ਬੇਗਾਨਗੀ ਕਿਉਂ ਭਰਦੀ ਜਾ ਰਹੀ ਹੈ ਸਬਰ ਦੇ ਵਾਰਿਸ ਪੰਜਾਬੀਆਂ ’ਚ

09/21/2019 12:57:49 AM

ਹਰਫ਼ ਹਕੀਕੀ/ਦੇਸ ਰਾਜ ਕਾਲੀ

ਮੌਸਮ ’ਚ ਤਲਖੀ ਘਟੀ ਹੈ ਪਰ ਸਮਾਜ ਅੰਦਰ ਤਲਖੀ ਵਧੀ ਹੈ ਤੇ ਹੋਰ ਵਧਣ ਦੇ ਸੰਕੇਤ ਹਨ। ਜੋ ਵਾਪਰ ਰਿਹਾ ਹੈ, ਭਵਿੱਖ ਦੀ ਤਸਵੀਰ ਕੋਈ ਚੰਗੀ ਨਜ਼ਰ ਨਹੀਂ ਆ ਰਹੀ। ਇਹ ਵਰਤਾਰਾ ਸ਼ੁਰੂ ਤਾਂ 90ਵਿਆਂ ਵੇਲੇ ਹੀ ਹੋ ਗਿਆ ਸੀ, ਜਦੋਂ ਅਰਥਚਾਰੇ ਨੂੰ ਠੁੰਮਣਾ ਦੇਣ ਵਾਸਤੇ ਨਵੀਆਂ ਆਰਥਿਕ ਨੀਤੀਆਂ ਲਾਗੂ ਕੀਤੀਆਂ ਗਈਆਂ ਪਰ ਪਿਛਲੇ ਪੰਜ ਕੁ ਸਾਲਾਂ ਤੋਂ ਨਵੇਂ ਮੋੜਾਂ ਨੇ ਇਸ ਸਮਾਜਿਕ ਸੰਕਟ ਨੂੰ ਹੋਰ ਤਿੱਖਿਆਂ ਕਰ ਦਿੱਤਾ। ਅਸੀਂ ਅਗਿਆਨਵੱਸ ਉਹ ਕਾਰਜ ਕੀਤੇ, ਸਮਾਜਿਕ ਤੌਰ ’ਤੇ ਵੀ, ਜਿਨ੍ਹਾਂ ਨੇ ਸਮਾਜ ਨੂੰ ਸਮਾਜਿਕ ਪਛਾਣਾਂ ਦੇ ਪਾੜ ਵੱਲ ਧੱਕਿਆ। ਜਾਤੀ ਪਛਾਣਾਂ ਦੇ ਪਾੜ ਵਧੇ। ਨੈਤਿਕ ਕਦਰਾਂ-ਕੀਮਤਾਂ ’ਚ ਗਿਰਾਵਟ ਆਈ। ਇਸ ਸਮਾਜਿਕ ਨਿਵਾਣ ਦੇ ਜਿਥੇ ਸਿਆਸੀ ਪਹਿਲੂ ਹਨ, ਉਥੇ ਸੱਭਿਆਚਾਰਕ, ਆਰਥਿਕ, ਸਮਾਜਿਕ, ਧਾਰਮਿਕ ਪਹਿਲੂ ਵੀ ਹਨ। ਇਨ੍ਹਾਂ ਦੀ ਨਿਸ਼ਾਨਦੇਹੀ ’ਤੇ ਹੀ ਸਮਾਜ ਦੇ ਨਵੇਂ ਤੇ ਤਲਖ ਚਿਹਰੇ ਦੀ ਪਛਾਣ ਕੀਤੀ ਜਾ ਸਕਦੀ ਹੈ।

