ਭਾਰਤ-ਪਾਕਿ ’ਚ ਆਖਿਰ ਕਿਸ ਦੇ ਹਨ ਬਾਸਮਤੀ ਚੌਲ?
Sunday, Jun 20, 2021 - 03:19 AM (IST)

ਅਲੀ ਖਾਨ
ਬਾਸਮਤੀ ਚੌਲਾਂ ਦੀ ਇਕ ਬਿਹਤਰੀਨ ਕਿਸਮ ਹੈ। ਇਸ ਦੀ ਪਛਾਣ ਨੂੰ ਲੈ ਕੇ ਦੋ ਦਹਾਕੇ ਪਹਿਲਾਂ ਅਮਰੀਕਾ ਦੀ ਕੰਪਨੀ ਰਾਈਸਟੇਕ ਅਤੇ ਭਾਰਤ-ਪਾਕਿ ਦਰਮਿਆਨ ਵਿਵਾਦ ਸਾਹਮਣੇ ਆਇਆ ਸੀ। ਭਾਰਤ ਅਤੇ ਪਾਕਿਸਤਾਨ ਨੇ ਇਸ ਵਿਵਾਦ ’ਚ ਇਕੱਠੇ ਖੜ੍ਹੇ ਹੋ ਕੇ ਅਮਰੀਕਾ ਦੀ ਕੰਪਨੀ ਨੂੰ ਮਿਲੇ ਪੇਟੈਂਟ ਵਾਪਸ ਕਰਨ ਲਈ ਮਜਬੂਰ ਕੀਤਾ ਸੀ ਪਰ ਇਸ ਵਾਰ ਬਾਸਮਤੀ ਚੌਲਾਂ ਦੇ ਜੀ. ਆਈ. ਟੈਗ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਆਹਮੋ-ਸਾਹਮਣੇ ਹਨ।
ਦਰਅਸਲ, ਹੋਇਆ ਇੰਝ ਕਿ ਭਾਰਤ ਨੇ ਆਪਣੇ ਬਾਸਮਤੀ ਚੌਲਾਂ ਨੂੰ ਜੀ. ਆਈ. ਟੈਗ ਲਈ ਯੂਰਪੀਅਨ ਯੂਨੀਅਨ ਭਾਵ ਈ. ਯੂ. ’ਚ ਅਰਜ਼ੀ ਦਿੱਤੀ। ਇਸ ਦੀ ਜਾਣਕਾਰੀ 11 ਸਤੰਬਰ 2020 ਨੂੰ ਯੂਰਪੀਅਨ ਯੂਨੀਅਨ ਵੱਲੋਂ ਅਧਿਕਾਰਤ ਪ੍ਰਕਾਸ਼ਿਤ ਜਰਨਲ ਤੋਂ ਸਾਹਮਣੇ ਆਈ। ਦੱਸਿਆ ਜਾਂਦਾ ਹੈ ਕਿ ਇਸ ਜਰਨਲ ਦੇ ਪ੍ਰਕਾਸ਼ਿਤ ਹੋਣ ਤੋਂ ਪਹਿਲਾਂ ਬਾਸਮਤੀ ਨੂੰ ਜੀ. ਆਈ. ਟੈਗ ਦਿੱਤੇ ਜਾਣ ਨੂੰ ਲੈ ਕੇ ਅੰਦਰੂਨੀ ਮੁਲਾਂਕਣ ਹੋ ਚੁੱਕਾ ਸੀ। ਜਿਵੇਂ ਹੀ ਯੂਰਪੀਅਨ ਯੂਨੀਅਨ ਵੱਲੋਂ ਜਰਨਲ ਪ੍ਰਕਾਸ਼ਿਤ ਕੀਤਾ ਗਿਆ, ਇਸ ’ਚ ਵਰਣਿਤ ਬਾਸਮਤੀ ਜੀ. ਆਈ. ਟੈਗ ਦੀ ਖ਼ਬਰ ਨੇ ਪਾਕਿਸਤਾਨ ’ਚ ਹਲਚਲ ਮਚਾ ਦਿੱਤੀ।
