ਸਾਡੇ ਇਨ੍ਹਾਂ ਬੱਚਿਆਂ ਨੂੰ ਕੌਣ ਬਚਾਏ
Friday, Mar 05, 2021 - 03:04 AM (IST)

ਕਸ਼ਮਾ ਸ਼ਰਮਾ
ਅਹਿਮਦਾਬਾਦ ਦੀ 23 ਸਾਲ ਦੀ ਆਇਸ਼ਾ। ਉਥੇ ਸਾਬਰਮਤੀ ਨਦੀ ਦੇ ਕੰਢੇ ਗਈ। ਇਕ ਵੀਡੀਓ ਬਣਾਈ, ਜਿਸ ’ਚ ਦੱਸਿਆ ਗਿਆ ਕਿ ਮੌਤ ਨੂੰ ਕਿਉਂ ਗੱਲ ਨਾਲ ਲਗਾ ਰਹੀ ਹੈ।
ਪਰਿਵਾਰ ਵਾਲਿਆਂ ਨਾਲ ਵੀ ਗੱਲ ਕੀਤੀ। ਉਸ ਦੇ ਪਿਤਾ ਉਸ ਨੂੰ ਰੋਕਦੇ ਰਹਿ ਗਏ ਪਰ ਉਸ ਨੇ ਗੱਲ ਨਹੀਂ ਮੰਨੀ। ਉਹ ਨਦੀ ’ਚ ਕੁੱਦ ਗਈ ਅਤੇ ਜਾਨ ਦੇ ਦਿੱਤੀ। ਇਕ ਮੁਟਿਆਰ ਲੜਕੀ ਦੀਆਂ ਸਾਰੀਆਂ ਆਸਾਂ, ਰੀਝਾਂ, ਜ਼ਿੰਦਗੀ ਦੇ ਪ੍ਰਤੀ ਪਿਆਰ, ਦੁਲਾਰ ਸਭ ਦਾ ਇੰਨਾ ਭਿਆਨਕ ਅੰਤ। ਉਸਦਾ ਵੀਡੀਓ ਸੁਣਦੇ ਹੋਏ ਸੋਚ ਰਹੀ ਸੀ ਕਿ ਜੇਕਰ ਉਸ ਦਾ ਵਿਆਹ ਨਾ ਹੋਇਆ ਹੁੰਦਾ ਤਾਂ ਸ਼ਾਇਦ ਉਹ ਜਿਉਂਦੀ ਹੁੰਦੀ।
ਜਾਂ ਕਿ ਜੇਕਰ ਉਹ ਆਪਣੇ ਪਤੀ ਨਾਲੋਂ ਅਲੱਗ ਹੋ ਗਈ ਹੁੰਦੀ ਤਾਂ ਸ਼ਾਇਦ ਇਸੇ ਤਰ੍ਹਾਂ ਜਾਨ ਨਾ ਗੁਆਉਂਦੀ। ਜਿਸ ਤਰ੍ਹਾਂ ਉਹ ਵੀਡੀਓ ’ਚ ਗੱਲਾਂ ਕਰ ਰਹੀ ਹੈ, ਕਹਿ ਰਹੀ ਕਿ ਉਹ ਇਕ ਵਗਦੀ ਹੋਈ ਹਵਾ ਹੈ, ਉਸ ’ਚ ਉਸ ਦਾ ਦੁੱਖ ਝਲਕ ਰਿਹਾ ਹੈ। ਇਕ ਵਗਦੀ ਹੋਈ ਹਵਾ ਬੰਧਨਾਂ ’ਚ ਭਲਾ ਕਿਵੇਂ ਰਹਿ ਸਕਦੀ ਹੈ । ਉਸ ਨੂੰ ਆਜ਼ਾਦੀ ਚਾਹੀਦੀ ਹੈ ਪਰ ਆਜ਼ਾਦੀ ਮਿਲੇ ਵੀ ਤਾਂ ਕਿਵੇਂ, ਉਹ ਆਪਣੀ ਪਤੀ ਨਾਲ ਪਿਆਰ ਕਰਦੀ ਹੈ ਅਤੇ ਪਤੀ ਉਸ ਨੂੰ ਕਹਿੰਦਾ ਹੈ ਕਿ ਜਾ ਮਰ ਜਾ।
