ਕੌਣ ਸਹੀ ਅਤੇ ਕੌਣ ਹੈ ਗਲਤ
Sunday, Oct 06, 2024 - 08:18 PM (IST)
ਦੁਬਈ ਅਤੇ ਇਜ਼ਰਾਈਲ ਦੇ ਦਰਮਿਆਨ ਕਾਰ ਰਾਹੀਂ ਦਿਨ-ਰਾਤ ਦਾ ਸਫਰ ਹੈ। ਦੁਬਈ ’ਚ ਮਹਿਲਾ ਟੀ-20 ਚੈਂਪੀਅਨਸ਼ਿਪ ਹੋ ਰਹੀ ਹੈ ਅਤੇ ਕ੍ਰਿਕਟ ਖੇਡਣ ਵਾਲੇ ਦੇਸ਼ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਕਿ ਉਨ੍ਹਾਂ ਦੀਆਂ ਔਰਤਾਂ ਮੈਦਾਨ ’ਚ ਖੇਡਣਗੀਆਂ। ਕਾਰ ਤੋਂ ਇਕ ਕਦਮ ਦੀ ਦੂਰੀ ’ਤੇ ਔਰਤਾਂ ਅਤੇ ਬੱਚੇ ਮ੍ਰਿਤਕ ਅਤੇ ਜ਼ਖਮੀ ਪਏ ਹਨ, ਦਿਵਿਆਂਗ ਹੋਰ ਖਤਰਨਾਕ ਤੌਰ ’ਤੇ ਜ਼ਖਮੀ ਹਨ ਕਿਉਂਕਿ ਹਰ ਥਾਂ ਗੋਲੀਆਂ ਅਤੇ ਮਿਜ਼ਾਈਲਾਂ ਨਾਲ ਬੇਰਹਿਮੀ ਨਾਲ ਹਮਲਾ ਕੀਤਾ ਜਾ ਰਿਹਾ ਹੈ।
ਅਤੇ ਬਾਕੀ ਦੁਨੀਆ ਦੇ ਦਰਸ਼ਕ ਦਿਲਚਸਪੀ ਨਾਲ ਮੈਚ ਦੇਖ ਰਹੇ ਹਨ। ਕੀ ਅਸੀਂ ਮੌਤ ਅਤੇ ਦੁੱਖ ਤੋਂ ਇੰਨੇ ਪ੍ਰਤੀਰੱਖਿਅਕ ਹੋ ਗਏ ਹਾਂ? ਅਸੀਂ ਆਪਣੇ ਝੰਡੇ ਕਿਸੇ ਅਜਿਹੇ ਸਿਆਸੀ ਆਗੂ ਲਈ ਅੱਧੇ ਝੁਕਾਅ ਕੇ ਲਹਿਰਾਉਣ ’ਚ ਇੰਨੇ ਮਾਹਿਰ ਹਾਂ ਜਿਸ ਨੂੰ ਅਸੀਂ ਸ਼ਾਇਦ ਹੀ ਜਾਣਦੇ ਹੋਈਏ ਪਰ ਜਦੋਂ ਹਜ਼ਾਰਾਂ ਲੋਕ ਰੋਂਦੇ ਹਨ ਤਾਂ ਅਸੀਂ ਬਸ ਚੈਨਲ ਬਦਲ ਦਿੰਦੇ ਹਾਂ ਅਤੇ ਖੁਸ਼ ਹੋ ਕੇ ਕਹਿੰਦੇ ਹਾਂ, ‘ਓਏ ਸਮ੍ਰਿਤੀ ਮੰਧਾਨਾ ਨੂੰ ਛੱਕਾ ਮਾਰਦਿਆਂ ਦੇਖੋ!’ ਅਸੀਂ ਖੁਸ਼ੀ ਮਨਾਉਂਦੇ ਹਾਂ ਜਦ ਕਿ ਇਕ ਮਿਜ਼ਾਈਲ ਘਰ ’ਤੇ ਡਿੱਗਦੀ ਹੈ ਅਤੇ ਇਕ ਛੋਟੀ ਲੜਕੀ ਆਪਣੇ ਹੱਥਾਂ ’ਚ ਗੁੱਡੀ ਫੜੀ ਮਰੀ ਦਿਖਾਈ ਦਿੰਦੀ ਹੈ!
