ਕਾਂਗਰਸ ਵਰਕਿੰਗ ਕਮੇਟੀ : ਅਗਲਾ ਕਾਂਗਰਸ ਪ੍ਰਧਾਨ ਕੌਣ?

08/24/2020 2:47:33 AM

ਰਾਹਿਲ ਨੌਰਾ ਚੋਪੜਾ

ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ’ਚ ਲੀਡਰਸ਼ਿਪ ਦੇ ਮੁੱਦੇ ਨੂੰ ਲੈ ਕੇ ਭਾਰੀ ਬਹਿਸ ਹੋ ਸਕਦੀ ਹੈ। ਕਾਂਗਰਸ ਲਈ ਉੱਚ ਫੈਸਲੇ ਲੈਣ ਵਾਲੀ ਇਕਾਈ ਸੋਮਵਾਰ ਨੂੰ 11 ਵਜੇ ਵੀਡੀਓ ਕਾਨਫਰੰਸ ਰਾਹੀਂ ਬੈਠਕ ਆਯੋਜਿਤ ਕਰੇਗੀ। ਲੀਡਰਸ਼ਿਪ ਨੂੰ ਲੈ ਕੇ ਕਾਂਗਰਸ ’ਚ ਅਨਿਸ਼ਚਿਤਤਾ ਦਾ ਦੌਰ ਚੱਲ ਰਿਹਾ ਹੈ ਅਤੇ ਇਸ ’ਤੇ ਬਹਿਸ ਜਾਰੀ ਹੈ। ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਕਾਂਗਰਸ ਪਾਰਟੀ ਦੇ 23 ਸੀਨੀਅਰ ਨੇਤਾਵਾਂ ਵਲੋਂ ਲਿਖਿਅਾ ਇਕ ਪੱਤਰ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ’ਚ ਮੁੱਖ ਕੇਂਦਰ ਬਿੰਦੂ ਹੋ ਸਕਦਾ ਹੈ। 2014 ਦੀਅਾਂ ਲੋਕ ਸਭਾ ਚੋਣਾਂ ’ਚ ਕਾਂਗਰਸ ਦੀ ਹਾਰ ਤੋਂ ਬਾਅਦ ਕਾਂਗਰਸ ਪਾਰਟੀ ਦੀ ਕਾਰਜਪ੍ਰਣਾਲੀ ਨੂੰ ਲੈ ਕੇ ਪੱਤਰ ’ਚ ਕਈ ਸਵਾਲ ਉਠਾਏ ਗਏ ਹਨ।

ਪਿਛਲੇ ਸਾਲ ਰਾਹੁਲ ਗਾਂਧੀ ਵਲੋਂ ਅਹੁਦਾ ਛੱਡਣ ਤੋਂ ਬਾਅਦ ਉਨ੍ਹਾਂ ਦੀ ਮਾਂ ਸੋਨੀਆ ਗਾਂਧੀ ਅੰਤਰਿਮ ਪ੍ਰਧਾਨ ਦੇ ਤੌਰ ’ਤੇ ਇਕ ਸਾਲ ਪੂਰਾ ਕਰਨ ਜਾ ਰਹੀ ਹੈ। ਇਸ ਪੱਤਰ ’ਤੇ ਗੁਲਾਮ ਨਬੀ ਆਜ਼ਾਦ, ਕਪਿਲ ਸਿੱਬਲ, ਸ਼ਸ਼ੀ ਥਰੂਰ, ਆਨੰਦ ਸ਼ਰਮਾ, ਭੁਪਿੰਦਰ ਸਿੰਘ ਹੁੱਡਾ, ਵੀਰੱਪਾ ਮੋਇਲੀ, ਰਾਜ ਬੱਬਰ, ਮਿਲਿੰਦ ਦੇਵੜਾ, ਸੰਦੀਪ ਦੀਕਸ਼ਿਤ, ਰੇਣੂਕਾ ਚੌਧਰੀ ਅਤੇ ਮਨੀਸ਼ ਤਿਵਾੜੀ ਵਰਗੇ ਨੇਤਾਵਾਂ ਦੇ ਦਸਤਖਤ ਹਨ। ਪੱਤਰ ’ਚ ਨੇਤਾਵਾਂ ਨੇ ਇਕ ਪੂਰਨ ਪ੍ਰਧਾਨ ਦੀ ਵਕਾਲਤ ਕੀਤੀ ਹੈ ਅਤੇ ਇਹ ਤਰਕ ਦਿੱਤਾ ਹੈ ਕਿ ਲੀਡਰਸ਼ਿਪ ਦੇ ਮਾਮਲੇ ’ਚ ਅਨਿਸ਼ਚਿਤਤਾ ਨੂੰ ਲੈ ਕੇ ਕਾਂਗਰਸ ਵਰਕਰ ਪ੍ਰੇਸ਼ਾਨ ਹਨ ਅਤੇ ਕਾਂਗਰਸ ਪਾਰਟੀ ਕਮਜ਼ੋਰ ਪੈ ਗਈ ਹੈ।

