ਪਤਨੀ ਅਤੇ ਭੈਣ ਤੋਂ ਵਿਅਕਤੀ ਨੂੰ ਮਿਲਿਆ 2 ਕਿਡਨੀਆਂ ਦਾ ਤੋਹਫ਼ਾ
Friday, Aug 30, 2019 - 02:15 AM (IST)

ਏ. ਸਾਵੰਤ
ਰੱਖੜੀ ਦੇ ਮੌਕੇ ’ਤੇ ਇਕ ਭੈਣ ਨੇ ਆਪਣੇ ਭਰਾ ਨੂੰ ਇਕ ਅਨਮੋਲ ਤੋਹਫ਼ਾ ਦਿੱਤਾ। 61 ਸਾਲ ਦੇ ਭਰਾ ਦੀ ਜਾਨ ਬਚਾਉਣ ਲਈ ਉਸ ਨੇ ਆਪਣੀ ਕਿਡਨੀ ਉਸ ਨੂੰ ਦੇ ਦਿੱਤੀ। 2005 ’ਚ ਕਿਡਨੀ ਫੇਲ ਹੋਣ ਤੋਂ ਬਾਅਦ ਉਸ ਨੇ ਆਪਣਾ ਪਹਿਲਾ ਕਿਡਨੀ ਟਰਾਂਸਪਲਾਂਟ ਕਰਵਾਇਆ ਸੀ, ਜਿਸਦੇ ਲਈ ਉਦੋਂ ਉਸਦੀ ਪਤਨੀ ਨੇ ਆਪਣੀ ਕਿਡਨੀ ਦਾਨ ਦਿੱਤੀ ਸੀ।
ਉਸਦੀ ਕਿਡਨੀ ਨੇ ਇਨ੍ਹਾਂ ਸਾਲਾਂ ਦੇ ਦੌਰਾਨ ਚੰਗਾ ਕੰਮ ਕੀਤਾ ਪਰ ਹੁਣ ਉਸਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਇਸ ਤੋਂ ਬਾਅਦ ਕਿਰਣ ਪਾਂਡੇ ਨਾਂ ਦੇ ਇਸ ਵਿਅਕਤੀ ਨੂੰ ਆਪਣੀ ਕਿਡਨੀ ਦਿੱਤੀ। ਮੁੰਬਈ ਦੇ ਗਲੋਬਲ ਹਸਪਤਾਲ ਦੇ ਇੰਸਟੀਚਿਊਟ ਆਫ ਰੀਨਲ ਸਾਇੰਸਿਜ਼ ਦੇ ਨਿਰਦੇਸ਼ਕ ਡਾ. ਭਰਤ ਸ਼ਾਹ ਨੇ ਦੱਸਿਆ ਕਿ ਜਦੋਂ ਮਰੀਜ਼ ਸਲਾਹ ਲੈਣ ਲਈ ਆਇਆ ਤਾਂ ਉਸ ਨੂੰ ਕਈ ਮਹੀਨਿਆਂ ਤਕ ਲੂਜ਼ ਮੋਸ਼ਨ ਰਹੇ ਅਤੇ ਉਸਦੀ ਕਿਡਨੀ ਖਰਾਬ ਹੋ ਗਈ। ਉਸਦੇ ਟਰਾਂਸਪਲਾਂਟ ਦੀ ਕਿਡਨੀ ਦੀ ਕੰਮ ਕਰਨ ਦੀ ਸਮਰੱਥਾ ਹੌਲੀ-ਹੌਲੀ ਘੱਟ ਹੋ ਗਈ ਸੀ ਅਤੇ ਉਸ ਨੂੰ ਦੂਜੇ ਟਰਾਂਸਪਲਾਂਟ ਦੀ ਲੋੜ ਸੀ।
ਡਾ. ਸ਼ਾਹ ਨੇ ਦੱਸਿਆ ਕਿ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਸੀ ਕਿ ਉਨ੍ਹਾਂ ਨੂੰ ਦਿੱਤੀ ਜਾ ਰਹੀ ਇਕ ਦਵਾਈ ਇਸਦੇ ਲਈ ਮੁੱਖ ਤੌਰ ’ਤੇ ਦੋਸ਼ੀ ਸੀ ਅਤੇ ਉਸ ਦੀ ਥਾਂ ਇਕ ਹੋਰ ਦਵਾਈ ਦੇ ਕੇ ਦਸਤਾਂ ਦੀ ਸਮੱਸਿਆ ਦਾ ਹੱਲ ਕਰ ਲਿਆ ਗਿਆ। ਹਾਲਾਂਕਿ ਉਦੋਂ ਤਕ ਕਿਡਨੀ ਨੂੰ ਕਾਫੀ ਨੁਕਸਾਨ ਪਹੁੰਚ ਚੁੱਕਾ ਸੀ ਅਤੇ ਇਕ ਹੋਰ ਟਰਾਂਸਪਲਾਂਟ ਦੀ ਲੋੜ ਸੀ।
