‘ਗਾਇਬ’ ਹੋਏ ਸਰੂਪਾਂ ਦੀ ਜਾਂਚ ਏਜੰਸੀ ਤੋਂ ਕਿਉਂ ਨਹੀਂ?

09/17/2020 3:54:22 AM

ਜਸਵੰਤ ਸਿੰਘ ‘ਅਜੀਤ’

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ‘ਸਟਾਕ’ ’ਚੋਂ 300 ਤੋਂ ਵੀ ਅਧਿਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ‘ਗਾਇਬ’ ਹੋ ਜਾਣ ਦਾ ਮੁੱਦਾ ਲਗਾਤਾਰ ਗੰਭੀਰ ਹੁੰਦਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦਾ ਮੰਨਣਾ ਹੈ ਕਿ ਇੰਨੇ ਵੱਡੇ ਕਾਂਡ ਦੀ ਜਾਂਚ ਕਿਸੇ ਜਾਂਚ ਏਜੰਸੀ ਕੋਲੋਂ ਨਾ ਕਰਵਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਇਹ ਦਾਅਵਾ ਕੀਤਾ ਜਾਣਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੁਦ ਇਸ ਕਾਂਡ ਦੀ ਜਾਂਚ ਕਰਨ ਦੀ ਸਮਰੱਥਾ ਰੱਖਦੀ ਹੈ, ਕਈ ਕਿਸਮ ਦੇ ਖਦਸ਼ਿਅਾਂ ਨੂੰ ਜਨਮ ਦਿੰਦਾ ਹੈ।

ਸ. ਸਰਨਾ ਨੇ ਕਿਹਾ ਕਿ ਕੋਈ ਛੋਟਾ ਜਾਂ ਵੱਡਾ ਕਰਮਚਾਰੀ ਜਾਂ ਕੋਈ ਅਧਿਕਾਰੀ ਪ੍ਰਬੰਧਕਾਂ ਦੀ ਮਨਜ਼ੂਰੀ ਦੇ ਬਿਨਾਂ ਇੰਨੇ ਜ਼ਿਆਦਾ ਸਰੂਪ ਕਿਵੇਂ ਇਧਰ-ਓਧਰ ਕਰ ਸਕਦਾ ਹੈ ਜਾਂ ਬਲੈਕ ’ਚ ਵੇਚ ਸਕਦਾ ਹੈ। ਸ. ਸਰਨਾ ਦਾ ਮੰਨਣਾ ਹੈ ਕਿ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਅਸਲ ਦੋਸ਼ੀਅਾਂ ਨੂੰ ਸਜ਼ਾ ਦਿਵਾਉਣ ਦੇ ਪ੍ਰਤੀ ਈਮਾਨਦਾਰ ਹੁੰਦੇ ਤਾਂ ਉਹ ਇਸ ਕਾਂਡ ਦੀ ਜਾਂਚ ਦੀ ਜ਼ਿੰਮੇਵਾਰੀ ਕਿਸੇ ਸਰਕਾਰੀ ਏਜੰਸੀ ਨੂੰ ਸੌਂਪਣ ’ਚ ਜ਼ਰਾ ਜਿੰਨੀ ਵੀ ਦੇਰੀ ਨਾ ਕਰਦੇ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ ਅਤੇ ਅੰਦਰੂਨੀ ਜਾਂਚ ਕਰਵਾਏ ਜਾਣ ਦਾ ‘ਨਾਟਕ’ ਕਰ ਕੇ ਕੋਈ ਛੋਟੇ ਕਰਮਚਾਰੀਅਾਂ ਨੂੰ ਕਟਹਿਰੇ ’ਚ ਖੜ੍ਹਾ ਕਰਕੇ, ਉਨ੍ਹਾਂ ਦੇ ਵਿਰੁੱਧ ਦੋਸ਼ ਆਇਦ ਕਰ ਕੇ, ਅਸਲੀ ਦੋਸ਼ੀਅਾਂ ਨੂੰ ਬਚਾ ਲਿਆ। ਉਨ੍ਹਾਂ ਦਾ ਦਾਅਵਾ ਹੈ ਕਿ ਜਦੋਂ ਤਕ ਅਸਲੀ ਦੋਸ਼ੀ ਨਹੀਂ ਫੜੇ ਜਾਂਦੇ ਉਦੋਂ ਤਕ ਸੰਗਤਾਂ ਦਾ ਸੰਘਰਸ਼ ਜਾਰੀ ਰਹੇਗਾ, ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਇੰਨੀ ਵੱਡੀ ਗਿਣਤੀ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦਾ ‘ਗਾਇਬ’ ਹੋਣਾ ਕੋਈ ਛੋਟੀ ਗੱਲ ਨਹੀਂ, ਜਿਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਵੇ।

