ਕੀ ਅੱਤਵਾਦੀਆਂ ਦੀ ''ਕਾਫਿਰ-ਕੁਫਰ'' ਦੀ ਲੜਾਈ ਇੰਝ ਹੀ ਜਾਰੀ ਰਹੇਗੀ

Thursday, Jun 13, 2024 - 07:57 PM (IST)

ਕੀ ਅੱਤਵਾਦੀਆਂ ਦੀ ''ਕਾਫਿਰ-ਕੁਫਰ'' ਦੀ ਲੜਾਈ ਇੰਝ ਹੀ ਜਾਰੀ ਰਹੇਗੀ

ਇਕ ਮਹੀਨੇ ’ਚ ਇਹ ਕਾਲਮ ਮੁੜ ਤੋਂ ਕਸ਼ਮੀਰ ਵੱਲ ਪਰਤ ਰਿਹਾ ਹੈ। ਬੀਤੇ ਐਤਵਾਰ (9 ਜੂਨ) ਨੂੰ ਜੰਮੂ ਕਸ਼ਮੀਰ ਦੇ ਰਿਆਸੀ ’ਚ ਜਿਹਾਦੀਆਂ ਨੇ ਹਿੰਦੂ ਤੀਰਥ ਯਾਤਰੀਆਂ ਦੀ ਬੱਸ ’ਤੇ ਹਮਲਾ ਕਰ ਦਿਤਾ। ਬੱਸ ’ਚ ਡਰਾਈਵਰ ਅਤੇ ਕੰਡਕਟਰ ਸਮੇਤ 45 ਵਿਅਕਤੀ ਸਵਾਰ ਸਨ। ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅੱਤਵਾਦੀਆਂ ਦਾ ਇਰਾਦਾ ਵਧੇਰੇ ਮੁਸਾਫਰਾਂ ਨੂੰ ਇਕ ਇਕ ਕਰ ਕੇ ਗੋਲੀਆਂ ਨਾਲ ਉਡਾਉਣ ਅਤੇ ਕੁਝ ਨੂੰ ਅਗਵਾ ਕਰ ਕੇ ਲਿਜਾਣ ਦਾ ਰਿਹਾ ਹੋਵੇਗਾ ਜਿਵੇਂ ਇਜ਼ਰਾਈਲ ’ਚ 7 ਅਕਤੂਬਰ 2023 ਨੂੰ ਹਮਾਸ ਨੇ ਭਿਆਨਕ ਅੱਤਵਾਦੀ ਹਮਲੇ ਦੌਰਾਨ ਕੀਤਾ ਸੀ।

ਜੇ ਡਰਾਈਵਰ ਨੂੰ ਗੋਲੀ ਲੱਗਣ ਤੋਂ ਬਾਅਦ ਬੇਕਾਬੂ ਹੋਈ ਬੱਸ 50 ਮੀਟਰ ਡੂੰਘੀ ਖੱਡ ’ਚ ਨਾ ਡਿੱਗਦੀ ਤਾਂ ਹਾਲਾਤ ਹੋਰ ਵੀ ਵਧੇਰੇ ਭਿਆਨਕ ਹੋ ਸਕਦੇ ਸਨ। ਫਿਰ ਵੀ ਇਸ ਹਮਲੇ ’ਚ 2 ਸਾਲਾ ਬੱਚੇ ਸਮੇਤ 10 ਸ਼ਰਧਾਲੂਆਂ ਦੀ ਮੌਤ ਹੋ ਗਈ। ਕਈ ਜ਼ਖਮੀ ਹਸਪਤਾਲਾਂ ’ਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ।