ਪਿਆਰੇ ਪਾਠਕੋ, ਜਿਵੇਂ ਤੁਸੀਂ ਆਪਣੇ ਪੁੱਤ ਜਾਂ ਧੀ ਨੂੰ ਵਿਰਾਟ ਕੋਹਲੀ ਜਾਂ ਹਰਮਨਪ੍ਰੀਤ ਕੌਰ ਵਜੋਂ ਕਲਪਨਾ ਕਰਨੀ ਚਾਹੁੰਦੇ ਹੋ ਅਤੇ ਉਨ੍ਹਾਂ ਨੂੰ ਕ੍ਰਿਕਟ ਅਕੈਡਮੀਆਂ ’ਚ ਭੇਜਣ ਲਈ ਸਖਤ ਮਿਹਨਤ ਕਰਦੇ ਹੋ, ਉਸੇ ਕਲਪਨਾ ਦੀ ਵਰਤੋਂ ਕਰ ਕੇ ਤੁਸੀਂ ਉਸੇ ਬੱਚੇ ਨੂੰ ਮਰੀ ਹਾਲਤ ’ਚ ਵੇਖੋ ਕਿਉਂਕਿ ਦੁਨੀਆ ਕ੍ਰਿਕਟ ਮੈਚ, ਫੁੱਟਬਾਲ ਜਾਂ ਟੈਨਿਸ ਦੇਖ ਰਹੀ ਸੀ? ਦੁਨੀਆ ਨੇ ਬਸ ਚੈਨਲ ਬਦਲ ਦਿੱਤਾ, ਕੀ ਸਾਨੂੰ ਅਜਿਹਾ ਕਰਨਾ ਚਾਹੀਦੈ?
ਜਦੋਂ ਆਪਣੇ ਦੇਸ਼ ’ਚ ਕਿਸੇ ਅੰਤਿਮ ਸੰਸਕਾਰ ਕੋਲੋਂ ਲੰਘਦਾ ਹਾਂ ਤੇ ਸੋਗ ਮਨਾਉਣ ਵਾਲਿਆਂ ਨੂੰ ਸੜਕ ’ਤੇ ਇੱਧਰ-ਉੱਧਰ ਭੱਜਦੇ ਹੋਏ ਦੇਖਦਾ ਹਾਂ ਤਾਂ ਮੈਨੂੰ ਦੁੱਖ ਦਿਖਾਈ ਦਿੰਦਾ ਹੈ, ਪਰ ਨਾਲ ਹੀ ਜਦੋਂ ਉਹ ਕਾਰ ’ਚ ਮੈਨੂੰ ਦੇਖਦੇ ਹਨ ਤਾਂ, ਮੈਨੂੰ ਗੁੱਸਾ ਵੀ ਦਿਖਾਈ ਦਿੰਦਾ ਹੈ ਅਤੇ ਜੇਕਰ ਸੰਜੋਗ ਨਾਲ ਮੇਰਾ ਡਰਾਈਵਰ ਆਪਣਾ ਹਾਰਨ ਵਜਾਉਂਦਾ ਹੈ ਅਤੇ ਉਨ੍ਹਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਮੈਨੂੰ ਉਸ ਨੂੰ ਇੰਨਾ ਗੈਰ-ਸੰਵੇਦਨਸ਼ੀਲ ਹੋਣ ਲਈ ਝਿੜਕਣਾ ਪੈਂਦਾ ਹੈ ਕਿਉਂਕਿ ਉਸ ਬੇਰਹਿਮ, ਵਿਚਾਰਹੀਣ ਕੰਮ ’ਚ ਮੈਂ ਉਨ੍ਹਾਂ ਵਲੋਂ ਝੱਲੇ ਜਾ ਰਹੇ ਦੁੱਖ ਦੀ ਤੀਬਰਤਾ ਪ੍ਰਤੀ ਆਪਣੀ ਚਿੰਤਾ ਘੱਟ ਦਿਖਾਈ।
ਪਰ ਕੀ ਅਸੀਂ ਚੈਨਲ ਬਦਲਦੇ ਸਮੇਂ ਅਜਿਹਾ ਹੀ ਨਹੀਂ ਕਰ ਰਹੇ? ਕੀ ਅਸੀਂ ਇਹ ਨਹੀਂ ਕਹਿ ਰਹੇ ਹਾਂ, ‘‘ਮੈਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ।’’ ਅਸੀਂ ਆਪਣੇ ਹਾਰਨ ਵਜਾਉਂਦੇ ਹਾਂ, ਅਸੀਂ ਚੈਨਲ ਬਦਲਦੇ ਹਾਂ ਅਤੇ ਅਚਾਨਕ ਇਕ ਮਿਜ਼ਾਈਲ ਸਾਡੇ ਘਰਾਂ, ਸਾਡੀ ਜ਼ਿੰਦਗੀ ’ਚ ਆ ਡਿੱਗਦੀ ਹੈ।
ਦੂਜੀ ਸੰਸਾਰ ਜੰਗ ’ਚ ਇਹੀ ਹੋਇਆ ਸੀ ਜਦੋਂ ਅਮਰੀਕਾ ਨੇ ਬ੍ਰਿਟੇਨ ਨੂੰ ਜਰਮਨੀ ਨਾਲ ਲੜਨ ਦੀ ਇਜਾਜ਼ਤ ਦਿੱਤੀ ਸੀ ਅਤੇ ਬ੍ਰਿਟੇਨ ਕਈ ਸਾਲਾਂ ਤਕ ਇਸ ’ਚ ਸ਼ਾਮਲ ਨਹੀਂ ਹੋਇਆ, ਜਦ ਤਕ ਕਿ ਪਰਲ ਹਾਰਬਰ ਨਹੀਂ ਹੋਇਆ।
ਅਚਾਨਕ, ਮਿਜ਼ਾਈਲ ਘਰ ’ਤੇ ਜਾ ਡਿੱਗਦੀ ਹੈ। ਕੀ ਅਸੀਂ ਅਜਿਹਾ ਹੋਣ ਦੀ ਉਡੀਕ ਕਰ ਰਹੇ ਹਾਂ? ਸਾਡੇ ਸਿਆਸੀ ਆਗੂਆਂ ਵੱਲੋਂ ਸ਼ਾਂਤੀ ਦੇ ਇਨ੍ਹਾਂ ਬਨਾਵਟੀ ਇਸ਼ਾਰਿਆਂ ਦੀ ਬਜਾਏ, ਜੋ ਅਰਥਹੀਣ ਹਨ, ਕੀ ਸਾਨੂੰ ਇਨ੍ਹਾਂ ਦੋ ਜੰਗਾਂ ਨੂੰ ਰੋਕਣ ਲਈ ਇਕ ਵਿਸ਼ਾਲ ‘ਲੋਕ ਅੰਦੋਲਨ’ ਸ਼ੁਰੂ ਨਹੀਂ ਕਰਨਾ ਚਾਹੀਦਾ?
ਜਦੋਂ ਮੈਂ ਇਹ ਲਿਖ ਰਿਹਾ ਹਾਂ ਉਦੋਂ ਵੀ ਮੈਂ ਤੁਹਾਨੂੰ ਇਹ ਕਹਿੰਦੇ ਹੋਏ ਸੁਣ ਸਕਦਾ ਹਾਂ, ‘ਇਜ਼ਰਾਈਲ ਸਹੀ ਹੈ’ ਜਾਂ ‘ਫਿਲਸਤੀਨ ਸਹੀ ਹੈ’, ‘ਯੂਕ੍ਰੇਨ ਸਹੀ ਹੈ’ ਜਾਂ ‘ਰੂਸ ਸਹੀ ਹੈ’!
ਇਸ ਨੂੰ ਬੰਦ ਕਰੋ। ਤੁਸੀਂ ਅੰਤਿਮ ਸੰਸਕਾਰ ਵਾਲੀ ਅੰਤਿਮ ਯਾਤਰਾ ਦਾ ਸਨਮਾਨ ਨਹੀਂ ਕਰਦੇ, ਇਹ ਪੁੱਛਦੇ ਹੋਏ ਕਿ ਇਹ ਕੌਣ ਹੈ, ਜਾਂ ਉਹ ਕਿਵੇਂ ਮਰਿਆ। ਤੁਸੀਂ ਸੋਗ ਮਨਾਉਣ ਵਾਲਿਆਂ ਨਾਲ ਸੋਗ ਮਨਾਉਂਦੇ ਹੋ, ਇਹ ਜਾਣਦੇ ਹੋਏ ਕਿ ਦੁੱਖ ਭਿਆਨਕ ਹੈ।
ਉਸੇ ਤਰ੍ਹਾਂ ਆਓ ਇਹ ਪੁੱਛਣਾ ਬੰਦ ਕਰੀਏ ਕਿ ਕੌਣ ਸਹੀ ਹੈ ਅਤੇ ਕੌਣ ਗਲਤ ਪਰ ਸਿਰਫ ਬੇਘਰ, ਅਨਾਥ , ਦਿਵਿਆਂਗ ਅਤੇ ਜ਼ਖਮੀ ਲੋਕਾਂ ਨੂੰ ਦੇਖੀਏ ਅਤੇ ਫਿਰ ਆਪਣਾ ਚੈਨਲ ਬਦਲਣਾ ਬੰਦ ਕਰੀਏ..!
ਰਾਬਰਟ ਕਲੀਮੈਂਟਸ