ਕੀ 2022 ਦੀਆਂ ਚੋਣਾਂ ਤੱਕ ਪੰਜਾਬ ’ਚ ਅਸਥਿਰਤਾ ਦੇ ਬੱਦਲ ਉੱਡ ਜਾਣਗੇ
Friday, Jul 16, 2021 - 03:25 AM (IST)

ਮਾਸਟਰ ਮੋਹਨ ਲਾਲ, ਸਾਬਕਾ ਟਰਾਂਸਪੋਰਟ ਮੰਤਰੀ, ਪੰਜਾਬ
ਕਿਆਸਅਰਾਈਆਂ ਦਾ ਬਾਜ਼ਾਰ ਪੰਜਾਬ ਦੀ ਸਿਆਸੀ ਫਿਜ਼ਾ ’ਚ ਗਰਮਾਇਆ ਹੋਇਆ ਹੈ ਕਿ ਕਿਸਾਨ ਅੰਦੋਲਨ ਦੇ ਨੇਤਾ ਆਪਣੀ ਪਾਰਟੀ ਬਣਾ ਰਹੇ ਹਨ। ਕਿਸਾਨ ਨੇਤਾ ਰਾਜੇਵਾਲ ‘ਆਪ’ ਤੋਂ ਚੋਣ ਲੜਨਗੇ। ਅੱਜ ਭਾਵੇਂ ਉਹ ਨਾਂਹ ਕਰ ਰਹੇ ਹਨ ਪਰ ਸਸਪੈਂਸ ਕਾਇਮ ਹੈ। ਕਿਸਾਨੀ ਅੰਦੋਲਨ ਨੇ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਸ਼ਸ਼ੋਪੰਜ ’ਚ ਪਾ ਦਿੱਤਾ ਹੈ।
ਉਂਝ ਤਾਂ ਪੰਜਾਬ ਦੀ ਸਿਆਸਤ ’ਚ ਚਾਰ ਸਿਆਸੀ ਪਾਰਟੀਆਂ ਹੀ ਮੈਦਾਨ ’ਚ ਦਿਖਾਈ ਦੇ ਰਹੀਆਂ ਹਨ। ਕਦੀ ਕਮਿਊਨਿਸਟ ਕੁਝ ਹਿੱਸਿਆਂ ’ਚ ਹੁੰਦੇ ਸਨ ਪਰ ਅੱਜ ਦੀ ਸਿਆਸਤ ਦੇ ਸੰਦਰਭ ’ਚ ਉਹ ਅਲੋਪ ਹਨ। ਹਾਂ, ਕਿਸਾਨ ਅੰਦੋਲਨ ’ਚ ਕਮਿਊਨਿਸਟ ਸ਼ਬਦ ਜ਼ਰੂਰ ਦਿਖਾਈ ਦੇ ਰਿਹਾ ਹੈ। ਪੰਜਾਬ ਨੇਤਾਵਾਂ ਤੋਂ ਵਿਹੂਣਾ ਦਿਖਾਈ ਦਿੰਦਾ ਹੈ ਜੋ ਇੱਕਾ-ਦੁੱਕਾ ਹਨ, ਉਹ ਆਪਸ ’ਚ ਜੁੱਤਮ-ਜੁੱਤੀ ਹੋ ਰਹੇ ਹਨ। ਕਾਂਗਰਸ ਦੇ ਕੈਪਟਨ ਅਮਰਿੰਦਰ ਹੈ ਤਾਂ ਸਹੀ ਪਰ ਉਹ ਲੋਕ ਨੇਤਾ ਨਹੀਂ। ਉਨ੍ਹਾਂ ’ਚ ਰਾਜਸ਼ਾਹੀ ਹੈ। ਜਨਤਾ ਨੂੰ ਤਾਂ ਕੀ, ਕੈਪਟਨ ਸਾਹਿਬ ਆਪਣੇ ਹੀ ਚੁਣੇ ਹੋਏ ਪ੍ਰਤੀਨਿਧੀਆਂ ਨੂੰ ਨਹੀਂ ਮਿਲਦੇ। ਉਨ੍ਹਾਂ ਦੇ ਮੰਤਰੀ ਵੀ ਨਾਰਾਜ਼, ਐੱਮ. ਐੱਲ. ਏ. ਵੀ। ਪੰਜਾਬ ਦੀ ਸਰਵ ਸਾਧਾਰਨ ਜਨਤਾ ਦੀ ਕੌਣ ਸੁਣੇ?