ਕਿਉਂਕਿ ਬਾਸਮਤੀ ਦੇ ਦੋ ਵੱਡੇ ਉਤਪਾਦਕ ਮੁਲਕਾਂ ’ਚ ਭਾਰਤ ਦੇ ਨਾਲ ਪਾਕਿਸਤਾਨ ਸ਼ੁਮਾਰ ਹੈ। ਅਜਿਹੇ ਵਿਚ ਜੇਕਰ ਭਾਰਤ ਨੂੰ ਬਾਸਮਤੀ ਦਾ ਜੀ. ਆਈ. ਟੈਗ ਮਿਲਦਾ ਹੈ ਤਾਂ ਇਸ ਦਾ ਮਾਲਕਾਨਾ ਹੱਕ ਪ੍ਰਾਪਤ ਹੋਵੇਗਾ। ਇਸ ਦੇ ਨਾਲ ਹੀ ਭਾਰਤ ਉਸ ਦੇ ਬਾਜ਼ਾਰ ਨੂੰ ਹੜੱਪ ਲਵੇਗਾ, ਇਸ ਗੱਲ ਦਾ ਡਰ ਪਾਕਿਸਤਾਨ ਨੂੰ ਸਤਾ ਰਿਹਾ ਹੈ।
ਦੱਸ ਦੇਈਏ ਕਿ ਪਾਕਿਸਤਾਨ ਪਿਛਲੇ ਕੁਝ ਸਾਲਾਂ ਦੌਰਾਨ ਯੂਰਪ ’ਚ ਚੌਲ ਦੇ ਵੱਡੇ ਬਰਾਮਦਕਾਰ ਦੇ ਰੂਪ ’ਚ ਉਭਰਿਆ ਹੈ। ਇਸ ਦੇ ਲਈ ਪਾਕਿਸਤਾਨ ਇਸ ਦੇ ਵਿਰੋਧ ’ਚ ਖੜ੍ਹਾ ਹੋ ਗਿਆ ਹੈ। ਇਸੇ ਦੇ ਮੱਦੇਨਜ਼ਰ 5 ਅਕਤੂਬਰ 2020 ਨੂੰ ਪਾਕਿਸਤਾਨ ਨੇ ਇਸ ਗੱਲ ਦਾ ਐਲਾਨ ਕਰ ਦਿੱਤਾ ਕਿ ਉਹ ਭਾਰਤ ਦੇ ਦਾਅਵੇ ਦਾ ਪੁਰਜ਼ੋਰ ਵਿਰੋਧ ਕਰਦਾ ਹੈ। ਉਸ ਦੇ ਬਾਅਦ 7 ਦਸੰਬਰ 2020 ਨੂੰ ਪਾਕਿਸਤਾਨ ਨੇ ਯੂਰਪੀਅਨ ਯੂਨੀਅਨ ’ਚ ਭਾਰਤੀ ਦਾਅਵੇ ਵਿਰੁੱਧ ਨੋਟਿਸ ਵੀ ਦੇ ਦਿੱਤਾ।
ਕਿਸ ਤਕਨੀਕ ਦਾ ਨਾਂ ਹੈ ਜੀ. ਆਈ. ਟੈਗ?
ਅਜਿਹੇ ’ਚ, ਆਮ-ਆਦਮੀ ਦੇ ਦਿਮਾਗ ’ਚ ਇਹ ਸਵਾਲ ਉੱਠਣਾ ਸੁਭਾਵਿਕ ਹੈ ਕਿ ਆਖਿਰ ਕੀ ਹੈ ਜੀ. ਆਈ. ਟੈਗ? ਦੋ ਦਹਾਕੇ ਪਹਿਲਾਂ ਵਿਵਾਦ, ਹੁਣ ਫਿਰ ਵਿਵਾਦ ਕਿਉਂ? ਜੀ. ਆਈ. ਟੈਗ ਕਿਸ ਤਕਨੀਕ ਦਾ ਨਾਂ ਹੈ? ਇਹ ਕਿਸੇ ਮੁਲਕ ਦੇ ਲਈ ਕਿੰਨਾ ਜ਼ਰੂਰੀ ਹੈ? ਕਿਹੜੇ-ਕਿਹੜੇ ਉਤਪਾਦਾਂ ਨੂੰ ਮਿਲਦਾ ਹੈ ਜੀ. ਆਈ. ਟੈਗ?
