ਜਦੋਂ ਪੀ. ਓ. ਕੇ. ’ਚ ਤਿਰੰਗਾ ਲਹਿਰਾਇਆ

09/09/2020 3:45:42 AM

ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ

ਬੀਤੇ ਵਰ੍ਹੇ ਜਦੋਂ ਹੰਢੇ-ਵਰਤੇ ਪ੍ਰਸਿੱਧ ਕੂਟਨੀਤੀਵਾਨ ਵਜੋਂ ਜਾਣੇ ਐੱਸ. ਜੈਸ਼ੰਕਰ ਨੇ ਵਿਦੇਸ਼ ਮੰਤਰੀ ਦਾ ਅਹੁਦਾ ਸੰਭਾਲਿਆ ਤਾਂ ਨਵੀਂ ਦਿੱਲੀ ਵਿਖੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਸੀ ਕਿ ਮਕਬੂਜ਼ਾ ਕਸ਼ਮੀਰ (ਪੀ. ਓ. ਕੇ.) ਭਾਰਤ ਦਾ ਹਿੱਸਾ ਹੈ ਅਤੇ ਉਮੀਦ ਹੈ ਕਿ ਇਕ ਦਿਨ ਇਸ ਨੂੰ ਆਪਣੇ ਕਬਜ਼ੇ ਹੇਠ ਲੈ ਲਿਆ ਜਾਵੇਗਾ। ਦਰਅਸਲ ਇਸ ਤੋਂ ਪਹਿਲਾਂ ਵੀ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਇਸ ਕਿਸਮ ਦੀ ਟਿੱਪਣੀ ਕਰ ਚੁੱਕੇ ਹਨ। ਹਕੀਕਤ ਤਾਂ ਇਹ ਹੈ ਕਿ ਦੇਸ਼ ਦੇ ਹੁਕਮਰਾਨਾਂ ਵਲੋਂ ਇਸ ਕਿਸਮ ਦੇ ਦ੍ਰਿੜ੍ਹ ਸੰਕਲਪ ਵਾਲੀ ਕਲਪਨਾ ਕਰਨ ਵਾਲਾ ਟ੍ਰੇਲਰ ਤਾਂ ਸੰਨ 1965 ’ਚ ਫੌਜ ਨੇ ਉਸ ਸਮੇਂ ਦਿਖਾਇਆ ਜਦੋਂ ਪੀ. ਓ. ਕੇ. ’ਚ ਤਿਰੰਗਾ ਲਹਿਰਾਇਆ।

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਪਾਕਿਸਤਾਨ ਨੂੰ ਟ੍ਰੇਲਰ ਦਿਖਾਉਣ ਵਾਲੀ ਕਹਾਣੀ ਸੰਪੂਰਨਤਾ ਵੱਲ ਨੂੰ ਵਧ ਰਹੀ ਹੈ? ਫੜ੍ਹਾਂ ਮਾਰਨ ਵਾਲੇ ਕੂਟਨੀਤੀਵਾਨ ਤੇ ਸਿਆਸਤਦਾਨ ਮਕਬੂਜ਼ਾ ਕਸ਼ਮੀਰ ਨੂੰ ਕਿਵੇਂ ਹਾਸਲ ਕਰਨਗੇ?