ਕਾਂਗਰਸ, ਜੋ ਇਸ ਸਮੇਂ ਸੱਤਾ ’ਤੇ ਬਿਰਾਜਮਾਨ ਹੈ, ਨੇ ਬਿਨਾਂ ਸ਼ੱਕ 2017 ’ਚ ਪ੍ਰਚੰਡ ਬਹੁਮਤ ਹਾਸਲ ਕਰ ਕੇ ਆਪਣੀ ਸਰਕਾਰ ਬਣਾਈ ਅਤੇ 2022 ਆਉਂਦੇ-ਆਉਂਦੇ ਇਸ ’ਚ ਆਪਣਾ ਕੋਈ ਪ੍ਰਭਾਵ ਨਹੀਂ ਬਣਾਇਆ। ਵਾਅਦਿਆਂ ਦਾ ਇਕ ਭਰਮ ਫੈਲਾਇਆ, ਜਨਤਾ ਨੂੰ ਭਰਮਾਇਆ ਅਤੇ ਪੰਜਾਬ ਦੀ ਜਨਤਾ ਨੇ ਖੁਦ ਨੂੰ ਠੱਗਿਆ ਜਿਹਾ ਮਹਿਸੂਸ ਕੀਤਾ। ਚੋਣ ਜਿੱਤਣ ਲਈ ਕਾਂਗਰਸ ਨੇ ਵਾਅਦੇ ਹੀ ਕਿੰਨੇ ਕਰ ਦਿੱਤੇ ਸੀ ਕਿ ਕਿਸੇ ਵੀ ਸਰਕਾਰ ਲਈ ਉਨ੍ਹਾਂ ਨੂੰ ਪੂਰਾ ਕਰਨਾ ਅਸੰਭਵ ਸੀ। ਫਿਰ ਕਣਕ ਜਾਂ ਝੋਨੇ ਦੀ ਖੇਤੀ ਦੇ ਇਲਾਵਾ ਪੰਜਾਬ ਦੀ ਆਮਦਨ ਹੀ ਕੀ ਹੈ? ਕੋਈ ਕਾਰਖਾਨਾ, ਵਪਾਰ ਜਾਂ ਉਦਯੋਗ ਛੋਟੇ ਜਿਹੇ ਪੰਜਾਬ ’ਚ ਹੈ ਿਕੱਥੇ? ਹਰ ਘਰ ਨੂੰ ਨੌਕਰੀ, ਨਸ਼ਾ ਖਤਮ, ਰੇਤ ਮਾਫੀਆ ਖਤਮ, ਕੁਝ ਵੀ ਨਹੀਂ। ਸਗੋਂ ਸਿੱਖ ਹੋ ਕੇ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਦਾ ਹੀ ਨਿਰਾਦਰ ਕਰ ਦਿੱਤਾ।
ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਖੁਦ ਆਪਸੀ ਮਤਭੇਦਾਂ ’ਚ ਅਜਿਹੇ ਫਸੇ ਕਿ ਜਗ-ਹਸਾਈ ਦਾ ਪਾਤਰ ਬਣ ਗਏ। ਅਫਸਰਸ਼ਾਹੀ ਤਾਨਾਸ਼ਾਹ ਅਤੇ ਵਿਕਾਸ ਕਾਰਜ ਠੱਪ ਹੋ ਕੇ ਰਹਿ ਗਏ। ਜਾਪਦਾ ਨਹੀਂ ਕਿ ਕਾਂਗਰਸ 2022 ਦੀਆਂ ਚੋਣਾਂ ਤੱਕ ਆਪਣੇ ਆਪ ਨੂੰ ਸੰਭਾਲ ਸਕੇ।