ਸ਼ਿਵਖੋੜੀ ਮੰਦਰ ਤੋਂ ਕਟੜਾ ਸਥਿਤ ਮਾਤਾ ਵੈਸ਼ਣੋ ਦੇਵੀ ਮੰਦਰ ਵੱਲ ਜਾ ਰਹੀ ਇਸ ਬੱਸ ’ਤੇ ਹਮਲਾ ਉਸ ਸਮੇਂ ਕੀਤਾ ਗਿਆ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ’ਚ ਆਪਣੇ ਤੀਜੇ ਕਾਰਜਕਾਲ ਦੀ ਸਹੁੰ ਚੁੱਕਣ ਵਾਲੇ ਸਨ। ਸਪੱਸ਼ਟ ਹੈ ਕਿ ਜਿਹਾਦੀਆਂ ਦੀ ਇਸ ਬੁਜ਼ਦਿਲਾਨਾ ਹਰਕਤ ਦਾ ਮੰਤਵ ਸਿਰਫ ਨਿਹੱਥੇ ਹਿੰਦੂਆਂ ’ਤੇ ਹਮਲਾ ਕਰਨਾ ਹੀ ਨਹੀਂ ਸੀ ਸਗੋਂ ਉਹ ਉਸ ਉਸਾਰੂ ਤਬਦੀਲੀ ਨੂੰ ਵੀ ਚੁਣੌਤੀ ਦੇਣਾ ਚਾਹੁੰਦੇ ਸਨ ਜੋ ਬਾਕੀ ਭਾਰਤ ਧਾਰਾ 370 ਅਤੇ 35ਏ ਦੇ ਖਤਮ ਹੋਣ ਪਿੱਛੋਂ ਜੰਮੂ-ਕਸ਼ਮੀਰ ’ਚ ਮਹਿਸੂਸ ਕਰ ਰਿਹਾ ਹੈ।

ਤਾਜ਼ਾ ਅੱਤਵਾਦੀ ਹਮਲੇ ਸਬੰਧੀ ਤਿੰਨ ਗੱਲਾਂ ਵਿਚਾਰ ਕਰਨ ਯੋਗ ਹਨ। ਪਹਿਲੀ-ਪਾਕਿਸਤਾਨ ਅਤੇ ਉਸ ਦੇ ਹਮਾਇਤੀ ਅੱਤਵਾਦੀਆਂ ਦੀ ਕਾਫਿਰ-ਕੁਫਰ ਦੀ ਲੜਾਈ ਇੰਝ ਹੀ ਜਾਰੀ ਰਹੇਗੀ। ਦੂਜੀ- ਭਾਰਤ-ਵਿਰੋਧੀ ਤਾਕਤਾਂ ਜੰਮੂ-ਕਸ਼ਮੀਰ ’ਚ ਮੂਲ ਵਿਕਾਸ, ਤਬਦੀਲੀ ਨਾਲ ਲੋਕਰਾਜ ਦੀ ਬਹਾਲੀ ਤੋਂ ਬੌਖਲਾਈਆਂ ਹੋਈਆਂ ਹਨ। ਅਗਸਤ 2019 ਪਿੱਛੋਂ ਇਸ ਖੇਤਰ ’ਚ ਅੱਤਵਾਦੀ, ਵੱਖਵਾਦੀ ਅਤੇ ਪੱਥਰਬਾਜ਼ੀ ਦੀਆਂ ਘਟਨਾਵਾਂ ’ਚ ਵਰਨਣਯੋਗ ਕਮੀ ਆਈ ਹੈ। ਇਹ ਇਸ ਲਈ ਸੰਭਵ ਹੋ ਸਕਿਆ ਹੈ ਕਿਉਂਕਿ ਨਫਰਤ ਦੀ ਫਸਲ ਨੂੰ ਪਾਕਿਸਤਾਨ ਤੋਂ ਮਜ਼੍ਹਬੀ ਖਾਦ ਅਤੇ ਪਾਣੀ ਨਹੀਂ ਮਿਲ ਰਿਹਾ।

