾਰਤੀ ਫੌਜਾਂ ਉਦੋਂ ਤੋਂ ਹੀ ਨੌਜਵਾਨ ਵਰਗ ਦੇ ਰਾਹੀਂ ਰਾਸ਼ਟਰ ਨਿਰਮਾਣ ’ਚ ਲੱਗੀਆਂ ਹਨ।

ਸਰਕਾਰ ਨੇ ਕਾਫੀ ਮੰਥਨ ਦੇ ਬਾਅਦ ‘ਅਗਨੀਪੱਥ’ ਸਕੀਮ ਨੂੰ ਜ਼ਮੀਨ ’ਤੇ ਉਤਾਰਿਆ ਹੈ। ਇਸ ਦੇ ਰਾਹੀਂ ਢੇਰ ਸਾਰੀਆਂ ਲੋੜਾਂ ਨੂੰ ਇਕੱਠਿਆਂ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਤੱਥ ਦੇ ਬਾਵਜੂਦ ਕਿ ਹਰ ਸੋਚ ’ਚ ਚੰਗਿਆਈਆਂ ਦੇ ਨਾਲ ਨਾਲ ਕੁਝ ਕਮੀਆਂ ਵੀ ਹੋ ਸਕਦੀਆਂ ਹਨ ਜਿਨ੍ਹਾਂ ਨੂੰ ਸਮੇਂ ਦੇ ਨਾਲ ਨਾਲ ਸੁਧਾਰਿਆ ਜਾ ਸਕਦਾ ਹੈ, ਕੁਝ ਵਿਚਾਰਕ ਇਸ ਨਵੀਂ ਖਾਹਿਸ਼ੀ ਯੋਜਨਾ ’ਚ ਸਿਰਫ ਕਮੀਆਂ ਕੱਢਣ ’ਚ ਲੱਗੇ ਹਨ।
ਉਂਝ ਤਾਂ ਅਗਨੀਪੱਥ ਸਕੀਮ ਦੇ ਵੇਰਵੇ ਸਾਰਿਆਂ ਦੇ ਸਾਹਮਣੇ ਆ ਗਏ ਹਨ ਅਤੇ ਇਹ ਪਤਾ ਲੱਗਾ ਹੈ ਕਿ ਅਗਨੀਵੀਰ ਕਿਸ ਤਰ੍ਹਾਂ ਫੌਜਾਂ ’ਚ ਸ਼ਾਮਲ ਹੋਣਗੇ ਅਤੇ ਕਿਸ ਤਰ੍ਹਾਂ ਰਾਸ਼ਟਰ ਦੀਆਂ ਚੁਣੌਤੀਆਂ ’ਚ ਆਪਣੀ ਹਾਂਪੱਖੀ ਭੂਮਿਕਾ ਨਿਭਾਉਣਗੇ। ਇਨ੍ਹਾਂ ਦੇ ਰਾਹੀਂ ਕੀ ਤਬਦੀਲੀਆਂ ਹੋਣਗੀਆਂ, ਉਨ੍ਹਾਂ ’ਤੇ ਇਕ ਝਾਤੀ ਮਾਰਨ ਦੀ ਲੋੜ ਹੈ। ਅਗਨੀਵੀਰ ਪੂਰੇ ਰਾਸ਼ਟਰ ਦੇ ਹਰ ਵਰਗ ਅਤੇ ਹਰ ਸੂਬੇ ਦੀ ਪ੍ਰਤੀਨਿਧਤਾ ਕਰਨਗੇ ਅਤੇ ਨਵੇਂ ਭਾਰਤ ਦੇ ਉਭਰਨ ’ਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਵਿਸ਼ਵ ਜੰਗ ਦੇ ਦੌਰ ਦੀ ‘ਫਿਕਸਡ ਵਰਗ’ ਦੀ ਮਾਨਸਿਕਤਾ ਤੋਂ ਬਾਹਰ ਆਉਣ ਦਾ ਸਮਾਂ ਆ ਗਿਆ ਹੈ। ਜੋ ਯੂਨਿਟਾਂ ਸਮੁੱਚੇ ਵਰਗ ਦੇ ਆਧਾਰ ’ਤੇ ਬਣੀਆਂ ਹਨ, ਉਨ੍ਹਾਂ ਨੇ ਵੀ ਜੰਗ ਤੇ ਅੰਦਰੂਨੀ ਸੁਰੱਖਿਆ ’ਚ ਸ਼ਾਨਦਾਰ ਯੋਗਦਾਨ ਦਿੱਤਾ ਹੈ, ਇਸ ਲਈ ਬੇਲੋੜੀਆਂ ਚਿੰਤਾਵਾਂ ਨੂੰ ਪਿੱਛੇ ਛੱਡਣ ਦੀ ਲੋੜ ਹੈ ਅਤੇ ਸਾਡੀਆਂ ਫੌਜਾਂ ’ਚ ਜਲਦੀ ਹੀ ਪੂਰੀ ਤਰ੍ਹਾਂ ਸਮੁੱਚੇ ਵਰਗ ਦੀ ਪ੍ਰਤੀਨਿਧਤਾ ਬੜੀ ਜ਼ਰੂਰੀ ਹੈ ਤਾਂ ਕਿ ਫੌਜ ’ਚ ਭਰਤੀ ਯੋਗਤਾ ਦੇ ਆਧਾਰ ’ਤੇ ਹੋਵੇ ਨਾ ਕਿ ਵਰਗ ਵਿਸ਼ੇਸ਼ ਦੇ।

ਸਮੇਂ ਦੇ ਨਾਲ ਨਾਲ ਜਿਵੇਂ-ਜਿਵੇਂ ਅਗਨੀਵੀਰਾਂ ਦੀ ਗਿਣਤੀ ਵਧੇਗੀ ਅਸੀਂ ਇਕ ਜਵਾਨ ਫੌਜ ਬਣਾ ਸਕਣ ’ਚ ਸਫਲ ਹੋਵਾਂਗੇ। ਮੌਜੂਦਾ ਪ੍ਰੋਫਾਈਲ ਨੂੰ 5-6 ਸਾਲ ਤੱਕ ਜਵਾਨ ਹੋਣ ਦੀ ਸੰਭਾਵਨਾ ਹੈ। ਜਦਕਿ ਇਹ ਸਹੀ ਹੈ ਕਿ ਹਥਿਆਰਾਂ ਦੇ ਪਿੱਛੇ ਦਾ ਵਿਅਕਤੀ ਸਭ ਤੋਂ ਵੱਧ ਮਹੱਤਵਪੂਰਨ ਹੈ ਅਤੇ ਇਸ ਲਈ ਇਹ ਵਿਅਕਤੀ ਪੂਰੀ ਤਰ੍ਹਾਂ ਯੋਗ ਪੜ੍ਹਿਆ-ਲਿਖਿਆ ਹੋਣਾ ਚਾਹੀਦਾ ਹੈ ਕਿਉਂ ਤਦ ਹੀ ਉਹ ਮੌਜੂਦਾ ਤੇ ਭਵਿੱਖ ਦੀ ਜੰਗ ਦੀਆਂ ਚੁਣੌਤੀਆਂ ਨਾਲ ਨਜਿੱਠ ਸਕੇਗਾ। ਆਧੁਨਿਕ ਤਕਨੀਕ ਨਾਲ ਲੈਸ ਹਥਿਆਰਾਂ ਨੂੰ ਮੌਜੂਦਾ ਅਗਨੀਵੀਰ ਢੰਗ ਨਾਲ ਚਲਾ ਸਕਣਗੇ। ਉਨ੍ਹਾਂ ਦੇ ਅੰਦਰ ਉਹ ਸੋਚ ਹੋਵੇਗੀ ਜਿਸ ਨਾਲ ਉਹ ਜੰਗ ਦੀਆਂ ਚੁਣੌਤੀਆਂ ਨੂੰ ਵਧੀਆ ਢੰਗ ਨਾਲ ਸਮਝ ਸਕਣਗੇ ਅਤੇ ਉਨ੍ਹਾਂ ਨੂੰ ਹੱਲ ਕਰ ਸਕਣਗੇ। ਅਗਨੀਪੱਥ ਸਕੀਮ ਦਾ ਇਕ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਇਸ ਨਾਲ ਫੌਜਾਂ ’ਚ ਇਕ ਬੜਾ ਵੱਡਾ ਗੁਣਾਤਮਕ ਸੁਧਾਰ ਹੋਵੇਗਾ ਕਿਉਂਕਿ ਸ਼ੁਰੂਆਤੀ ਦੌਰ ’ਚ ਸ਼ਾਮਲ ਲੋਕਾਂ ’ਚੋਂ ਸਿਰਫ 25 ਫੀਸਦੀ ਦੀ ਚੋਣ ਹੋਵੇਗੀ, ਇਸ ਨਾਲ ਇਕ ਪਾਸੇ ਇਸ ’ਚ ਸ਼ਾਮਲ ਹੋਣ ਲਈ ਮੁਕਾਬਲੇਬਾਜ਼ੀ ਵਧੇਗੀ ਤਾਂ ਦੂਜੇ ਪਾਸੇ ਚੁਣੇ ਵਿਅਕਤੀ ਭਵਿੱਖ ਦੀ ਫੌਜ ਲਈ ਵੱਧ ਢੁੱਕਵੇਂ ਹੋਣਗੇ। ਇਸ ਤਰ੍ਹਾਂ ਵਿਅਕਤੀ ਤੇ ਸੰਸਥਾ ਦੋਵਾਂ ਦੀ ਸਮਰੱਥਾ ’ਚ ਗੁਣਾਤਮਕ ਸੁਧਾਰ ਹੋਵੇਗਾ।
ਜੋ ਅਗਨੀਵੀਰ 25 ਫੀਸਦੀ ਦਾ ਹਿੱਸਾ ਬਣ ਕੇ ਮੁੜ ਫੌਜ ’ਚ ਸ਼ਾਮਲ ਹੋਣਗੇ ਉਨ੍ਹਾਂ ’ਚ ਵਿਕਸਤ ਦੇਸ਼ਾਂ ਦੇ ਐੱਨ. ਸੀ. ਓ. ਵਰਗੀ ਯੋਗਤਾ ਹੋਵੇਗੀ ਅਤੇ ਇਸ ਤਰ੍ਹਾਂ ਸਾਡੀ ਜੂਨੀਅਰ ਲੀਡਰਸ਼ਿਪ ’ਚ ਇਕ ਬੇਮਿਸਾਲ ਉਛਾਲ ਹੋਵੇਗਾ ਜੋ ਜੰਗ ਦੇ ਨਾਲ-ਨਾਲ ਅੰਦਰੂਨੀ ਉਲਝਣਾਂ ’ਚ ਵੀ ਚੰਗਾ ਕੰਮ ਕਰੇਗਾ। ਅਸੀਂ ਇਕ ਅਜਿਹੀ ਫੌਜ ਦਾ ਵਿਕਾਸ ਕਰ ਸਕਾਂਗੇ ਜੋ ਵਿਸ਼ਵ ਦੇ ਸਾਹਮਣੇ ਮਿਸਾਲ ਬਣ ਕੇ ਉਭਰੇਗੀ। ਫੌਜਾਂ ਲਈ ਉਪਯੋਗੀ ਇਹ ਯੋਜਨਾ ਰਾਸ਼ਟਰ ਹਿੱਤ ਦੇ ਲਈ ਬੜਾ ਵੱਡਾ ਕੰਮ ਕਰੇਗੀ। 4 ਸਾਲ ਫੌਜੀ ਜ਼ਿੰਦਗੀ ’ਚ ਬਿਤਾਉਣ ਦੇ ਬਾਅਦ ਇਹ ਜਵਾਨ ਜਿਸ ਵੀ ਖੇਤਰ ’ਚ ਕੰਮ ਕਰਨਗੇ ਉਸ ’ਚ ਬੜੇ ਪ੍ਰਭਾਵੀ ਹੋਣਗੇ। ਇਸ ਤਰ੍ਹਾਂ ਇਕ ਮਜ਼ਬੂਤ ਦੇਸ਼ ਦੇ ਨਿਰਮਾਣ ’ਚ ਬੜੀ ਮਦਦ ਮਿਲੇਗੀ।