ਇਸੇ ਲਈ ਆਇਸ਼ਾ ਵੀਡਓ ’ਚ ਕਹਿੰਦੀ ਹੈ ਕਿ ਪਿਆਰ ਇਕ ਤਰਫਾ ਨਹੀਂ ਦੋ-ਤਰਫਾ ਹੋਣਾ ਚਾਹੀਦਾ ਹੈ। ਉਸ ਦੇ ਕਥਨ ਤੋਂ ਸਾਬਤ ਹੈ ਕਿ ਉਹ ਆਪਣੇ ਪਤੀ ਨੂੰ ਬਹੁਤ ਚਾਹੁੰਦੀ ਹੈ ਪਰ ਪਤੀ ਦੇ ਲਈ ਉਸ ਦੀ ਕੋਈ ਕੀਮਤ ਨਹੀਂ।
ਆਇਸ਼ਾ ਆਪਣੇ ਮਾਤਾ-ਪਿਤਾ ਨੂੰ ਕਹਿੰਦੀ ਹੈ ਕਿ ਉਸ ਨੇ ਆਪਣੇ ਪਤੀ ਨੂੰ ਆਜ਼ਾਦ ਕਰ ਦਿੱਤਾ ਹੈ। ਮਾਤਾ-ਪਿਤਾ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਉਹ ਹੁਣ ਹੋਰ ਨਹੀਂ ਸਹਿ ਸਕਦੀ। ਲੜਾਈ ਦਾ ਕਿਤੇ ਤਾਂ ਅੰਤ ਹੋਣਾ ਚਾਹੀਦਾ ਹੈ। ਉਹ ਇਹ ਵੀ ਕਹਿੰਦੀ ਹੈ ਕਿ ਕਿਸੇ ਨੇ ਉਸ ਨੂੰ ਅਜਿਹਾ ਕਰਨ ਲਈ ਮਜਬੂਰ ਨਹੀਂ ਕੀਤਾ ਹੈ। ਉਹ ਆਪਣੀ ਮਰਜ਼ੀ ਨਾਲ ਅਜਿਹਾ ਕਰ ਰਹੀ ਹੈ ਅਤੇ ਖੁਸ਼ ਹੈ। ਸ਼ਾਂਤੀ ਨਾਲ ਮਰਨਾ ਚਾਹੁੰਦੀ ਹੈ। ਲੜਨਾ ਨਹੀਂ ਚਾਹੁੰਦੀ ਕਿਉਂਕਿ ਆਰਿਫ ਉਸ ਨੂੰ ਪਿਆਰ ਕਰਦਾ ਹੈ।
ਪਿਤਾ ਉਸ ਨੂੰ ਸਮਝਾਉਂਦੇ ਹਨ, ਉਸ ਦੀ ਮਾਂ ਨਾਲ ਵੀ ਗੱਲ ਕਰਵਾਉਂਦੇ ਹਨ। ਮਾਂ ਕਹਿੰਦੀ ਹੈ ਕਿ ਉਹ ਅਜਿਹਾ ਕੁਝ ਨਾ ਕਰੇ। ਨਹੀਂ ਤਾਂ ਲੋਕ ਸਮਝਣਗੇ ਕਿ ਉਸ ਨੇ ਹੀ ਕੁਝ ਗਲਤ ਕੀਤਾ ਹੈ ਪਰ ਆਇਸ਼ਾ ’ਤੇ ਕਿਸੇ ਗੱਲ ਦਾ ਅਸਰ ਨਹੀਂ ਹੁੰਦਾ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਅੰਦਰੋਂ ਕਿਵੇਂ ਟੁੱਟੀ ਹੋਈ ਹੈ।