ਜੇਕਰ ਇਸ ਸਾਰੀ ਸਤਿਥੀ ’ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇ ਤਾਂ ਅਜਿਹਾ ਲੱਗਦਾ ਹੈ ਕਿ ਕੋਈ ਵੀ ਕਰਮਚਾਰੀ ਆਪਣੀ ਮਰਜ਼ੀ ਨਾਲ ਇੰਨੀ ਵੱਡੀ ਗਿਣਤੀ ’ਚ ਸਰੂਪਾਂ ਨੂੰ ਨਾ ਤਾਂ ‘ਗਾਇਬ’ ਕਰ ਸਕਦਾ ਹੈ ਅਤੇ ਨਾ ਹੀ ਕਿਸੇ ਨੂੰ ਦੇ ਸਕਦਾ ਹੈ ਪਰ ਇੰਨੇ ਜ਼ਿਆਦਾ ਸਰੂਪ ਇਕ ਦਿਨ ਜਾਂ ਦੋ ਦਿਨ ’ਚ ਇਧਰ-ਓਧਰ ਨਹੀਂ ਹੋ ਸਕਦੇ। ਇਸ ’ਚ ਜ਼ਰੂਰ ਹੀ ਕਿਸੇ ਪ੍ਰਬੰਧਕ ਦੀ ਲੰਬੀ ਹਿੱਸੇਦਾਰੀ ਰਹੀ ਹੋਵੇਗੀ? ਸਵਾਲ ਉੱਠਦਾ ਹੈ ਕਿ ਕਿਤੇ ਇਹ ਸਰੂਪ ਗਲਤ ਹੱਥਾਂ ’ਚ ਤਾਂ ਨਹੀਂ ਦੇ ਦਿੱਤੇ ਗਏ।

ਸ਼ਾਂਤਮਈ ਸਿੱਖਾਂ ’ਤੇ ਹਿੰਸਕ ਹਮਲਾ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ‘ਗਾਇਬ’ ਹੋਣ ਦੇ ਵਿਰੁੱਧ ਸ਼ਾਂਤਮਈ ਧਰਨਾ ਦੇ ਕੇ ਨਾਮ ਸਿਮਰਨ ਕਰ ਰਹੇ ਸਿੱਖਾਂ ’ਤੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵਲੋਂ ਹਥਿਆਰਬੰਦ ਹਮਲੇ ਨੇ ਬਹਿਬਲ ਕਲਾਂ ਦੀ ਉਸ ਘਟਨਾ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ, ਜਿਸ ’ਚ ਪੰਜਾਬ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਅਾਂ ਹੋ ਰਹੀਅਾਂ ਘਟਨਾਵਾਂ ਦੇ ਵਿਰੁੱਧ ਰੋਸ-ਧਰਨਾ ਦੇ ਕੇ ਨਾਮ ਸਿਮਰਨ ਕਰ ਰਹੇ ਸ਼ਾਂਤਮਈ ਸਿੱਖਾਂ ’ਤੇ ਪੁਲਸ ਵਲੋਂ ਗੋਲੀ ਚਲਾਈ ਗਈ ਸੀ। ‘ਜਾਗੋ’ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਮੁਖੀਅਾਂ ਨੂੰ ਸ਼ਾਂਤਮਈ ਸਿੱਖਾਂ ’ਤੇ ਟਾਸਕ ਫੋਰਸ ਨਾਲ ਹਥਿਆਰਬੰਦ ਹਮਲਾ ਕਰਵਾਏ ਜਾਣ ਤੋਂ ਪਹਿਲਾਂ ਗੁਰਦੁਆਰਾ ਸੁਧਾਰ ਲਹਿਰ ਦੇ ਇਤਿਹਾਸ ਨੂੰ ਪੜ੍ਹ ਕੇ ਅਤੇ ਉਸ ਤੋਂ ਸਬਕ ਲੈ ਲੈਣਾ ਚਾਹੀਦਾ ਸੀ ਤਾਂਕਿ ਉਨ੍ਹਾਂ ਨੂੰ ਪਤਾ ਲੱਗ ਜਾਂਦਾ ਕਿ ਅਜਿਹੇ ਹਮਲਿਅਾਂ ਨਾਲ ਸਿੱਖ ਜਗਤ ਦੀ ਆਵਾਜ਼ ਨਹੀਂ ਦਬਾਈ ਜਾ ਸਕਦੀ।

