ਤੇਜਸਵੀ-ਅਖਿਲੇਸ਼ ਨੂੰ ਜਾਤੀ ਦੀ ਸਿਆਸਤ ਤੋਂ ਦੂਰ ਕਿਉਂ ਰਹਿਣਾ ਚਾਹੀਦਾ

Wednesday, Oct 16, 2024 - 06:28 PM (IST)

ਤੇਜਸਵੀ-ਅਖਿਲੇਸ਼ ਨੂੰ ਜਾਤੀ ਦੀ ਸਿਆਸਤ ਤੋਂ ਦੂਰ ਕਿਉਂ ਰਹਿਣਾ ਚਾਹੀਦਾ

ਹਰਿਆਣਾ ’ਚ ਹਾਲ ਹੀ ’ਚ ਆਏ ਚੋਣ ਨਤੀਜਿਆਂ ਨੇ ਯੂ-ਟਿਊਬਰਜ਼ ਵੱਲੋਂ ਕੀਤੇ ਗਏ ਚੋਣਾਂ ਤੋਂ ਪਹਿਲਾਂ ਦੇ ਚੋਣ ਅੰਦਾਜ਼ਿਆਂ ਅਤੇ ਗਰਾਊਂਡ ਰਿਪੋਰਟਾਂ ਨੂੰ ਪਲਟ ਦਿੱਤਾ ਹੈ, ਜਿਸ ਨਾਲ ਭਵਿੱਖ ਦੀਆਂ ਚੋਣਾਂ ਲਈ ਇਕ ਸਪੱਸ਼ਟ ਸੰਦੇਸ਼ ਗਿਆ ਹੈ, ਖਾਸ ਕਰ ਕੇ ਬਿਹਾਰ ਅਤੇ ਉੱਤਰ ਪ੍ਰਦੇਸ਼ ਵਰਗੇ ਪ੍ਰਮੁੱਖ ਸੂਬਿਆਂ ’ਚ। ਤੇਜਸਵੀ ਯਾਦਵ ਅਤੇ ਅਖਿਲੇਸ਼ ਯਾਦਵ ਵਰਗੇ ਨੇਤਾਵਾਂ ਲਈ, ਜੋ ਪ੍ਰਮੁੱਖ ਯਾਦਵ ਜਾਤੀ ਤੋਂ ਆਉਂਦੇ ਹਨ, ਇਹ ਨਤੀਜਾ ਸਬਕ ਹੈ। ਉਨ੍ਹਾਂ ਦਾ ਸਿਆਸੀ ਦ੍ਰਿਸ਼ ਹਰਿਆਣਾ ’ਚ ਜਾਟਾਂ ਦੀ ਸਥਿਤੀ ਨੂੰ ਦਰਸਾਉਂਦਾ ਹੈ ਜਿੱਥੇ ਸਮਾਜਿਕ ਸਰਗਰਮੀ ਪ੍ਰਮੁੱਖ ਜਾਤੀ ਦੀ ਸਿਆਸਤ ਤੋਂ ਦੂਰ ਜਾ ਰਹੀ ਹੈ। ਇਸ ਵਿਕਸਤ ਦ੍ਰਿਸ਼ ’ਚ ਉਨ੍ਹਾਂ ਨੂੰ ਵਿਆਪਕ ਸਮਾਜਿਕ ਭਾਵਨਾਵਾਂ ਨੂੰ ਸੰਬੋਧਿਤ ਕਰਨ ਅਤੇ ਹਾਸ਼ੀਏ ’ਤੇ ਪਏ ਸਮੂਹਾਂ ਦੀਆਂ ਚਿੰਤਾਵਾਂ ਦਾ ਜਵਾਬ ਦੇਣ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈਂਦਾ ਹੈ, ਜੋ ਰਵਾਇਤੀ ਜਾਤੀ ਸੱਤਾ ਢਾਂਚਿਆਂ ਤੋਂ ਅਣਡਿੱਠ ਜਾਂ ਵਾਂਝੇ ਮਹਿਸੂਸ ਕਰਦੇ ਹਨ।