ਤੀਜੀ- ਜਿਹਾਦੀਆਂ ਲਈ ਹਰ ਹਿੰਦੂ ਕਾਫਿਰ ਹੈ ਭਾਵੇਂ ਉਹ ਦਲਿਤ ਹੋਵੇ, ਸਵਰਨ ਹੋਵੇ, ਪੱਛੜਿਆ ਹੋਵੇ ਜਾਂ ਆਦਿਵਾਸੀ। ਇਸ ਲਈ ਜਦੋਂ ਫੌਜ ਦੀ ਵਰਦੀ ’ਚ ਆਏ ਅੱਤਵਾਦੀਆਂ ਨੇ ਰਿਆਸੀ ’ਚ ਹਿੰਦੂ ਯਾਤਰੀਆਂ ’ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਉਦੋਂ ਉਹ ਕਿਸੇ ਵੀ ਸ਼ਰਧਾਲੂ ਦੀ ਜਾਤੀਗਤ ਪਛਾਣ ਜਾਂ ਫਿਰ ਉਸ ਦੀ ਮਾਲੀ ਹਾਲਤ ਬਾਰੇ ਨਹੀਂ ਜਾਣਨਾ ਚਾਹੁੰਦੇ ਸਨ।

ਰਿਆਸੀ ’ਚ ਜਿਹਾਦੀ ਹਮਲੇ ਸਮੇਂ ਮੈਂ ਪਰਿਵਾਰ ਨਾਲ ਕਸ਼ਮੀਰ ’ਚ ਸੀ। ਉੱਥੇ ਹੋਈ ਪ੍ਰਗਤੀ, ਹੋਰ ਵਿਕਾਸ ਦੇ ਕੰਮ ਅਤੇ ਵਾਦੀ ’ਚ ਤੁਲਨਾਤਮਕ ਅਮਨ ਸ਼ਲਾਘਾ ਦਾ ਪਾਤਰ ਹੈ। ਸ਼੍ਰੀਨਗਰ ਦੀ ਰੌਣਕ ਵੇਖਣ ਵਾਲੀ ਹੈ। ਬਾਜ਼ਾਰ ਗੁਲਜ਼ਾਰ ਹਨ। ਜਿਹਾਦੀ ਘਟਨਾਵਾਂ ਪਿੱਛੋਂ ਕਈ ਸਾਲ ਪਹਿਲਾਂ ਵਾਦੀ ਨੂੰ ਛੱਡ ਕੇ ਚਲੇ ਗਏ ਕਸ਼ਮੀਰੀ ਪੰਡਿਤ ਕਾਫੀ ਵੱਡੀ ਗਿਣਤੀ ’ਚ ਵਾਪਸ ਆ ਚੁੱਕੇ ਹਨ। 3 ਦਹਾਕੇ ਤੋਂ ਵੱਧ ਲੰਬੇ ਸਮੇਂ ਪਿੱਛੋਂ ਨਵੇਂ ਅਤੇ ਪੁਰਾਣੇ ਸਿਨੇਮਾਘਰ ਮੁੜ ਤੋਂ ਚੱਲ ਪਏ ਹਨ।

ਮੈਨੂੰ ਇਹ ਕਹਿਣ ’ਚ ਕੋਈ ਝਿਜਕ ਨਹੀਂ ਕਿ ਇਸ ਤਬਦੀਲੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇਸ ਕੇਂਦਰ ਸ਼ਾਸਿਤ ਸੂਬੇ ਦੇ ਉਪ ਰਾਜਪਾਲ ਮਨੋਜ ਸਿਨ੍ਹਾ ਨੇ ਵੀ ਬਹੁਤ ਲਾਹੇਵੰਦ ਤੇ ਵਧੀਆ ਭੂਮਿਕਾ ਨਿਭਾਈ ਹੈ। ਇਸ ਤਬਦੀਲੀ ਕਾਰਨ ਦੇਸ਼ ਦਾ ਖੁਦ ਐਲਾਨਿਆ ਧਰਮ-ਨਿਰਪੱਖ ਵਰਗ ਹੱਕਾ-ਬੱਕਾ ਹੈ।

ਰਿਆਸੀ ਦੀ ਅੱਤਵਾਦੀ ਘਟਨਾ ’ਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਦਾ ਕਹਿਣਾ ਹੈ ਕਿ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਅੱਤਵਾਦੀ ਹਮਲਾ ਹੋਇਆ ਹੈ। ਇਸ ਬੰਦੂਕ ਨੂੰ ਖਾਮੋਸ਼ ਕਰਨ ਲਈ ਗੱਲਬਾਤ ਦਾ ਇਕ ਮਾਹੌਲ ਬਣਾਉਣਾ ਹੋਵੇਗਾ ਅਤੇ ਉਸ ਲਈ ਦੋਹਾਂ ਦੇਸ਼ਾਂ ਨੂੰ ਭੂਮਿਕਾ ਨਿਭਾਉਣੀ ਹੋਵੇਗੀ।

ਕੀ ਉਮਰ ਨੂੰ ਸੱਚਮੁੱਚ ਲੱਗਦਾ ਹੈ ਕਿ ਪਾਕਿਸਤਾਨ ਨਾਲ ਗੱਲਬਾਤ ਕਰ ਕੇ ਕਸ਼ਮੀਰ ’ਚ ਅੱਤਵਾਦ ਦਾ ਖਾਤਮਾ ਕੀਤਾ ਜਾ ਸਕਦਾ ਹੈ? ਕੀ ਇਹ ਸੱਚ ਨਹੀਂ ਕਿ 1963 ਤੋਂ ਲੈ ਕੇ 2021 ਤੱਕ ਭਾਰਤ ਸਰਕਾਰ ਵੱਲੋਂ ਕਸ਼ਮੀਰ ਬਾਰੇ ਵਾਦੀ ਦੇ ਵੱਖਵਾਦੀਆਂ ਦੀ ਸਿਆਸੀ ਧਿਰਾਂ ਨਾਲ 5 ਵਾਰ ਗੱਲਬਾਤ ਹੋ ਚੁੱਕੀ ਹੈ। ਕੀ ਕਿਸੇ ਵੀ ਸਰਕਾਰ ਦਾ ਉਨ੍ਹਾਂ ਲੋਕਾਂ ਨਾਲ ਗੱਲਬਾਤ ਕਰਨਾ ਢੁੱਕਵਾਂ ਹੈ ਜੋ ਸਿਰਫ ਗੋਲੀ ਦੀ ਭਾਸ਼ਾ ਬੋਲਦੇ ਹਨ ਅਤੇ ਸਮਝਦੇ ਹਨ।

25 ਜਨਵਰੀ 1990 ਨੂੰ ਭਾਰਤੀ ਹਵਾਈ ਫੌਜ ਦੇ 4 ਜਵਾਨਾਂ ਦੀ ਸ਼ਰੇਆਮ ਹੱਤਿਆ ਕਰਨ ਵਾਲੇ ਯਾਸੀਨ ਮਲਿਕ ਨੂੰ ਸਾਲ 2006 ’ਚ ਉਸ ਵੇਲੇ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਗੱਲਬਾਤ ਲਈ ਦਿੱਲੀ ਸੱਦਿਆ ਸੀ। ਕੀ ਉਸ ਨਾਲ ਕਸ਼ਮੀਰ ਦੀ ਸਾਬਕਾ ਸੰਕਟ ਭਰੀ ਸਥਿਤੀ ’ਚ ਕੋਈ ਸੁਧਾਰ ਹੋਇਆ? ਜਿਸ ਕਸ਼ਮੀਰ ’ਚ 2019 ਤੋਂ ਪਹਿਲਾਂ ਭਾਰਤੀ ਫੌਜ ਦੇ ਜਵਾਨ ਵੀ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਮੰਨਦੇ ਸਨ ਉੱਥੇ ਅੱਜ ਸਾਧਾਰਨ ਲੋਕ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਨ। ਇਹ ਤਬਦੀਲੀ ਕਿਸੇ ਗੱਲਬਾਤ ਕਾਰਨ ਨਹੀਂ ਸਗੋਂ ਗੋਲੀ ਦਾ ਜਵਾਬ ਗੋਲੀ ਨਾਲ ਦੇਣ ਦੀ ਨੀਤੀ ਦਾ ਨਤੀਜਾ ਹੈ।

