ਅਮਰੀਕਾ ਦੀ ਹਾਂ ’ਚ ਹਾਂ ਕਿਉਂ ਮਿਲਾਈਏ?

09/27/2021 3:46:38 AM

ਡਾ. ਵੇਦਪ੍ਰਤਾਪ ਵੈਦਿਕ 
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ-ਯਾਤਰਾ ਭਾਰਤੀ ਮੀਡੀਆ ’ਚ ਪਿਛਲੇ 3-4 ਦਿਨ ਤੋਂ ਛਾਈ ਰਹੀ। ਸਭ ਟੀ. ਵੀ. ਚੈਨਲਾਂ ਅਤੇ ਅਖਬਾਰਾਂ ’ਚ ਉਸ ਨੂੰ ਸਭ ਤੋਂ ਉੱਚੀ ਥਾਂ ਮਿਲੀ ਪਰ ਅਸੀਂ ਹੁਣ ਉਸ ’ਤੇ ਠੰਡੇ ਦਿਮਾਗ ਨਾਲ ਸੋਚੀਏ, ਇਹ ਵੀ ਜ਼ਰੂਰੀ ਹੈ। ਮੇਰੀ ਰਾਏ ’ਚ ਸਿਰਫ ਦੋ ਗੱਲਾਂ ਅਜਿਹੀਆਂ ਹੋਈਆਂ ਜਿਨ੍ਹਾਂ ਨੂੰ ਅਸੀਂ ਉਸਾਰੂ ਕਹਿ ਸਕਦੇ ਹਾਂ। ਇਕ ਤਾਂ ਅਮਰੀਕਾ ਦੀਆਂ 5 ਵੱਡੀਆਂ ਕੰਪਨੀਆਂ ਦੇ ਕਰਤਾ-ਧਰਤਾ ਨਾਲ ਮੋਦੀ ਦੀ ਮੁਲਾਕਾਤ। ਇਹ ਮੁਲਾਕਾਤ ਜੇ ਸਫਲ ਹੋ ਗਈ ਤਾਂ ਭਾਰਤ ’ਚ ਕਰੋੜਾਂ-ਅਰਬਾਂ ਦੀ ਵਿਦੇਸ਼ੀ ਪੂੰਜੀ ਦਾ ਨਿਵੇਸ਼ ਹੋਵੇਗਾ ਅਤੇ ਤਕਨੀਕ ਦੇ ਖੇਤਰ ’ਚ ਭਾਰਤ ਚੀਨ ਤੋਂ ਵੀ ਅੱਗੇ ਨਿਕਲ ਸਕਦਾ ਹੈ।

ਦੂਜੀ ਉਸਾਰੂ ਗੱਲ ਇਹ ਹੋਈ ਕਿ ਅਮਰੀਕਾ ਤੋਂ ਮੋਦੀ ਆਪਣੇ ਨਾਲ 157 ਅਜਿਹੀਆਂ ਪੁਰਾਤਨ ਦੁਰਲੱਭ ਭਾਰਤੀ ਕਲਾਕ੍ਰਿਤੀਆਂ ਅਤੇ ਮੂਰਤੀਆਂ ਭਾਰਤ ਲੈ ਕੇ ਆਏ ਹਨ ਜਿਨ੍ਹਾਂ ਨੂੰ ਕਿਸੇ ਨਾ ਕਿਸੇ ਬਹਾਨੇ ਵਿਦੇਸ਼ਾਂ ’ਚ ਲਿਜਾਇਆ ਜਾਂਦਾ ਰਿਹਾ ਹੈ। ਇਹ ਭਾਰਤ ਦੇ ਸੱਭਿਆਚਾਰਕ ਮਾਣ ਦੀ ਰਾਖੀ ਪੱਖੋਂ ਉੱਤਮ ਨੀਤੀ ਹੈ ਪਰ ਸਿਆਸੀ ਪੱਖੋਂ ਮੋਦੀ ਦੀ ਇਸ ਅਮਰੀਕਾ ਯਾਤਰਾ ਨਾਲ ਭਾਰਤ ਨੂੰ ਠੋਸ ਪ੍ਰਾਪਤੀ ਕੀ ਹੋਈ? ਭਾਰਤ ਦਾ ਵਿਦੇਸ਼ ਮੰਤਰਾਲਾ ਦਾਅਵਾ ਕਰ ਸਕਦਾ ਹੈ ਕਿ ਅਮਰੀਕਾ ਵਰਗੇ ਦੇਸ਼ ਨੇ ਪਹਿਲੀ ਵਾਰ ਇਹ ਕਿਹਾ ਕਿ ਭਾਰਤ ਨੂੰ ਸੁਰੱਖਿਆ ਕੌਂਸਲ ਦਾ ਮੈਂਬਰ ਬਣਾਇਆ ਜਾਵੇ। ਮੇਰੀ ਰਾਏ ਮੁਤਾਬਕ ਅਮਰੀਕਾ ਦਾ ਇਹ ਕਥਨ ਸਿਰਫ ਜ਼ੁਬਾਨੀ ਜਮ੍ਹਾ-ਖਰਚ ਹੈ। ਸੰਯੁਕਤ ਰਾਸ਼ਟਰ ਦਾ ਪੂਰਾ ਢਾਂਚਾ ਜਦੋਂ ਤੱਕ ਨਹੀਂ ਬਦਲੇਗਾ, ਉਦੋਂ ਤੱਕ ਸੁਰੱਖਿਆ ਕੌਂਸਲ ’ਚ ਸੁਧਾਰ ਦੀ ਉਮੀਦ ਕਰਨੀ ਹਵਾ ’ਚ ਤੀਰ ਮਾਰਨ ਦੇ ਬਰਾਬਰ ਹੈ।

ਕਵਾਡ ਦੀ ਬੈਠਕ ’ਚ ਨਵੀਂ ਗੱਲ ਕੀ ਹੋਈ? ਚਾਰ ਆਗੂਆਂ ਨੇ ਪੁਰਾਣੇ ਬਿਆਨਾਂ ਨੂੰ ਮੁੜ ਤੋਂ ਦੁਹਰਾ ਦਿੱਤਾ। ਜੇ ‘ਆਕੁਸ’ ਨੇ ਜਿਵੇਂ ਆਸਟ੍ਰੇਲੀਆ ਨੂੰ ਪ੍ਰਮਾਣੂ ਪਣਡੁੱਬੀਆਂ ਦਿਵਾ ਦਿੱਤੀਆਂ, ਇਵੇਂ ਹੀ ‘ਕਵਾਡ’ ਭਾਰਤ ਨੂੰ ਵੀ ਦਿਵਾ ਦਿੰਦਾ ਤਾਂ ਕੋਈ ਗੱਲ ਹੁੰਦੀ। ਸੰਯੁਕਤ ਰਾਸ਼ਟਰ ’ਚ ਮੋਦੀ ਦੇ ਭਾਸ਼ਣ ’ਚ ਇਮਰਾਨ ਖਾਨ ਦੇ ਭਾਸ਼ਣ ਦੇ ਮੁਕਾਬਲੇ ਵਧੇਰੇ ਸੰਜਮ ਅਤੇ ਮਰਿਆਦਾ ਤੋਂ ਕੰਮ ਲਿਆ ਗਿਆ ਹੈ। ਇਮਰਾਨ ਦੇ ਫਜ਼ੂਲ ਭਾਰਤ ਵਿਰੋਧੀ ਹਮਲੇ ਦਾ ਜ਼ੋਰਦਾਰ ਜਵਾਬ ਨਹੀਂ ਦਿੱਤਾ ਗਿਆ। ਉਸ ਦਾ ਕਾਰਨ ਇਹ ਰਿਹਾ ਹੋ ਸਕਦਾ ਹੈ ਕਿ ਅਫਸਰਾਂ ਨੇ ਮੋਦੀ ਦਾ ਹਿੰਦੀ ਭਾਸ਼ਣ ਪਹਿਲਾਂ ਤੋਂ ਹੀ ਤਿਆਰ ਕਰ ਕੇ ਰੱਖਿਆ ਹੋਵੇਗਾ ਪਰ ਭਾਰਤ ਦੀ ਮਹਿਲਾ ਡਿਪਲੋਮੈਟ ਨੇ ਇਮਰਾਨ ਦੇ ਨਹਿਲੇ ’ਤੇ ਦਹਿਲਾ ਮਾਰ ਦਿੱਤਾ। ਮੋਦੀ ਨੇ ਇਹ ਵੀ ਠੀਕ ਹੀ ਕਿਹਾ ਕਿ ਪਾਕਿਸਤਾਨ ਨੇ ਅੱਤਵਾਦ ਨੂੰ ਆਪਣਾ ਹਥਿਆਰ ਬਣਾ ਕੇ ਖੁਦ ਦਾ ਨੁਕਸਾਨ ਹੀ ਵੱਧ ਕੀਤਾ ਹੈ ਪਰ ਇਮਰਾਨ ਦੇ ਭਾਸ਼ਣ ਨੇ ਅਮਰੀਕਾ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।