ਆਪ੍ਰੇਸ਼ਨ ਜਿਬਰਾਲਟਰ-ਫਨਾਹ

ਜੇ ਗੱਲ ਟ੍ਰੇਲਰ ਦੀ ਕੀਤੀ ਜਾਵੇ ਤਾਂ ਸੰਨ 1947-48 ਦੀ ਲੜਾਈ ’ਚ ਹੋਈ ਹਾਰ ਦੀ ਨਮੋਸ਼ੀ ਦਾ ਬਦਲਾ ਲੈਣ ਦੀ ਭਾਵਨਾ ਨਾਲ ਪਾਕਿਸਤਾਨ ਦੇ ਤਤਕਾਲੀ ਰਾਸ਼ਟਰਪਤੀ ਜਨਰਲ ਅਯੂਬ ਖਾਨ ਨੇ ਪਾਕਿਸਤਾਨ ਦੇ ਕਬਜ਼ੇ ਹੇਠਲੇ ਕਸ਼ਮੀਰ ਅੰਦਰ ਸੰਨ 1965 ਦੇ ਸ਼ੁਰੂ ’ਚ 4 ਗੁਰੀਲਾ ਸਿਖਲਾਈ ਕੈਂਪ ਸਥਾਪਿਤ ਕਰ ਕੇ ਭਾਰਤ ਅੰਦਰ ਘੁਸਪੈਠ ਦੀਆਂ ਤਿਆਰੀਆਂ ਆਰੰਭ ਦਿੱਤੀਆਂ। ਅਗਸਤ ਦੇ ਪਹਿਲੇ ਹਫਤੇ ’ਚ ‘ਅਾਪ੍ਰੇਸ਼ਨ ਜਿਬਰਾਲਟਰ’ ਦੇ ਨਾਂ ਹੇਠ ਤਕਰੀਬਨ 9 ਹਜ਼ਾਰ ਘੁਸਪੈਠੀਆਂ ਨੂੰ ਲਗਭਗ 8 ਮਿਸ਼ਰਿਤ ਗਰੁੱਪਾਂ ’ਚ ਵੰਡ ਕੇ ਵੱਖੋ-ਵੱਖਰੇ ਕੋਡ ਵਰਡ ਅਧੀਨ ਜੇਹਾਦ ਦੇ ਨਾਅਰੇ ਨਾਲ ਕਾਰਗਿਲ ਤੋਂ ਲੈ ਕੇ ਕਸ਼ਮੀਰ ਵਾਦੀ ਅਤੇ ਜੰਮੂ ਦੇ ਪੱਛਮ ਵੱਲ ਦੀਆਂ ਪਹਾੜੀਆਂ ਵੱਲ ਨੂੰ ਧੱਕ ਦਿੱਤਾ। ਇਹ ਗਰੁੱਪ ਆਪੋ-ਆਪਣੇ ਨਿਰਧਾਰਤ ਮਨਸੂਬਿਆਂ ਦੀ ਪ੍ਰਾਪਤੀ ਲਈ 5 ਅਗਸਤ ਤੱਕ ਫੈਲ ਗਏ। ਅਫਸੋਸ ਦੀ ਗੱਲ ਤਾਂ ਇਹ ਹੈ ਕਿ ਗਹਿਰੀ ਨੀਂਦ ਦਾ ਆਨੰਦ ਮਾਣ ਰਹੇ ਦੇਸ਼ ਦੇ ਹਾਕਮਾਂ ਨੂੰ ਸੂਹ ਵੀ ਨਹੀਂ ਲੱਗੀ। ਇਹੋ ਕੁਝ ਕਾਰਗਿਲ ਸਮੇਂ ਹੋਇਆ ਤੇ ਹੁਣ ਗਲਵਾਨ ਘਾਟੀ ਤੇ ਪੈਂਗੋਂਗ ਤਸੋ (ਲੱਦਾਖ) ’ਚ ਵੀ ਇਸ ਕਿਸਮ ਦੇ ਖਦਸ਼ੇ ਜ਼ਾਹਿਰ ਕੀਤੇ ਜਾ ਰਹੇ ਹਨ।

ਖੈਰ ਇਹ ਕਲਪਨਾ ਕੀਤੀ ਗਈ ਸੀ ਕਿ ਹਾਜੀਪੀਰ ਵਲੋਂ ਆਉਣ ਵਾਲੇ ਹਥਿਆਰਬੰਦ ਘੁਸਪੈਠੀਏ 8 ਅਗਸਤ ਨੂੰ ਕਸ਼ਮੀਰ ਘਾਟੀ ’ਚ ਪੀਰ ਦਸਤਗੀਰ ਦੇ ਮੇਲੇ ’ਚ ਜਿੱਥੇ ਹਜ਼ਾਰਾਂ ਦੀ ਗਿਣਤੀ ’ਚ ਸ਼ਰਧਾਲੂ ਪਹੁੰਚਣੇ ਸਨ, ਉਨ੍ਹਾਂ ਅੰਦਰ ਪਾਕਿਸਤਾਨੀ/ਅੱਤਵਾਦੀ ਘੁਲ-ਮਿਲ ਜਾਣਗੇ ਅਤੇ ਹਥਿਆਰਾਂ, ਅਸਲੇ ਆਦਿ ਸਮੇਤ ਸ਼ਾਮਲ ਹੋ ਕੇ ਬਗਾਵਤ ਦਾ ਬਿਗੁਲ ਵਜਾਉਣਗੇ। ਰੇਡੀਓ ਸਟੇਸ਼ਨ, ਹਵਾਈ ਅੱਡਾ ਅਤੇ ਹੋਰ ਕਈ ਸੰਚਾਰ ਸਾਧਨ ਕਾਬੂ ਕਰ ਕੇ ਇਨਕਲਾਬੀ ਸਰਕਾਰ ਕਾਇਮ ਕਰ ਦਿੱਤੀ ਜਾਵੇਗੀ ਤਾਂ ਜੋ ਪਾਕਿਸਤਾਨੀ ਫੌਜ ਕਸ਼ਮੀਰ ਘਾਟੀ ’ਚ ਪ੍ਰਵੇਸ਼ ਕਰ ਸਕੇ।