ਪੰਜਾਬ ’ਚ ਹੀ ਪਿਛਲੇ ਕੁਝ ਦਿਨਾਂ ਦੀਆਂ ਤਾਜ਼ਾ ਘਟਨਾਵਾਂ ਨੂੰ ਹੀ ਲਈਏ, ਤਾਂ ਅਸੀਂ ਕਾਫੀ ਉਦਾਸ ਕਰ ਦੇਣ ਵਾਲੇ ਮਾਹੌਲ ’ਚੋਂ ਲੰਘੇ ਹਾਂ। ਦਿੱਲੀ ਦੇ ਤੁਗਲਕਾਬਾਦ ਇਲਾਕੇ ’ਚ ਪ੍ਰਾਚੀਨ ਗੁਰੂ ਰਵਿਦਾਸ ਮੰਦਰ ਦਾ ਡੀ. ਡੀ. ਏ. ਵੱਲੋਂ ਡੇਗਿਆ ਜਾਣਾ, ਬਾਕੀ ਮੁਲਕ ਦੇ ਮੁਕਾਬਲੇ ਪੰਜਾਬ ਨੂੰ ਵੱਧ ਗਰਮੀ ਦੇ ਗਿਆ। ਇਹ ਮਸਲਾ ਅਜੇ ਲਟਕਿਆ ਹੀ ਹੋਇਆ ਹੈ। ਭਾਵੇਂ ਇਸ ਸਾਰੀ ਕਾਰਵਾਈ ’ਚ ਮਾਣਯੋਗ ਸੁਪਰੀਮ ਕੋਰਟ ਦੇ ਫੈਸਲੇ ਨੂੰ ਲਾਗੂ ਕੀਤਾ ਜਾਣਾ ਹੀ ਸੀ ਪਰ ਭਾਵਨਾਵਾਂ ਆਹਤ ਹੋਈਆਂ ਤੇ ਲੋਕਾਂ ਨੇ ਉਨ੍ਹਾਂ ਦਾ ਪ੍ਰਗਟਾਵਾ ਕੀਤਾ। ਜੋ ਮਰਜ਼ੀ ਕਹੋ, ਅਜਿਹੇ ਮੌਕਿਆਂ ’ਤੇ ਹਰ ਤਰ੍ਹਾਂ ਦੇ ਵਿਚਾਰ ਹਵਾ ’ਚ ਲਹਿਰਦੇ ਨੇ। ਇਨ੍ਹਾਂ ਵਿਚਾਰਾਂ ਨੂੰ ਹੀ ਅੱਗੇ ਹਵਾ ਮਿਲਦੀ ਹੈ। ਤਲਖੀ ਹਵਾ ਨੇ ਪੈਦਾ ਕਰ ਹੀ ਦੇਣੀ ਹੁੰਦੀ ਹੈ, ਉਹਦਾ ਸੁਭਾਅ ਹੈ। ਇਉਂ ਹੀ ਤਾਜ਼ਾ ਘਟਨਾਕ੍ਰਮ ’ਚ ਇਕ ਸੀਰੀਅਲ ਨੂੰ ਲੈ ਕੇ ਵਾਲਮੀਕਿ ਭਾਈਚਾਰੇ ਦਾ ਰੋਹ ਉੱਬਲਣਾ ਵੀ ਕਾਫੀ ਤਣਾਅ ਵਾਲਾ ਸੀ। ਨਕੋਦਰ ਵਰਗੇ ਕਸਬੇ ’ਚ ਪ੍ਰਦਰਸ਼ਨਕਾਰੀਆਂ ’ਤੇ ਗੋਲੀ ਚਲਾਇਆ ਜਾਣਾ, ਹਾਲਾਂਕਿ ਇਸ ਸਾਰੇ ਬਾਰੇ ਪੁਲਸ ਦੀ ਤਫਤੀਸ਼ ਤੋਂ ਬਾਅਦ ਹੀ ਕੋਈ ਟਿੱਪਣੀ ਕੀਤੀ ਜਾ ਸਕਦੀ ਹੈ ਪਰ ਸਮਾਜਿਕ ਪਾੜੇ ਦਾ ਸੰਕੇਤ ਤਾਂ ਹੈ ਹੀ। ਨਾਲ ਦੀ ਨਾਲ ਇਹ ਵੀ ਕਿ ਨਿੱਤ ਦੇ ਬੰਦ ਨਾਲ ਪਹਿਲਾਂ ਤੋਂ ਹੀ ਪ੍ਰੇਸ਼ਾਨ ਕੰਮਕਾਜ ਵਾਲੇ ਲੋਕਾਂ ਦਾ ਉਬਾਲ ਦਰਜਾ ਵੀ ਦਰਜ ਹੋ ਗਿਆ। ਇਹ ਕਈ ਵਾਰ ਅਣਦਿਸਦੇ ਦੀ ਨਿਸ਼ਾਨਦੇਹੀ ਹੀ ਹੁੰਦੀ ਹੈ।