ਆਇਸ਼ਾ ਦੇ ਸਾਬਰਮਤੀ ’ਚ ਛਾਲ ਮਾਰ ਕੇ ਜਾਨ ਦੇ ਬਾਅਦ ਫਾਇਰਬ੍ਰਿਗੇਡ ਦੇ ਲੋਕਾਂ ਨੇ ਉਸ ਦੀ ਲਾਸ਼ ਕੱਢੀ ਸੀ। ਦੱਸਿਆ ਜਾਂਦਾ ਹੈ ਕਿ ਉਸ ਦਾ ਵਿਆਹ 2018 ’ਚ ਰਾਜਸਥਾਨ ਦੇ ਰਹਿਣ ਵਾਲੇ ਆਰਿਫ ਨਾਲ ਹੋਇਆ ਸੀ। ਉਸ ਨੂੰ ਪਤੀ ਅਤੇ ਸਹੁਰੇ ਦਾਜ ਲਈ ਸਤਾਉਣ ਲੱਗੇ। ਉਸ ਨੇ ਪਤੀ , ਸੱਸ ਅਤੇ ਸਹੁਰੇ ਦੇ ਵਿਰੁੱਧ ਸ਼ਿਕਾਇਤ ਕੀਤੀ ਸੀ। ਘਰੇਲੂ ਹਿੰਸਾ ਦਾ ਕੇਸ ਵੀ ਦਰਜ ਕਰਵਾਇਆ ਸੀ। ਬਾਅਦ ’ਚ ਉਹ ਇਕ ਬੈਂਕ ’ਚ ਕੰਮ ਵੀ ਕਰਨ ਲੱਗੀ ਸੀ।
ਉਹ ਵੀਡੀਓ ’ਚ ਆਪਣੇ ਪਿਤਾ ਨੂੰ ਕਹਿੰਦੀ ਹੈ ਕਿ ਤੁਸੀਂ ਆਪਣਿਆਂ ਨਾਲ ਕਦੋਂ ਤੱਕ ਲੜੋਗੇ। ਆਇਸ਼ਾ ਨੂੰ ਨਾ ਲੜਨ ਦਿਓ ਕਿਉਂਕਿ ਉਹ ਲੜਨਾ ਨਹੀਂ ਚਾਹੁੰਦੀ। ਜੇਕਰ ਆਰਿਫ ਨੂੰ ਆਜ਼ਾਦੀ ਚਾਹੀਦੀ ਹੈ ਤਾਂ ਉਹ ਆਜ਼ਾਦ ਹੈ। ਉਸ ਨਾਲ ਿਪਆਰ ਕਰਦੀ ਹਾਂ। ਉਸ ਨੂੰ ਇਸ ਤਰ੍ਹਾਂ ਪ੍ਰੇਸ਼ਾਨ ਥੋੜ੍ਹਾ ਹੀ ਕਰਾਂਗੀ। ਸਾਨੂੰ ਆਪਣੀ ਜ਼ਿੰਦਗੀ ਜਿਊਣ ਦਿਓ। ਇਹ ਇਕ ਮੌਕਾ ਹੈ। ਮੈਂ ਖੁਸ਼ ਹਾਂ ਕਿ ਅੱਲ੍ਹਾ ਨੂੰ ਮਿਲਾਂਗੀ।
ਮੈਂ ਅੱਲ੍ਹਾ ਕੋਲੋਂ ਪੁੱਛਾਂਗੀ ਕਿ ਮੇਰੀ ਗਲਤੀ ਕਿੱਥੇ ਸੀ। ਮੇਰੇ ਮਾਤਾ-ਪਿਤਾ ਬੜੇ ਚੰਗੇ ਸਨ, ਬਹੁਤ ਚੰਗੇ ਦੋਸਤ ਮਿਲੇ ਪਰ ਜਾਂ ਤਾਂ ਮੇਰੇ ’ਚ ਜਾਂ ਮੇਰੀ ਕਿਸਮਤ ’ਚ ਹੀ ਕੋਈ ਕਮੀ ਸੀ। ਅੱਗੇ ਹੁਣ ਕੁਝ ਕਹਿਣਾ ਵੀ ਨਹੀਂ ਹੈ ਿਕਉਂਕਿ ਸ਼ਾਇਦ ਭਗਵਾਨ ਨੇ ਹੀ ਮੈਨੂੰ ਛੋਟੀ ਜ਼ਿੰਦਗੀ ਸੌਂਪੀ ਸੀ ਪਰ ਹੁਣ ਅੱਲ੍ਹਾ ਇਨਸਾਨਾਂ ਦੀ ਸ਼ਕਲ ਨਾ ਦਿਖਾਵੇ।
ਸਾਬਰਮਤੀ ਦੇ ਕੰਢੇ ਖੜ੍ਹੀ ਆਇਸ਼ਾ ਕਹਿੰਦੀ ਹੈ, ਇਹ ਇਕ ਸੁੰਦਰ ਨਦੀ ਹੈ। ਇਹ ਮੈਨੂੰ ਆਪਣੇ ’ਚ ਸਮਾ ਲਵੇਗੀ। ਮੈਂ ਹਵਾਵਾਂ ਦੇ ਵਾਂਗ ਹਾਂ । ਮੈਨੂੰ ਦੁਆਵਾਂ ’ਚ ਯਾਦ ਕਰਨਾ। ਕੀ ਪਤਾ ਜੰਨਤ ਮਿਲੇ ਨਾ ਮਿਲੇ। ਆਇਸ਼ਾ ਨੇ ਨਦੀ ’ਚ ਛਾਲ ਮਾਰਨ ਤੋਂ ਪਹਿਲਾਂ ਪਤੀ ਆਰਿਫ ਨੂੰ ਵੀ ਫੋਨ ਕੀਤਾ ਸੀ ਅਤੇ ਆਰਿਫ ਨੇ ਕਿਹਾ ਕਿ ਉਹ ਜੋ ਚਾਹੇ ਉਹ ਕਰੇ। ਕਿੰਨੀ ਬੇਰਹਿਮੀ ਹੈ। ਜੇਕਰ ਉਹ ਉਸ ਨੂੰ ਕੁਝ ਸਮਝਾਉਂਦਾ, ਭਰੋਸਾ ਦਿਵਾਉਂਦਾ ਤਾਂ ਹੋ ਸਕਦਾ ਹੈ, ਆਇਸ਼ਾ ਜਾਨ ਨਾ ਦਿੰਦੀ। ਆਰਿਫ ਨੇ ਇਕ ਪਲ ਦੇ ਲਈ ਅਜਿਹਾ ਕਿਉਂ ਨਹੀਂ ਸੋਚਿਆ ਕਿ ਜੇਕਰ ਆਇਸ਼ਾ ਨੇ ਅਸਲ ’ਚ ਜਾਨ ਦੇ ਦਿੱਤੀ ਤ ਾਂ ਕੀ ਹੋਵੇਗਾ।
ਆਇਸ਼ਾ ਦੀਆਂ ਦੋਵੇਂ ਵੀਡੀਓ ਵਾਇਰਲ ਹੋਣ ਦੇ ਬਾਅਦ ਲੋਕ ਦੁੱਖ ਮਨਾ ਰਹੇ ਹਨ। ਕਹਿ ਰਹੇ ਹਨ ਕਿ ਆਇਸ਼ਾ ਤੈਨੂੰ ਇੰਝ ਨਹੀਂ ਜਾਣਾ ਚਾਹੀਦਾ ਸੀ। ਅਸੀਂ ਸ਼ਰਮਿੰਦੇ ਹਾਂ ਪਰ ਕਿਸੇ ਦੇ ਜਾਣ ਦੇ ਬਾਅਦ ਸ਼ਰਮਿੰਦੇ ਹੋਣ ਦਾ ਲਾਭ ਹੀ ਕੀ ਹੈ। ਜਦੋਂ ਤੱਕ ਆਇਸ਼ਾ ਜਾਂ ਉਸ ਵਰਗੀਆਂ ਸੈਂਕੜੇ-ਹਜ਼ਾਰਾਂ ਲੜਕੀਆਂ ਜਿਉਂਦੀਆਂ ਰਹਿੰਦੀਆਂ ਹਨ, ਜ਼ਿੰਦਗੀ ਉਨ੍ਹਾਂ ਨੂੰ ਕੋਈ ਸਹਾਰਾ ਨਹੀਂ ਦਿੰਦੀ, ਉਹ ਦਰ ਦਰ ਭਟਕਣ ਲਈ ਮਜਬੂਰ ਹੁੰਦੀਆਂ ਹਨ। ਕੋਈ ਉਨ੍ਹਾਂ ਦੀ ਨਹੀਂ ਸੁਣਦਾ। ਉਹ ਇਕੱਲੀਆਂ ਛੱਡ ਦਿੱਤੀਆਂ ਜਾਂਦੀਆਂ ਹਨ। ਜਿਸ ਪਤੀ ਦੇ ਭਰੋਸੇ ਉਹ ਸਹੁਰੇ ਗਈ ਸੀ ਪਤਾ ਨਹੀਂ ਉਹ ਕਦੋਂ ਬੇਗਾਨਾ ਹੋ ਜਾਂਦਾ ਹੈ। ਕਦੋਂ ਉਸ ਦੇ ਕਿਸੇ ਹੋਰ ਲੜਕੀ ਨਾਲ ਸਬੰਧ ਬਣ ਜਾਂਦੇ ਹਨ ਅਤੇ ਉਹ ਪਤਨੀ ਤੋਂ ਖਹਿੜਾ ਛੁਡਾਉਣ ਬਾਰੇ ਸੋਚਣ ਲੱਗਦਾ ਹੈ। ਆਇਸ਼ਾ ਦੇ ਘਰ ਵਾਲਿਆਂ ਨੇ ਕਿਹਾ ਕਿ ਉਸ ਦਾ ਪਤੀ ਅਤੇ ਸਹੁਰੇ ਦਾਜ ਲਈ ਉਸ ਨੂੰ ਤੰਗ ਕਰਦੇ ਸਨ। ਅਜਿਹੇ ਕਿੰਨੇ ਕਿੱਸੇ ਹਨ ਜੋ ਆਮ ਹਨ।
ਹਾਲਾਂਕਿ ਅੱਜ ਕੱਲ ਬਹੁਤ ਸਾਰੀਆਂ ਲੜਕੀਆਂ ਫੇਰਿਆਂ ਦੇ ਬਾਅਦ ਵੀ ਦਾਜ ਦੇ ਲੋਭੀ ਪਤੀ ਅਤੇ ਸਹੁਰਿਆਂ ਦੇ ਨਾਲ ਕਈ ਵਾਰ ਜਾਣ ਤੋਂ ਨਾਂਹ ਕਰ ਦਿੰਦੀਆਂ ਹਨ ਪਰ ਬੜੀ ਵਾਰ ਅਜਿਹਾ ਨਹੀਂ ਹੁੰਦਾ। ਉਹ ਆਪਣੇ ਪਰਿਵਾਰ ਦੀ ਇੱਜ਼ਤ ਦੇ ਲਈ ਚੁੱਪ ਧਾਰ ਲੈਂਦੀਆਂ ਹਨ। ਇਹ ਵੀ ਸੋਚਦੀਆਂ ਹਨ ਕਿ ਵਿਆਹ ’ਚ ਮਾਤਾ-ਪਿਤਾ ਦਾ ਇੰਨਾ ਪੈਸਾ ਲੱਗਾ ਹੈ,ਜੇਕਰ ਉਹ ਵਿਆਹ ਤੋਂ ਨਾ ਕਰਨਗੀਆਂ ਜਾਂ ਕਿ ਵਿਆਹ ਨੂੰ ਤੋੜਣਗੀਆਂ ਤਾਂ ਮਾਂ–ਪਿਤਾ ਦਾ ਕੀ ਹੋਵੇਗਾ। ਪਰਿਵਾਰ, ਸਮਾਜ, ਉਸ ਦੀਆਂ ਮਾਨਤਾਵਾਂ, ਰਿਤੀ-ਰਿਵਾਜ ਸਾਰੇ ਲੜਕੀਆਂ ਦੀ ਪਿੱਠ ’ਤੇ ਕਿਸੇ ਪ੍ਰੇਤ ਵਾਂਗ ਲੱਦੇ ਹਨ। ਤਾਂ ਹੀ ਤਾਂ ਆਇਸ਼ਾ ਵਰਗੀਆਂ ਲੜਕੀਆਂ ਨੂੰ ਜਾਨ ਦੇਣੀ ਪੈਂਦੀ ਹੈ।
ਲੱਖ ਕਾਨੂੰਨ ਬਣਾ ਲਓ, ਦਾਜ ਦੇ ਵਿਰੁੱਧ 498-99 ਵਰਗੀ ਸਖਤ ਧਾਰਾ ਦੀ ਵਿਵਸਥਾ ਵੀ ਕਰ ਲਓ ਪਰ ਕਾਨੂੰਨ ਇਕ ਪਾਸੇ ਤਾਂ ਆਇਸ਼ਾ ਵਰਗੀਆਂ ਸਤਾਈਆਂ ਗਈਆਂ ਲੜਕੀਆਂ ਦੀ ਮਦਦ ਨਹੀਂ ਕਰਦਾ, ਤਾਂ ਦੂਸਰੇ ਪਾਸੇ ਨਿਰ-ਅਪਰਾਧ ਔਰਤਾਂ-ਮਰਦਾਂ ਨੂੰ ਸਤਾਉਂਦਾ ਵੀ ਹੈ। ਇਸ ਕਾਨੂੰਨ ਦੀ ਦੁਰਵਰਤੋਂ ਬਹੁਤ ਹੈ ਪਰ ਜਿਨ੍ਹਾਂ ਨੂੰ ਇਸ ਦੀ ਸੱਚਮੁੱਚ ਲੋੜ ਹੈ, ਉਥੋਂ ਤੱਕ ਨਹੀਂ ਪਹੁੰਚ ਸਕਦਾ ਨਹੀਂ ਤਾਂ ਆਇਸ਼ਾ ਨੂੰ ਦਾਜ ਦੇ ਲਾਲਚੀ ਪਤੀ ਦੇ ਕਾਰਨ ਜਾਨ ਕਿਉਂ ਦੇਣੀ ਪੈਂਦੀ।
ਕਿਹਾ ਜਾਂਦਾ ਹੈ ਕਿ ਇਸਲਾਮ ’ਚ ਦਾਜ ਲੈਣਾ-ਦੇਣਾ ਸਹੀ ਨਹੀਂ ਮੰਨਿਆ ਜਾਂਦਾ ਪਰ ਅਰਸੇ ਤੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਜਿਸ ਕਮਿਊਨਿਟੀਜ਼ ’ਚ ਦਾਜ ਦਾ ਰਿਵਾਜ ਨਹੀਂ ਸੀ, ਉਥੇ ਵੀ ਹੁਣ ਦਾਜ ਨੇ ਆਪਣੇ ਜਬਾੜੇ ਫੈਲਾਏ ਹੋਏ ਹਨ ਕਿਉਂਕਿ ਪੈਸੇ ਦੇ ਲਾਲਚ ’ਚ ਕੋਈ ਵੀ ਜਾਤੀ, ਧਰਮ, ਫਿਰਕਾ ਨਹੀਂ ਬਚ ਸਕਿਆ। ਆਪਣੇ ਦੇਸ਼ ’ਚ ਜਨਮ ਤੋਂ ਪਹਿਲਾਂ ਲੜਕੀਆਂ ਨੂੰ ਮਾਰਨ ਦਾ ਇਕ ਵੱਡਾ ਕਾਰਨ ਦਾਜ ਹੈ ਪਰ ਸਮੇਂ ਦੇ ਨਾਲ ਇਹ ਘਟਿਆ ਨਹੀਂ ਹੈ ਸਗੋਂ ਵਧਿਆ ਹੀ ਹੈ।
