ਸੁਖਬੀਰ ਸਿੰਘ ਬਾਦਲ ਦੇ ਦਾਅ ਉਲਟੇ ਕਿਉਂ ਪੈ ਰਹੇ ਹਨ?

01/14/2021 2:38:14 AM

ਜਸਵੰਤ ਸਿੰਘ ‘ਅਜੀਤ’
ਇਹ ਡਾਇਰੀ ਲਿਖਦੇ ਹੋਏ ਕਈ ਵਾਰ ਮਨ ’ਚ ਵਿਚਾਰ ਆਇਆ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ (ਬ) ਜਾਂ ਉਸ ਦੀ ਲੀਡਰਸ਼ਿਪ ਦੇ ਸਬੰਧ ’ਚ ਕੋਈ ਚਰਚਾ ਨਹੀਂ ਕੀਤੀ ਜਾਵੇਗੀ ਪਰ ਅਚਾਨਕ ਹੀ ਸੁਖਬੀਰ ਸਿੰਘ ਬਾਦਲ ਦਾ ਕੋਈ ਨਾ ਕੋਈ ਅਜਿਹਾ ਬਿਆਨ ਜਾਂ ਕਾਰਾ ਸਾਹਮਣੇ ਆ ਹੀ ਜਾਂਦਾ ਹੈ। ਉਸ ਦੀ ਚਰਚਾ ਕੀਤੇ ਬਿਨਾਂ ਨਹੀਂ ਰਿਹਾ ਜਾਂਦਾ। ਹੁਣ ਦੇਖੋ ਨਾ, ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਕੇਂਦਰੀ ਸੱਤਾਧਾਰੀ ਐੱਨ.ਡੀ.ਏ. ਦਾ ਸਾਥ ਛੱਡਿਆ ਅਤੇ ਪੰਜਾਬ ’ਚ ਦਹਾਕਿਆਂ ਪੁਰਾਣੇ ਭਾਜਪਾ ਦੇ ਨਾਲ ਚੱਲੇ ਆ ਰਹੇ ਗਠਜੋੜ ਤੋਂ ਕਿਨਾਰਾ ਕਰ ਲਿਆ, ਉਦੋਂ ਤੋਂ ਹੀ ਉਨ੍ਹਾਂ ਦਾ ਹਰ ਦਾਅ ਉਲਟਾ ਪੈਂਦਾ ਚਲਿਆ ਆ ਰਿਹਾ ਹੈ।

ਜਦਕਿ ਅਜਿਹਾ ਕਰਦੇ ਹੋਏ ਉਨ੍ਹਾਂ ਨੂੰ ਯਕੀਨ ਸੀ ਕਿ ਉਨ੍ਹਾਂ ਵਲੋਂ ਕਿਸਾਨ-ਵਿਰੋਧੀ ਖੇਤੀਬਾੜੀ ਬਿੱਲਾਂ ਦੇ ਵਿਰੁੱਧ ਰੋਸ ਪ੍ਰਗਟ ਕਰਦੇ ਹੋਏ ਕੇਂਦਰੀ ਸੱਤਾ ’ਚ ਚਲੀ ਆ ਰਹੀ ਭਾਈਵਾਲੀ ਨੂੰ ਲੱਤ ਮਾਰ ਕੇ ਅਤੇ ਭਾਜਪਾ ਦੇ ਨਾਲ ਚਲੇ ਆ ਰਹੇ ਦਹਾਕਿਆਂ ਪੁਰਾਣੇ ਸਬੰਧਾਂ ਨੂੰ ਤੋੜ ਦਿੱਤੇ ਜਾਣ ਦੇ ਲਈ ਕੀਤੇ ਗਏ ‘ਬਲਿਦਾਨ’ ਦਾ ਸਨਮਾਨ ਕਰਦੇ ਹੋਏ, ਪੰਜਾਬ ਦੇ ਕਿਸਾਨ ਉਨ੍ਹਾਂ ਨੂੰ ਸਿਰ ’ਤੇ ਬਿਠਾ ਲੈਣਗੇ ਪਰ ਉਨ੍ਹਾਂ (ਕਿਸਾਨਾਂ) ਨੇ ਤਾਂ ਹੋਰਨਾਂ ਸਿਆਸੀ ਪਾਰਟੀਆਂ ਦੇ ਨਾਲ ਉਨ੍ਹਾਂ ਨੂੰ ਵੀ ਆਪਣੇ ਨੇੜੇ-ਤੇੜ ਵੀ ਫੜਕਣ ਨਹੀਂ ਦਿੱਤਾ।