ਇਹ ਹੈ ਅਸਲੀ ਸੇਵਾ : ਸਮਰਪਿਤ ਸੇਵਾ ਕੀ ਹੁੰਦੀ ਹੈ? ਇਸ ਦੇ ਸੰਬੰਧ ’ਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਗੁਰਲਾਡ ਸਿੰਘ ਦੱਸਦੇ ਹਨ ਕਿ ਨਵੰਬਰ-84 ਦੇ ਦੋਸ਼ੀਅਾਂ ਨੂੰ ਸਜ਼ਾ ਦਿਵਾਉਣ ਦੇ ਮਕਸਦ ਨਾਲ ਸੁਪਰੀਮ ਕੋਰਟ ਦੀ ਨਿਗਰਾਨੀ ’ਚ ਵਿਸ਼ੇਸ਼ ਜਾਂਚ ਟੀਮ ਗਠਿਤ ਕਰਵਾਏ ਜਾਣ ਅਤੇ ਉਸ ਦੇ ਤਹਿਤ ਮੁੱਖ ਦੋਸ਼ੀਅਾਂ ਦੇ ਆਲੇ-ਦੁਆਲੇ ਸ਼ਿਕੰਜਾ ਕੱਸਣ ’ਚ ਉਨ੍ਹਾਂ ਨੂੰ ਜੋ ਸਫਲਤਾ ਪ੍ਰਾਪਤ ਹੋਈ, ਉਹ ਸ਼ਾਇਦ ਕਦੇ ਨਾ ਮਿਲ ਸਕਦੀ, ਜੇਕਰ ਉਨ੍ਹਾਂ ਨੂੰ ਸੁਪਰੀਮ ਕੋਰਟ ਦੇ ਐਡਵੋਕੇਟ ਅਰਵਿੰਦ ਦਾਤਾਰ ਦਾ ਨਿਸ਼ਕਾਮ ਸਹਿਯੋਗ ਪ੍ਰਾਪਤ ਨਾ ਹੁੰਦਾ। ਉਨ੍ਹਾਂ ਦੱਸਿਆ ਕਿ ਐਡਵੋਕੇਟ ਅਰਵਿੰਦ ਦਾਤਾਰ ਸ਼ੁਰੂ ਤੋਂ ਹੀ ਇਸ ਕੇਸ ਦੀ ਕਾਰਵਾਈ ਕਰਦੇ ਚਲੇ ਆ ਰਹੇ ਹਨ। ਉਹ ਹਰ ਤਰੀਕ ’ਤੇ ਇਸ ਕੇਸ ਦੀ ਪੈਰਵੀ ਕਰਨ ਲਈ ਮਦਰਾਸ ਤੋਂ ਵਿਸ਼ੇਸ਼ ਤੌਰ ’ਤੇ ਹਵਾਈ ਜਹਾਜ਼ ਰਾਹੀਂ ਦਿੱਲੀ ਆਉਂਦੇ ਅਤੇ ਪਰਤਦੇ ਹਨ। ਗੁਰਲਾਡ ਸਿੰਘ ਨੇ ਦੱਸਿਆ ਕਿ ਅੱਜ ਤਕ ਉਨ੍ਹਾਂ ਨੇ ਨਾ ਤਾਂ ਕੇਸ ਦੀ ਪੈਰਵੀ ਕਰਨ ਦੀ ਕੋਈ ਫੀਸ ਲਈ ਹੈ ਅਤੇ ਨਾ ਹੀ ਹਵਾਈ ਜਹਾਜ਼ ਰਾਹੀਂ ਆਉਣ-ਜਾਣ ਦਾ ਖਰਚਾ। ਉਹ ਪੂਰੀ ਤਰ੍ਹਾਂ ਸਮਰਪਿਤ ਅਤੇ ਨਿਸ਼ਕਾਮ ਭਾਵ ਨਾਲ ਇਹ ਜ਼ਿੰਮੇਵਾਰੀ ਨਿਭਾਉਂਦੇ ਚਲੇ ਆ ਰਹੇ ਹਨ।