ਹਰਿਆਣਾ ’ਚ ਜਾਟ, ਜੋ ਸਿਆਸੀ ਤੌਰ ’ਤੇ ਪ੍ਰਭਾਵਸ਼ਾਲੀ ਭਾਈਚਾਰਾ ਹੈ, ਨੂੰ ਉਨ੍ਹਾਂ ਦੇ ਵਿਰੁੱਧ ਹੋਰ ਸਮਾਜਿਕ ਸਮੂਹਾਂ ਦੇ ਇਕਜੁੱਟ ਹੋਣ ਦਾ ਸਾਹਮਣਾ ਕਰਨਾ ਪਿਆ, ਜਿਵੇਂ ਕਿ ਚੋਣ ਨਤੀਜਿਆਂ ’ਚ ਦੇਖਿਆ ਗਿਆ। ਇਹ ਪ੍ਰਵਿਰਤੀ ਬਿਹਾਰ ਅਤੇ ਉੱਤਰ ਪ੍ਰਦੇਸ਼ ਲਈ ਮਹੱਤਵਪੂਰਨ ਹੈ, ਜਿੱਥੇ ਪ੍ਰਮੁੱਖ ਓ. ਬੀ. ਸੀ. ਸਮੂਹ, ਖਾਸ ਤੌਰ ’ਤੇ ਯਾਦਵ, ਦਹਾਕਿਆਂ ਤੋਂ ਸੱਤਾ ’ਚ ਹਨ ਪਰ ਹੁਣ ਆਪਣਾ ਪ੍ਰਭਾਵ ਬਣਾਈ ਰੱਖਣ ਲਈ ਸੰਘਰਸ਼ ਕਰ ਰਹੇ ਹਨ।

ਇਕ ਸਮੇਂ ’ਚ ਸ਼ਕਤੀਸ਼ਾਲੀ ਯਾਦਵਾਂ ਦੀ ਅਗਵਾਈ ਵਾਲੀਆਂ ਸਰਕਾਰਾਂ ਨੇ ਸੱਤਾ ’ਤੇ ਆਪਣੀ ਪਕੜ ਗੁਆ ਦਿੱਤੀ, ਮਾਮੂਲੀ ਤੌਰ ’ਤੇ ਹੋਰਨਾਂ ਭਾਈਚਾਰਿਆਂ ਦੀ ਵਧਦੀ ਨਾਰਾਜ਼ਗੀ ਕਾਰਨ, ਜੋ ਖੁਦ ਨੂੰ ਹਾਸ਼ੀਏ ’ਤੇ ਮਹਿਸੂਸ ਕਰ ਰਹੇ ਸਨ। ਬਿਹਾਰ ਅਤੇ ਉੱਤਰ ਪ੍ਰਦੇਸ਼ ਦਾ ਸਿਆਸੀ ਇਤਿਹਾਸ ਲਾਲੂ ਪ੍ਰਸਾਦ ਯਾਦਵ ਅਤੇ ਮੁਲਾਇਮ ਸਿੰਘ ਯਾਦਵ ਵਰਗੇ ਨੇਤਾਵਾਂ ਦੇ ਉਭਰਨ ਨਾਲ ਦਰਸਾਇਆ ਹੈ ਜਿਨ੍ਹਾਂ ਨੇ ਕਾਂਗਰਸ ਵਿਰੋਧੀ ਭਾਵਨਾ ਅਤੇ ਸਮਾਜਿਕ ਨਿਆਂ ਦੀ ਵਕਾਲਤ ਕਰ ਕੇ ਮੁੱਢਲੀ ਪ੍ਰਸਿੱਧੀ ਹਾਸਲ ਕੀਤੀ। ਉਨ੍ਹਾਂ ਦਾ ‘ਐੱਮ-ਵਾਈ (ਮੁਸਲਿਮ-ਯਾਦਵ) ਸਮੀਕਰਨ’ ਇਕ ਸ਼ਕਤੀਸ਼ਾਲੀ ਚੋਣ ਰਣਨੀਤੀ ਸੀ, ਜਿਸ ਨੇ ਉਨ੍ਹਾਂ ਦੇ ਗਲਬੇ ਨੂੰ ਸੁਰੱਖਿਅਤ ਕੀਤਾ ਪਰ ਇਸ ਨੇ ਹੋਰਨਾਂ ਭਾਈਚਾਰਿਆਂ ’ਚ ਡਰ ਵੀ ਪੈਦਾ ਕੀਤਾ।