ਜਿਸ ਦੇ ਕਾਰਨ ਇਹ ਮੰਨਿਆ ਜਾਣ ਲੱਗਾ ਕਿ ਇਸ ਸਥਿਤੀ ਦੇ ਕਾਰਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜ਼ਰੂਰ ਨਿਰਾਸ਼ਾ ਹੋਈ ਹੋਵੇਗੀ ਪਰ ਪੰਜਾਬ ਦੀ ਅਕਾਲੀ ਸਿਆਸਤ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਸੁਖਬੀਰ ਸਿੰਘ ਬਾਦਲ ਉਨ੍ਹਾਂ ਸਿਆਸੀ ਨੇਤਾਵਾਂ ’ਚੋਂ ਨਹੀਂ ਜੋ ਇੰਨੇ ਕੁ ਝਟਕੇ ਨਾਲ ਹੀ ਨਿਰਾਸ਼ ਹੋ ਕੇ ਬੈਠ ਜਾਣ। ਉਨ੍ਹਾਂ ਨੇ ਝੱਟ ਦਾਅ ਬਦਲਿਆ ਅਤੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਦਿੱਲੀ ਦੀਆਂ ਹੱਦਾਂ ’ਤੇ ਜੋ ਕਿਸਾਨ ਅੰਦੋਲਨ ਕਰ ਰਹੇ ਹਨ, ਉਨ੍ਹਾਂ ਦਾ ਸੰਚਾਲਨ ਬਾਦਲ ਅਕਾਲੀ ਦਲ ਵਲੋਂ ਹੀ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਇਸ ਦਾਅਵੇ ਦੀ ‘ਪੁਸ਼ਟੀ’ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਵੀ ਉਨ੍ਹਾਂ ਦੇ ਦਾਅਵੇ ਨੂੰ ਦੁਹਰਾ ਕੇ ਕਰ ਦਿੱਤੀ। ਗੱਲ ਇਥੋਂ ਤਕ ਹੀ ਨਹੀਂ ਰਹੀ ਇਸ ਤੋਂ ਵੀ ਅੱਗੇ ਵਧੀ ਅਤੇ ਸੁਖਬੀਰ ਸਿੰਘ ਬਾਦਲ ਨੇ ਇਹ ਦਾਅਵਾ ਵੀ ਠੋਕ ਦਿੱਤਾ ਕਿ ਕਿਸਾਨੀ ਅੰਦੋਲਨ ’ਚ ਮਰਨ ਵਾਲੇ 52 ਕਿਸਾਨਾਂ ’ਚੋਂ 40 ਉਨ੍ਹਾਂ ਦੇ ਦਲ ਦੇ ਸਨ।