ਉਨ੍ਹਾਂ ਨੇ ਇਹ ਵੀ ਤਰਕ ਦਿੱਤਾ ਹੈ ਕਿ ਪਾਰਟੀ ਨੂੰ ਇਕ ਫੁੱਲ ਟਾਈਮ ਅਤੇ ਕਿਰਿਆਸ਼ੀਲ ਅਗਵਾਈ ਦੀ ਲੋੜ ਹੈ ਜੋ ਜ਼ਮੀਨੀ ਪੱਧਰ ’ਤੇ ਵੀ ਦਿਖਾਈ ਦਿੰਦਾ ਹੈ। ਪੱਤਰ ’ਚ ਅੱਗੇ ਕਿਹਾ ਗਿਆ ਹੈ ਕਿ ਲੋਕ ਸਭਾ ਚੋਣਾਂ ’ਚ ਹਾਰ ਦੇ ਬਾਵਜੂਦ ਕੋਈ ਵੀ ਈਮਾਨਦਾਰੀ ਨਾਲ ਆਤਮ ਨਿਰੀਖਣ ਨਹੀਂ ਕੀਤਾ ਗਿਆ। ਨੇਤਾਵਾਂ ਦਾ ਮੰਨਣਾ ਹੈ ਕਿ ਸੀ. ਪੀ. ਪੀ. ਦੀਅਾਂ ਬੈਠਕਾਂ ਅਤੇ ਉਨ੍ਹਾਂ ਦੀ ਕਾਰਜਪ੍ਰਣਾਲੀ ਕਾਂਗਰਸ ਪ੍ਰਧਾਨ ਦੇ ਸੰਬੋਧਨ ਅਤੇ ਸ਼ੋਕ ਸੰਦੇਸ਼ ਨੂੰ ਲੈ ਕੇ ਸਿਰਫ ਰਸਮ ਬਣ ਕੇ ਰਹਿ ਗਈ ਹੈ। ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ’ਚ 24 ਅਕਬਰ ਰੋਡ, ਜਿਥੇ ਪਾਰਟੀ ਮੁੱਖ ਦਫਤਰ ਹੈ, ਦੇ ਕਿਰਾਏ ਦਾ ਮੁੱਦਾ ਵੀ ਸ਼ਾਮਲ ਹੋਵੇਗਾ। ਇਸ ਕਿਰਾਏ ਦੀ ਸਮਾਂ ਹੱਦ 30 ਨਵੰਬਰ ਨੂੰ ਖਤਮ ਹੋ ਰਹੀ ਹੈ। ਸੂਤਰਾਂ ਅਨੁਸਾਰ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਜਿਨ੍ਹਾਂ ’ਚ ਬਜ਼ੁਰਗ ਅਤੇ ਨੌਜਵਾਨ ਸ਼ਾਮਲ ਹਨ, ਰਾਹੁਲ ਗਾਂਧੀ ਨੂੰ ਫਿਰ ਤੋਂ ਪ੍ਰਧਾਨ ਅਹੁਦਾ ਸੰਭਾਲਣ ਲਈ ਉਨ੍ਹਾਂ ’ਤੇ ਦਬਾਅ ਬਣਾਉਣਗੇ ਅਤੇ ਸਹੀ ਢੰਗ ਨਾਲ ਅੰਦਰੂਨੀ ਚੋਣਾਂ ਆਯੋਜਿਤ ਕਰਨ ਲਈ ਸਵਾਲ ਉਠਾਉਣਗੇ।