6-7 ਅਗਸਤ ਨੂੰ ਸੈਂਕੜਿਆਂ ਦੀ ਨਫਰੀ ਵਾਲੇ ਘੁਸਪੈਠੀਅਾਂ ਨੇ ਉਨ੍ਹਾਂ ਨੂੰ ਸੌਂਪੇ ਗਏ ਟੀਚੇ ਮੁਤਾਬਕ ਸ੍ਰੀਨਗਰ ਵੱਲ ਨੂੰ ਰੁਖ ਕਰਦਿਆਂ ਫੌਜੀ ਕੈਂਪਾਂ ’ਤੇ ਤੇਜ਼ ਹਮਲੇ ਕਰਨ ਦੇ ਨਾਲ-ਨਾਲ ਕਈ ਪੁਲ ਉਡਾ ਕੇ ਸੰਚਾਰ ਸਾਧਨਾਂ ਨੂੰ ਨੁਕਸਾਨ ਪਹੁੰਚਾਇਆ ਅਤੇ ਜੰਮੂ-ਕਸ਼ਮੀਰ ਮਾਰਗ ’ਤੇ ਵਿਘਨ ਪਾਉਣ ਦੀਆਂ ਤਮਾਮ ਕੋਸ਼ਿਸ਼ਾਂ ਜਾਰੀ ਰੱਖੀਆਂ। ਜੰਮੂ-ਕਸ਼ਮੀਰ ਦੀ ਤਰਕਹੀਣ ਸਰਕਾਰ ਨੇ ਦਿੱਲੀ ਦਰਬਾਰ ਨਾਲ ਸੰਪਰਕ ਕਰ ਕੇ ‘ਮਾਰਸ਼ਲ ਲਾਅ’ ਲਗਾਉਣ ਦੀ ਮੰਗ ਕੀਤੀ।