ਹਰਮਨਜੀਤ ਸਿੰਘ ਦੀ ਦੁਚਿੱਤੀ : ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਦਿੱਲੀ ਦੇ ਪ੍ਰਧਾਨ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਹਰਮਨਜੀਤ ਸਿੰਘ ਅਜੇ ਤੱਕ ਇਸ ਦੁਚਿੱਤੀ ’ਚੋਂ ਉੱਭਰ ਨਹੀਂ ਸਕੇ ਕਿ ਉਹ ਬਾਦਲ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤੇ ਗਏ ਆਪਣੇ ਅਸਤੀਫੇ ’ਤੇ ਦ੍ਰਿੜ੍ਹਤਾ ਨਾਲ ਕਾਇਮ ਰਹਿਣ ਜਾਂ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਲੋਂ ਦਲ ਦੇ ਰਾਸ਼ਟਰੀ ਸੀਨੀਅਰ ਉਪ-ਪ੍ਰਧਾਨਾਂ ਦੀ ਭੀੜ ’ਚ ਸ਼ਾਮਲ ਕੀਤੇ ਜਾਣ ਦੇ ਫੜਾਏ ਗਏ ‘ਲਾਲੀਪਾਪ’ ਨੂੰ ਲੈਣ, ਆਪਣੇ ਅਸਤੀਫੇ ਅਤੇ ਉਸ ’ਚ ਦਲ ਦੇ ਦਿੱਲੀ ਪ੍ਰਦੇਸ਼ ਦੇ ਮੁਖੀਅਾਂ ’ਤੇ ਲਗਾਏ ਗਏ ਗੰਭੀਰ ਦੋਸ਼ਾਂ ਨੂੰ ਭੁੱਲ ਜਾਣ, ਜਿਨ੍ਹਾਂ ਦੇ ਕਾਰਨ ਦਿੱਲੀ ’ਚ ਦਲ ਅਤੇ ਉਨ੍ਹਾਂ ਦੀ ਸਥਿਤੀ ਖਰਾਬ ਹੋ ਰਹੀ ਹੈ।

ਸ਼ੰਟੀ ਨੇ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਘੇਰਿਆ : ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ, ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਬਾਦਲ ਅਕਾਲੀ ਦਲ ਦੀ ਮੈਂਬਰੀ ਤੋਂ ਅਸਤੀਫਾ ਦਿੱਤਾ ਹੈ, ਨੇ ਸੋਮਵਾਰ ਨੂੰ ਇਹ ਅਸਤੀਫਾ ਦਿੱਤੇ ਜਾਣ ਦੇ ਕਾਰਨ ਦਾ ਖੁਲਾਸਾ ਕਰਦੇ ਹੋਏ ਦੱਸਿਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ’ਚ ਫੈਲੇ ਭ੍ਰਿਸ਼ਟਾਚਾਰ ਵਲ ਧਿਆਨ ਖਿੱਚਦੇ ਹੋਏ ਕਮੇਟੀ ਦੇ ਪ੍ਰਧਾਨ ਨੂੰ ਪੰਜ ਪੱਤਰ ਲਿਖੇ ਸਨ ਪਰ ਉਨ੍ਹਾਂ ਵਲੋਂ ਉਨ੍ਹਾਂ ਨੂੰ ਇਕ ਵੀ ਪੱਤਰ ਨਹੀਂ ਮਿਲਿਆ। ਉਨ੍ਹਾਂ ਪੁੱਛਿਆ ਕਿ ਜਦਕਿ ਇਕ ‘ਅਹੁਦੇਦਾਰ’ ਦੇ ਪੀ. ਏ. ਦੇ ਵਿਰੁੱਧ ਗੁਰਦੁਆਰਾ ਪ੍ਰਬੰਧਕ ਕਮੇਟੀ ’ਚੋਂ 13 ਲੱਖ 65 ਹਜ਼ਾਰ ਰੁਪਏ ਕੱਢੇ ਜਾਣ ਦਾ ਮਾਮਲਾ ਅਦਾਲਤ ’ਚ ਸੁਣਵਾਈ ਅਧੀਨ ਹੋਵੇ, ਤਾਂ ਫਿਰ ਉਸ ਪੈਸੇ ’ਤੇ ਲਕੀਰ ਕਿਉਂ ਮਾਰੀ ਗਈ? ਇਸੇ ਤਰ੍ਹਾਂ ਉਨ੍ਹਾਂ ਨੇ ਕੁਝ ਹੋਰ ਦੋਸ਼ ਲਗਾਉਂਦੇ ਹੋਏ ਦਾਅਵਾ ਕੀਤਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ’ਚ ਫੈਲੇ ਭ੍ਰਿਸ਼ਟਾਚਾਰ ਦੇ ਵਿਰੁੱਧ ਉਨ੍ਹਾਂ ਦੀ ਜੰਗ ਜਾਰੀ ਰਹੇਗੀ। ਇਥੇ ਇਹ ਗੱਲ ਵਰਣਨਯੋਗ ਹੈ ਕਿ ਗੁਰਮੀਤ ਸਿੰਘ ਸ਼ੰਟੀ ਨੇ ਮਨਜੀਤ ਸਿੰਘ ਜੀ. ਕੇ. ਦੇ ਵਿਰੁੱਧ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਆਧਾਰ ’ਤੇ ਮਾਮਲਾ ਅਦਾਲਤ ’ਚ ਲਿਜਾ ਕੇ ਉਨ੍ਹਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਲਈ ਮਜਬੂਰ ਕਰ ਦਿੱਤਾ ਸੀ, ਜਿਸ ਕਾਰਨ ਸ. ਮਨਜਿੰਦਰ ਸਿੰਘ ਸਿਰਸਾ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣ ਸਕਣ ਦਾ ਰਾਹ ਪੱਧਰਾ ਹੋ ਗਿਆ ਸੀ। ਇਸੇ ਕਾਰਨ ਸ.ਸਿਰਸਾ ਨੇ ਕੋਈ 10 ਮਹੀਨੇ ਪਹਿਲਾਂ ਸ. ਸ਼ੰਟੀ ਨੂੰ ਸ਼ਾਇਦ ਇਹ ਭਰੋਸਾ ਦਿੱਤਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਾਦਲ ਅਕਾਲੀ ਦਲ ’ਚ ਉਨ੍ਹਾਂ ਨੂੰ ਉਨ੍ਹਾਂ ਦਾ ਬਣਦਾ ਸਨਮਾਨ ਦਿੱਤਾ ਜਾਵੇਗਾ, ਉਨ੍ਹਾਂ ਦੀ ਬਾਦਲ ਅਕਾਲੀ ਦਲ ’ਚ ਸ਼ਮੂਲੀਅਤ ਕਰਵਾਈ ਸੀ।