ਉੱਤਰ ਪ੍ਰਦੇਸ਼ ’ਚ ਬ੍ਰਾਹਮਣਾਂ ’ਤੇ ਫੋਕਸ

ਯੂ. ਪੀ. ਪੁਲਸ ਵਲੋਂ ਗੈਂਗਸਟਰ ਵਿਕਾਸ ਦੁਬੇ ਦੇ ਐਨਕਾਊਂਟਰ ਤੋਂ ਬਾਅਦ ਸਿਆਸੀ ਪਾਰਟੀਅਾਂ ਉਸ ਦੀ ਜਾਤੀ ਦੇ ਮਾਮਲੇ ਦੀ ਵਰਤੋਂ ਕਰਨ ਦੀ ਕੋਸ਼ਿਸ਼ ’ਚ ਹਨ। ਮਾਇਆਵਤੀ ਤੋਂ ਬਾਅਦ ਹੁਣ ਕਾਂਗਰਸ ਵੀ ਆਪਣੀ ਵੋਟ ਸਿਆਸਤ ’ਚ ਬ੍ਰਾਹਮਣ ਕਾਰਡ ਦੀ ਵਰਤੋਂ ਕਰਨ ਦੀ ਕੋਸ਼ਿਸ਼ ’ਚ ਹੈ। ਕਾਂਗਰਸੀ ਨੇਤਾ ਜਿਤਿਨ ਪ੍ਰਸਾਦ ਨੇ ਬ੍ਰਾਹਮਣ ਵਿਧਾਇਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਖੁੱਲ੍ਹੇ ਤੌਰ ’ਤੇ ਸਾਹਮਣੇ ਆਉਣ ਜੇਕਰ ਕਿਸੇ ਬ੍ਰਾਹਮਣ ਨੂੰ ਸਰਕਾਰ ਵਲੋਂ ਕਿਸੇ ਨਾਅਰੇ ਨਾਲ ਸਜ਼ਾ ਦਿੱਤੀ ਜਾਂਦੀ ਹੈ।

ਯੂ. ਪੀ. ’ਚ ‘ਭਾਜਪਾ ’ਚ ਤਿੰਨ ਹਨ ਪ੍ਰੇਸ਼ਾਨ, ਦਲਿਤ, ਬ੍ਰਾਹਮਣ ਅਤੇ ਮੁਸਲਮਾਨ’ ਦਾ ਨਾਅਰਾ ਦਿੱਤਾ ਗਿਆ ਸੀ। ਹਾਲਾਂਕਿ ਯੂ. ਪੀ. ’ਚ ਬ੍ਰਾਹਮਣ ਵੋਟ ਦਾ ਕੋਈ ਨਿਸ਼ਚਿਤ ਅੰਕੜਾ ਮੁਹੱਈਆ ਨਹੀਂ ਹੈ ਪਰ ਸਿਆਸੀ ਤੌਰ ’ਤੇ ਇਹ ਮੰਨਿਆ ਜਾਂਦਾ ਹੈ ਕਿ ਇਥੇ 12 ਤੋਂ 15 ਫੀਸਦੀ ਬ੍ਰਾਹਮਣ ਵੋਟਰ ਹਨ ਜੋ ਕਿ ਪਹਿਲਾਂ ਕਾਂਗਰਸ ਦਾ ਵੋਟ ਬੈਂਕ ਸਨ।

ਰਾਮ ਮੰਦਿਰ ਅੰਦੋਲਨ ਤੋਂ ਬਾਅਦ ਬ੍ਰਾਹਮਣਾਂ ਨੇ ਭਾਜਪਾ ਦਾ ਸਮਰਥਨ ਕੀਤਾ ਸੀ ਅਤੇ 2007 ’ਚ ਮਾਇਆਵਤੀ ਨੇ ਜ਼ਿਆਦਾ ਟਿਕਟਾਂ ਬ੍ਰਾਹਮਣਾਂ ਨੂੰ ਵੰਡੀਆਂ ਸਨ ਜਿਸ ਦੇ ਨਤੀਜੇ ’ਚ ਬਸਪਾ ਨੇ ‘ਹਾਥੀ ਨਹੀਂ ਗਣੇਸ਼ ਹੈ, ਬ੍ਰਹਮਾ, ਵਿਸ਼ਣੂ, ਮਹੇਸ਼ ਹੈ’ ਦੇ ਨਾਂ ’ਤੇ ਜਿੱਤ ਹਾਸਲ ਕੀਤੀ ਸੀ। 2007 ਤੋਂ ਬਾਅਦ ਬਸਪਾ ਦਾ ਨਾਅਰਾ ‘ਦਲਿਤ-ਬ੍ਰਾਹਮਣ ਭਰਾ-ਭਰਾ’ ਸੀ ਪਰ ਜਲਦੀ ਹੀ ਬ੍ਰਾਹਮਣ ਫਿਰ ਤੋਂ ਭਾਜਪਾ ਵੱਲ ਪਰਤ ਗਏ ਪਰ ਮੌਜੂਦਾ ’ਚ ਮਾਇਆਵਤੀ ਨੇ ਵਿਕਾਸ ਦੁਬੇ ਦੇ ਪੁਲਸ ਮੁਕਾਬਲੇ ਤੋਂ ਬਾਅਦ ਫਿਰ ਤੋਂ ਬ੍ਰਾਹਮਣਾਂ ਨੂੰ ਆਪਣੇ ਵੱਲ ਖਿੱਚਣਾ ਸ਼ੁਰੂ ਕਰ ਦਿੱਤਾ ਹੈ।

ਜਦੋਂ ‘ਆਪ’ ਸੰਸਦ ਮੈਂਬਰ ਅਤੇ ਯੂ. ਪੀ. ਦੇ ਇੰਚਾਰਜ ਸੰਜੇ ਸਿੰਘ ਲਖਨਊ ਪਹੁੰਚੇ ਤਾਂ ਐੱਸ. ਟੀ. ਐੱਫ. ਨੂੰ ਵਿਸ਼ੇਸ਼ ਠਾਕੁਰ ਫੋਰਸ ਕਹਿ ਕੇ ਸੰਬੋਧਨ ਕੀਤਾ ਅਤੇ ਐੱਸ. ਟੀ. ਐੱਫ. ਦੀ ਨੀਵੀ ਜਾਤੀ ਅਤੇ ਹੋਰ ਜਾਤੀਅਾਂ ’ਤੇ ਤਸ਼ੱਦਦ ਲਈ ਆਲੋਚਨਾ ਕੀਤੀ। ਸੰਜੇ ਨੇ ਬ੍ਰਾਹਮਣ-ਦਲਿਤ ਗਠਜੋੜ ਦੀ ਪ੍ਰਸ਼ੰਸਾ ਕੀਤੀ। ਹੁਣ ਬ੍ਰਾਹਮਣਾਂ ਨੇ ਇਹ ਦੇਖਣਾ ਹੈ ਕਿ ਕੀ ਉਹ ਬਸਪਾ, ਕਾਂਗਰਸ ਨਾਲ ਜਾਣ ਜਾਂ ਫਿਰ ਭਾਜਪਾ ’ਚ ਜਾਣ।