ਅਮਰੀਕਾ ਨੇ ਹੀ ਤਾਲਿਬਾਨ, ਮੁਜਾਹਿਦੀਨ ਅਤੇ ਅਲ-ਕਾਇਦਾ ਨੂੰ ਖੜ੍ਹਾ ਕਰਦੇ ਸਮੇਂ ਪਾਕਿਸਤਾਨ ਨੂੰ ਮੋਹਰੇ ਵਾਂਗ ਵਰਤਿਆ ਸੀ। ਹੁਣ ਉਹ ਉਸ ਨੂੰ ਛੂਹਣ ਲਈ ਵੀ ਤਿਆਰ ਨਹੀਂ ਹੈ। ਇਸ ਲਈ ਇਮਰਾਨ ਨਿਊਯਾਰਕ ਨਹੀਂ ਗਏ। ਮੋਦੀ ਵ੍ਹਾਈਟ ਹਾਊਸ ’ਚ ਬਾਈਡੇਨ ਨਾਲ ਡਿਨਰ ਕਰ ਰਹੇ ਸਨ ਅਤੇ ਇਮਰਾਨ ਸੱਦੇ ਦੀ ਉਡੀਕ ਕਰਦੇ ਰਹੇ, ਇਹ ਕਿਵੇਂ ਹੋ ਸਕਦਾ ਸੀ? ਹੁਣ ਭਾਰਤ-ਅਮਰੀਕਾ ਸੰਬੰਧ ਸਿਖਰ ’ਤੇ ਹਨ ਪਰ ਮੋਦੀ ਨੂੰ ਇਮਰਾਨ ਤੋਂ ਸਬਕ ਸਿਖਣਾ ਹੋਵੇਗਾ। ਅਮਰੀਕਾ ਸਿਰਫ ਉਦੋਂ ਤੱਕ ਤੁਹਾਡੇ ਨਾਲ ਰਹੇਗਾ, ਜਦੋਂ ਤੱਕ ਉਸ ਦੇ ਸਵਾਰਥ ਸਿੱਧ ਨਹੀਂ ਹੋਣਗੇ। ਜਿਵੇਂ ਹੀ ਚੀਨ ਨਾਲ ਉਸ ਦੇ ਸਬੰਧ ਠੀਕ ਹੋਣਗੇ, ਉਹ ਭਾਰਤ ਨੂੰ ਅੱਧਵਾਟੇ ਲਟਕਾ ਦੇਵੇਗਾ। ਉਸ ਨੇ ਪਾਕਿਸਤਾਨ ਨੂੰ ਵੀ ਅੱਜਕਲ ਇਸੇ ਤਰ੍ਹਾਂ ਲਟਕਾਇਆ ਹੋਇਆ ਹੈ। ਇਸੇ ਲਈ ਮੈਂ ਵਾਰ-ਵਾਰ ਇਹ ਕਹਿੰਦਾ ਰਿਹਾ ਹਾਂ ਕਿ ਸਾਡੀ ਆਪਣੀ ਮੌਲਿਕ ਅਫਗਾਨ ਨੀਤੀ ਹੋਣੀ ਚਾਹੀਦੀ ਹੈ। ਅਸੀਂ ਅਮਰੀਕਾ ਦੀ ਹਾਂ ’ਚ ਹਾਂ ਮਿਲਾਉਣ ਦੀ ਮਜਬੂਰੀ ਕਿਉਂ ਵਿਖਾਈਏ?


Bharat Thapa

Content Editor

Related News