ਉਨ੍ਹਾਂ ਦੇ ਇਨ੍ਹਾਂ ਦਾਅਵਿਆਂ ’ਤੇ ਵਿਅੰਗ ਕਰਦੇ ਹੋਏ ਇਕ ਕਿਸਾਨ ਮੁਖੀ ਜੋ ਕਦੇ ਸੁਖਬੀਰ ਦਾ ਮਾਰਗ ਦਰਸ਼ਕ ਰਿਹਾ ਸੀ, ਨੇ ਕਿਹਾ ਜੇਕਰ ਮਰਨ ਵਾਲਿਆਂ ’ਚ 40 ਅਕਾਲੀ ਦਲ ਦੇ ਸਨ ਤਾਂ ਇਨ੍ਹਾਂ ’ਚੋਂ ਅਕਾਲੀ ਦਲ ਦਾ ਕੋਈ ਸੀਨੀਅਰ ਮੁਖੀ ਕਿਉਂ ਨਹੀਂ ਸੀ? ਲੱਗੇ ਹੱਥੀਂ ਉਨ੍ਹਾਂ ਨੇ ਇਹ ਵੀ ਪੁੱਛ ਲਿਆ ਕਿ ਇਨ੍ਹਾਂ ਕਿਸਾਨਾਂ ਦੇ ਅੰਤਿਮ ਸੰਸਕਾਰ ਅਤੇ ਭੋਗ (ਅੰਤਿਮ ਅਰਦਾਸ) ’ਚ ਬਾਦਲ ਅਕਾਲੀ ਦਲ ਦਾ ਕੋਈ ਮੁਖੀ ਸ਼ਾਮਲ ਕਿਉਂ ਨਹੀਂ ਹੋਇਆ। ਸੀਨੀਅਰ ਕਿਸਾਨ ਮੁਖੀ ਬਲਬੀਰ ਸਿੰਘ ਰਾਜੇਵਾਲ ਤਾਂ ਇਥੋਂ ਤਕ ਕਹਿ ਗਏ ਕਿ ਸੁਖਬੀਰ ਸਿੰਘ ਬਾਦਲ ਨੂੰ ਪਤਾ ਨਹੀਂ ਕੀ ਹੋ ਗਿਆ ਹੈ ਜਿਸ ਕਰਕੇ ਉਹ ਅਜਿਹੇ ਦਾਅਵੇ ਕਰਨ ਲੱਗੇ ਹਨ। ਇਧਰ ਦਿੱਲੀ ਦੇ ਸੀਨੀਅਰ ਅਕਾਲੀ ਮੁਖੀਆ ਪਰਮਜੀਤ ਸਿੰਘ ਸਰਨਾ ਅਤੇ ਮਨਜੀਤ ਸਿੰਘ ਜੀ.ਕੇ. ਨੇ ਅਲੱਗ-ਅਲੱਗ ਬਿਆਨਾਂ ’ਚ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਦੂਸਰਿਆਂ ਦੇ ਸ਼ਹੀਦਾਂ ਦੇ ਖੂਨ ਦਾ ਟਿੱਕਾ ਮੱਥੇ ’ਤੇ ਲਗਾ ਕੇ ਖੁਦ ਨੂੰ ‘ਸ਼ਹੀਦ’ ਅਖਵਾਉਣ ਦਾ ਸ਼ੌਕ ਹੈ।

ਜੀ.ਕੇ. ਦੀ ਸਰਗਰਮੀ

ਜਿਉਂ-ਜਿਉਂ ਦਿੱਲੀ ਗੁਰਦੁਆਰਾ ਚੋਣਾਂ ਹੋਣ ਦਾ ਸਮਾਂ ਨੇੜੇ ਆਉਂਦਾ ਜਾ ਰਿਹਾ ਹੈ, ਤਿਉਂ-ਤਿਉਂ ਇਹ ਚੋਣ ਲੜਨ ਦੀਆਂ ਚਾਹਵਾਨ ਜਥੇਬੰਦੀਆਂ ਅਤੇ ਉਨ੍ਹਾਂ ਦੇ ਮੁਖੀਆਂ ਵਲੋਂ ਆਪਣੀ ਸਰਗਰਮੀ ਵਧਾਈ ਜਾ ਰਹੀ ਹੈ। ਇਨ੍ਹਾਂ ਜਥੇਬੰਦੀਆਂ ’ਚੋਂ ਇਕ ਹੈ ‘ਜਾਗੋ-ਜਗ ਆਸਰਾ ਗੁਰੂ ਓਟ’ ਜਿਸ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਤਾਂ ਆਪਣੇ ਲੋਕ ਸੰਪਰਕ ਪ੍ਰੋਗਰਾਮ ’ਚ ਤੇਜ਼ੀ ਲਿਆਏ ਹੋਏ ਹਨ ਤਾਂ ਦੂਜੇ ਪਾਸੇ ਉਨ੍ਹਾਂ ਨੇ ਸਿੱਖ ਵੋਟਰਾਂ ਨੂੰ ਭਰਮਾਉਣ ਲਈ ਆਪਣੇ ਪਿਤਾ ਜਥੇਦਾਰ ਸੰਤੋਖ ਸਿੰਘ ਵਲੋਂ ਕੀਤੇ ਗਏ ਕੰਮਾਂ ਦਾ ਸੋਸ਼ਲ ਮੀਡੀਆ ’ਤੇ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਹੈ।

