ਯਮੁਨਾ ਅਤੇ ਹੋਰ ਜਲ ਸਰੋਤਾਂ ਦੀ ਗੁਣਵੱਤਾ ਵਿਚ ਸੁਧਾਰ ਲਈ ਜੰਗੀ ਪੱਧਰ ’ਤੇ ਕਾਰਜ ਜ਼ਰੂਰੀ
Monday, Feb 03, 2025 - 11:52 AM (IST)
ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਦਿੱਲੀ ਵਿਚ ਚੋਣ ਸਰਗਰਮੀਆਂ ਆਪਣੇ ਸਿਖਰ ’ਤੇ ਹਨ। ਪ੍ਰਚਾਰ ਮੁਹਿੰਮਾਂ ਵਿਚ ਵਾਅਦਿਆਂ ਅਤੇ ਲਾਲਚ ਦੀਆਂ ਰਿਓੜੀਆਂ ਦੀ ਭਰਮਾਰ ਦੇ ਨਾਲ, ਯਮੁਨਾ ਦੇ ਪਾਣੀ ਦੇ ਜ਼ਹਿਰੀਲੇ ਹੋਣ ਦਾ ਮੁੱਦਾ ਵੀ ਬਹੁਤ ਗਰਮ ਹੈ। ਇਸ ਜ਼ੁਬਾਨੀ ਜੰਗ ਵਿਚ ਸਾਰੀਆਂ ਧਿਰਾਂ ਇਕ-ਦੂਜੇ ’ਤੇ ਦੋਸ਼ ਲਗਾ ਰਹੀਆਂ ਹਨ। ਰਾਜਨੀਤਿਕ ਉਥਲ-ਪੁਥਲ ਤੋਂ ਇਲਾਵਾ, ਜੇਕਰ ਅਸੀਂ ਭਾਰਤ ਵਿਚ ਸਥਿਤ ਜ਼ਿਆਦਾਤਰ ਜਲ ਸਰੋਤਾਂ ਦੀ ਸਫਾਈ ਦਾ ਸਤਹੀ ਮੁਲਾਂਕਣ ਕਰੀਏ, ਤਾਂ ਪ੍ਰਦੂਸ਼ਣ ਦਾ ਲਗਾਤਾਰ ਵਧਦਾ ਪੱਧਰ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਹਿਮਾਲਿਆ ਦੇ ਸ਼ੀਸ਼ੇ ਵਰਗੇ ਸਾਫ਼ ਪਾਣੀ ਵਿਚ ਆਪਣੇ ਸਰੋਤ ਤੋਂ 855 ਮੀਲ (1,375 ਕਿਲੋਮੀਟਰ) ਦੀ ਦੂਰੀ ’ਤੇ ਵਗਣ ਵਾਲੀ ਅਤੇ ਆਪਣੇ ਸੱਭਿਆਚਾਰਕ, ਧਾਰਮਿਕ ਅਤੇ ਇਤਿਹਾਸਕ ਮਹੱਤਵ ਲਈ ਮਸ਼ਹੂਰ ਯਮੁਨਾ ਜੀ ਿਦੱਲੀ ਮਹਾਨਗਰ ਵਿਚੋਂ ਲੰਘਣ ਤੋਂ ਬਾਅਦ ਦੁਨੀਆ ਦੀਆਂ ਸਭ ਤੋਂ ਪ੍ਰਦੂਸ਼ਿਤ ਨਦੀਆਂ ਵਿਚੋਂ ਇਕ ਬਣ ਜਾਂਦੀ ਹੈ। ਡੀ. ਪੀ. ਸੀ. ਸੀ. ਦੀ ਮਾਸਿਕ ਰਿਪੋਰਟ ਦੇ ਅਨੁਸਾਰ, ਸਾਲ 