ਮਰੀਜ਼ ਦੀਆਂ 2 ਭੈਣਾਂ ਆਪਣੀ-ਆਪਣੀ ਕਿਡਨੀ ਦੇਣ ਲਈ ਅੱਗੇ ਆਈਆਂ। ਅਸਲ ਵਿਚ ਇਕ ਭੈਣ ਦੁਬਈ ਤੋਂ ਜਾਂਚ ਕਰਵਾਉਣ ਅਤੇ ਸੰਭਾਵੀ ਦਾਨਦਾਤਾ ਬਣਨ ਲਈ ਆਈ ਸੀ। ਦੋਵਾਂ ਭੈਣਾਂ, ਜਿਨ੍ਹਾਂ ਦਾ ਬਲੱਡ ਗਰੁੱਪ ਵੱਖ-ਵੱਖ ਸੀ, ਦਾ ਮੁਲਾਂਕਣ ਕੀਤਾ ਗਿਆ ਅਤੇ ਉਸ ਤੋਂ ਬਾਅਦ ਉਨ੍ਹਾਂ ’ਚੋਂ ਇਕ ਭੈਣ ਦੀ ਕਿਡਨੀ ਨੂੰ ਪ੍ਰਵਾਨ ਕਰਨ ਦਾ ਫੈਸਲਾ ਕੀਤਾ ਗਿਆ, ਜਿਸਦਾ ਉਤਕ ਟਾਈਪਿੰਗ ਉਸਦੇ ਨਾਲ 100 ਫੀਸਦੀ ਮੇਲ ਖਾ ਰਿਹਾ ਸੀ।
ਕਿਰਣ ਦਾ ਬਲੱਡ ਗਰੁੱਪ ਓ-ਪਾਜ਼ੇਟਿਵ ਹੈ ਅਤੇ ਉਸਦੀ ਭੈਣ ਸ਼ਰਧਾ ਆਵਲੇਗਾਂਵਕਰ (65) ਦਾ ਏ ਬੀ-ਪਾਜ਼ੇਟਿਵ ਹੈ। ਬੇਸ਼ੱਕ ਹੀ ਉਨ੍ਹਾਂ ਦਾ ਬਲੱਡ ਗਰੁੱਪ ਮੈਚ ਨਹੀਂ ਕਰ ਰਿਹਾ ਸੀ ਪਰ ਗਲੋਬਲ ਹਸਪਤਾਲ ਦੇ ਡਾਕਟਰਾਂ ਨੇ ਡਿਸੈਂਸਿਟਿਸ ਪ੍ਰਕਿਰਿਆ (ਟਰਾਂਸਪਲਾਂਟ ਤੋਂ ਬਾਅਦ ਡੋਨਰ ਦੇ ਬਲੱਡ ਗਰੁੱਪ ਨੂੰ ਹਟਾਉਣਾ) ਤੋਂ ਬਾਅਦ ਟਰਾਂਸਪਲਾਂਟ ਕੀਤਾ। ਇਸੇ 14 ਅਗਸਤ ਨੂੰ ਕਿਰਣ ਪਾਂਡੇ ਨੂੰ ਨਵੀਂ ਕਿਡਨੀ ਟਰਾਂਸਪਲਾਂਟ ਕਰ ਦਿੱਤੀ ਗਈ।
ਸ਼ਰਧਾ ਆਵਲੇਗਾਂਵਕਰ, ਜਿਨ੍ਹਾਂ ਨੇ ਆਪਣੀ ਕਿਡਨੀ ਦਾਨ ਕਰ ਕੇ ਆਪਣੇ ਭਰਾ ਦਾ ਜੀਵਨ ਬਚਾਉਣ ਲਈ ਕਈਆਂ ਨੂੰ ਪ੍ਰੇਰਣਾ ਦਿੱਤੀ ਹੈ, ਨੇ ਦੱਸਿਆ ਕਿ ਉਨ੍ਹਾਂ ਲਈ ਭਰਾ ਤੋਂ ਜ਼ਿਆਦਾ ਮਹੱਤਵਪੂਰਨ ਕੁਝ ਨਹੀਂ ਹੈ। ਉਹ ਉਸਦੇ ਬਿਨਾਂ ਆਪਣੇ ਜੀਵਨ ਦੀ ਕਲਪਨਾ ਵੀ ਨਹੀਂ ਕਰ ਸਕਦੀ। ਉਸਨੇ ਭਰਾ ਨੂੰ ਦਰਦ ’ਚ ਦੇਖਿਆ ਹੈ ਅਤੇ ਉਸ ਨੂੰ ਬਚਾਉਣ ਲਈ ਉਹ ਜੋ ਕੁਝ ਕਰ ਸਕਦੀ ਸੀ, ਕੀਤਾ।
ਇਸ ਦੌਰਾਨ ਕਿਰਣ ਪਾਂਡੇ ਨੇ ਅੰਗਦਾਨ ਦੀ ਮਹੱਤਤਾ ’ਤੇ ਰੌਸ਼ਨੀ ਪਾਉਂਦੇ ਹੋਏ ਕਿਹਾ ਕਿ ਉਹ ਆਸਾਨੀ ਨਾਲ ਆਪਣੇ ਰੋਜ਼ਮੱਰਾ ਦੇ ਕੰਮ ਨਹੀਂ ਕਰ ਸਕਦੇ ਸਨ, ਇਥੋਂ ਤਕ ਕਿ ਉਨ੍ਹਾਂ ਨੇ ਕਈ ਪ੍ਰਕਿਰਿਆਵਾਂ ਅਤੇ ਇਲਾਜ ਅਜ਼ਮਾਏ ਪਰ ਉਨ੍ਹਾਂ ਦੀ ਸਥਿਤੀ ਵਿਗੜਦੀ ਗਈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਅੰਗਦਾਨ ਲਈ ਅੱਗੇ ਆਉਣਾ ਚਾਹੀਦਾ ਹੈ, ਜਿਵੇਂ ਕਿ ਉਸਦੀ ਭੈਣ ਨੇ ਕੀਤਾ। (ਡੀ. ਐੱਨ. ਏ.)