ਉਨ੍ਹਾਂ ਦੇ ਜਾਤੀਗਤ ਆਧਾਰ ਦਾ ਏਕੀਕਰਨ ਗੈਰ-ਯਾਦਵ ਓ. ਬੀ. ਸੀ., ਦਲਿਤਾਂ ਅਤੇ ਉੱਚ ਜਾਤੀਆਂ ਨੂੰ ਅਲੱਗ-ਥਲੱਗ ਕਰਨ ਦੀ ਕੀਮਤ ’ਤੇ ਹੋਇਆ ਜਿਸ ਨਾਲ ਹਾਸ਼ੀਏ ’ਤੇ ਹੋਣ ਦਾ ਅਹਿਸਾਸ ਹੋਇਆ। ਸਮੇਂ ਦੇ ਨਾਲ ਬਾਈਕਾਟ ਦੀ ਉਨ੍ਹਾਂ ਦੀ ਸਿਆਸਤ ਪੁੱਠੀ ਪੈ ਗਈ ਕਿਉਂਕਿ ਨਿਰਾਸ਼ ਵੋਟਰਾਂ ਨੇ ਬਦਲ ਲੱਭਣਾ ਸ਼ੁਰੂ ਕਰ ਦਿੱਤਾ ਜਿਸ ਦੇ ਨਤੀਜੇ ਵਜੋਂ ਬਿਹਾਰ ’ਚ ਨਿਤੀਸ਼ ਕੁਮਾਰ ਅਤੇ ਉੱਤਰ ਪ੍ਰਦੇਸ਼ ’ਚ ਭਾਜਪਾ ਵਰਗੇ ਨੇਤਾ ਉਭਰੇ, ਜਿਨ੍ਹਾਂ ਨੇ ਸਾਰਿਆਂ ਲਈ ਸਾਫ-ਸੁਥਰਾ ਰਾਜ ਅਤੇ ਵਿਕਾਸ ਦਾ ਵਾਅਦਾ ਕੀਤਾ।

1990 ਅਤੇ 2000 ਦੇ ਦਹਾਕੇ ਦੀ ਸ਼ੁਰੂਆਤ ਦੀਆਂ ਯਾਦਾਂ ਅਜੇ ਵੀ ਤਾਜ਼ੀਆਂ ਹਨ ਜਦੋਂ ਯਾਦਵਾਂ ਦੀ ਅਗਵਾਈ ਵਾਲੀਆਂ ਸਰਕਾਰਾਂ ਨੂੰ ਸੱਤਾ ਨੂੰ ਮਜ਼ਬੂਤ ਕਰਨ ਲਈ ਜਾਤੀ ਦੀ ਸ਼ਕਤੀ ਦੀ ਵਰਤੋਂ ਕਰਨ ਦੇ ਰੂਪ ’ਚ ਦੇਖਿਆ ਜਾਂਦਾ ਸੀ, ਜਦ ਕਿ ਯਾਦਵ ਇਕ ਮਹੱਤਵਪੂਰਨ ਚੋਣਾਵੀ ਸਮੂਹ ਬਣੇ ਹੋਏ ਹਨ, ਬਾਕੀ ਸਮਾਜ, ਖਾਸ ਕਰ ਕੇ ਗੈਰ-ਯਾਦਵ ਓ. ਬੀ. ਸੀ., ਦਲਿਤ ਅਤੇ ਉੱਚ ਜਾਤੀਆਂ, ਅਕਸਰ ਉਨ੍ਹਾਂ ਸਾਲਾਂ ਨੂੰ ਬਾਈਕਾਟ ਦੇ ਯੁੱਗ ਵਜੋਂ ਯਾਦ ਕਰਦੀਆਂ ਹਨ। ਭਾਜਪਾ ਨੇ ਆਪਣੇ ‘ਸੁਬਲਟਰਨ ਹਿੰਦੂਤਵ’ ਬਿਰਤਾਂਤ ਨਾਲ ਇਸ ਭਾਵਨਾ ਨੂੰ ਅਸਰਦਾਇਕ ਢੰਗ ਨਾਲ ਭੁਗਤਾਇਆ, ਯਾਦਵ-ਕੇਂਦ੍ਰਿਤ ਸਿਆਸਤ ਲਈ ਸਮਾਵੇਸ਼ ਅਤੇ ਬਦਲ ਦੀ ਭਾਵਨਾ ਮੁਹੱਈਆ ਕਰ ਕੇ ਹਾਸ਼ੀਏ ਦੇ ਸਮੂਹਾਂ ਨੂੰ ਆਕਰਸ਼ਿਤ ਕੀਤਾ ਹੈ।