ਬਿਨਾਂ ਸ਼ੱਕ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਹੁਜਨ ਸਮਾਜ ਪਾਰਟੀ ਨਾਲ ਗਠਜੋੜ ਕਰ ਕੇ ‘ਮਾਸਟਰ ਸਟ੍ਰੋਕ’ ਮਾਰਿਆ ਹੈ ਪਰ ਕਦੋਂ ਤੱਕ? ਬਹੁਜਨ ਸਮਾਜ ਪਾਰਟੀ ਨੇ ਗਠਜੋੜ ਧਰਮ ਨਿਭਾਇਆ ਹੀ ਕਿਸ ਦੇ ਨਾਲ ਹੈ? ਮਤਲਬ ਨਿਕਲਿਆ ਅਤੇ ਅਲੱਗ ਹੋ ਗਏ? ਫਿਰ ਪੰਜਾਬ ’ਚ ਇਹ ਗਠਜੋੜ ਕੁਦਰਤੀ ਅਤੇ ਸੁਭਾਵਿਕ ਨਹੀਂ ਹੈ। ਸ਼ਾਇਦ ਚੋਣਾਂ ਤੋਂ ਪਹਿਲਾਂ ਹੀ ਟੁੱਟ ਜਾਵੇ। ਸ਼੍ਰੋਮਣੀ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਨੂੰ ਉਹੀ ਸੀਟਾਂ ਦਿੱਤੀਆਂ ਜਿਨ੍ਹਾਂ ’ਤੇ ਭਾਰਤੀ ਜਨਤਾ ਪਾਰਟੀ ਲੜਦੀ ਰਹੀ ਹੈ। ਇਨ੍ਹਾਂ ਸੀਟਾਂ ’ਤੇ ਬਹੁਜਨ ਸਮਾਜ ਪਾਰਟੀ ਦਾ ਆਧਾਰ ਹੀ ਨਹੀਂ।
ਦੂਸਰਾ, ਸ਼੍ਰੋਅਦ (ਬਾਦਲ) ਨੂੰ ਉਸ ਦੇ ਆਪਣੇ ਸਾਥੀ ਅਛੂਤ ਸਮਝ ਕੇ ਛੱਡ ਗਏ ਹਨ। ਸੁਖਦੇਵ ਸਿੰਘ ਢੀਂਡਸਾ ਅਤੇ ਬ੍ਰਹਮਪੁਰਾ ਦਾ ਸੰਯੁਕਤ ਅਕਾਲੀ ਦਲ ਇਸ ਨੂੰ ਨੁਕਸਾਨ ਪਹੁੰਚਾਵੇਗਾ। ਸ਼੍ਰੋਮਣੀ ਅਕਾਲੀ ਦਲ ਇਹ ਕਿਉਂ ਭੁੱਲ ਰਿਹਾ ਹੈ ਕਿ ‘ਬਰਗਾੜੀ ਕਾਂਡ’ ਸਿੱਖਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੈ । ਇਸ ਲਈ ਸੁਖਬੀਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਆਪਣੇ ਕੋਰ ਗਰੁੱਪ ਦੇ ਨਾਲ ਸਾਰੀ ਸਥਿਤੀ ’ਤੇ ਡੂੰਘਾ ਚਿੰਤਨ ਕਰਨਾ ਹੋਵੇਗਾ। ਪਰ ਚੋਣਾਂ ਤਾਂ ਆ ਗਈਆਂ ਹਨ।