ਆਓ, ਅਸੀਂ ਵਿਸਥਾਰ ਨਾਲ ਇਸ ਬਾਰੇ ਜਾਣਦੇ ਹਾਂ। ਦਰਅਸਲ, ਜੀ.ਆਈ. ਟੈਗ ਇਸ ਗੱਲ ਦੀ ਜਾਣਕਾਰੀ ਦਿੰਦਾ ਹੈ ਕਿ ਫਲਾਣੀ ਚੀਜ਼ ਕਿਸ ਮੁਲਕ ’ਚ ਜਾਂ ਕਿਸ ਥਾਂ ’ਤੇ ਪੈਦਾ ਹੁੰਦੀ ਹੈ। ਜ਼ਾਹਿਰ ਜਿਹੀ ਗੱਲ ਹੈ ਕਿ ਕਿਸੇ ਚੀਜ਼ ਦੇ ਨਾਲ ਮੁਲਕ ਜਾਂ ਸਥਾਨ ਵਿਸ਼ੇਸ਼ ਦਾ ਨਾਂ ਜੁੜਨ ਨਾਲ ਉਸ ਦੀ ਸਰਵਸ੍ਰੇਸ਼ਠਤਾ ਸਿੱਧ ਹੁੰਦੀ ਹੈ। ਉਦਾਹਰਣ ਦੇ ਤੌਰ ’ਤੇ ਦਾਰਜੀਲਿੰਗ ਦੀ ਚਾਹ ਅਤੇ ਕੋਲੰਬੀਆ ਦੀ ਕੌਫੀ। ਜੀ. ਆਈ. ਟੈਗ ਦਾ ਪੂਰਾ ਨਾਂ ਪ੍ਰੋਟੈਕਟਿਡ ਜਿਓਗ੍ਰਾਫੀਕਲ ਇੰਡੀਕੇਸ਼ਨ ਹੈ, ਜੋ ਇਕ ਤਰ੍ਹਾਂ ਕਹੀਏ ਤਾਂ ਕਾਪੀਰਾਈਟ ਦੇ ਵਾਂਗ ਹੀ ਹੈ।
ਬਾਸਮਤੀ ਚੌਲਾਂ ’ਚ ਭਾਰਤ ਦਾ ਪੱਖ ਮਜ਼ਬੂਤ
ਬਾਸਮਤੀ ਚੌਲਾਂ ਦੇ ਜੀ. ਆਈ. ਟੈਗ ਨੂੰ ਲੈ ਕੇ ਭਾਰਤ-ਪਾਕਿ ਆਹਮੋ ਸਾਹਮਣੇ ਹਨ। ਅਜਿਹੇ ’ਚ ਸਵਾਲ ਉੱਠਦਾ ਹੈ ਕਿ ਬਾਸਮਤੀ ਚੌਲਾਂ ਦਾ ਅਸਲ ਦਾਅਵੇਦਾਰ ਕੌਣ ਹੈ? ਪਾਕਿਸਤਾਨ ਦੇ ਵਿਰੋਧ ਦੇ ਬਾਅਦ ਬਾਸਮਤੀ ਚੌਲਾਂ ਨੂੰ ਲੈ ਕੇ ਭਾਰਤ ਨੂੰ ਮਿਲਣ ਵਾਲੇ ਜੀ. ਆਈ. ਟੈਗ ਦਾ ਰਾਹ ਹੁਣ ਔਖਾ ਹੋ ਚੱਲਿਆ ਹੈ। ਦੱਸ ਦੇਈਏ ਕਿ ਬਾਸਮਤੀ ਦੋਵਾਂ ਮੁਲਕਾਂ ਦੀ ਅਰਥ-ਵਿਵਸਥਾ ਦੇ ਲਿਹਾਜ਼ ਨਾਲ ਬੇਹੱਦ ਮਹੱਤਵਪੂਰਨ ਹੈ।
ਭਾਰਤ ਦੁਨੀਆ ਦਾ ਲਗਭਗ 65 ਫੀਸਦੀ ਬਾਸਮਤੀ ਬਰਾਮਦ ਕਰਦਾ ਹੈ, ਜਦਕਿ ਬਚੀ ਹੋਈ ਮਾਰਕੀਟ ’ਤੇ ਪਾਕਿਸਤਾਨ ਦਾ ਕਬਜ਼ਾ ਹੈ। ਅੰਕੜੇ ਦੱਸਦੇ ਹਨ ਕਿ 2019-20 ’ਚ ਭਾਰਤ ਨੇ ਕੁੱਲ 44.5 ਲੱਖ ਟਨ ਬਾਸਮਤੀ 31 ਹਜ਼ਾਰ ਕਰੋੜ ’ਚ ਵੇਚੀ ਸੀ। ਓਧਰ ਸੰਯੁਕਤ ਰਾਸ਼ਟਰ ਦੇ ਅਨੁਸਾਰ ਪਾਕਿਸਤਾਨ 2.2 ਬਿਲੀਅਨ ਡਾਲਰ ਦੇ ਚੌਲ ਬਰਾਮਦ ਕਰਦਾ ਹੈ।