ਪੰਜਾਬ ਦੇ ਅੰਦਰਲੀ ਆਵਾਜ਼ ਤਾਂ ਨਹੀਂ ਖੱਬਿਆਂ ਦਾ ਮੋਰਚਾ, ਜੋ ਇਕ ਹੋਰ ਬਹੁਤ ਅਹਿਮ ਸਵਾਲ ਪੈਦਾ ਕਰ ਗਿਆ, ਖੱਬੀਆਂ ਧਿਰਾਂ ਦਾ ਕਸ਼ਮੀਰ ਦੀ ਧਾਰਾ-370 ਦੇ ਮਨਸੂਖ ਕੀਤੇ ਜਾਣ ਵਿਰੁੱਧ ਮੋਰਚਾ। ਭਾਵੇਂ ਸਰਕਾਰ ਵੱਲੋਂ ਇਸ ਰੈਲੀ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਪਰ ਜੇਕਰ ਮੁੰਬਈ ’ਚ ਦਿੱਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਕਿ ਕਸ਼ਮੀਰ ਬਾਰੇ ਫੈਸਲਾ ਦੇਸ਼ ਦੀ 130 ਕਰੋੜ ਆਬਾਦੀ ਦੀ ਆਵਾਜ਼ ਹੈ, ਨੂੰ ਚੁਣੌਤੀ ਹੈ। ਪੰਜਾਬ ਦੀ ਇਸ ਖੱਬੀ ਧਿਰ ਦੇ ਨਵੇਂ ਨਕਸ਼ ਵੀ ਪਛਾਣਨੇ ਬਹੁਤ ਜ਼ਰੂਰੀ ਹਨ ਕਿਉਂਕਿ ਜੇਕਰ ਇਸ ਤਰੀਕੇ ਕੌਮਾਂ ਦੇ ਮਸਲਿਆਂ ਨੂੰ ਲੈ ਕੇ ਸਿਰਫ ਤੇ ਸਿਰਫ ਪਛਾਣ ਦੀ ਰਾਜਨੀਤੀ ਤੋਂ ਬਾਹਰ ਕੱਢ ਕੇ ਲੈ ਜਾਣਾ, ਨਵੇਂ ਜਾਵੀਏ ਦਾ ਸੰਕੇਤ ਹੈ। ਜਦੋਂ ਸਰਕਾਰਾਂ ਅਜਿਹੇ ਮੌਕਿਆਂ ’ਤੇ ਜਾਤੀ ਪਛਾਣਾਂ ਦੀ ਰਾਜਨੀਤੀ ਖੇਡਦਿਆਂ ਲੋਕਾਂ ਨੂੰ ਆਪਸ ਵਿਚ ਟਕਰਾਉਣ ਤੱਕ ਦੇ ਮਰਹੱਲਿਆਂ ਤੱਕ ਲੈ ਜਾਂਦੀਆਂ ਨੇ, ਉਦੋਂ ਖੱਬਿਆਂ ਦੀ ਇਹ ਪਹੁੰਚ ਬਹੁਤ ਕੁਝ ਵੱਖਰੀ ਤਰ੍ਹਾਂ ਦਾ ਪੰਜਾਬ ’ਚ ਵਾਪਰਨ ਦਾ ਇਸ਼ਾਰਾ ਦਿੰਦੀ ਹੈ।

ਭਾਸ਼ਾਈ ਧੌਂਸ ਵਿਰੁੱਧ ਰੋਹ!