ਇਸ ਲਈ ਸਿਰਫ ਆਇਸ਼ਾ ਹੀ ਨਹੀਂ, ਅਜਿਹੀਆਂ ਪਤਾ ਨਹੀਂ ਕਿੰਨੀਅ ਲੜਕੀਆਂ ਹਨ ਜੋ ਜ਼ਿੰਦਗੀ ਦੀਆਂ ਔਕੜਾਂ ਦਾ ਸਾਹਮਣਾ ਨਹੀਂ ਕਰ ਸਕਦੀਆਂ ਅਤੇ ਜ਼ਿੰਦਗੀ ਨੂੰ ਤਿਲਾਂਜਲੀ ਦੇਣਾ ਹੀ ਸਹੀ ਸਮਝਦੀਆਂ ਹਨ। ਮਨਾਉਂਦੇ ਰਹੀਏ ਅਸੀਂ ਹਰ ਸਾਲ ਮਹਿਲਾ ਦਿਵਸ, ਦਿੰਦੇ, ਸੁਣਦੇ ਰਹੀਏ ਭਾਸ਼ਣ ਅਤੇ ਆਇਸ਼ਾ ਵਰਗੀਆਂ ਮਜਬੂਰ ਲੜਕੀਆਂ ਜਾਨ ਦਿੰਦੀਆਂ ਰਹਿਣ।
ਐੱਮ.ਆਈ.ਐੱਮ.ਆਈ.ਐੱਮ. ਦੇ ਸੀਨੀਅਰ ਨੇਤਾ ਅਸਦੂਦੀਨ ਓਵੈਸੀ ਨੇ ਇਸ ਪ੍ਰਸੰਗ ’ਚ ਜੋ ਗੁੱਸਾ ਦਿਖਾਇਆ ਹੈ, ਉਹ ਸ਼ਲਾਘਾ ਦੇ ਯੋਗ ਹੈ ਕਿ ਓਵੈਸੀ ਨੇ ਆਪਣੀ ਪਾਰਟੀ ਦੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਾਜ ਲਈ ਔਰਤਾਂ ਨੂੰ ਸਤਾਉਣਾ ਕਿੱਥੋਂ ਦੀ ਮਰਦਾਨਗੀ ਹੈ। ਤੁਸੀਂ ਕਿਸੇ ਵੀ ਧਰਮ ਦੇ ਹੋਵੇ ਪਰ ਮੈਂ ਅਪੀਲ ਕਰਦਾ ਹਾਂ ਕਿ ਇਸ ਦਾਜ ਦੇ ਲਾਲਚ ਨੂੰ ਖਤਮ ਕਰੋ।
ਇਕ 23 ਸਾਲ ਦੀ ਲੜਕੀ ਨੇ ਦਾਜ ਲਈ ਸਤਾਏ ਜਾਣ ਦੇ ਕਾਰਨ ਆਪਣੀ ਜਾਨ ਗੁਆ ਦਿੱਤੀ। ਪਰਿਵਾਰ ਨੂੰ ਇਸ ਦੇ ਲਈ ਸ਼ਰਮ ਆਉਣੀ ਚਾਹੀਦਾ ਹੈ। ਇਹ ਕਿਸ ਤਰ੍ਹਾਂ ਦੇ ਆਦਮੀ ਹਨ। ਕੀ ਇਨ੍ਹਾਂ ’ਚ ਜ਼ਰਾ ਜਿੰਨੀ ਵੀ ਇਨਸਾਨੀਅਤ ਨਹੀਂ ਬਚੀ ਹੈ। ਉਹ ਘਰ ’ਚ ਆਪਣੀਆਂ ਪਤਨੀਆਂ ਨੂੰ ਕੁੱਟਦੇ ਹਨ ਅਤੇ ਬਾਹਰ ਖੁਦ ਨੂੰ ਚੰਗਾ ਆਦਮੀ ਦੱਸਦੇ ਹਨ। ਯਾਦ ਰੱਖੋ ਤੁਸੀਂ ਅੱਲਾਹ ਨੂੰ ਧੋਖਾ ਨਹੀਂ ਦੇ ਸਕਦੇ।
ਓਵੈਸੀ ਨੇ ਜਿਸ ਤਰ੍ਹਾਂ ਦਾ ਗੁੱਸਾ ਅਤੇ ਦੁੱਖ ਪ੍ਰਗਟ ਕੀਤਾ ਜਾਂ ਕੀ ਬਾਕੀ ਹੋਰ ਨੇਤਾ ਵੀ ਦੁੱਖ ਪ੍ਰਗਟ ਕਰ ਸਕਦੇ ਹਨ ਅਤੇ ਸਿਰਫ ਦੁੱਖ ਹੀ ਨਹੀਂ ਆਪਣ ੇ ਨੌਜਵਾਨਾਂ ਨੂੰ ਬਚਾਉਣ ਲਈ ਕੁਝ ਕਰ ਸਕਦੇ ਹਨ ਜਾਂ ਬੱਸ ਮੌਨ ਅਤੇ ਮੌਨ, ਕਦੋਂ ਤੱਕ ਸਾਡੇ ਬੱਚੇ ਜਾਨ ਦਿੰਦੇ ਰਹਿਣਗੇ? ਪਿਛਲੇ ਦਿਨਾਂ ਤੋਂ ਨੌਜਵਾਨਾਂ ’ਚ ਇਹ ਰਿਵਾਜ ਵੀ ਵਧਦਾ ਜਾ ਰਿਹਾ ਹੈ ਕਿ ਉਹ ਖੁਦਕੁਸ਼ੀ ਕਰਨ ਤੋਂ ਪਹਿਲਾਂ ਵੀਡੀਓ ਬਣਾਉਂਦੇ ਹਨ, ਕਈ ਵਾਰ ਫੇਸਬੁੱਕ ’ਤੇ ਲਾਈਵ ਕਰਦੇ ਹਨ। ਉਨ੍ਹਾਂ ਦੀ ਜਾਣ-ਪਛਾਣ ਵਾਲੇ, ਪਰਿਵਾਰ ਦੇ ਲੋਕ ਮਨਾ ਕਰਦੇ ਰਹਿ ਜਾਂਦੇ ਹਨ, ਪਰ ਉਹ ਨਹੀਂ ਮੰਨਦੇ, ਜਾਨ ਦੇ ਦਿੰਦੇ ਹਨ। ਜ਼ਿੰਦਗੀ ਦੇ ਮੁਕਾਬਲੇ ਮੌਤ ਇੰਨੀ ਚੰਗੀ ਕਿਉਂ ਲੱਗਣ ਲੱਗੀ ਹੈ। ਅਜਿਹੀ ਸਥਿਤੀ ਆਖਿਰ ਕਿਹੜੇ ਕਾਰਨਾਂ ਨਾਲ ਹੁੰਦੀ ਹੈ, ਜਿੱਥੇ ਲੱਗਦਾ ਹੈ ਕਿ ਹੁਣ ਬਸ। ਜ਼ਿੰਦਗੀ ਨੂੰ ਖਤਮ ਕਰਨਾ ਹੀ ਆਖਰੀ ਬਦਲ ਹੈ। ਸਾਡੇ ਇਨ੍ਹਾਂ ਲੜਕੇ- ਲੜਕੀਆਂ ਨੂੰ ਕੌਣ ਬਚਾਵੇ।