ਜਦੋਂ ਰੱਖਿਆ ਸਕੱਤਰ ਨੇ ਸੈਨਾ ਮੁਖੀ ਜਨਰਲ ਚੌਧਰੀ ਦੇ ਵਿਚਾਰ ਜਾਣਨੇ ਚਾਹੇ ਤਾਂ ਉਨ੍ਹਾਂ ਆਰਮੀ ਕਮਾਂਡਰ ਜਨਰਲ ਹਰਬਖਸ਼ ਸਿੰਘ ਨੂੰ ਜੰਮੂ-ਕਸ਼ਮੀਰ ’ਚ ਫੌਜੀ ਰਾਜ ਕਾਇਮ ਕਰਨ ਵਾਸਤੇ ਪੁੱਛਿਆ ਤਾਂ ਉਨ੍ਹਾਂ ਉੱਤਰ ਦਿੱਤਾ ਕਿ ਜੇ ਮਾਰਸ਼ਲ ਲਾਅ ਲਾ ਦਿੱਤਾ ਤਾਂ ਸੰਭਾਵਿਤ ਜੰਗ ਕੌਣ ਲੜੂ। ਦੂਜੀ ਵੱਡੀ ਗੱਲ ਇਹ ਵੀ ਸੀ ਕਿ ਬੀਤੇ ਕੁਝ ਦਿਨਾਂ ਤੋਂ ਪਾਕਿਸਤਾਨ ਰੇਡੀਓ ਵਾਰ-ਵਾਰ ਐਲਾਨ ਕਰ ਰਿਹਾ ਸੀ ਕਿ ਇਹ ਬਗਾਵਤ ਕਸ਼ਮੀਰੀਆਂ ਵਲੋਂ ਕੀਤੀ ਜਾ ਰਹੀ ਹੈ। ਇਸ ਵਾਸਤੇ ਜਨਰਲ ਹਰਬਖਸ਼ ਸਿੰਘ ਨੇ ਸਪੱਸ਼ਟ ਸ਼ਬਦਾਂ ’ਚ ਜ਼ੋਰ ਦੇ ਕੇ ਕਿਹਾ ਕਿ ਜੇ ਮਾਰਸ਼ਲ ਲਾਅ ਲਾ ਦਿੱਤਾ ਜਾਂਦਾ ਹੈ ਤਾਂ ਪਾਕਿਸਤਾਨ ਦੀ ਵਿਚਾਰਧਾਰਾ ਦੀ ਪੁਸ਼ਟੀ ਹੋ ਜਾਵੇਗੀ ਅਤੇ ਆਵਾਮ ਵਿਸ਼ਵਾਸ ਗੁਆ ਬੈਠੇਗਾ। ਫਿਰ ਹੋ ਸਕਦਾ ਹੈ ਕਿ ਕਸ਼ਮੀਰ ਦੀ ਜਨਤਾ ਭੈਅਭੀਤ ਹੋ ਕੇ ਘੁਸਪੈਠੀਆਂ ਦੀ ਮਦਦ ’ਤੇ ਉੱਤਰ ਆਏ। ਜਨਰਲ ਹਰਬਖਸ਼ ਸਿੰਘ ਇਸ ਗੱਲ ਤੋਂ ਭਲੀਭਾਂਤ ਜਾਣੂ ਸਨ ਕਿ ਜਦੋਂ ਤੱਕ ਕੰਟਰੋਲ ਰੇਖਾ ਦੇ ਪਾਰ ਉੱਚੀਆਂ ਪਹਾੜੀਆਂ ’ਤੇ ਕਬਜ਼ਾ ਨਹੀਂ ਕੀਤਾ ਜਾਂਦਾ ਉਦੋਂ ਤੱਕ ਜੰਗਲੀ ਵਾਦੀਆਂ ਦੀ ਅਾੜ ’ਚ ਜੇ ਘੁਸਪੈਠੀਏ ਪ੍ਰਵੇਸ਼ ਕਰ ਜਾਂਦੇ ਹਨ ਤਾਂ ਸ੍ਰੀਨਗਰ ’ਚ ਸਥਾਪਿਤ 15 ਕੋਰ ਵਾਸਤੇ ਉਨ੍ਹਾਂ ਨੂੰ ਪਿੱਛੇ ਧੱਕਣਾ ਇੰਨਾ ਆਸਾਨ ਨਹੀਂ ਹੋਵੇਗਾ ਜਿਵੇਂ ਕਿ ਸੰਨ 1947-48 ’ਚ ਧਾੜਵੀਆਂ ਨੂੰ ਕੁਚਲਦੇ ਸਮੇਂ ਵਾਪਰਿਆ ਸੀ।