ਗੁਰਦੁਆਰਾ ਚੋਣਾਂ ਨੂੰ ਲੈ ਕੇ ਜੀ.ਕੇ.ਵਲੋਂ ਅਪਣਾਈ ਗਈ ਨੀਤੀ ਦਾ ਵਿਸ਼ਲੇਸ਼ਣ ਕਰਦੇ ਹੋਏ ਦਿੱਲੀ ਦੀ ਸਿੱਖ ਸਿਆਸਤ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਮਨਜੀਤ ਸਿੰਘ ਜੀ.ਕੇ. ਲੋੜ ਨਾਲੋਂ ਕੁਝ ਜ਼ਿਆਦਾ ਹੀ ਸਵੈ-ਭਰੋਸੇ ਨੂੰ ਲੈ ਕੇ ਚੱਲ ਰਹੇ ਹਨ, ਜੋ ਕਿ ਉਨ੍ਹਾਂ ਦੇ ਲਈ ਲਾਭਦਾਇਕ ਨਹੀਂ ਹੋ ਸਕੇਗਾ। ਉਨ੍ਹਾਂ ਦਾ ਮੰਨਣਾ ਹੈ ਕਿ ਜੀ.ਕੇ. ਦਾ ਇਹ ਭਰੋਸਾ ਕਿ ਪਿਛਲੀਆਂ ਗੁਰਦੁਆਰਾ ਚੋਣਾਂ ’ਚ ਉਨ੍ਹਾਂ ਦੀ ਅਗਵਾਈ ’ਚ ਬਾਦਲ ਅਕਾਲੀ ਦਲ ਨੇ ਜੋ ਰਿਕਾਰਡ ਜਿੱਤ ਹਾਸਲ ਕੀਤੀ ਸੀ, ਉਹ ਉਸ ਨੂੰ ਇਸ ਵਾਰ ਵੀ ਦੁਹਰਾਉਣ ’ਚ ਸਫਲ ਹੋ ਜਾਣਗੇ।

ਉਨ੍ਹਾਂ ਦਾ ਅਜਿਹਾ ਸੋਚਣਾ ਸਿਰਫ ਇਕ ਭੁਲੇਖਾ ਹੈ, ਉਨ੍ਹਾਂ ਅਨੁਸਾਰ ਇਸ ਦਾ ਕਾਰਨ ਇਹ ਹੈ ਕਿ ਉਸ ਸਮੇਂ ਦਿੱਲੀ ਦੀ ਸਿੱਖ ਸਿਆਸਤ ਦੇ ਜੋ ਹਾਲਾਤ ਸਨ, ਉਹ ਅੱਜ ਨਾਲੋਂ ਬਹੁਤ ਅਲੱਗ ਸਨ। ਉਦੋਂ ਭਾਵੇਂ ਸ਼੍ਰੋਮਣੀ ਅਕਾਲ ਦਲ ਦੀ ਰਾਸ਼ਟਰੀ ਲੀਡਰਸ਼ਿਪ ਪਰਦੇ ਦੇ ਪਿੱਛੇ ਚਲੀ ਗਈ ਸੀ ਪਰ ਉਸ ਦਾ ਕੇਡਰ ਜੀ.ਕੇ. ਦੇ ਨਾਲ ਚੱਲ ਰਿਹਾ ਸੀ, ਜਿਸ ਨਾਲ ਬਾਦਲ ਦਲ ਦੇ ਵੋਟਰ ਵੀ ਉਨ੍ਹਾਂ ਦੇ ਨਾਲ ਆ ਗਏ ਸਨ। ਦੂਸਰਾ ਜਥੇਦਾਰ ਸੰਤੋਖ ਸਿੰਘ ਦੇ ਕੰਮਾਂ ਤੋਂ ਪ੍ਰਭਾਵਿਤ ਜੋ ਵੋਟਰ ਉਨ੍ਹਾਂ ਦੇ ਨਾਲ ਗਏ ਸਨ, ਉਹ ਘੱਟ ਹੀ ਸਨ ਅਤੇ ਉਨ੍ਹਾਂ ਨੂੰ ਵੀ ਉਸ ਸਮੇਂ ਨਿਰਾਸ਼ਾ ਹੋਈ, ਜਦੋਂ ਉਨ੍ਹਾਂ (ਮਨਜੀਤ ਸਿੰਘ ਜੀ.ਕੇ.) ਨੇ ਗੁਰਦੁਆਰਾ ਚੋਣਾਂ ’ਚ ਹੋਈ ਜਿੱਤ ਨੂੰ ਸੁਖਬੀਰ ਸਿੰਘ ਬਾਦਲ ਦੀ ਝੋਲੀ ’ਚ ਪਾ ਦਿੱਤਾ।

