ਸੇਵਾ ਕਰਨ ਦੇ ਲਈ ‘ਕੁਰਸੀ’ ਹੀ ਜ਼ਰੂਰੀ ਕਿਉਂ

12/09/2021 3:41:21 AM

ਸਤੀਸ਼ ਗਿਰਧਰ 
ਸਾਡੇ ਦੇਸ਼ ਦੀ ਬੜੀ ਵੱਡੀ ਤ੍ਰਾਸਦੀ ਹੈ ਕਿ ਸਾਡੇ ਦੇਸ਼ ਦੇ ਲਗਭਗ ਸਾਰੇ ਨੇਤਾ ਜਨਤਾ ਦੀ ਸੇਵਾ ਕਰਨੀ ਚਾਹੁੰਦੇ ਹਨ ਪਰ ਵਿਚਾਰੇ ਕਰ ਨਹੀਂ ਸਕਦੇ ਕਿਉਂਕਿ ਵਿਚਾਲੇ ਕੁਰਸੀ ਦੀ ਸਮੱਸਿਆ ਆ ਜਾਂਦੀ ਹੈ। ਕੁਰਸੀ ਤੋਂ ਭਾਵ ਉਨ੍ਹਾਂ ਨੂੰ ਕੋਈ ਨਾ ਕੋਈ ਅਹੁਦਾ ਚਾਹੀਦਾ ਹੈ ਜਿਵੇਂ ਕਿ ਚੇਅਰਮੈਨਸ਼ਿਪ, ਮੰਤਰੀ ਦਾ ਅਹੁਦਾ, ਮੁੱਖ ਮੰਤਰੀ ਦਾ ਅਹੁਦਾ ਜਾਂ ਕੋਈ ਪ੍ਰਧਾਨਗੀ ਵਾਲਾ ਅਹੁਦਾ, ਜਿੱਥੇ ਉਨ੍ਹਾਂ ਨੂੰ ਸਰਕਾਰੀ ਫੰਡ ਵੰਡਣ ਅਤੇ ਖਰਚ ਕਰਨ ਦਾ ਅਧਿਕਾਰ ਮਿਲ ਸਕੇ, ਤਦ ਹੀ ਉਨ੍ਹਾਂ ਦੀ ਲੋਕ ਸੇਵਾ ਵਾਲੀ ਧਾਰਨਾ ਵਾਲਾ ਅੜਿਕਾ ਹਟ ਸਕਦਾ ਹੈ। ਬਿਨਾਂ ਕਿਸੇ ਅਹੁਦੇ ਦੇ ਉਹ ਅਜਿਹੇ ਮਜਬੂਰ ਹੋ ਜਾਂਦੇ ਹਨ ਜਿਵੇਂ ‘ਸ਼ੋਅਲੇ’ ’ਚ ਠਾਕੁਰ ਆਪਣੇ ਸਾਹਮਣੇ ਜ਼ਮੀਨ ’ਤੇ ਪਈ ਬੰਦੂਕ ਨਹੀਂ ਚੁਕ ਸਕਦਾ ਸੀ ਕਿਉਂਕਿ ਆਪਣੇ ਦੋਵੇਂ ਹੱਥ ਵੱਢੇ ਹੋਣ ਕਾਰਨ ਉਹ ਮਜਬੂਰ ਸੀ।

ਬੀਤੇ ਦਿਨੀਂ ਸ਼੍ਰੀ ਨਵਜੋਤ ਸਿੰਘ ਸਿੱਧੂ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਇਕ ਬਿਆਨ ਦਿੱਤਾ ਕਿ ਉਹ ਪਹਿਲਾਂ 40 ਕਰੋੜ ਕਮਾਉਂਦੇ ਸਨ, ਹੁਣ ਤਾਂ ਉਹ 40 ਹਜ਼ਾਰ ਕਮਾ ਰਹੇ ਹਨ ਪਰ 40 ਹਜ਼ਾਰ ਵੀ ਉਨ੍ਹਾਂ ਦੇ ਲਈ 4 ਲੱਖ ਕਰੋੜ ਤੋਂ ਵਧ ਕੇ ਹੈ ਕਿਉਂਕਿ ਉਹ ਪੰਜਾਬ ਦੀ ਜਨਤਾ ਦੇ ਲਈ ਸੇਵਾ ਦੇ ਲਈ ਮਿਲ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀਆਂ ਔਰਤਾਂ ਸਵਾਭਿਮਾਨੀ ਹਨ। ਉਹ ਕੇਜਰੀਵਾਲ ਦੇ ਦਿੱਤੇ ਇਕ ਹਜ਼ਾਰ ਰੁਪਏ ਦੀ ਖੈਰਾਤ ਕਦੀ ਪ੍ਰਵਾਨ ਨਹੀਂ ਕਰਨਗੀਆਂ। ਜੇਕਰ ਉਨ੍ਹਾਂ ਦੀ ਪਤਨੀ ਨੂੰ ਹਜ਼ਾਰ ਰੁਪਏ ਮਿਲੇ ਤਾਂ ਉਨ੍ਹਾਂ ਨੂੰ ਉਹ ਵਾਪਸ ਸੁੱਟ ਦੇਵੇਗੀ।