ਸੱਤਾ ’ਚ ਆਉਣ ਤੋਂ ਬਾਅਦ ਅਖਿਲੇਸ਼ ਯਾਦਵ ਨੇ ਆਪਣੀ ਜਾਤੀ ਅਤੇ ਹੋਰਨਾਂ ਦੇ ਦਰਮਿਆਨ ਦੇ ਪਾੜੇ ਨੂੰ ਪੂਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਖੁਦ ਨੂੰ ਪੁਰਾਣੇ ਰੱਖਿਅਕਾਂ ਤੋਂ ਦੂਰ ਕਰ ਲਿਆ, ਜਿਨ੍ਹਾਂ ਦੇ ਪ੍ਰਤੀਕ ਉਨ੍ਹਾਂ ਦੇ ਚਾਚਾ ਸ਼ਿਵਪਾਲ ਯਾਦਵ ਸਨ, ਜੋ ਸਮਾਜਵਾਦੀ ਪਾਰਟੀ ਦੀ ਰਵਾਇਤੀ ਸ਼ਕਤੀ ਸਰਗਰਮੀ ਦੀ ਪ੍ਰਤੀਨਿਧਤਾ ਕਰਦੇ ਸਨ ਹਾਲਾਂਕਿ ਉਨ੍ਹਾਂ ਦੀ ਜਾਤੀ ਦੇ ਕੁਝ ਮੈਂਬਰਾਂ ਵੱਲੋਂ ਹੋਰਨਾਂ ਭਾਈਚਾਰਿਆਂ ਪ੍ਰਤੀ ਘਟੀਆ ਸਲੂਕ ਦੀਆਂ ਘਟਨਾਵਾਂ ਨੇ ਉਨ੍ਹਾਂ ਲਈ ਦੂਜਾ ਕਾਰਜਕਾਲ ਹਾਸਲ ਕਰਨਾ ਔਖਾ ਕਰ ਦਿੱਤਾ। ਪਾਰਟੀ ਦੇ ਅਕਸ ਨੂੰ ਆਧੁਨਿਕ ਬਣਾਉਣ ਅਤੇ ਮਾਹੌਲ ਅਨੁਸਾਰ ਢਾਲਣ ਲਈ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਸਮਾਜਿਕ ਤਣਾਆਂ ਨੇ ਕਮਜ਼ੋਰ ਕਰ ਦਿੱਤਾ।