... ਅਤੇ ਅਖੀਰ ’ਚ : ਓਧਰ ਦਿੱਲੀ ਗੁਰਦੁਆਰਾ ਕਮੇਟੀ ਦੇ ਅੰਦਰੂਨੀ ਸੂਤਰਾਂ ਦੀ ਮੰਨੀਏ ਤਾਂ ਸਭ ਤੋਂ ਪਹਿਲਾਂ ਪੀ.ਏ ਦੇ ਨਾਂ ਨਿਕਲਦੀ ਇਕ ਵੱਡੀ ਰਕਮ ’ਤੇ ‘ਲਕੀਰ’ ਮਾਰੇ ਜਾਣ ਦਾ ਮੁੱਖ ਕਾਰਨ ਸ਼ਾਇਦ ਇਹ ਹੈ ਕਿ ਇਹ ਪੀ.ਏ. ਅਦਾਲਤ ’ਚ ਬਿਆਨ ਦੇ ਸਕਦਾ ਸੀ ਕਿ ਇਹ ਪੈਸਾ ਉਸ ਨੇ ਨਹੀਂ ਸਗੋਂ ਉਸ ਦੇ ਨਾਂ ’ਤੇ ‘ਫਲਾਣੇ’ ਅਧਿਕਾਰੀ ਨੇ ਆਪਣੇ ਚੋਣ ਪ੍ਰਚਾਰ ਦੇ ਖਰਚ ਲਈ ਲਿਆ ਸੀ, ਜਿਸ ਕਾਰਨ ਸੰਬੰਧਤ ਅਧਿਕਾਰੀ ਦੀ ਨਾ ਸਿਰਫ ਕਿਰਕਿਰੀ ਹੋ ਸਕਦੀ, ਸਗੋਂ ਉਸ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਵੀ ਦੇਣਾ ਪੈ ਸਕਦਾ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਕੰਮ ’ਚ ਇਕ ਵੱਡੇ ਅਧਿਕਾਰੀ ਨੇ ਇਸ ਲਈ ਉਸ ਨੂੰ ਸਹਿਯੋਗ ਦਿੱਤਾ ਤਾਂਕਿ ਉਹ ਉਸ ਨੂੰ ਆਪਣੇ ਇਸ਼ਾਰਿਅਾਂ ’ਤੇ ਨਚਾਉਂਦਾ ਰਹਿ ਸਕੇ। ਇਸ ਗੱਲ ਦੀ ਸੱਚਾਈ ਤੋਂ ਪਰਦਾ ਸਿਰਫ ਸੰਬੰਧਤ ਵੱਡੇ ਅਧਿਕਾਰੀ ਹੀ ਉਠਾ ਸਕਦੇ ਹਨ।


Bharat Thapa

Content Editor

Related News