ਉਨ੍ਹਾਂ ਨੇ ਨਾਲ ਹੀ ਕੇਜਰੀਵਾਲ ਨੂੰ ਸਵਾਲ ਵੀ ਕੀਤਾ ਕਿ ਉਹ ਦਿੱਲੀ ਦੀਆਂ ਔਰਤਾਂ ਨੂੰ 1 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਿਉਂ ਨਹੀਂ ਦੇ ਰਹੇ ਹਨ। ਕੀ ਉਹ ਪੰਜਾਬ ’ਚ ਸਿਰਫ ਚੋਣ ਜਿੱਤਣ ਦੇ ਲਈ ਹੀ ਅਜਿਹੇ ਭਰਮਾਉਣੇ ਵਾਅਦੇ ਕਰ ਰਹੇ ਹਨ? ਨਾਲ ਹੀ ਉਨ੍ਹਾਂ ਨੇ ਪੁੱਛਿਆ ਕਿ ਇਸ ਦੇ ਲਈ ਪੈਸਾ ਆਵੇਗਾ ਕਿਥੋਂ ਆਵੇਗਾ, ਖਜ਼ਾਨਾ ਤਾਂ ਪਹਿਲਾਂ ਹੀ ਖਾਲੀ ਹੈ। ਜਦੋਂ ਤੋਂ ਪੰਜਾਬ ’ਚ ਕਾਂਗਰਸ ਦੀ ਸਰਕਾਰ ਬਣੀ ਹੈ ਉਦੋਂ ਤੋਂ ਸਿੱਧੂ ਵੀ ਇਸ ਸਰਕਾਰ ਦਾ ਿਹੱਸਾ ਰਹੇ ਹਨ ਪਰ ਉਹ ਕਦੀ ਆਪਣਿਆਂ ਨਾਲ ਤੇ ਕਦੀ ਵਿਰੋਧੀਆਂ ਨਾਲ ਉਲਝੇ ਹੀ ਰਹੇ ਅਤੇ ਪੰਜਾਬ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ’ਤੇ ਕਦੀ ਧਿਆਨ ਨਹੀਂ ਦਿੱਤਾ ਕਿਉਂਕਿ ਉਨ੍ਹਾਂ ਦੇ ਕੋਲ ਕੁਰਸੀ ਨਹੀਂ ਸੀ। ਜਿਸ ਕੁਰਸੀ ਦੀ ਉਨ੍ਹਾਂ ਨੂੰ ਆਸ ਸੀ ਉਹ ਚੰਨੀ ਦੇ ਕੋਲ ਚਲੀ ਗਈ।

ਕੁਰਸੀ ਮਿਲਦੇ ਹੀ ਚੰਨੀ ਜੀ ਜਨਤਾ ਦੀ ਧੜਾਧੜ ‘ਸੇਵਾ’ ਕਰਦੇ ਜਾ ਰਹੇ ਹਨ ਕਿਉਂਕਿ ਸ਼ਾਇਦ ਉਹ ਜਾਣਦੇ ਹਨ ਕਿ ‘ਬਸੰਤ’ ਦੀ ਰੁੱਤ ਬਹੁਤ ਛੋਟੀ ਹੈ। ਸ਼ਾਇਦ ਫਿਰ ਕਦੀ ਮੌਕਾ ਮਿਲੇ ਜਾਂ ਨਾ ਮਿਲੇ। ਇਸ ਲਈ ਜਨਤਾ ਦੀ ਜਿੰਨੀ ਸੇਵਾ ਕਰ ਸਕਦੇ ਹਨ ਕਰ ਲਈ ਜਾਵੇ। ਥਾਂ ਥਾਂ ਵੱਡੇ ਵੱਡੇ ਬੈਨਰ ਲਗਾ ਕੇ ਸਲੋਗਨ ਵੀ ਹਾਈਲਾਈਟ ਕੀਤੇ ਜਾ ਰਹੇ ਹਨ।

‘‘ਘਰ ਘਰ ਦੇ ਵਿਚ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ’’

ਬਾਦਲ ਪਰਿਵਾਰ ਵੀ ਜਨਤਾ ਦੀ ਸੇਵਾ ਦਾ ਮੌਕਾ ਲੱਭ ਰਿਹਾ ਹੈ। ਯੋਗੀ ਜੀ, ਅਖਿਲੇਸ਼ ਯਾਦਵ, ਮਾਇਅਵਤੀ ਜੀ, ਲਾਲੂ ਜੀ ਭਾਵ ਸਾਡੇ ਦੇਸ਼ ’ਚ ਜਿੰਨੇ ਵੀ ਨੇਤਾ ਹਨ ਉਹ ਸਾਰੇ ਜਨਤਾ ਦੀ ਜੀਅ ਜਾਨ ਨਾਲ ਸੇਵਾ ਕਰਨੀ ਚਾਹੁੰਦੇ ਹਨ। ਇਨ੍ਹਾਂ ’ਚੋਂ ਕਈ ਕਰੋੜਪਤੀ ਜਾਂ ਅਰਬਪਤੀ ਵੀ ਹਨ। ਉਹ ਆਪਣੇ ਪੈਸਿਆਂ ਨਾਲ ਸੇਵਾ ਨਹੀਂ ਕਰਨੀ ਚਾਹੁੰਦੇ ਸਗੋਂ ਸਰਕਾਰੀ ਖਜ਼ਾਨੇ ’ਚੋਂ ਹੀ ਸਾਡੀ ਸਾਰਿਆਂ ਦੀ ਸੇਵਾ ਕਰਨੀ ਚਾਹੁੰਦੇ ਹਨ। ਇਸ ਦੇ ਲਈ ਇਨ੍ਹਾਂ ਨੂੰ ਚੰਗਾ ਸਰਕਾਰੀ ‘ਅਹੁਦਾ’ ਚਾਹੀਦਾ ਹੈ।

ਇਹ ਲੋਕ ਸਾਡੀ ਸੇਵਾ ਦੇ ਇੰਨੇ ਸ਼ੌਕੀਨ ਹਨ ਕਿ ਚੋਣ ਲੜਨ ਦੇ ਲਈ ਲੱਖਾਂ-ਕਰੋੜਾਂ ਰੁਪਏ ਪਾਣੀ ਦੇ ਵਾਂਗ ਰੋੜ੍ਹ ਦਿੰਦੇ ਹਨ।