ਇਸ ਵਾਸਤੇ ਹਾਜੀਪੀਰ ਅਤੇ ਕੁਝ ਹੋਰ ਉੱਚ ਪਰਬਤੀ ਵਾਲੀਆਂ ਦੁਸ਼ਮਣ ਦੀਆਂ ਚੌਕੀਆਂ ਨੂੰ ਆਪਣੇ ਕਬਜ਼ੇ ਹੇਠ ਲੈ ਕੇ ਪੁੰਛ ਨੂੰ ਹਾਜੀਪੀਰ ਦੇ ਰਸਤੇ ਕਸ਼ਮੀਰ ਵਾਦੀ ਨਾਲ ਜੋੜਨ ਵਾਲੀ ਜੰਗੀ ਰਣਨੀਤੀ ਜਨਰਲ ਹਰਬਖਸ਼ ਸਿੰਘ ਦੀ ਸੂਝ-ਬੂਝ ਵਾਲੀ ਦੂਰਅੰਦੇਸ਼ੀ ਦਾ ਨਤੀਜਾ ਸੀ। ਹਾਜੀਪੀਰ ਦਾ ਦੱਰਾ ਸ੍ਰੀਨਗਰ ਤੋਂ ਤਕਰੀਬਨ 125 ਕਿਲੋਮੀਟਰ ਦੀ ਵਿੱਥ ’ਤੇ ਹੈ, ਜਿਸ ਦੀ ਉਚਾਈ 8650 ਫੁੱਟ ਹੈ। ਇਸਦੇ ਆਸਪਾਸ ਪ੍ਰਮੁੱਖ ਪਹਾੜੀਆਂ ਜਿਵੇਂ ਕਿ ਬਿਦੋਰੀ ਦੀ ਉਚਾਈ 12300 ਫੁੱਟ, ਸਾਰਸੰਕ 9500 ਫੁੱਟ, ਲਿਦਾਰਲੀ ਦੀ ਉੱਚਾਈ 10300 ਫੁੱਟ। ਇਨ੍ਹਾਂ ਸਾਰੀਆਂ ਚੌਕੀਆਂ ’ਤੇ 26 ਅਗਸਤ 1965 ਤੱਕ ਦੁਸ਼ਮਣ ਨੂੰ ਖਦੇੜ ਕੇ ਭਾਰਤੀ ਫੌਜ ਨੇ ਫਤਹਿ ਦਾ ਡੰਕਾ ਵਜਾਇਆ, ਫਿਰ ਜਾ ਕੇ ਜੰਮੂ-ਕਸ਼ਮੀਰ ਦੀ ਸਰਕਾਰ ਨੇ ਸੁੱਖ ਦਾ ਸਾਹ ਲਿਆ।

ਸ੍ਰੀਨਗਰ ਜਿਥੇ ਮਾਰਸ਼ਲ ਲਾਅ ਲਾਉਣ ਦੀ ਮੰਗ ਉੱਠੀ ਸੀ, ਉਥੋਂ ਦੇ ਵਸਨੀਕਾਂ ਨੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਅਤੇ ਡਰਪੋਕ ਅਫਸਰਸ਼ਾਹੀ ਭਾਰਤੀ ਫੌਜ ਦੀ ਇਸ ਕਾਮਯਾਬੀ ’ਤੇ ਅਸ਼-ਅਸ਼ ਕਰ ਉੱਠੀ। ਜਦੋਂ ਰਾਜਸੀ ਨੇਤਾਵਾਂ ਨੂੰ ਇਸ ਆਲੀਸ਼ਾਨ ਜਿੱਤ ’ਤੇ ਇਹ ਪਤਾ ਲੱਗਾ ਕਿ ਮਕਬੂਜ਼ਾ ਕਸ਼ਮੀਰ ਦੇ ਪਿੰਡਾਂ ਨੂੰ ਭਾਰਤੀ ਫੌਜ ਕਬਜ਼ੇ ਹੇਠ ਲੈ ਰਹੀ ਹੈ ਤਾਂ ਫਿਰ ਹਾਕਮਾਂ ਨੇ ਬਾਹਰ ਨਿਕਲਣਾ ਸ਼ੁਰੂ ਕੀਤਾ।