ਹੁਣ ਫਿਰ ਆ ਕੇ ਹਿੰਦੀ ਦੇ ਨਾਂ ਉੱਤੇ ਕੇਂਦਰ ਸਰਕਾਰ ਦੇ ਮੰਤਰੀਆਂ ਦਾ ‘ਇਕ ਦੇਸ਼ ਇਕ ਭਾਸ਼ਾ’ ਵਾਲਾ ਨਾਅਰਾ ਵੀ ਪੰਜਾਬ ’ਚ ਡੋਲਦਾ ਨਜ਼ਰ ਆਇਆ ਹੈ। ਭਾਸ਼ਾ ਵਿਭਾਗ ਪੰਜਾਬ ਦੇ ‘ਹਿੰਦੀ ਦਿਵਸ’ ਪ੍ਰੋਗਰਾਮ ’ਚ ਜਿਵੇਂ ਪੰਜਾਬੀ ਉੱਪਰ ਹਮਲੇ ਕੀਤੇ ਗਏ, ਉੱਥੇ ਹਾਜ਼ਰ ਲੇਖਕਾਂ ਨੇ ਤਾਂ ਵਿਰੋਧ ਦਰਜ ਕਰਵਾਇਆ ਹੀ, ਸੋਸ਼ਲ ਮੀਡੀਆ, ਅਖਬਾਰਾਂ, ਚੈਨਲਾ ’ਤੇ ਵਿਰੋਧ ਦਾ ਹੜ੍ਹ ਹੀ ਆ ਗਿਆ। ਇਹ ਵੀ ਪੰਜਾਬ ਦੇ ਇਕ ਖਾਸ ਉਬਾਲ ਦਰਜੇ ਦੀ ਦੇਸ਼ ’ਚ ਦਰਜਾਬੰਦੀ ਕੀਤੇ ਜਾਣ ਵੱਲ ਇਸ਼ਾਰਾ ਹੈ। ਪੰਜਾਬ ’ਚ ਰੋਹ ਕਿਤੇ ਨਾ ਕਿਤੇ ਜ਼ਿਆਦਾ ਤਿੱਖਾ ਤੇ ਸਪੱਸ਼ਟ ਹੈ। ਇਹ ਇਸ ਦੀ ਪਛਾਣ ਹੈ ਪਰ ਇਸ ਰੋਹ, ਵਿਦਰੋਹ ਦੇ ਹਿੰਸਕ ਹੋ ਜਾਣ ਪਿੱਛੇ ਬਹੁਤ ਗਹਿਰੇ ਪ੍ਰਭਾਵ ਪਏ ਨੇ, ਜੋ ਸਮੇਂ ਨੇ ਲੀਕਾਂ ਮਾਰੀਆਂ ਨੇ। ਇਹ ਵਿਰੋਧ ਸਿਰਫ ਭਾਸ਼ਾਈ ਧੌਂਸ ਵਿਰੁੱਧ ਨਹੀਂ ਹੈ, ਇਸ ਦੇ ਧੁਰ ਅੰਦਰ ’ਚ ਕੁਝ ਉਹ ਪਿਆ ਹੈ, ਜਿਹੜਾ ਮੌਜੂਦਾ ਸੱਤਾਧਾਰੀ ਧਿਰ ਦੇ ਏਜੰਡਿਆਂ ਵਿਰੁੱਧ ਹੈ। ਇਹ ਵੀ ਨਹੀਂ ਕਿ ਇਹ ਸਪੱਸ਼ਟ ਨਹੀਂ ਹੈ। ਲੋਕਾਂ ਨੇ, ਖਾਸ ਕਰਕੇ ਪੰਜਾਬੀ ਲੇਖਕਾਂ ਨੇ ਸਾਫ-ਸਾਫ ਲਿਖਿਆ ਹੈ ਕਿ ਭਾਸ਼ਾਈ ਪਛਾਣਾਂ ਵਿਰੁੱਧ ਸੰਘੀ ਏਜੰਡੇ ਦਾ ਅਸੀਂ ਸ਼ਰੇਆਮ ਵਿਰੋਧ ਕਰਦੇ ਹਾਂ। ਤਾਂ ਹੀ, ਸ਼ਾਇਦ ਕੇਂਦਰੀ ਮੰਤਰੀਆਂ ਨੂੰ ਇਸ ਮਾਮਲੇ ’ਚ ਯੂ-ਟਰਨ ਵੀ ਲੈਣਾ ਪੈ ਗਿਆ ਤੇ ਪੰਜਾਬ ’ਚ ਹੋਈ ਵਧੀਕੀ ਦੀ ਮੁਆਫੀ ਤੱਕ ਮੰਗੇ ਜਾਣ ਦੀ ਵੀ ਖਬਰ ਆ ਗਈ।

ਵਿੱਤੀ ਪੂੰਜੀ ਨੇ ਰੋਗੀ ਕਰਤੇ!