ਪਰ ਇਹ ਅਸਲੀਅਤ ਤਾਂ ਪੰਜਾਬ ਦੇ ਸਿਆਸੀ ਆਗੂਆਂ ਨੂੰ ਸਮਝਣੀ ਚਾਹੀਦੀ ਹੈ ਕਿ ‘ਆਪ’ ਪੰਜਾਬ ’ਚ ਜ਼ੋਰ ਨਾਲ ਇਕ ‘ਧਾਰਨਾ’ ਛੱਡਣ ’ਚ ਸਫਲ ਰਹੀ ਹੈ। 2022 ’ਚ ਉਸ ਦੀ ਸਰਕਾਰ ਬਣੇਗੀ ਪਰ ਇਹ ਮਹਿਜ਼ ਪ੍ਰਚਾਰ ਹੈ, ਅਸਲੀਅਤ ਵੱਖਰੀ ਹੈ। ਜ਼ਰਾ 2017 ਦੀਆਂ ਵਿਧਾਨ ਸਭਾ ਚੋਣਾਂ ਵੱਲ ਝਾਤੀ ਮਾਰੀਏ। ਉਦੋਂ ਬੜਾ ਰੌਲਾ ਸੀ ਕਿ ਇਸ ਵਾਰ ਪੰਜਾਬ ’ਚ ‘ਆਪ’ ਦੀ ਸਰਕਾਰ ਬਣੇਗੀ। ਬੜਾ ਰੌਲਾ ਸੀ ਕਿ ਨਵਜੋਤ ਸਿੰਘ ਸਿੱਧੂ ‘ਆਪ’ ’ਚ ਆ ਰਹੇ ਹਨ ਪਰ ਹੋਇਆ ਇਹ ਕਿ ‘ਆਪ’ ਦੇ ਪ੍ਰਧਾਨ ਛੋਟੇਪੁਰ ਉਸ ਨਾਲੋਂ ਅਲੱਗ ਹੋ ਗਏ। ਲਿਹਾਜ਼ਾ ‘ਆਪ’ ਦਾ ਵਖਰੇਵਾਂ ਚੋਣਾਂ ਦੇ ਬਾਅਦ ਵਿਧਾਨ ਸਭਾ ’ਚ ਕੁਝ ‘ਆਪ’ ਵਿਧਾਇਕ ਖਹਿਰਾ ਲੈ ਉਡਿਆ, ਕੁਝ ਚੀਮਾ ਨਾਲ ਰਹੇ। ਬਚੇ-ਖੁਚੇ ਕਾਂਗਰਸ ’ਚ ਮਿਲ ਗਏ। 2022 ਦੀਆਂ ਚੋਣਾਂ ’ਚ ਵੀ ਸਥਿਤੀ ਇਸ ਨਾਲੋਂ ਵੱਖਰੀ ਨਹੀਂ ਹੋਵੇਗੀ।
ਨੇਤਾਵਾਂ ਦੇ ਪਾਰਟੀ ਛੱਡ ‘ਆਪ’ ’ਚ ਆਉਣ ਨਾਲ ਪਾਰਟੀ ਦਾ ਆਧਾਰ ਨਹੀਂ ਬਣਦਾ। ਪਾਰਟੀਆਂ ਦਾ ਇਕ ਕੇਡਰ ਹੁੰਦਾ ਹੈ, ਇਕ ਆਧਾਰ ਹੁੰਦਾ ਹੈ ਜੋ ਉਸ ਦੇ ਵਰਕਰਾਂ ’ਤੇ ਖੜ੍ਹਾ ਹੁੰਦਾ ਹੈ। ‘ਆਪ’ ’ਚ ਨੇਤਾ ਹਨ, ‘ਵਰਕਰ’ ਨਹੀਂ।