ਪ੍ਰਿਯੰਕਾ ਬੋਲੀ : ਗੈਰ-ਗਾਂਧੀ ਪਾਰਟੀ ਦੀ ਅਗਵਾਈ ਕਰੇ

ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਢੇਰਾ ਨੇ ਕਿਹਾ ਕਿ ਪਾਰਟੀ ਦੀ ਅਗਵਾਈ ਗੈਰ-ਗਾਂਧੀ ਨੂੰ ਕਰਨੀ ਚਾਹੀਦੀ ਹੈ। ਪ੍ਰਧਾਨ ਅਹੁਦੇ ਨੂੰ ਛੱਡਣ ਤੋਂ ਬਾਅਦ ਰਾਹੁਲ ਗਾਂਧੀ ਨੇ ਮੰਗ ਕੀਤੀ ਸੀ ਕਿ ਸਾਡੇ ’ਚੋਂ ਕਿਸੇ ਨੂੰ ਵੀ ਪਾਰਟੀ ਦਾ ਪ੍ਰਧਾਨ ਨਹੀਂ ਹੋਣਾ ਚਾਹੀਦਾ ਅਤੇ ਪ੍ਰਿਯੰਕਾ ਇਸ ਗੱਲ ਨਾਲ ਰਾਹੁਲ ਨਾਲ ਸਹਿਮਤ ਹੈ। ਪ੍ਰਿਯੰਕਾ ਨੇ ਕਿਹਾ, ‘‘ਮੇਰਾ ਮੰਨਣਾ ਹੈ ਕਿ ਪਾਰਟੀ ਨੂੰ ਖੁਦ ਆਪਣਾ ਰਸਤਾ ਲੱਭਣਾ ਚਾਹੀਦਾ ਹੈ।’’ ਭਾਜਪਾ ਵਿਰੁੱਧ ਪਾਰਟੀ ਦੇ ਹਾਰਨ ਤੋਂ ਬਾਅਦ ਦੇ ਸਵਾਲ ਨੂੰ ਲੈ ਕੇ ਪ੍ਰਿਯੰਕਾ ਨੇ ਕਿਹਾ ਕਿ ਨਵੇਂ ਮੀਡੀਆ ਨੂੰ ਸਮਝਣ ਲਈ ਕਾਂਗਰਸ ਪਾਰਟੀ ਢਿੱਲੀ ਸੀ। ਜਦੋਂ ਤੱਕ ਕਿ ਅਜਿਹੀਅਾਂ ਗੱਲਾਂ ਨੂੰ ਕਾਂਗਰਸ ਸਮਝ ਸਕਦੀ, ਪਾਰਟੀ ਨੂੰ ਹਾਨੀ ਪਹੁੰਚ ਚੁੱਕੀ ਸੀ। ਪ੍ਰਿਯੰਕਾ ਨੇ ਇਹ ਵੀ ਕਿਹਾ ਕਿ ਉਹ ਗੈਰ-ਗਾਂਧੀ ‘ਬੌਸ’ ਦੇ ਨਿਰਦੇਸ਼ਾਂ ਨੂੰ ਮੰਨੇਗੀ।

ਦਾਦੀ ਬਨਾਮ ਪਿਤਾ

ਜੋਤਿਰਾਦਿੱਤਿਆ ਸਿੰਧੀਆ ਜੋ ਕਿ ਕਾਂਗਰਸ ਨੂੰ ਛੱਡ ਕੇ ਭਾਜਪਾ ’ਚ ਆਏ ਹਨ ਅਤੇ ਰਾਜ ਸਭਾ ’ਚ ਪਹੁੰਚੇ ਹਨ, ਦੋ ਦਿਨਾਂ ਤਕ ਇੰਦੌਰ ’ਚ ਰੁਕੇ। ਇਸ ਦੌਰਾਨ ਸਿੰਧੀਆ ਨੇ ਕਈ ਭਾਜਪਾ ਨੇਤਾਵਾਂ ਦੇ ਦਰਵਾਜ਼ੇ ’ਤੇ ਦਸਤਕ ਦਿੱਤੀ ਅਤੇ ਉਨ੍ਹਾਂ ਸਾਰਿਅਾਂ ਨਾਲ ਮੁਲਾਕਾਤ ਕੀਤੀ ਜੋ ਭਾਜਪਾ ’ਚ ਕੁਝ ਮਤਲਬ ਰੱਖਦੇ ਹਨ। ਉਨ੍ਹਾਂ ਨੇ ਇਨ੍ਹਾਂ ਸਾਰਿਅਾਂ ਦਾ ਆਸ਼ੀਰਵਾਦ ਵੀ ਲਿਆ। ਇਸ ਦੌਰਾਨ ਸਿੰਧੀਆ ਭਾਜਪਾ ਦੇ ਦਫਤਰ ਵੀ ਪਹੁੰਚੇ ਜਿਥੇ ਉਨ੍ਹਾਂ ਨੇ ਆਪਣੀ ਦਾਦੀ ਅਤੇ ਸੀਨੀਅਰ ਭਾਜਪਾ ਨੇਤਾ ਰਾਜ ਮਾਤਾ ਸਿੰਧੀਆ ਦੇ ਬੁੱਤ ’ਤੇ ਮਾਲਾ ਅਰਪਿਤ ਕੀਤੀ ਪਰ ਇਸ ਸਮੇਂ ਉਨ੍ਹਾਂ ਨੂੰ ਆਪਣੇ ਪਿਤਾ ਮਾਧਵ ਰਾਵ ਸਿੰਧੀਆ ਦੇ ਬੁੱਤ ’ਤੇ ਮਾਲਾ ਅਰਪਣ ਕਰਨ ਦਾ ਸਮਾਂ ਨਹੀਂ ਮਿਲਿਆ।