ਜਿਹੜੇ ਅੰਦਰਖਾਤੇ ਲੋਕ ਮਨਾਂ ’ਚ ਤਲਖੀਆਂ ਦੇ ਵਧਣ ਦੇ ਕਾਰਣਾਂ ਵੱਲ ਅਸੀਂ ਇਸ਼ਾਰਾ ਕਰ ਰਹੇ ਹਾਂ, ਉਨ੍ਹਾਂ ਪਿੱਛੇ ਵਿੱਤੀ ਪੂੰਜੀ (ਫਾਇਨਾਂਸ ਕੈਪੀਟਲ) ਦਾ ਜੋ ਮਨੋ-ਪ੍ਰਭਾਵ ਹੈ, ਲੋਕਾਂ ਦੀ ਮਾਨਸਿਕਤਾ ਉੱਪਰ ਪ੍ਰਭਾਵ ਹੈ, ਉਹ ਵੀ ਸਪੱਸ਼ਟ ਨਜ਼ਰ ਆਉਣ ਲੱਗਾ ਹੈ। ਇਹ ਆਰਥਿਕਤਾ ਕਿਉਂਕਿ ਨਿਸ਼ਚਿਤ ਕੁਝ ਨਹੀਂ ਹੁੰਦਾ, ਕਦੇ ਵੀ, ਕੁਝ ਵੀ ਹੋ ਸਕਦਾ ਹੈ, ਤਾਂ ਫਿਰ ਵਿਅਕਤੀ ਅੰਦਰ ਇਕ ਅਸੁਰੱਖਿਆ ਦੀ ਭਾਵਨਾ ਪੈਦਾ ਕਰਦਾ ਹੈ। ਜਦੋਂ ਤੁਸੀਂ ਅਸੁਰੱਖਿਅਤ ਹੋ, ਤਾਂ ਲੰਬੇ ਸਮੇਂ ’ਚ ਇਹ ਬੀਮਾਰੀ ਦਾ ਰੂਪ ਧਾਰਨ ਕਰ ਕੇ ਤੁਹਾਨੂੰ ਇਕਲਾਪੇ, ਬੇਗਾਨਗੀ ’ਚ ਲੈ ਜਾਂਦੀ ਹੈ। ਇਸ ਵਕਤ ਅਸੀਂ ਇਕਲਾਪੇ, ਬੇਗਾਨਗੀ ਦੇ ਮਾਰੇ ਹਾਂ, ਤਦੇ ਸਹਿਮੇ ਹੋਏ ਹਾਂ। ਇਸ ਵਕਤ ਪੰਜਾਬੀ/ਭਾਰਤੀ ਮਨੁੱਖ ਸਹਿਮਿਆ ਪਿਆ ਹੈ। ਇਹ ਰੋਗ ਹੈ ਜੋ ਦਿਸਦਾ ਨਹੀਂ ਹੈ ਪਰ ਸਮਾਜ ਨੂੰ ਚਿੰਬੜਿਆ ਹੋਇਆ ਹੈ। ਬਹੁਤ ਹੀ ਬਾਰੀਕ ਰੋਗ ਹੈ। ਇਸ ਦੀ ਨਿਸ਼ਾਨਦੇਹੀ ਹੀ ਨਹੀਂ ਕੀਤੀ ਜਾ ਰਹੀ। ਇਸੇ ਰੋਗ ’ਚੋਂ ਰੋਹ, ਵਿਦਰੋਹ ਪੈਦਾ ਹੋ ਰਿਹਾ ਹੈ। ਇਹ ਸਾਕਾਰਤਮਕ ਗੱਲ ਵੀ ਹੈ। ਸਮਾਜ ਜਾਗੇਗਾ, ਤਾਂ ਕੁਝ ਨਵਾਂ ਸਿਰਜ ਸਕੇਗਾ ਪਰ ਫਿਰ ਵੀ ਕੁਝ ਕਿਰ ਗਏ ਦਾ ਅਹਿਸਾਸ ਲਗਾਤਾਰ ਬਣਿਆ ਹੋਇਆ ਹੈ।