ਸੱਚਾਈ ਤਾਂ ਇਹ ਹੈ ਕਿ ਉਮਰ ਅਬਦੁਲਾ ਨੂੰ ਵਾਦੀ ’ਚ ਅਮਨ-ਚੈਨ ਨਾਲ ਕੋਈ ਵਾਸਤਾ ਨਹੀਂ। ਉਹ ਅਸਿੱਧੇ ਢੰਗ ਨਾਲ ਉਸ ਵੱਖਵਾਦੀ ਅਤੇ ਸਾਉੜੀ ਸਿਆਸਤ ਨੂੰ ਸਹੀ ਠਹਿਰਾਉਣ ਦਾ ਯਤਨ ਕਰ ਰਹੇ ਹਨ, ਜਿਸ ਦੀ ਸ਼ੁਰੂਆਤ ਉਨ੍ਹਾਂ ਦੇ ਹੋਰ ਫਿਰਕੂ ਦਾਦਾ ਸ਼ੇਖਅਬੁਦਲਾ ਨੇ 1931 ’ਚ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਵਾਪਸ ਵਾਦੀ ’ਚ ਪਰਤ ਕੇ ਕੀਤੀ ਸੀ। ਸਮਾਂ ਬੀਤਣ ਨਾਲ ਉਸੇ ਸਿਆਸੀ ਦ੍ਰਿਸ਼ਟੀਕੋਣ ਨੂੰ ਉਨ੍ਹਾਂ ਦੇ ਪੁੱਤਰ ਫਾਰੂਖ ਅਬਦੁੱਲਾ ਅਤੇ ਹੋਰਨਾਂ ਰਿਸ਼ਤੇਦਾਰਾਂ, ਉਮਰ ਮੁਫਤੀ ਪਰਿਵਾਰ ਆਦਿ ਨੇ ਅੱਗੇ ਵਧਾਇਆ ਹੈ।

ਉਂਝ ਤਾਂ ਕਸ਼ਮੀਰ 14ਵੀਂ ਸਦੀ ਤੋਂ ਜਿਹਾਦੀ ਔਖ ਝੱਲ ਰਿਹਾ ਹੈ ਪਰ ਗੱਲ ਜੇ ਆਜ਼ਾਦੀ ਤੋਂ ਬਾਅਦ ਦੀ ਕਰੀਏ ਤਾਂ ਵਾਦੀ ਦੇ ਫੈਸਲਾਕੁੰਨ ਇਸਲਾਮੀਕਰਨ ਦੀ ਸ਼ੁਰੂਆਤ 1948 ’ਚ ਹੋਈ ਸੀ। ਉਦੋਂ ਪੰਡਿਤ ਨਹਿਰੂ ਆਪਣੀ ਨਿੱਜੀ ਖੁੰਦਕ ਕਾਰਨ ਜੰਮੂ-ਕਸ਼ਮੀਰ ਦੇ ਧਰਮ ਨਿਰਪੱਖ ਮਹਾਰਾਜਾ ਹਰੀ ਸਿੰਘ ਨੂੰ ਕਸ਼ਮੀਰ ਤੋਂ ਹਟਾ ਕੇ ਮੁੰਬਈ ’ਚ ਰਹਿਣ ਲਈ ਮਜਬੂਰ ਕਰ ਚੁੱਕੇ ਸਨ, ਜਿੱਥੇ 1961 ’ਚ ਉਨ੍ਹਾਂ ਆਖਰੀ ਸਾਹ ਿਲਆ।