ਇਸੇ ਤਰ੍ਹਾਂ ਤੇਜਸਵੀ ਯਾਦਵ ਨੂੰ ਵੰਗਾਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿੱਥੇ ਉਨ੍ਹਾਂ ਦੇ ਪਿਤਾ ਲਾਲੂ ਦੇ ਪਰਛਾਵੇ ਤੋਂ ਬਾਹਰ ਨਿਕਲਣ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ’ਚ ਦਲਿਤਾਂ ਅਤੇ ਉੱਚ ਜਾਤੀਆਂ ਪ੍ਰਤੀ ਉਨ੍ਹਾਂ ਦੇ ਆਪਣੇ ਜਾਤੀ ਸਮੂਹਾਂ ਦੇ ਘਾਣਕਾਰੀ ਵਤੀਰੇ ਕਾਰਨ ਰੁਕਾਵਟ ਪੈਦਾ ਹੋਈ ਹੈ। ਉਨ੍ਹਾਂ ਦੇ ਸਿਆਸੀ ਸਫਰ ’ਚ ਯਾਦਵ ਗਲਬੇ ਦੀ ਵਿਰਾਸਤ ਨਾਲ ਜੂਝਣਾ ਸ਼ਾਮਲ ਹੈ, ਜਿਸ ਨੂੰ ਅਕਸਰ ਹੋਰਨਾਂ ਭਾਈਚਾਰਿਆਂ ਦੀਆਂ ਖਾਹਿਸ਼ਾਂ ਨੂੰ ਖਾਰਿਜ ਕਰਨ ਦੇ ਰੂਪ ’ਚ ਮੰਨਿਆ ਜਾਂਦਾ ਹੈ। ਭਵਿੱਖ ’ਚ ਸਫਲ ਹੋਣ ਲਈ ਤੇਜਸਵੀ ਨੂੰ ਇਨ੍ਹਾਂ ਜੜ੍ਹਾਂ ਜਮਾ ਚੁੱਕੀ ਸਮਾਜਿਕ ਸਰਗਰਮੀ ਨੂੰ ਵੱਧ ਕੋਸ਼ਿਸ਼ਾਂ ਦੇ ਨਾਲ ਅੱਗੇ ਵਧਾਉਣਾ ਹੋਵੇਗਾ।

ਹਰਿਆਣਾ ਤੋਂ ਸਬਕ ਸਪੱਸ਼ਟ ਹੈ : ਜਾਤੀ ਦਾ ਗਲਬਾ ਇਕ ਬੋਝ ਬਣ ਸਕਦਾ ਹੈ, ਜੇਕਰ ਇਹ ਹੋਰਨਾਂ ਸਮਾਜਿਕ ਸਮੂਹਾਂ ਨੂੰ ਅਲੱਗ-ਥਲੱਗ ਕਰ ਦਿੰਦਾ ਹੈ। ਜਾਟ ਅਨੁਭਵ ਤੋਂ ਪਤਾ ਲੱਗਦਾ ਹੈ ਕਿ ਜਦੋਂ ਹੋਰ ਭਾਈਚਾਰੇ ਇਕ ਪ੍ਰਮੁੱਖ ਜਾਤੀ ਦੇ ਵਿਰੁੱਧ ਇਕੱਠੇ ਹੁੰਦੇ ਹਨ ਤਾਂ ਇਹ ਸਿਆਸੀ ਦ੍ਰਿਸ਼ ਨੂੰ ਕਾਫੀ ਹੱਦ ਤਕ ਬਦਲ ਸਕਦਾ ਹੈ। ਅਖਿਲੇਸ਼ ਅਤੇ ਤੇਜਸਵੀ ਲਈ, ਇਸ ਦਾ ਮਤਲਬ ਹੈ ਕਿ ਆਪਣੇ ਜਾਤੀ ਦੇ ਮੈਂਬਰਾਂ ਦਾ ਗਲਬਾ ਦਿਖਾਉਣ ਦੀ ਬਜਾਏ ਵੱਧ ਨਰਮ ਰੁਖ ਅਪਣਾਉਣ ਲਈ ਸੁਚੇਤ ਕਰਨਾ। ਇਸ ਸੰਦਰਭ ’ਚ ਪ੍ਰਭਾਵਸ਼ਾਲੀ ਅਗਵਾਈ ’ਚ ਵੱਖ-ਵੱਖ ਖੇਤਰਾਂ ’ਚ ਸਮਾਜਿਕ ਸਦਭਾਵ ਅਤੇ ਸਹਿਯੋਗ ਦੀ ਵਕਾਲਤ ਕਰਨਾ ਸ਼ਾਮਲ ਹੈ।