ਸਿੱਖ ਨੌਜਵਾਨਾਂ ਦੀ ਭਟਕਣ

ਸਿੱਖ ਨੌਜਵਾਨਾਂ ’ਚ ਆਪਣੀ ਵਿਰਾਸਤ ਨਾਲੋਂ ਟੁੱਟ, ਆ ਰਹੀ ਭਟਕਣ ਦੀ ਚਰਚਾ ਤਾਂ ਆਮ ਸੁਣਨ ਨੂੰ ਮਿਲਦੀ ਰਹਿੰਦੀ ਹੈ ਪਰ ਇਸ ਪਾਸੇ ਸ਼ਾਇਦ ਬਹੁਤ ਘੱਟ ਧਿਆਨ ਦਿੱਤਾ ਜਾਂਦਾ ਹੈ ਕਿ ਇਸ ਦਾ ਮੁੱਖ ਕਾਰਨ ਅੱਜ ਦੇ ਸਿੱਖ ਨੌਜਵਾਨਾਂ ਦਾ ਸਿੱਖ ਇਤਿਹਾਸ ਅਤੇ ਧਾਰਮਿਕ ਮਾਨਤਾਵਾਂ ਤੋਂ ਅਨਜਾਣ ਹੋਣਾ ਹੈ। ਉਨ੍ਹਾਂ ਨੂੰ ਗੁਰੂ ਸਾਹਿਬਾਨ ਅਤੇ ਸਿੱਖਾਂ ਦੀਆਂ ਉਨ੍ਹਾਂ ਕੁਰਬਾਨੀਆਂ ਦੇ ਸਬੰਧ ’ਚ ਕੁਝ ਵੀ ਨਹੀਂ ਪਤਾ, ਜੋ ਸਿੱਖੀ -ਸਰੂਪ ਅਤੇ ਸਮੁੱਚੀ ਮਨੁੱਖਤਾ ਦੇ ਧਾਰਮਿਕ ਵਿਸ਼ਵਾਸ, ਗਰੀਬ-ਮਜ਼ਲੂਮ ਅਤੇ ਨਿਆਂ ਦੀ ਰੱਖਿਆ ਲਈ ਦਿੱਤੀਆਂ ਗਈਆਂ। ਅਜਿਹੇ ’ਚ ਨੌਜਵਾਨ ਗੁਰਦੁਆਰੇ ਜਾਂਦੇ ਹਨ, ਉਹ ਉਥੇ ਹੋ ਰਹੀ ਅਰਦਾਸ ’ਚ ਸ਼ਾਮਲ ਹੋਣ, ਇਹ ਸ਼ਬਦ ਜ਼ਰੂਰ ਸੁਣਦੇ ਹੋਣਗੇ, ‘ਜਿਨ੍ਹਾਂ ਸਿੰਘਾਂ -ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ-ਬੰਦ ਕਟਾਏ, ਖੋਪੜੀਆਂ ਲੁਹਾਈਆਂ, ਚਰੱਖੜੀਆਂ ’ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ-ਸੰਭਾਲ ਲਈ ਕੁਰਬਾਨੀਆਂ ਦਿੱਤੀਆਂ। ਸਿੱਖੀ ਕੇਸਾਂ-ਸਵਾਸਾਂ ਸੰਘ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ , ਬੋਲੋ ਜੀ ਵਾਹਿਗੁਰੂ, ਵਾਹਿਗੁਰੂ।’’ ਇਹ ਸ਼ਬਦ ਸੁਣ ਕੇ ਉਹ ਵੀ ‘ਵਾਹਿਗੁਰੂ’ ਬੋਲਦੇ ਹੋਣਗੇ ਪਰ ਜੇਕਰ ਉਨ੍ਹਾਂ ਕੋਲੋਂ ਇਨ੍ਹਾਂ ਸ਼ਬਦਾਂ ਨਾਲ ਸਬੰਧਤ ਸਿੱਖ ਇਤਿਹਾਸ ਜਾਂ ਉਨ੍ਹਾਂ ਦੇ ਮਹੱਤਵ ਦੇ ਬਾਰੇ ਪੁੱਛਿਆ ਜਾਵੇ ਤਾਂ ਉਨ੍ਹਾਂ ਦਾ ਜਵਾਬ ਨਾਂਹ ’ਚ ਹੀ ਹੋਵੇਗਾ। ਇਸ ਹਾਲਤ ’ਚ ਜੇਕਰ ਉਨ੍ਹਾਂ ਦੇ ਲਈ ਸਿੱਖੀ-ਸਰੂਪ ਦਾ ਕੋਈ ਵਿਸ਼ੇਸ਼ ਮਹੱਤਵ ਨਹੀਂ ਰਹਿ ਜਾਂਦਾ ਤਾਂ ਫਿਰ ਇਸ ’ਤੇ ਹੈਰਾਨੀ ਕਿਉਂ? ਕੀ ਸਿੱਖ ਨੌਜਵਾਨਾਂ ’ਚ ਪੈਦਾ ਹੋ ਰਹੀ ਇਸ ਸਥਿਤੀ ਲਈ ਸਿੱਖ ਸੰਸਥਾਵਾਂ ਲਈ ਉਹ ਮੁਖੀ ਜ਼ਿੰਮੇਵਾਰ ਨਹੀਂ, ਜੋ ਆਮ ਸਿੱਖਾਂ ਨੂੰ ਸਿੱਖ ਧਰਮ ਦੀਆਂ ਮਾਨਤਾਵਾਂ ਦੀ ਰੱਖਿਆ ਕਰਨ ਦਾ ਭਰੋਸੇ ਦੇ ਕੇ ਸੰਸਥਾਵਾਂ ਦੇ ਹੋਰ ਪ੍ਰਬੰਧ ਦੀ ਜ਼ਿੰਮੇਵਾਰੀ ਸੰਭਾਲਦੇ ਹਨ ਪਰ ਉਨ੍ਹਾਂ ਨੂੰ ਨਿਭਾਉਣ ਦੇ ਪ੍ਰਤੀ ਗੰਭੀਰ ਨਹੀਂ ਹੁੰਦੇ?