ਤਿਰੰਗਾ ਲਹਿਰਾਇਆ

ਰਿਆਸਤ ਦੇ ਮੰਤਰੀ ਗੁਲਾਮ ਰਸੂਲ ਨੇ 30 ਅਗਸਤ ਦੀ ਸ਼ਾਮ ਨੂੰ ਹਾਜੀਪੀਰ ਪੁੱਜ ਕੇ ਦੇਸ਼ ਦੀ ਫੌਜ ਦਾ ਧੰਨਵਾਦ ਕੀਤਾ ਅਤੇ ਆਲੇ-ਦੁਆਲੇ ਦੇ 15 ਪਿੰਡਾਂ ਦੇ ਅਾਵਾਮ ਨੂੰ ਸੰਬੋਧਨ ਕਰ ਕੇ ਉਨ੍ਹਾਂ ਦੀਆਂ ਦੁੱਖ-ਤਕਲੀਫਾਂ ਸੁਣੀਆਂ। ਕਸ਼ਮੀਰ ਵਾਦੀ ਅੰਦਰ ਦੇਸ਼ ਦੀ ਵੰਡ ਤੋਂ ਪਹਿਲਾਂ ਵਾਲੀ 58 ਕਿਲੋਮੀਟਰ ਪੁੰਛ-ਉੜੀ ਸੜਕ ਜੋ ਕਿ ਪਾਕਿਸਤਾਨ ਨੇ ਅਣ-ਅਧਿਕਾਰਤ ਤੌਰ ’ਤੇ ਕਬਜ਼ੇ ਹੇਠ ਲੈ ਰੱਖੀ ਸੀ, ਉਸ ਨੂੰ ਆਰਮੀ ਕਮਾਂਡਰ ਜਨਰਲ ਹਰਬਖਸ਼ ਸਿੰਘ ਦੀ ਦੂਰਅੰਦੇਸ਼ੀ ਵਾਲੀ ਮਨਸੂਬਾਬੰਦੀ ਅਤੇ ਹਮਲਾਵਰ ਸ਼ਕਤੀ ਨੇ ਵਾਪਸ ਭਾਰਤ ਸਰਕਾਰ (ਜੰਮੂ-ਕਸ਼ਮੀਰ) ਦੇ ਹਵਾਲੇ ਕਰ ਦਿੱਤਾ ਤੇ ਜਿਸ ਨੂੰ 4 ਸਤੰਬਰ ਨੂੰ ਚਾਲੂ ਕਰ ਦਿੱਤਾ ਗਿਆ, ਜਿਸ ਸਦਕਾ ਆਪ-ਮੁਹਾਰੇ ਮਕਬੂਜ਼ਾ ਕਸ਼ਮੀਰ ਸ੍ਰੀਨਗਰ ਨਾਲ ਜੁੜ ਗਿਆ। ਇਸ ਤਰ੍ਹਾਂ ਅਯੂਬ ਖਾਨ ਵਲੋਂ ਪੀ. ਓ. ਕੇ. ’ਚ ਸਥਾਪਿਤ 4 ਗੁਰੀਲੇ/ਅੱਤਵਾਦੀ ਸਿਖਲਾਈ ਕੈਂਪਾਂ ਦਾ ਮਲੀਆਮੇਟ ਕਰ ਦਿੱਤਾ ਗਿਆ। ਹਾਜੀਪੀਰ ਸੈਕਟਰ ਦੇ ਅਧੀਨ 15 ਪਿੰਡਾਂ ਅਤੇ ਦੱਖਣੀ ਹਿੱਸੇ ਵਾਲੇ 85 ਪਿੰਡਾਂ ਦੀ ਕੁੱਲ ਆਬਾਦੀ ਨੂੰ ਇਕੱਠਿਆਂ ਕਰ ਕੇ ਇਕ ਤਹਿਸੀਲ ਬਣਾ ਦਿੱਤੀ ਗਈ। ਫੌਜ ਦੀਆਂ ਘਾਲਣਾਵਾਂ ਤੇ ਕੁਰਬਾਨੀਆਂ ਸਦਕਾ ਸ੍ਰੀਨਗਰ ਪ੍ਰਸ਼ਾਸਨ ਦੇ ਅਧਿਕਾਰ ਵਾਲੀ ਨਵ-ਨਿਰਮਾਣ ਤਹਿਸੀਲ ’ਚ ਕੰਮਕਾਜ ਸ਼ੁਰੂ ਹੋ ਗਿਆ ਤੇ ਉਥੇ ਤਿਰੰਗਾ ਲਹਿਰਾਉਣ ਲੱਗ ਪਿਆ।