ਇਹ ਜੋ ਕਿਰ ਗਿਆ ਹੈ, ਇਹ ਸਾਡੀ ਸੱਭਿਆਚਾਰਕ ਹੋਂਦ ਦੇ ਖੁਰ ਜਾਣ ਕਰਕੇ ਹੈ। ਅਸੀਂ ਆਪਣੀਆਂ ਨੈਤਿਕ ਕਦਰਾਂ-ਕੀਮਤਾਂ ਤੋਂ ਕੋਰੇ ਹੋ ਗਏ। ਅਸੀਂ ਆਪਣੇ ਸਮਾਜਿਕ ਮੁੱਲ ਵਿਧਾਨ ਆਪਣੀ ਅਗਲੀ ਪੀੜ੍ਹੀ ਨੂੰ ਦੇ ਹੀ ਨਹੀਂ ਸਕੇ। ਅਸੀਂ ਸਬਰ, ਸ਼ੁਕਰ ਵਾਲੇ ਲੋਕ ਸਾਂ। ਅਸੀਂ ਗੁੱਸੈਲ ਨਹੀਂ, ਤਹੱਮਲ ਤੋਂ ਕੰਮ ਲੈਣ ਵਾਲੇ ਸਾਂ। ਅਸੀਂ ਗਿਆਨ ਦੇ ਵਾਰਿਸ ਸਾਂ। ਸਾਡੇ ਕੋਲ ਗੁਰੂ ਸਾਹਿਬਾਨ ਦਾ ਫਲਸਫਾ ਸੀ। ਸਾਡੇ ਕੋਲ ਸੂਫੀਆਂ ਦੀ ਮੁਹੱਬਤ ਸੀ। ਅਸੀਂ ਨਾਥਾਂ ਦੇ ਫਲਸਫੇ ’ਤੇ ਤੁਰਦੇ ਸਾਂ। ਅਸੀਂ ਬਾਬੇ ਫ਼ਰੀਦ ਤੋਂ ਸਬਕ ਲੈਂਦੇ ਸਾਂ। ਅਸੀਂ ਇਹ ਤਿਆਗ ਦਿੱਤਾ। ਹੋਰ ਹੀ ਪਾਸੇ ਜਾ ਮੁੜੇ। ਪੈਸੇ ਦੀ ਹਵਸ ’ਚ ਹੀ ਗ੍ਰਸੇ ਗਏ। ਸੰਕਟ ਹੀ ਹੋਰ ਪੈਦਾ ਕਰ ਲਿਆ। ਮਾਇਆ ਦੀ ਖਿੱਚ ਇੰਨੀ ਕਿ ‘ਬ੍ਰੇਨ ਡ੍ਰੇਨ’ ਹੋ ਗਿਆ। ਪੰਜਾਬ ਬੁੱਢਿਆਂ ਤੇ ਬੀਮਾਰਾਂ ਦਾ ਸੂਬਾ ਬਣ ਕੇ ਰਹਿ ਗਿਆ ਜਾਂ ਫਿਰ ਬੀਮਾਰੀਆਂ ਤੇ ਜ਼ਮੀਨ ਹੇਠਲੇ ਪਾਣੀ ਦੀ ਤੱਗੀ ਦੇ ਖੁੱਸ ਜਾਣ ਪਿੱਛੋਂ ਝੂਰਨ ਵਾਲਾ ਪੰਜਾਬ। ਅਸੀਂ ਇਸ ਪੰਜਾਬ ਦੀ ਕਲਪਨਾ ਨਹੀਂ ਸੀ ਕੀਤੀ। ਅਸੀਂ ਬੰਜਰ ਮਨ ਪੰਜਾਬ ਦੀ ਕਲਪਨਾ ਨਹੀਂ ਸੀ ਕੀਤੀ ਪਰ ਪੰਜਾਬ ਬੰਜਰ ਹੋ ਗਿਐ। ਸਮਾਜਿਕ ਪੱਖ ਤੋਂ ਵੀ, ਸੱਭਿਆਚਾਰਕ ਪੱਖ ਤੋਂ ਵੀ, ਸਿਆਸੀ ਪੱਖ ਤੋਂ ਵੀ ਤੇ ਨੈਤਿਕ ਪੱਖੋਂ ਵੀ। ਇਹ ਸਾਡੇ ਸੁਪਨਿਆਂ ਦਾ ਪੰਜਾਬ ਨਹੀਂ ਹੈ। ਸਾਡੇ ਸੁਪਨਿਆਂ ਦਾ ਪੰਜਾਬ ਵਾਰਿਸ ਸ਼ਾਹ ਦਾ ਵਾਰਿਸ ਹੈ।


Bharat Thapa

Content Editor

Related News