ਬੇਸ਼ੱਕ ਹੀ ਵਾਦੀ ’ਚ ਸ਼ੇਖ ਅਬਦੁੱਲਾ ਨੇ ਲੋਕਰਾਜੀ ਢੰਗ ਨਾਲ ਪ੍ਰਧਾਨ ਮੰਤਰੀ ਦੀ ਸਹੁੰ ਚੁੱਕੀ ਸੀ ਪਰ ਉਨ੍ਹਾਂ ਹਕੂਮਤ ਕਿਸੇ ਇਕ ਮੱਧਪੂਰਬੀ ਸ਼ੇਖ ਵਾਂਗ ਚਲਾਈ। ਉਨ੍ਹਾਂ ਦੇ ਰਾਜਕਾਲ ’ਚ ਵਾਦੀ ਅੰਦਰ ਇਸਲਾਮੀਕਰਨ ਦੇ ਜੋ ਬੀਜ ਬੀਜੇ ਗਏ, ਉਹ ਉਨ੍ਹਾਂ ਦੀ ਮੌਤ ਤੋਂ ਬਾਅਦ ਹੋਰ ਵੀ ਪ੍ਰਫੁੱਲਿਤ ਹੋ ਗਏ। ਇਸ ਦਾ ਸਭ ਤੋਂ ਵੱਡਾ ਮਾੜਾ ਨਤੀਜਾ ਦੇਸ਼ ਨੇ 1980 ਤੋਂ 1990 ਦੇ ਦਹਾਕੇ ਦੌਰਾਨ ਵੇਖਿਆ। ਉਦੋਂ ਇਸਲਾਮ ਦੇ ਨਾਂ ’ਤੇ ਕਸ਼ਮੀਰੀ ਪੰਡਿਤਾਂ ਦੀ ਹੱਤਿਆ ਹੋਈ ਅਤੇ ਅਣਗਿਣਤ ਕਸ਼ਮੀਰੀ ਪੰਡਿਤਾਂ ਨੇ ਹਿਜਰਤ ਕੀਤੀ।

ਕਸ਼ਮੀਰ ’ਚ ਅੱਤਵਾਦੀ ਹਮਲਿਆਂ ਦਾ ਇਕ ਲੰਬਾ ਇਤਿਹਾਸ ਹੈ। ਬੇਸ਼ੱਕ ਰਿਆਸੀ, ਕਠੂਆ ਅਤੇ ਡੋਡਾ ’ਚ ਜਿਹਾਦੀ ਹਮਲਾ ਅੰਤਿਮ ਨਹੀਂ ਹੋਵੇਗਾ। ਇਸਲਾਮੀ ਕੱਟੜਵਾਦ ਵਿਰੁੱਧ ਭਾਰਤ ਨੂੰ ਇਹ ਸੱਭਿਆਚਾਰਕ ਜੰਗ ਹਰ ਹਾਲਤ ’ਚ ਜਿੱਤਣੀ ਹੋਵੇਗੀ। ਇਹ ਕੰਮ ਸਿਰਫ ਫੌਜ ਅਤੇ ਪੁਲਸ ਨਹੀਂ ਕਰ ਸਕਦੀ। ਇਸ ’ਚ ਸਭ ਦਾ ਸਹਿਯੋਗ ਚਾਹੀਦਾ ਹੈ। ਅਜਿਹੇ ਹਰ ਅੱਤਵਾਦੀ ਹਮਲੇ ਪਿੱਛੋਂ ਸਾਡੀ ਪ੍ਰਣਾਲੀ ਉਹੀ ਹੋਣੀ ਚਾਹੀਦੀ ਹੈ ਜੋ ਮਹਾਭਾਰਤ ਦੇ ਸਮੇਂ ’ਚ ਸ਼੍ਰੀ ਕ੍ਰਿਸ਼ਨ ਵਲੋਂ ਮਿਲੇ ਸ਼੍ਰੀਮਦ ਭਗਵਤ ਗੀਤਾ ਸੰਦੇਸ਼ ਪਿੱਛੋਂ ਅਰਜੁਨ ਦੀ ਸੀ- ਨਾ ਕਦੀ ਬੇਵੱਸ ਹੋਣਾ ਅਤੇ ਨਾ ਹੀ ਕਦੀ ਭੱਜਣਾ।

ਬਲਬੀਰ ਪੁੰਜ


author

Rakesh

Content Editor

Related News