ਸਿੰਧੀਆ ਦੇ ਸਮਰਥਕ ਅਜੇ ਵੀ ਮਾਧਵ ਰਾਵ ਸਿੰਧੀਆ ’ਚ ਆਸਥਾ ਰੱਖਦੇ ਹਨ ਅਤੇ ਅਜੇ ਵੀ ਉਹ ਕਾਂਗਰਸ ’ਚ ਜਮੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਿਆਸੀ ਵਿਚਾਰਧਾਰਾ ਕਾਰਨ ਜੋਤਿਰਾਦਿੱਤਿਆ ਨੇ ਆਪਣੀ ਦਾਦੀ ਤੋਂ ਦੂਰੀ ਬਣਾ ਕੇ ਰੱਖੀ ਪਰ ਹੁਣ ਭਾਜਪਾ ’ਚ ਸ਼ਾਮਲ ਹੋਣ ਕਾਰਨ ਸਿੰਧੀਆ ਆਪਣੇ ਪਿਤਾ ਤੋਂ ਦੂਰੀ ਬਣਾ ਕੇ ਰੱਖ ਰਹੇ ਹਨ। ਭਾਜਪਾ ’ਚ ਸ਼ਾਮਲ ਹੋਣ ਦੇ ਸਮੇਂ ਸਿੰਧੀਆ ਨੇ ਕਈ ਵਾਰ ਆਪਣੇ ਪਿਤਾ ਮਾਧਵ ਰਾਵ ਸਿੰਧੀਆ ਦੇ ਨਾਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੇ ਪਿਤਾ ਉਨ੍ਹਾਂ ਲਈ ਬਹੁਤ ਉੱਚਾ ਸਥਾਨ ਰੱਖਦੇ ਹਨ।

ਟੀ. ਐੱਮ. ਸੀ. ਨੇਤਾ ਦੀ ਵਾਪਸੀ

ਜਿਵੇਂ-ਜਿਵੇਂ ਪੱਛਮੀ ਬੰਗਾਲ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆ ਰਹੀਅਾਂ ਹਨ, ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਹੁਣ ਆਪਣੇ ਘਰ ’ਚ ਹੀ ਧਿਆਨ ਕੇਂਦਰਿਤ ਕਰ ਰਹੀ ਹੈ ਅਤੇ ਆਪਣੇ ਸਹਿਯੋਗੀਅਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ’ਚ ਹੈ ਜੋ ਪਾਰਟੀ ਨੂੰ ਛੱਡ ਗਏ ਸਨ ਜਾਂ ਫਿਰ ਪਾਰਟੀ ’ਚੋਂ ਮਮਤਾ ਵਲੋਂ ਕੱਢ ਦਿੱਤੇ ਗਏ ਸਨ। ਮਮਤਾ ਹੁਣ ਚਾਹੁੰਦੀ ਹੈ ਕਿ ਹਰੇਕ ਵਿਅਕਤੀ ਸਨਮਾਨਪੂਰਵਕ ਟੀ. ਐੱਮ. ਸੀ. ’ਚ ਪਰਤ ਆਏ। ਕਈ ਸਾਬਕਾ ਸੂਬਾ ਪੱਧਰ ਦੇ ਨੇਤਾ ਪਾਰਟੀ ’ਚ ਫਿਰ ਤੋਂ ਸ਼ਾਮਲ ਹੋ ਗਏ ਹਨ ਪਰ ਸਿਆਸੀ ਅਾਬਜ਼ਰਵਰ ਮੁਕੁਲ ਰਾਏ ਦੇ ਪ੍ਰਵੇਸ਼ ’ਤੇ ਨਜ਼ਰਾਂ ਟਿਕਾਈ ਬੈਠੇ ਹਨ ਜੋ ਕਿ ਕਿਸੇ ਸਮੇਂ ਮਮਤਾ ਦੇ ਬੇਹੱਦ ਨੇੜੇ ਸਨ ਅਤੇ ਹੁਣ ਭਾਜਪਾ ’ਚ ਹਨ।


Bharat Thapa

Content Editor

Related News