ਇਨ੍ਹਾਂ ਦਾ ਤਾਂ ਇਕ ਹੀ ਮਕਸਦ ਹੈ ਕਿ ਗਰੀਬ ਜਨਤਾ ਦਾ ਜੀਵਨ ਪੱਧਰ ‘ਉੱਚਾ’ ਚੁੱਕ ਦਿੱਤਾ ਜਾਵੇ। ਮਿਡਲ ਕਲਾਸ ਨੂੰ ਨੌਕਰੀਆਂ ਦੇ ਦਿੱਤੀਆਂ ਜਾਣ। ਪਿੰਡਾਂ ਨੂੰ ਸ਼ਹਿਰਾਂ ਵਰਗਾ ਅਤੇ ਸ਼ਹਿਰਾਂ ਨੂੰ ਵਿਦੇਸ਼ਾਂ ਵਰਗਾ ਖੂਬਸੂਰਤ ਬਣਾ ਦਿੱਤਾ ਜਾਵੇ। ਇਹ ਵੱਖਰੀ ਗੱਲ ਹੈ ਕਿ ਸ਼ਹਿਰਾਂ ’ਚ ਮੁੱਢਲੀਆਂ ਸਹੂਲਤਾਂ ਤੱਕ ਦਾ ਬੇੜਾ ਗਰਕ ਹੋਇਆ ਪਿਆ ਹੈ। ਵਧੇਰੇ ਸੜਕਾਂ ਟੁੱਟੀਆਂ ਹੋਈਆਂ ਹਨ, ਕਿਤੇ ਪਾਣੀ ਦੀ ਸਮੱਸਿਆ ਹੈ, ਕਿਤੇ ਟ੍ਰੈਫਿਕ ਦੀ ਸਮੱਸਿਆ ਹੈ, ਕਿਤੇ ਸਾਹ ਲੈਣ ਦੇ ਲਈ ਸ਼ੁੱਧ ਹਵਾ ਨਹੀਂ ਮਿਲ ਰਹੀ। ਕਿਤੇ ਸੀਵਰੇਜ ਜਾਮ ਹੋ ਰਿਹਾ ਹੈ, ਕਿਤੇ ਬਿਜਲੀ ਦੀ ਸਮੱਸਿਆ ਹੈ। ਸ਼ਹਿਰ ਭਾਵੇਂ ਸੁੰਦਰ ਬਣ ਸਕੇ ਜਾਂ ਨਾ ਬਣ ਸਕੇ ਪਰ ਇਨ੍ਹਾਂ ਦੇ ਘਰ ਵਿਦੇਸ਼ੀ ਘਰਾਂ ਵਰਗੇ ਜ਼ਰੂਰ ਬਣ ਗਏ ਹਨ ਅਤੇ ਹਰ ਲਗਜ਼ਰੀ ਆਈਟਮ ਤੇ ਸਹੂਲਤ ਨਾਲ ਲੈਸ ਹਨ।

ਆਮ ਜਨਤਾ ਦੀ ਜ਼ਿੰਦਗੀ ਗੁਜ਼ਾਰੇ ਵਾਲੀ ਖੱਟੀ ਭਾਵੇਂ ਖਟਾਰਾ ਹਾਲਤ ’ਚ ਚੱਲ ਰਹੀ ਹੋਵੇ ਪਰ ਇਨ੍ਹਾਂ ਦੀ ਸੇਵਾ ’ਚ 2-4 ਗੱਡੀਆਂ ਹਰਦਮ ਤਿਆਰ ਰਹਿੰਦੀਆਂ ਹਨ, ਰਹਿਣ ਵੀ ਕਿਉਂ ਨਾ ਆਖਿਰ ਇਨ੍ਹਾਂ ਦੇ ਬਿਨਾਂ ਸਾਡਾ ਵੀ ਗੁਜ਼ਾਰਾ ਕਿੱਥੇ ਹੈ। ਕੋਈ ਵੀ ਸਮੱਸਿਆ ਹੋਵੇ ਅਸੀਂ ਲੋਕ ਉਸ ਦਾ ਹੱਲ ਕਰਵਾਉਣ ਦੇ ਲਈ ਪਹਿਲਾਂ ਇਨ੍ਹਾਂ ਦੇ ਕੋਲ ਹੀ ਭੱਜਦੇ ਹਾਂ। ਜਦੋਂ ਇਨ੍ਹਾਂ ਦੇ ਕੋਲ ‘ਸੱਤਾ’ ਹੋਵੇਗੀ ਤਦ ਇਹ ਲੋਕ ਠੀਕ ਢੰਗ ਨਾਲ ਸਾਡਾ ‘ਹੱਲ’ ਕਰ ਸਕਣਗੇ।