ਤੇਜਸਵੀ ਅਤੇ ਅਖਿਲੇਸ਼ ਦੋਹਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਿਰਫ ਆਪਣੇ ਰਵਾਇਤੀ ਜਾਤੀ ਆਧਾਰ ’ਤੇ ਨਿਰਭਰ ਰਹਿ ਕੇ ਸਥਾਈ ਸਿਆਸਤ ਦੀ ਸਫਲਤਾ ਹਾਸਲ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਨੂੰ ਯਾਦਵਾਂ ਤੋਂ ਪਰ੍ਹੇ ਆਪਣੀ ਅਪੀਲ ਦਾ ਵਿਸਥਾਰ ਕਰਨ ਅਤੇ ਹੋਰਨਾਂ ਭਾਈਚਾਰਿਆਂ ਤਕ ਪਹੁੰਚਣ ਦੀ ਲੋੜ ਹੈ ਜੋ ਹਾਸ਼ੀਏ ’ਤੇ ਮਹਿਸੂਸ ਕਰਦੇ ਹਨ। ਉਨ੍ਹਾਂ ਦੀਆਂ ਸਮਾਜਿਕ-ਆਰਥਿਕ ਲੋੜਾਂ ਨੂੰ ਸੰਬੋਧਿਤ ਕੀਤਾ ਅਤੇ ਸ਼ਾਸਨ ਦੇ ਸਮਾਵੇਸ਼ੀ ਨਜ਼ਰੀਏ ਨੂੰ ਉਤਸ਼ਾਹਿਤ ਕੀਤਾ ਜਾਵੇ।

ਬਿਹਾਰ ਅਤੇ ਉੱਤਰ ਪ੍ਰਦੇਸ਼ ’ਚ ਸਿਆਸੀ ਦ੍ਰਿਸ਼ ’ਚ ਬਦਲਾਅ ਹੋ ਰਿਹਾ ਹੈ। ਗੈਰ-ਯਾਦਵ ਓ. ਬੀ. ਸੀ. ਅਤੇ ਹੋਰ ਹਾਸ਼ੀਏ ’ਤੇ ਪਏ ਸਮੂਹਾਂ ਨੂੰ ਆਕਰਸ਼ਿਤ ਕਰਨ ਦੀ ਭਾਜਪਾ ਦੀ ਸਮਰੱਥਾ ਨੇ ਰਵਾਇਤੀ ਯਾਦਵ-ਕੇਂਦ੍ਰਿਤ ਸਿਆਸਤ ਦੇ ਪ੍ਰਭਾਵ ਨੂੰ ਕਮਜ਼ੋਰ ਕਰ ਦਿੱਤਾ ਹੈ। ਤੇਜਸਵੀ ਅਤੇ ਅਖਿਲੇਸ਼ ਵਰਗੇ ਨੇਤਾਵਾਂ ਨੂੰ ਆਪਣੀਆਂ ਪਾਰਟੀਆਂ ਦੇ ‘ਯਾਦਵ-ਕੇਂਦ੍ਰਿਤ’ ਅਕਸ ਨੂੰ ਛੱਡਣਾ ਅਤੇ ਇਸ ਦੀ ਬਜਾਏ ਸਮਾਵੇਸ਼ੀ ਸ਼ਾਸਨ ’ਤੇ ਜ਼ੋਰ ਦੇਣਾ ਚਾਹੀਦਾ ਹੈ ਜੋ ਸਾਰੇ ਭਾਈਚਾਰਿਆਂ ਦੀਆਂ ਖਾਹਿਸ਼ਾਂ ਨੂੰ ਪੂਰਾ ਕਰਦਾ ਹੋਵੇ।

ਅਖਿਲੇਸ਼ ਸੁਮਨ


author

Rakesh

Content Editor

Related News