ਬਾਜ ਵਾਲੀ ਨਜ਼ਰ

ਨਿਰਸੰਦੇਹ ਸਤੰਬਰ 1965 ’ਚ ਭਾਰਤ ਨੇ ਮਕਬੂਜ਼ਾ ਕਸ਼ਮੀਰ ’ਚ ਤਿਰੰਗਾ ਲਹਿਰਾ ਕੇ ਮਿਲਟਰੀ ਸ਼ਕਤੀ ਵਾਲਾ ਟ੍ਰੇਲਰ ਤਾਂ ਜ਼ਰੂਰ ਦਿਖਾਇਆ ਪਰ ਕੀ ਹੁਣ ਮੋਦੀ ਸਰਕਾਰ ਕਹਾਣੀ ਦੀ ਸੰਪੂਰਨਤਾ ਵੱਲ ਨੂੰ ਵਧ ਸਕਦੀ ਹੈ? ਅਫਸੋਸ ਦੀ ਗੱਲ ਹੈ ਕਿ ਸਾਡੀ ਸਰਕਾਰ ਨੇ ਵਿਦੇਸ਼ੀ ਸ਼ਕਤੀਆਂ ਦੀਆਂ ਕੂਟਨੀਤਿਕ ਚਾਲਾਂ ’ਚ ਫਸ ਕੇ ਫੌਜ ਦੀਆਂ ਕੁਰਬਾਨੀਆਂ ਸਦਕਾ ਜਿੱਤਿਆ ਮਕਬੂਜ਼ਾ ਕਸ਼ਮੀਰ ਪਾਕਿਸਤਾਨ ਨੂੰ ਮੋੜ ਦਿੱਤਾ? ਕੀ ਇਸ ਨੂੰ ਜੰਗ ਲੜ ਕੇ ਹਾਸਲ ਕੀਤਾ ਜਾ ਸਕਦਾ ਹੈ? ਜ਼ਿਕਰਯੋਗ ਹੈ ਕਿ ਸੰਨ 1971 ਦੀ ਭਾਰਤ-ਪਾਕਿਸਤਾਨ ਜੰਗ ਸਮੇਂ ਮੈਂ ਆਪਣੀ ਯੂਨਿਟ 51 ਮਾਊਂਟੇਨ (ਹੁਣ ਮੀਡੀਅਮ) ਨਾਲ ਉੜੀ-ਕੁਪਵਾੜਾ ਤੰਗਦਾਰ ਸੈਕਟਰਾਂ ’ਚ ਜੰਗ ਲੜੀ। ਅਸੀਂ ਹਾਜੀਪੀਰ ਵੱਲ ਨੂੰ ਅੱਗੇ ਵਧਣ ਵਾਲੇ ਹਮਲੇ ਤਾਂ ਕੀਤੇ ਪਰ ਸੰਪੂਰਨ ਰੂਪ ’ਚ ਸਫਲਤਾ ਨਾ ਮਿਲੀ। ਸੰਨ 1983-89 ਦਰਮਿਆਨ ਮੈਂ ਪੁੰਛ-ਰਾਜੌਰੀ ਐੱਲ. ਓ. ਸੀ. ’ਤੇ ਪਹਿਲਾਂ ਆਪਣੀ ਯੂਨਿਟ ਕਮਾਂਡ ਕੀਤੀ ਤੇ ਫਿਰ ਡਿਪਟੀ ਬ੍ਰਿਗੇਡ ਕਮਾਂਡਰ ਦੇ ਤੌਰ ’ਤੇ ਵੀ ਪੀਰ ਪੰਜਾਲ ਵਾਲੇ ਕਨਰ ਇਲਾਕਿਆਂ ’ਚ ਸੇਵਾ ਨਿਭਾਈ ਤੇ ਆਵਾਮ ਦਾ ਦਿਲ ਤੇ ਦਿਮਾਗ ਵੀ ਜਿੱਤਿਆ।

ਹੁਣ ਜਦੋਂ ਕੇਂਦਰ ਸਰਕਾਰ ਨੇ ਧਾਰਾ 370 ਅਤੇ 35 ਏ ਨੂੰ ਰੱਦ ਕਰ ਕੇ ਸੂਬੇ ਨੂੰ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਵੰਡ ਦਿੱਤਾ ਹੈ ਤੇ ਕਈ ਰਾਜਸੀ ਨੇਤਾ ਨਜ਼ਰਬੰਦ ਹਨ, ਫਿਰ ਆਮ ਜਨਤਾ ਨਾਲ ਸੰਪਰਕ ਕਿਵੇਂ ਹੋਵੇ? ਪ੍ਰਸ਼ਾਸਨ ਦੇ ਵੱਸ ਦੀ ਗੱਲ ਨਹੀਂ? ਪਾਕਿਸਤਾਨ ਚੀਨ ਦੀ ਿਮਲੀਭੁਗਤ ਨਾਲ ਕਸ਼ਮੀਰ ਘਾਟੀ ’ਚ ਅੱਤਵਾਦ ਫੈਲਾਉਣ ’ਚ ਕੋਈ ਕਸਰ ਨਹੀਂ ਛੱਡ ਰਿਹਾ।