2024 ਦੇ ਅੰਤ ਤੱਕ ਯਮੁਨਾ ਜੀ ਦੇ ਪਾਣੀ ਵਿਚ ਮਲ-ਮੂਤਰ ਕੋਲੀਫਾਰਮ 79,00,000 ਐੱਮ. ਪੀ. ਐੱਨ. ਪ੍ਰਤੀ 100 ਮਿ. ਲੀ. ਹੋ ਿਗਆ, ਜੋ ਕਿ ਸਾਲ 2023 ਵਿਚ 3,20,000 ਅਤੇ ਸਾਲ 2021 ਵਿਚ 6,80,000 ਤੋਂ ਕਿਤੇ ਵੱਧ ਹੈ।
ਇਕ ਅਧਿਐਨ ਵਿਚ, ਉੱਪਰੀ ਯਮੁਨਾ ਜੀ ਦੇ ਪਾਣੀ ਵਿਚ ਭਾਰੀ ਧਾਤੂ ਪ੍ਰਦੂਸ਼ਣ, ਸੰਬੰਧਤ ਜੋਖਮਾਂ ਅਤੇ ਸੰਭਾਵੀ ਜਲ ਸਰੋਤਾਂ ਦੀ ਜਾਂਚ ਕਰਨ ਲਈ ਵੱਖ-ਵੱਖ ਪ੍ਰਦੂਸ਼ਣ ਸੂਚਕ ਅੰਕ ਅਤੇ ਰਸਾਇਣਕ ਤਰੀਕਿਆਂ ਦੀ ਵਰਤੋਂ ਕੀਤੀ ਗਈ। ਦਰਿਆਈ ਪਾਣੀ ਦੇ ਕੁੱਲ 56 ਨਮੂਨਿਆਂ ਵਿਚੋਂ 28-28 ਨਮੂਨੇ ਮਾਨਸੂਨ ਤੋਂ ਪਹਿਲਾਂ ਅਤੇ ਬਾਅਦ ਦੇ ਮੌਸਮ ਤੋਂ ਇਕੱਠੇ ਕੀਤੇ ਗਏ ਸਨ। ਇਨ੍ਹਾਂ ਵਿਚੋਂ 15 ਭਾਰੀ ਧਾਤਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਪ੍ਰਦੂਸ਼ਣ ਸੂਚਕ ਅੰਕ ਹੇਠਲੇ ਜਲ ਖੇਤਰ ਨੂੰ ਛੱਡ ਕੇ ਜ਼ਿਆਦਾਤਰ ਥਾਵਾਂ ’ਤੇ (ਘੱਟੋ-ਘੱਟ) ਦਰਮਿਆਨਾ ਪ੍ਰਦੂਸ਼ਣ ਦਰਸਾਉਂਦੇ ਹਨ। ਯਮੁਨਾ ਨਦੀ ਵਿਚ ਪ੍ਰਦੂਸ਼ਣ ਦੇ ਪੱਧਰ ਅਤੇ ਮੂਲ ਦਾ ਪਤਾ ਲਗਾਉਣ ਲਈ 1977-78 ਵਿਚ ਕੇਂਦਰੀ ਵਾਤਾਵਰਣ ਕੰਟਰੋਲ ਵਲੋਂ ਕੀਤੀ ਗਈ ਇਕ ਖੋਜ ਰਿਪੋਰਟ ਦੇ ਅਨੁਸਾਰ, ਘਰੇਲੂ ਕੂੜਾ, ਉਦਯੋਗਿਕ ਅਤੇ ਖੇਤੀਬਾੜੀ ਰਹਿੰਦ-ਖੂੰਹਦ ਪ੍ਰਦੂਸ਼ਣ ਦੇ ਮੁੱਖ ਕਾਰਕ ਪਾਏ ਗਏ। ਮਾਹਿਰਾਂ ਅਨੁਸਾਰ, ਉਦਯੋਗਿਕ ਰਹਿੰਦ-ਖੂੰਹਦ ਤੋਂ ਇਲਾਵਾ, ਯਮੁਨਾ ਜੀ ਦੇ ਪਾਣੀ ਵਿਚ ਕੀਟਨਾਸ਼ਕ, ਖਾਦ, ਸੀਵਰੇਜ ਪ੍ਰਣਾਲੀ ਦਾ ਗੰਦਾ ਪਾਣੀ ਹੋਣ ਦੀ ਸੰਭਾਵਨਾ ਵੀ ਹੈ, ਜੋ ਨਦੀ ਦੇ ਪਾਣੀ ਵਿਚ ਕੈਂਸਰ ਪੈਦਾ ਕਰਨ ਦੇ ਸਮਰੱਥ ਕਾਰਸੀਨੋਜੇਨ ਨੂੰ ਉਤਸ਼ਾਹਿਤ ਕਰਦਾ ਹੈ।
ਯਮੁਨਾ ਜੀ ਦੇ ਪਾਣੀ ਬਾਰੇ ਪਿਛਲੇ 30 ਸਾਲਾਂ ਤੋਂ ਕੀਤੇ ਜਾ ਰਹੇ ਅਧਿਐਨ ਵਿਚ ਕਈ ਚਿੰਤਾਜਨਕ ਤੱਥ ਸਾਹਮਣੇ ਆਏ ਹਨ। ਇਹ ਦਾਅਵਾ ਕੀਤਾ ਗਿਆ ਸੀ ਕਿ ਦਰਿਆਈ ਪਾਣੀ ਦੀ ਲੰਬੇ ਸਮੇਂ ਤੱਕ ਸਿੱਧੀ ਜਾਂ ਅਸਿੱਧੀ ਖਪਤ ਜਾਂ ਇਸ ਦੇ ਸੰਪਰਕ ਵਿਚ ਰਹਿਣ ਨਾਲ ਕਈ ਤਰ੍ਹਾਂ ਦੇ ਕੈਂਸਰ ਹੋ ਸਕਦੇ ਹਨ। ਏਮਜ਼ ਸਮੇਤ ਹੋਰ ਸੰਸਥਾਵਾਂ ਦੇ ਮਾਹਿਰ ਇਸ ਜਾਂਚ ਵਿਚ ਲਗਾਤਾਰ ਲੱਗੇ ਹੋਏ ਹਨ। ਯਮੁਨਾ ਜੀ ਵਰਗੀਆਂ ਨਦੀਆਂ ਵਿਚ ਝੱਗ ਦਾ ਬਣਨਾ, ਪਾਣੀ ਦੀ ਗੁਣਵੱਤਾ, ਜਲ-ਜੀਵਨ ਅਤੇ ਸਮੁੱਚਾ ਈਕੋ-ਸਿਸਟਮ ਸਿਹਤ ਲਈ ਇਕ ਵੱਡਾ ਖ਼ਤਰਾ ਹੈ। ਇਸ ਝੱਗ, ਜੋ ਮੁੱਖ ਤੌਰ ’ਤੇ ਪ੍ਰਦੂਸ਼ਣ ਕਾਰਨ ਹੁੰਦੀ ਹੈ, ਵਿਚ ਬਹੁਤ ਸਾਰੇ ਨੁਕਸਾਨਦੇਹ ਰਸਾਇਣ ਅਤੇ ਜੈਵਿਕ ਰਹਿੰਦ-ਖੂੰਹਦ ਹੁੰਦੇ ਹਨ। ਇਹ ਗੰਦੇ ਪਾਣੀ ਅਤੇ ਉਦਯੋਗਿਕ ਸਰਗਰਮੀਆਂ ਤੋਂ ਸਰਫੈਕਟੈਂਟਸ, ਫਾਸਫੇਟਸ ਅਤੇ ਜੈਵਿਕ ਰਹਿੰਦ-ਖੂੰਹਦ ਕਾਰਨ ਹੋਣ ਵਾਲੇ ਪ੍ਰਦੂਸ਼ਣ ਦੇ ਉੱਚ ਪੱਧਰ ਦਾ ਸੰਕੇਤ ਹੈ। ਇਹ ਪ੍ਰਦੂਸ਼ਕ ਪਾਣੀ ਨੂੰ ਮਨੁੱਖੀ ਵਰਤੋਂ ਲਈ ਅਸੁਰੱਖਿਅਤ ਬਣਾਉਂਦੇ ਹਨ। ਝੱਗ ਵਿਚ ਮੌਜੂਦ ਸਰਫੈਕਟੈਂਟਸ ਅਤੇ ਜ਼ਹਿਰੀਲੇ ਰਸਾਇਣ ਜਲ-ਜੀਵਾਂ, ਖਾਸ ਕਰ ਕੇ ਮੱਛੀਆਂ ਦੀਆਂ ਸੈੱਲ ਝਿੱਲੀਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ, ਜਿਸ ਨਾਲ ਮੌਤ ਦਰ ਵਧਣ ਦੇ ਨਾਲ ਪ੍ਰਜਨਣ ਚੁਣੌਤੀਆਂ ਪੇਸ਼ ਆਉਂਦੀਆਂ ਹਨ।
ਬਹੁਤ ਜ਼ਿਆਦਾ ਜੈਵਿਕ ਪ੍ਰਦੂਸ਼ਕਾਂ ਦੀ ਮੌਜੂਦਗੀ ਯੂਟ੍ਰੋਫਿਕੇਸ਼ਨ ਵੱਲ ਲੈ ਜਾਂਦੀ ਹੈ, ਜਿਸ ਕਾਰਨ ਐਲਗੀ ਫੁੱਲਦੀ ਹੈ। ਜਦੋਂ ਐਲਗੀ ਸੜਦੀ ਹੈ, ਉਹ ਪਾਣੀ ਵਿਚ ਮੌਜੂਦ ਆਕਸੀਜਨ ਦੀ ਵਰਤੋਂ ਕਰਦੇ ਹਨ, ਜਿਸ ਨਾਲ ਹਾਈਪੌਕਸਿਆ ਹੁੰਦਾ ਹੈ, ਜੋ ਪਾਣੀ ਦੀ ਗੁਣਵੱਤਾ ਨੂੰ ਹੋਰ ਵੀ ਵਿਗਾੜਦਾ ਹੈ। ਇਸ ਤਰ੍ਹਾਂ ਸਮੁੱਚੇ ਜਲ-ਜੀਵਨ ਨੂੰ ਖ਼ਤਰਾ ਪੈਦਾ ਹੋ ਜਾਂਦਾ ਹੈ ਅਤੇ ਭੋਜਨ ਲੜੀ ਵਿਚ ਵਿਘਨ ਪੈਂਦਾ ਹੈ। ਖਾਸ ਤੌਰ ’ਤੇ ਜਿੱਥੇ ਇਹ ਪ੍ਰਦੂਸ਼ਕ ਬਹੁਤ ਡੂੰਘੀਆਂ ਪਰਤਾਂ ਵਿਚ ਮੌਜੂਦ ਹੁੰਦੇ ਹਨ, ਜਿਵੇਂ ਕਿ ਯਮੁਨਾ ਨਦੀ, ਇਹ ਹਵਾ ਅਤੇ ਪਾਣੀ ਵਿਚਕਾਰ ਵੰਡ ਕਰਕੇ ਵਾਯੂਮੰਡਲੀ ਆਕਸੀਡੈਂਟਾਂ ਨਾਲ ਪ੍ਰਤੀਕਿਰਿਆ ਕਰਦੇ ਹੋਏ ਸੈਕੰਡਰੀ ਕਾਰਬਨਿਕ ਐਰੋਸੋਲ ਬਣਾਉਂਦੇ ਹਨ। ਇਹ ਪ੍ਰਕਿਰਿਆ ਵਾਤਾਵਰਣ ਦੀਆਂ ਸਥਿਤੀਆਂ ਤੋਂ ਪ੍ਰਭਾਵਿਤ ਹੁੰਦੀ ਹੈ, ਜਿਸ ਵਿਚ ਤਾਪਮਾਨ, ਨਮੀ ਅਤੇ ਪਾਣੀ ਦੀ ਜੈਵਿਕ ਰਚਨਾ ਸ਼ਾਮਲ ਹੈ। ਖੋਜ ਦੇ ਅਨੁਸਾਰ, ਅਜਿਹੇ ਪ੍ਰਦੂਸ਼ਿਤ ਵਾਤਾਵਰਣਾਂ ਵਿਚ ਪਾਣੀ ਅਤੇ ਕਾਰਬਨਿਕ ਪ੍ਰਜਾਤੀਆਂ ਦੀ ਮੌਜੂਦਗੀ ਹਵਾ ਵਿਚ ਵਾਸ਼ਪਸ਼ੀਲ ਕਾਰਬਨਿਕ ਮਿਸ਼ਰਣਾਂ ਨੂੰ ਲਿਜਾਣ ਵਿਚ ਮਦਦ ਕਰ ਸਕਦੀ ਹੈ, ਜਿਸ ਨਾਲ ਹਵਾ ਦੀ ਗੁਣਵੱਤਾ ਲਈ ਵਾਧੂ ਚਿੰਤਾਵਾਂ ਪੈਦਾ ਹੁੰਦੀਆਂ ਹਨ।
ਦਰਅਸਲ, ਦਿੱਲੀ ਵਿਚ ਯਮੁਨਾ ਦੀ ਸਫਾਈ ਇਕ ਅਜਿਹਾ ਮੁੱਦਾ ਹੈ ਜਿਸ ਨੂੰ ਲਗਭਗ ਹਰ ਚੋਣ ਮੁਹਿੰਮ ਵਿਚ ਪੂਰੀ ਤੀਬਰਤਾ ਨਾਲ ਉਠਾਇਆ ਜਾਂਦਾ ਰਿਹਾ ਹੈ। ਸਰਕਾਰਾਂ ਆਈਆਂ ਅਤੇ ਗਈਆਂ, ਪਰ ਕੋਈ ਵੀ ਯਮੁਨਾ ਨੂੰ ਪ੍ਰਦੂਸ਼ਣ ਦੇ ਬੰਧਨ ਤੋਂ ਮੁਕਤ ਨਹੀਂ ਕਰਵਾ ਸਕਿਆ। ਜ਼ੁਬਾਨੀ ਹੰਗਾਮੇ ਵੀ ਹੋਏ, ਯੋਜਨਾਵਾਂ ਵੀ ਬਣੀਆਂ, ਪਰ ਯਮੁਨਾ ਜੀ ਦਾ ਪਾਣੀ ਅਜੇ ਵੀ ਚਿੱਟਾ ਹੋਣ ਦੀ ਉਡੀਕ ਕਰ ਰਿਹਾ ਹੈ। ਸਿਰਫ਼ ਇਕ ਵੱਡੇ ਪੱਧਰ ’ਤੇ ਸਰਵੇਖਣ ਹੀ ਇਸ ਸੱਚਾਈ ਦਾ ਖੁਲਾਸਾ ਕਰ ਸਕਦਾ ਹੈ ਕਿ ਯਮੁਨਾ ਨਦੀ ਵਿਚ ਦੇਸ਼ ਦੇ ਕਿਸ ਹਿੱਸੇ ਤੋਂ ਅਤੇ ਕਿੰਨੀ ਮਾਤਰਾ ਵਿਚ ਨਿਯਮਾਂ ਦੀ ਉਲੰਘਣਾ ਕਰ ਕੇ ਵੱਡੀ ਮਾਤਰਾ ਵਿਚ ਕੂੜਾ ਸੁੱਟਿਆ ਜਾ ਰਿਹਾ ਹੈ। ਜਿੱਥੋਂ ਤੱਕ ਰਾਜਧਾਨੀ ਦਿੱਲੀ ਦਾ ਸਵਾਲ ਹੈ, ਖੋਜਕਰਤਾਵਾਂ ਅਨੁਸਾਰ, ਯਮੁਨਾ ਵਿਚ ਸੁੱਟੇ ਗਏ ਕੁੱਲ ਕੂੜੇ ਵਿਚ ਘਰੇਲੂ ਕੂੜੇ ਦਾ ਹਿੱਸਾ ਦੋ ਤਿਹਾਈ ਤੋਂ ਵੱਧ ਸੀ। ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਹਰ ਰੋਜ਼ ਆਉਣ ਵਾਲੇ 3.5 ਬਿਲੀਅਨ ਲੀਟਰ ਤੋਂ ਵੱਧ ਸੀਵਰੇਜ ਵਿਚੋਂ ਸਿਰਫ਼ 35-40 ਫੀਸਦੀ ਨੂੰ ਹੀ ਟ੍ਰੀਟ ਕੀਤਾ ਜਾਂਦਾ ਹੈ। ਸਾਰੇ ਦਾਅਵਿਆਂ ਦੇ ਬਾਵਜੂਦ, ਇਹ ਸਾਰਾ ਸਾਲ ਪ੍ਰਦੂਸ਼ਿਤ ਰਹਿੰਦਾ ਹੈ ਜੋ ਕਿ ਵਿਕਾਸਸ਼ੀਲ ਭਾਰਤ ਦੇ ਦਿਲ, ਦਿੱਲੀ ਵਿਚ ਵਗਦੇ ਪਾਣੀ ਦੀ ਕੌੜੀ ਹਕੀਕਤ ਹੈ। ਇਕ ਆਰ. ਟੀ. ਆਈ. ਦੇ ਜਵਾਬ ਵਿਚ, ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਨੇ ਖੁਦ ਇਸ ਗੱਲ ਨੂੰ ਸਵੀਕਾਰ ਕੀਤਾ ਹੈ। ਦੂਜਿਆਂ ਵੱਲ ਉਂਗਲੀਆਂ ਉਠਾਉਂਦੇ ਸਮੇਂ ਅਸੀਂ ਅਕਸਰ ਇਹ ਭੁੱਲ ਜਾਂਦੇ ਹਾਂ ਕਿ ਬਾਕੀ ਚਾਰ ਉਂਗਲੀਆਂ ਸਾਨੂੰ ਇਸ ਸੰਦਰਭ ਵਿਚ ਆਪਣੀ ਭੂਮਿਕਾ ਦੀ ਜਾਂਚ ਕਰਨ ਦਾ ਸੰਕੇਤ ਦੇ ਰਹੀਆਂ ਹਨ। ਮੌਜੂਦਾ ਸਥਿਤੀ ਦੇ ਮੱਦੇਨਜ਼ਰ, ਨਾ ਸਿਰਫ਼ ਯਮੁਨਾ ਜੀ ਸਗੋਂ ਹੋਰ ਪ੍ਰਦੂਸ਼ਿਤ ਜਲ ਸਰੋਤਾਂ ਦੀ ਗੁਣਵੱਤਾ ਵਿਚ ਲੋੜੀਂਦਾ ਸੁਧਾਰ ਲਿਆਉਣ ਲਈ ਜੰਗੀ ਪੱਧਰ ’ਤੇ ਕੰਮ ਕਰਨ ਦੀ ਲੋੜ ਹੈ। ਅਜਿਹੇ ਗੰਭੀਰ ਮੁੱਦਿਆਂ ਨੂੰ ਰਾਜਨੀਤਿਕ ਬਹਿਸ ਦਾ ਵਿਸ਼ਾ ਬਣਾਉਣ ਦੀ ਬਜਾਏ, ਉਨ੍ਹਾਂ ਦੇ ਹੱਲ ਲੱਭਣ ਵੱਲ ਵਧੇਰੇ ਧਿਆਨ ਦੇਣਾ ਚਾਹੀਦਾ ਹੈ। ਇਕ-ਦੂਜੇ ਨੂੰ ਦੋਸ਼ ਦੇਣ ਦੀ ਬਜਾਏ ਸਮੂਹਿਕ ਯਤਨਾਂ ਰਾਹੀਂ ਵਾਤਾਵਰਣ ਸੰਬੰਧੀ ਸਮੱਸਿਆਵਾਂ ਦੇ ਹੱਲ ਲੱਭਣਾ ਬਿਹਤਰ ਹੈ। ਸਿਆਸਤਦਾਨਾਂ ਦੀ ਕਾਰਜ ਸਮਰੱਥਾ ਸਿਰਫ਼ ਚੰਗੇ ਯਤਨਾਂ ਨਾਲ ਹੀ ਸਾਹਮਣੇ ਆਵੇਗੀ, ਨਾ ਕਿ ਜ਼ੁਬਾਨੀ ਸੇਵਾ ਨਾਲ!
ਦੀਪਿਕਾ ਅਰੋੜਾ