ਅਗਨੀਪੱਥ ਸਕੀਮ ਨਾਲ ਤਨਖਾਹ ਤੇ ਪੈਨਸ਼ਨ ’ਤੇ ਹੋਣ ਵਾਲਾ ਖਰਚ ਵੀ ਬਚੇਗਾ ਜਿਸ ਦੀ ਚੰਗੀ ਵਰਤੋਂ ਫੌਜਾਂ ਦੇ ਆਧੁਨਿਕੀਕਰਨ ਲਈ ਹੋ ਸਕਦੀ ਹੈ। ਜਦਕਿ ਸਰਕਾਰ ਨੇ ਅਗਨੀਵੀਰਾਂ ਦੇ ਹਿੱਤਾਂ ਦਾ ਧਿਆਨ ਰੱਖਣ ਲਈ ਕਈ ਵਿਵਸਥਾਵਾਂ ਨੂੰ ਸ਼ਾਮਲ ਕੀਤਾ ਹੈ ਜਿਨ੍ਹਾਂ ’ਚ ਸੇਵਾ ਫੰਡ ਦੀ ਸਥਾਪਨਾ ਅਤੇ ਸਕਿਲ ਵਿਕਾਸ ਪ੍ਰਮੁੱਖ ਹਨ। ਸਮੇਂ ਦੇ ਨਾਲ ਨਾਲ ਚੁਣੌਤੀਆਂ ਉਭਰ ਸਕਦੀਆਂ ਹਨ ਅਤੇ ਭਾਰਤੀ ਫੌਜਾਂ ਅਤੇ ਭਾਰਤ ਦੇਸ਼ ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ’ਚ ਸਮਰੱਥ ਹੋਵੇਗਾ। ਸਕੀਮ ਦੇ ਸਾਰੇ ਪਹਿਲੂਆਂ ’ਤੇ ਗੌਰ ਕਰੀਏ ਤਾਂ ਵਧੇਰੇ ਲੋਕ ਢੁਕਵੀਆਂ ਥਾਵਾਂ ’ਤੇ ਕੰਮ ਕਰ ਸਕਣਗੇ। ਜੇਕਰ ਕੁਝ ਲੋਕ ਸਰਕਾਰੀ ਨੌਕਰੀ ਨਹੀਂ ਵੀ ਲੈ ਸਕੇ ਤਾਂ ਵੀ ਇੰਨੇ ਮਜ਼ਬੂਤ ਹੋਣਗੇ ਕਿ ਪੂਰਨ ਬੇਰੋਜ਼ਗਾਰੀ ਤੋਂ ਬਿਹਤਰ ਸਥਿਤੀ ’ਚ ਹੋਣਗੇ। ਇਸ ਮੁੱਦੇ ਨਾਲ ਸਬੰਧਤ ਚਿੰਤਾਵਾਂ ਨੂੰ ਵੀ ਸਮੇਂ ਦੇ ਨਾਲ ਨਾਲ ਸੁਲਝਾ ਲਿਆ ਜਾਵੇਗਾ। ਅਗਨੀਪੱਥ ਸਕੀਮ ਜਿੱਥੇ ਇਕ ਪਾਸੇ ਮੁਕੰਮਲ ਭਾਰਤ ਦੀ ਪ੍ਰਤੀਨਿਧਤਾ ਕਰਨ ਦੇ ਨਾਲ ਨਾਲ ਭਿਆਨਕ ਗੁਣਾਤਮਕ ਸੁਧਾਰ ਕਰਦੀ ਹੈ ਉਥੇ ਹੀ ਦੇਸ਼ ਦੇ ਨੌਜਵਾਨਾਂ ’ਚ ਇਕ ਅਜਿਹਾ ਵਰਗ ਪੈਦਾ ਕਰਦੀ ਹੈ ਜੋ ਭਾਰਤ ਨੂੰ ਇਕ ਨਵੇਂ ਅਤੇ ਬਿਹਤਰ ਮੁਕਾਮ ’ਤੇ ਲਿਜਾਣ ਦੇ ਸਮਰੱਥ ਹੋਵੇਗਾ।
 


DIsha

Content Editor

Related News