ਟੂਟੀਆਂ ’ਚ ਆ ਰਹੀ ਗੰਧਲੇ ਪਾਣੀ ਦੀ ਸਪਲਾਈ ਤੋਂ ਪਰੇਸ਼ਾਨ ਲੋਕ
Friday, Apr 04, 2025 - 04:01 PM (IST)

ਤਲਵੰਡੀ ਭਾਈ (ਪਾਲ) : ਸ਼ਹਿਰ ਦੇ ਕਈ ਗਲੀਆਂ-ਮੁਹੱਲੇ ਅਜਿਹੇ ਹਨ, ਜਿੱਥੇ ਪੀਣ ਵਾਲਾ ਪਾਣੀ ਵੀ ਸਾਫ ਨਾ ਆਉਣ ਕਾਰਨ ਇਨ੍ਹਾਂ ਮੁਹੱਲਿਆਂ ਦੇ ਵਾਸੀਆਂ ਨੂੰ ਗੰਦਾ ਪਾਣੀ ਪੀਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਗੰਦੀ ਗਾਰ ’ਚੋਂ ਜੀਵਨ ਤਲਾਸ਼ ਰਹੇ ਪਰੇਸ਼ਾਨ ਲੋਕਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੀਵਰੇਜ ਬੋਰਡ ਮਹਿਕਮੇ ਦੇ ਵਾਟਰ ਸਪਲਾਈ ਵਾਲੇ ਪਾਈਪ ਜਗ੍ਹਾ-ਜਗ੍ਹਾ ਤੋਂ ਟੁੱਟੇ ਹੋਣ ਕਰਕੇ ਇਨ੍ਹਾਂ ਵਿਚ ਰੇਤਾ ਅਤੇ ਨਾਲੀਆਂ ਦੀ ਗੰਦੀ ਗਾਰ ਪੈਂਦੀ ਰਹਿੰਦੀ ਹੈ, ਜੋ ਕਿ ਪੀਣ ਵਾਲੇ ਪਾਣੀ ਵਿਚ ਮਿਕਸ ਹੋ ਕੇ ਪਾਣੀ ਨੂੰ ਗੰਦਾ ਕਰਦੀ ਹੈ।
ਉਨ੍ਹਾਂ ਕਿਹਾ ਕਿ ਅਸੀਂ ਅਨੇਕਾਂ ਵਾਰ ਵਾਟਰ ਸਪਲਾਈ ਦੇ ਦਫ਼ਤਰ ਵਿਚ ਇਸ ਸਬੰਧੀ ਸ਼ਿਕਾਇਤ ਕਰ ਚੁੱਕੇ ਹਾਂ ਪਰ ਸਥਾਨਕ ਵਾਟਰ ਸਪਲਾਈ ਦੇ ਦਫ਼ਤਰ ਵਿਚ ਬੈਠੇ ਫੀਲ ਗੂਡ ਮਹਿਸੂਸ ਕਰਨ ਵਾਲੇ ਅਧਿਕਾਰੀਆਂ ਨੇ ਲੋਕਾਂ ਦੀ ਇਸ ਸਮੱਸਿਆ ਵੱਲ ਕੋਈ ਵਿਸ਼ੇਸ਼ ਧਿਆਨ ਨਹੀਂ ਦਿੱਤਾ। ਇਸ ਕਰਕੇ ਲੋਕਾਂ ਨੂੰ ਮਜ਼ਬੂਰਨ ਰੇਤਾ ਦੀ ਗਾਰ ਵਾਲਾ ਪਾਣੀ ਪੀਣ ਪੈ ਰਿਹਾ ਹੈ, ਜਿਸ ਨਾਲ ਕਦੇ ਵੀ ਕੋਈ ਭਿਆਨਕ ਬਿਮਾਰੀ ਫੈਲਣ ਦਾ ਪੂਰਾ ਪੂਰਾ ਡਰ ਬਣਿਆ ਹੋਇਆ ਹੈ।