... ਅਤੇ ਅਖੀਰ ’ਚ : ਜਿਸ ਸਿਆਸੀ ਸਵਾਰਥ ਲਈ ਸਿੱਖ ਮੁਖੀ ਆਪਣੀ ਧਾਰਮਿਕ ਜ਼ਿੰਮੇਵਾਰੀ ਨਿਭਾਉਣ ਤੋਂ ਮੂੰਹ ਮੋੜ ਲੈਂਦੇ ਹਨ, ਉਹ ਸਿਆਸਤ ’ਚ ਵੀ ਸਿੱਖ ਧਰਮ ਦੀ ਆਜ਼ਾਦ ਹੋਂਦ ਨੂੰ ਕਾਇਮ ਨਹੀਂ ਰੱਖ ਸਕਦੇ। ਅੱਜ ਹਾਲਾਤ ਅਜਿਹੇ ਬਣ ਗਏ ਹਨ ਕਿ ਸਿਆਸੀ ਲਾਲਸਾ ਦੇ ਸ਼ਿਕਾਰ ਸਿੱਖ ਮੁਖੀਆਂ ਨੇ ਜਿਸ ਸੱਤਾ ਦੀ ਪ੍ਰਾਪਤੀ ਲਈ ਆਪਣੀਆਂ ਧਾਰਮਿਕ ਸੰਸਥਾਵਾਂ ਅਤੇ ਉਨ੍ਹਾਂ ਦੀ ਰੱਖਿਆ ਕਰਨ ਦੇ ਪ੍ਰਤੀ ਜ਼ਿੰਮੇਵਾਰੀ ਨਿਭਾਉਣ ਤੋਂ ਮੂੰਹ ਮੋੜਿਆ,ਉਹ ਵੀ ਉਨ੍ਹਾਂ ਦੀ ਨਾ ਰਹਿ ਕੇ ਵਿਰੋਧੀਆਂ ਦੇ ਹੱਥਾਂ ’ਚ ਚਲੀ ਜਾਂਦੀ ਰਹੀ। ਉਹ ਨਾ ਤਾਂ ਆਪਣੇ ਧਰਮ ਦੀ ਰੱਖਿਆ ਅਤੇ ਨਾ ਹੀ ਉਨ੍ਹਾਂ ਦੇ ਆਦਰਸ਼ਾਂ ਦੀ ਪਾਲਣਾ ਕਰਨ ਦੇ ਪ੍ਰਤੀ ਈਮਾਨਦਾਰ ਰਹਿ ਸਕੇ।


Bharat Thapa

Content Editor

Related News