ਇਸ ਦਰਮਿਆਨ ਪਾਕਿਸਤਾਨੀ ਮੀਡੀਆ ਸੰਸਥਾਨ ‘ਡਾਅਨ’ ਮੁਤਾਬਕ ਪਾਕਿਸਤਾਨ 800 ਮਿਲੀਅਨ ਤੋਂ ਇਕ ਬਿਲੀਅਨ ਡਾਲਰ ਕੀਮਤ ਤੱਕ ਦਾ ਬਾਸਮਤੀ ਬਰਾਮਦ ਕਰਦਾ ਹੈ। ਅੰਕੜਿਆਂ ਤੋਂ ਇਹ ਸਾਫ ਜ਼ਾਹਿਰ ਹੁੰਦਾ ਹੈ ਕਿ ਭਾਰਤ ਦੀ ਕੌਮਾਂਤਰੀ ਬਾਜ਼ਾਰ ’ਚ ਵੱਧ ਪਹੁੰਚ ਹੈ। ਭਾਰਤ ਜ਼ਿਆਦਾਤਰ ਖਾੜੀ ਦੇਸ਼ਾਂ ਨੂੰ ਬਾਸਮਤੀ ਬਰਾਮਦ ਕਰਦਾ ਹੈ, ਜਦਕਿ ਖਾੜੀ ਦੇਸ਼ਾਂ ’ਚ ਪਾਕਿਸਤਾਨੀ ਬਾਸਮਤੀ ਦੀ ਮੰਗ ਅਤੇ ਪਹੁੰਚ ਬਹੁਤ ਘੱਟ ਹੈ।
ਭਾਰਤੀ ਸੀਡਸ ਐਕਟ, 1966 ’ਚ ਬਾਸਮਤੀ ਦੀਆਂ 29 ਕਿਸਮਾਂ ਵਰਣਿਤ ਹਨ। ਹਾਲਾਂਕਿ, ਅੱਜ ਦੇਸ਼ ਭਰ ’ਚ 33 ਤਰ੍ਹਾਂ ਦੀ ਬਾਸਮਤੀ ਉਗਾਈ ਜਾਂਦੀ ਹੈ। ਅੱਜ ਭਾਰਤ ਦੇ ਕਈ ਸੂਬਿਆਂ ਨੂੰ ਜੀ. ਆਈ. ਟੈਗ ਹਾਸਲ ਹਨ। ਭਾਰਤ ਸਰਕਾਰ ਦੇ ਐਗਰੀਕਲਚਰ ਐਂਡ ਪ੍ਰੋਸੈਸਡ ਫੂਡ ਪ੍ਰੋਡਕਟ ਐਕਸਪੋਰਟ ਡਿਵੈੱਲਪਮੈਂਟ ਅਥਾਰਿਟੀ ਨੇ ਮਈ 2010 ’ਚ ਹਿਮਾਚਲ ਦੇ ਆਲੇ-ਦੁਆਲੇ ਵਸੇ 7 ਸੂਬਿਆਂ ਜੰਮੂ-ਕਸ਼ਮੀਰ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉਤਰਾਖੰਡ, ਦਿੱਲੀ ਅਤੇ ਉੱਤਰ ਪ੍ਰਦੇਸ਼ ਨੂੰ ਜੀ. ਆਈ. ਟੈਗ ਦਿੱਤਾ ਸੀ। ਜੇਕਰ ਪਾਕਿਸਤਾਨ ਇਸ ’ਤੇ ਵੀ ਆਪਣੀ ਸਿਆਸਤ ਕਰਦਾ ਹੈ ਤਾਂ ਦੋਵਾਂ ਮੁਲਕਾਂ ਦੇ ਆਪਸੀ ਸਬੰਧਾਂ ਨੂੰ ਸੁਭਾਵਿਕ ਤੌਰ ’ਤੇ ਕਮਜ਼ੋਰ ਕਰੇਗਾ। ਇਸ ਲਈ ਇਹ ਸਮਝਦੇ ਹੋਏ ਕਿ ਇਹ ਇਕ ਉਦਯੋਗਿਕ ਮਸਲਾ ਹੈ, ਜਿਸ ਨੂੰ ਜਲਦੀ ਸੁਲਝਾਇਆ ਜਾਣਾ ਚਾਹੀਦਾ ਹੈ।