ਹੁਣ ਨਾ ਤਾਂ ਸ਼ਹੀਦ-ਏ–ਆਜ਼ਮ ਸਰਦਾਰ ਭਗਤ ਸਿੰਘ ਵਰਗੇ ਆਜ਼ਾਦੀ ਦੇ ਪਰਵਾਨੇ ਬਚੇ ਹਨ ਜੋ ਦੇਸ਼ ਦੇ ਲਈ ਹੱਸਦੇ-ਹੱਸਦੇ ਫਾਂਸੀ ਦਾ ਫੰਦਾ ਚੁੰਮ ਕੇ ਮੌਤ ਨੂੰ ਗਲੇ ਲਗਾ ਲੈਂਦੇ , ਨਾ ਰਾਣੀ ਲਕਸ਼ਮੀ ਬਾਈ ਵਰਗੀ ਵਿਰਾਂਗਣ ਹੈ ਜੋ ਸਿਰਫ 29 ਸਾਲ ਦੀ ਉਮਰ ’ਚ ਆਪਣੀ ਝਾਂਸੀ ਨੂੰ ਬਚਾਉਣ ਦੇ ਲਈ ਮੁਤਬੰਨੇ ਪੁੱਤਰ ਦਮੋਦਰ ਰਾਓ ਨੂੰ ਆਪਣੀ ਪਿੱਠ ’ਤੇ ਬੰਨ੍ਹ ਕੇ ਅੰਗਰੇਜ਼ਾਂ ਦੀ ਵਿਸ਼ਾਲ ਫੌਜ ਨਾਲ ਇਕੱਲੀ ਭਿੜ ਗਈ ਸੀ, ਨਾ ਹੀ ਮਹਾਤਮਾ ਗਾਂਧੀ ਵਰਗੇ ਲੋਕ ਹਨ ਜਿਨ੍ਹਾਂ ਨੇ ਸਿਰਫ ਦੋ ਕੱਪੜਿਆਂ ’ਚ ਅੰਗਰੇਜ਼ ਸਰਕਾਰ ਦੀ ਨੀਂਹ ਤੱਕ ਹਿਲਾ ਦਿੱਤੀ ਸੀ ਅਤੇ ਉਨ੍ਹਾਂ ਨੂੰ ਇਕ ਦਿਨ ਭਾਰਤ ਛੱਡਣ ਲਈ ਮਜਬੂਰ ਹੋਣਾ ਪਿਆ ਸੀ।

ਇਨ੍ਹਾਂ ਲੋਕਾਂ ਨੂੰ ਸੇਵਾ ਕਰਨ ਦੇ ਲਈ ਕਿਸੇ ਅਹੁਦੇ ਦੀ ਲੋੜ ਨਹੀਂ ਪਈ, ਨਾ ਹੀ ਸਕਿਓਰਿਟੀ, ਬੰਗਲੇ ਅਤੇ ਵੱਡੀ-ਵੱਡੀਆਂ-ਗੱਡੀਆਂ ਦੀ ਲੋੜ ਪਈ ਪਰ ਦੁਖ ਦੀ ਗੱਲ ਹੈ ਕਿ ਇਨ੍ਹਾਂ ਹੀ ਸੁਤੰਤਰ ਸੈਨਾਨੀਆ ਦੇ ਨਾਂ ’ਤੇ ਸਾਡੇ ਨੇਤਾ ਜਨਤਾ ਕੋਲੋਂ ਵੋਟਾਂ ਮੰਗਦੇ ਹਨ ਅਤੇ ਸੱਤਾ ਮਿਲਣ ’ਤੇ ਆਪਣੀ ਰਾਜਸੀ ਜ਼ਿੰਦਗੀ ਜਿਊਂਦੇ ਹਨ। ਕੋਈ ਵਿਰਲਾ ਹੀ ਇਨ੍ਹਾਂ ਸਭ ਦਾ ਅਪਵਾਦ ਹੁੰਦਾ ਹੈ।

ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਹਰ ਪੰਜ ਸਾਲ ਬਾਅਦ ਇਨ੍ਹਾਂ ’ਚੋਂ ਕਿਸੇ ਨਾ ਕਿਸੇ ਨੂੰ ਸਾਡੀ ਸੇਵਾ ਕਰਨ ਦਾ ਮੌਕਾ ਦਿੰਦੇ ਰਹੀਏ। ਇਹ ਸਾਡੀਆਂ ਸਮੱਸਿਆਵਾਂ ‘ਹੱਲ’ ਕਰਦੇ ਰਹਿਣ ਅਤੇ ਦੇਸ਼ ‘ਤਰੱਕੀ’ ਦੇ ਰਾਹ ’ਤੇ ਚਲਦਾ ਰਹੇ। ਇਸ ਦੇ ਇਲਾਵਾ ਅਸੀਂ ਲੋਕ ਹੋਰ ਕਰ ਵੀ ਕੀ ਸਕਦੇ ਹਾਂ।


Bharat Thapa

Content Editor

Related News