ਪਾਕਿਸਤਾਨ ਨੇ ਕਸ਼ਮੀਰ ਦੀ ਸ਼ਕਸਮ ਘਾਟੀ ਦਾ ਤਕਰੀਬਨ 5100 ਵਰਗ ਕਿ. ਮੀ. ਵਾਲਾ ਇਲਾਕਾ ਪਹਿਲਾਂ ਹੀ ਚੀਨ ਨੂੰ ਸੌਂਪ ਰੱਖਿਆ ਹੈ। ਬੀਜਿੰਗ ਨੇ ਹੁਣ ਗਿਲਗਿਤ ਬਲਤਿਸਤਾਨ ’ਚ ਆਰਥਿਕ ਕੋਰੀਡੋਰ ਬਣਾਉਣ ਦੇ ਬਹਾਨੇ ਉਥੇ ਆਪਣੇ ਪੱਕੇ ਮਿਲਟਰੀ ਅੱਡੇ ਕਾਇਮ ਕਰ ਰੱਖੇ ਹਨ। ਕਰਜ਼ੇ ’ਚ ਬੁਰੀ ਤਰ੍ਹਾਂ ਜਕੜਿਆ ਪਾਕਿਸਤਾਨ ਜਿਵੇਂ ਸ਼੍ਰੀਲੰਕਾ ਨੇ ‘ਹੰਬਨਟੋਟਾ ਬੰਦਰਗਾਹ’ ਚੀਨ ਨੂੰ 99 ਸਾਲਾਂ ਵਾਸਤੇ ਪੱਟੇ ’ਤੇ ਦੇ ਰੱਖੀ ਹੈ, ਇੰਝ ਹੀ ਕਿਤੇ ਕਾਨੂੰਨੀ ਤੌਰ ’ਤੇ ਸਾਡੇ ਇਲਾਕੇ ਗਿਲਗਿਤ ਬਲਤਿਸਤਾਨ ਨੂੰ ਬੀਜਿੰਗ ਦੇ ਹਵਾਲੇ ਨਾ ਕਰ ਦੇਵੇ? ਵੈਸੇ ਵੀ ਚੀਨ ਨਾਲ ਗਲਵਾਨ ਘਾਟੀ ਵਾਲਾ ਅੜਿੱਕਾ ਅਜੇ ਬਰਕਰਾਰ ਹੈ।

ਮੈਂ ਸਮੁੱਚੇ ਜੰਮੂ-ਕਸ਼ਮੀਰ ਦੀ ਰਣਨੀਤਿਕ ਮਹੱਤਤਾ, ਭੂਗੋਲਿਕ ਤੇ ਕੌਮਾਂਤਰੀ ਸਥਿਤੀ ’ਤੇ ਇਮਰਾਨ ਖਾਨ ਦੀਆਂ ਪ੍ਰਮਾਣੂ ਜੰਗ ਲੜਨ ਵਾਲੀਆਂ ਗਿੱਦੜ ਭਬਕੀਆਂ ਨੂੰ ਸਮਝਦਿਆਂ ਹੋਇਆਂ ਤੇ ਚੀਨ ਦੇ ਨਾਪਾਕ ਇਰਾਦਿਆਂ ਦੇ ਮੱਦੇਨਜ਼ਰ ਇਕ ਵੱਡਾ ਸਵਾਲ ਫਿਰ ਕਰਦਾ ਹਾਂ ਕਿ ਕੀ ਮਿਲਟਰੀ ਪੱਖੋਂ ਮਕਬੂਜ਼ਾ ਕਸ਼ਮੀਰ ਹਾਸਲ ਕੀਤਾ ਜਾ ਸਕਦਾ ਹੈ? ਫਿਰ ਤਾਂ ਦੋ ਮੁਹਾਜ਼ਾਂ ’ਤੇ ਜੰਗ ਲੜਨੀ ਪਵੇਗੀ? ਕੀ ਅਸੀਂ ਤਿਆਰ ਹਾਂ?


Bharat Thapa

Content Editor

Related News