ਭਾਰਤੀ ਜਨਤਾ ਪਾਰਟੀ ਇਕ ਅਰਸੇ ਦੇ ਬਾਅਦ ਸ਼੍ਰੋਮਣੀ ਅਕਾਲੀ ਦਲ ਤੋਂ ਅਲੱਗ ਹੋ ਕੇ 2022 ਦੀਆਂ ਵਿਧਾਨ ਸਭਾ ਚੋਣਾਂ ਲੜਨ ਜਾ ਰਹੀ ਹੈ। ਪੰਜਾਬ ਦੀਆਂ 117 ਸੀਟਾਂ ’ਤੇ ਲੜਨ-ਲੜਾਉਣ ਦੀ ਉਸ ’ਚ ਵੁੱਕਤ ਹੈ, ਬਸ਼ਰਤੇ 2022 ਦੀਆਂ ਚੋਣਾਂ ਆਉਣ ਤੋਂ ਪਹਿਲਾਂ-ਪਹਿਲਾਂ ‘ਕਿਸਾਨ ਅੰਦੋਲਨ’ ਦਾ ਕੋਈ ਹੱਲ ਨਿਕਲ ਆਵੇ ਤਾਂ ਨਿਸ਼ਚਿਤ ਹੀ ਭਾਜਪਾ ਇਕੱਲੀ 2022 ਦੀਆਂ ਚੋਣਾਂ ਦਾ ਰੁਖ ਬਦਲ ਸਕਦੀ ਹੈ। ਇਹ ਹਕੀਕਤ ਹੈ ਕਿ ਇਸ ਕਿਸਾਨ ਅੰਦੋਲਨ ਨੂੰ ਸ਼੍ਰੋਮਣੀ ਅਕਾਲੀ ਦਲ, ‘ਆਪ’ ਅਤੇ ਕਾਂਗਰਸ ਨੇ ਖੂਬ ਹਵਾ ਦਿੱਤੀ ਹੈ ਪਰ ਚੋਣਾਂ ’ਚ ਕਿਸਾਨ ਕਿਸ ਪਾਸੇ ਮੁੜਨਗੇ, ਕਿਸ ਪਾਰਟੀ ਦੀ ਪਿੱਠ ਥਾਪੜਣਗੇ, ਕਿਹਾ ਨਹੀਂ ਜਾ ਸਕਦਾ।
ਕਿਸਾਨਾਂ ਨੂੰ ਵੀ ਇਹ ਵਿਚਾਰ ਕਰਨਾ ਚਾਹੀਦਾ ਹੈ ਕਿ ਪੰਜਾਬ ’ਚ ਭਾਜਪਾ ਨੂੰ ਵੀ ਆਪਣੇ ਵਿਚਾਰ ਲੋਕਾਂ ਦੇ ਸਾਹਮਣੇ ਰੱਖਣ ਦਾ ਅਧਿਕਾਰ ਹੈ। ਤਿੰਨਾਂ ਖੇਤੀਬਾੜੀ ਕਾਨੂੰਨਾਂ ਨੂੰ ਲਾਗੂ ਕਰਵਾਉਣ ਜਾਂ ਰੱਦ ਕਰਵਾਉਣ ’ਚ ਪੰਜਾਬ ਭਾਜਪਾ ਦੀ ਕੋਈ ਭੂਮਿਕਾ ਨਹੀਂ। ਕਿਸਾਨਾਂ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ ਤਾਂ ਭਾਜਪਾ ਨੂੰ ਲੋਕਾਂ ਕੋਲ ਜਾਣ ਦਾ ਹੱਕ ਕਿਉਂ ਨਹੀਂ? ਇਹ ਸੋਚ ਸ਼੍ਰੋਮਣੀ ਅਕਾਲੀ ਦਲ, ‘ਆਪ’ ਅਤੇ ਕਾਂਗਰਸ ’ਚ ਆਉਣੀ ਚਾਹੀਦੀ ਹੈ ਕਿ ਭਾਜਪਾ ਵਰਕਰਾਂ, ਨੇਤਾਵਾਂ ਦੇ ਘਿਰਾਓ, ਧਰਨੇ ਜਾਂ ਕੁੱਟ-ਮਾਰ ਨਾਲ ਲੋਕਤੰਤਰ ਸੁਰੱਖਿਅਤ ਨਹੀਂ ਰਹਿ ਸਕਦਾ। ਪ੍ਰਮਾਤਮਾ ਸਾਰਿਆਂ ਨੂੰ ਸੁਮੱਤ ਬਖਸ਼ੇ।